ਹਰਸਿਮਰਤ ਬਾਦਲ ਨੇ ਪੰਜਾਬ ‘ਚ ਪਹਿਲੇ ਮੱਕੀ ਆਧਾਰਿਤ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ
ਹਰਸਿਮਰਤ ਬਾਦਲ ਨੇ ਪੰਜਾਬ ‘ਚ ਪਹਿਲੇ ਮੱਕੀ ਆਧਾਰਿਤ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ
ਫਗਵਾੜਾ: ਸੂਬੇ ਅੰਦਰ ਪਹਿਲਾ ਮੱਕੀ ਆਧਾਰਿਤ ਮੈਗਾ ਫੂਡ ਪਾਰਕ ਤਿਆਰ ਹੋਣ ਨਾਲ ਪੰਜਾਬ ਅੰਦਰ ਫਸਲੀ ਵਿਭਿੰਨਤਾ ਨੂੰ ਤਕੜਾ ਹੁਲਾਰਾ ਮਿਲੇਗਾ। ਇਸ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਰੱਖਿਆ ਗਿਆ ਹੈ।ਇਸ ਫੂਡ ਪਾਰਕ ਨੂੰ ਪਿੰਡ ਰੇਹਾਨਾ ਜੱਟਾਂ ਵਿਖੇ ਮੈਸਰਜ਼ ਸੁਖਜੀਤ ਮੈਗਾ ਫੂਡ ਪਾਰਕ ਐਂਡ ਇੰਫਰਾ ਲਿਮਟਿਡ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪਾਰਕ ਵਿਚ ਮੱਕੀ ਤੋਂ ਦੂਜੀਆਂ ਖੁਰਾਕੀ ਵਸਤਾਂ ਤਿਆਰ ਕਰਨ ਲਈ ਇੱਕ 105 ਕਰੋੜ ਰੁਪਏ ਦੀ ਲਾਗਤ ਵਾਲਾ ਮੁੱਖ ਯੂਨਿਟ ਲਾਇਆ ਜਾਵੇਗਾ। ਇਸ ਪ੍ਰੋਸੈਸਿੰਗ ਯੂਨਿਟ ਦੀ ਰੋਜ਼ਾਨਾ 500 ਮੀਟਰਿਕ ਟਨ ਮੱਕੀ ਨੂੰ ਪੀਹਣ ਦੀ ਸਮਰੱਥਾ ਹੋਵੇਗੀ। ਜਿਸ ਨਾਲ ਦੁਆਬਾ ਖੇਤਰ ਵਿਚ ਮੱਕੀ ਦੀ ਖੇਤੀ ਨੂੰ ਤਕੜਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਸਹਾਈ ਹੋਵੇਗੀ।ਅੱਜ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਸਾਧਵੀ ਨਿਰੰਜਣ ਜਯੋਤੀ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ੍ਰੀ ਵਿਜੇ ਕੁਮਾਰ ਸਾਂਪਲਾ ਸਮੇਤ ਇਸ ਪਾਰਕ ਦਾ ਨੀਂਹ ਪੱਥਰ ਰੱਖਣ ਮਗਰੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਫੂਡ ਪਾਰਕ ਕਿਸਾਨਾਂ ਨੂੰ ਫਲਾਂ ਅਤੇ ਸ਼ਬਜੀਆਂ ਦੀ ਤੁੜਾਈ ਦੌਰਾਨ ਅਤੇ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਇਹ ਪਾਰਕ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਮੱਕੀ ਵਰਗੀਆਂ ਫਸਲਾਂ ਨੂੰ ਹੱਲਾਸ਼ੇਰੀ ਦੇਣ ਦੇ ਕੇਂਦਰ ਸਰਕਾਰ ਦੇ ਟੀਚੇ ਨੂੰ ਵੀ ਪੂਰਾ ਦੇਵੇਗਾ। ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਪਾਣੀ ਦੇ ਘਟ ਰਹੇ ਪੱਧਰ ਕਰਕੇ ਕਪੂਰਥਲਾ ਨੂੰ ਡਾਰਕ ਜ਼ੋਨ ਐਲਾਨੇ ਜਾਣ ਮਗਰੋਂ ਕਿਸ ਤਰ੍ਹਾਂ ਉਹਨਾਂ ਨੇ ਇਸ ਫੂਡ ਪਾਰਕ ਦੀ ਮਨਜ਼ੂਰੀ ਲੈਣ ਵਾਸਤੇ ਕੇਂਦਰੀ ਜਲ ਵਸੀਲੇ ਮੰਤਰੀ ਉਮਾ ਭਾਰਤੀ ਕੋਲ ਪਹੁੰਚ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਇਸ ਗੱਲ ਲਈ ਰਾਜ਼ੀ ਕਰਾਇਆ ਕਿ ਮੱਕੀ ਆਧਾਰਿਤ ਪ੍ਰੋਸੈਸਿੰਗ ਪਲਾਂਟ ਪੰਜਾਬ ਅੰਦਰ ਚਿਰਾਂ ਤੋਂ ਲੋੜੀਂਦੀ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਵੇਗਾ।ਇਸ ਤੋਂ ਪਹਿਲਾਂ ਸੁਖਜੀਤ ਸਟਾਰਚ ਦੇ ਮੈਨੇਜਿੰਗ ਡਾਇਰੈਕਟਰ ਆਈ ਕੇ ਸਰਦਾਨਾ ਨੇ ਇਸ ਮੈਗਾ ਫੂਡ ਪਾਰਕ ਦੀ ਮਨਜ਼ੂਰੀ ਲੈਣ ਵਾਸਤੇ ਕੇਂਦਰੀ ਮੰਤਰੀ ਵੱਲੋਂ ਨਿਭਾਈ ਸਰਗਰਮ ਭੂਮਿਕਾ ਲਈ ਉਹਨਾਂ ਦਾ ਧੰਨਵਾਦ ਕੀਤਾ।ਆਪਣੇ ਭਾਸ਼ਣ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਫਨਾ ਪੂਰਾ ਕਰਨ ਲਈ ਉਹਨਾਂ ਦਾ ਮੰਤਰਾਲਾ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਪੰਜਾਬ ਵਾਸਤੇ ਤਿੰਨ ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਵਿਚੋਂ ਇੱਕ ਫੂਡ ਪਾਰਕ ਫਾਜ਼ਿਲਕਾ ਵਿਚ ਚਾਲੂ ਕੀਤਾ ਜਾ ਚੁੱਕਿਆ ਹੈ ਤੇ ਦੂਜਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਪੀਏਆਈਸੀ) ਦੀ ਛੱਤਰ ਛਾਇਆ ਹੇਠ ਲੁਧਿਆਣਾ ਵਿਖੇ ਬਣ ਰਿਹਾ ਹੈ।ਫਗਵਾੜਾ ਫੂਡ ਪਾਰਕ ਬਾਰੇ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਕ ਨੂੰ 123 ਕਰੋੜ ਰੁਪਏ ਦੀ ਲਾਗਤ ਨਾਲ 55 ਏਕੜ ਦੇ ਖੇਤਰ ਵਿਚ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਇਸ ਪਾਰਕ ਵਾਸਤੇ 50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਉਹਨਾ ਕਿਹਾ ਕਿ ਇਸ ਪਾਰਕ ਵਿਚ ਮਲਟੀਪਲ ਕੋਲਡ ਸਟੋਰੇਜ, ਇੰਡਵਿਜ਼ੂਅਲ ਕੁਇਕ ਫਰੋਜ਼ਨ ਅਤੇ ਡੀਪ ਫਰੋਜ਼ਨ, ਵੇਅਰ ਹਾਊਸ, ਸਿਲੋਸ, ਸਟੀਮ ਜਨਰੇਸ਼ਨ, ਸੋਰਟਿੰਗ ਐਂਡ ਗਰੇਡਿੰਗ ਯਾਰਡ ਅਤੇ ਫੂਡ ਟੈਸਟਿੰਗ ਲੈਬੋਰੇਟਰੀ ਆਦਿ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਪਾਰਕ ਦੇ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਜਲੰਧਰ ਵਿਖੇ ਤਿੰਨ ਮੁੱਢਲੇ ਖਰੀਦ ਕੇਂਦਰ ਵੀ ਹੋਣਗੇ ਅਤੇ ਖੇਤਾਂ ਦੇ ਨੇੜੇ ਮੁੱਢਲੀ ਪ੍ਰੋਸੈਸਿੰਗ ਅਤੇ ਭੰਡਾਰਣ ਦੀਆਂ ਸਹੂਲਤਾਂ ਵੀ ਹੋਣਗੀਆਂ।ਬੀਬੀ ਬਾਦਲ ਨੇ ਕਿਹਾ ਕਿ ਇਹ ਪਾਰਕ 25-30 ਫੂਡ ਪ੍ਰੋਸੈਸਿੰਗ ਯੂਨਿਟਾਂ ਵਿਚ ਕਰੀਬ 250 ਕਰੋੜ ਰੁਪਏ ਦਾ ਵਾਧੂ ਨਿਵੇਸ਼ ਵੀ ਕਰਵਾਏਗਾ ਅਤੇ ਸਲਾਨਾ 450-500 ਕਰੋੜ ਦੀ ਆਮਦਨ ਪੈਦਾ ਕਰੇਗਾ। ਉਹਨਾਂ ਕਿਹਾ ਕਿ ਇਹ ਪਾਰਕ ਸਿੱਧੇ ਅਤੇ ਅਸਿੱਧੇ ਤੌਰ ਤੇ 5000 ਵਿਅਕਤੀਆਂ ਲਈ ਰੁਜ਼ਗਾਰ ਪੈਦਾ ਕਰੇਗਾ ਅਤੇ ਤਕਰੀਬਨ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ। ਮੰਤਰੀ ਨੇ ਕਿਹਾ ਕਿ ਇਸ ਮੈਗਾ ਪਾਰਕ ਵਿਚ ਫੂਡ ਪ੍ਰੋਸੈਸਿੰਗ ਵਾਸਤੇ ਤਿਆਰ ਕੀਤਾ ਗਿਆ ਆਧੁਨਿਕ ਬੁਨਿਆਦੀ ਢਾਂਚਾ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਰਜ਼ ਅਤੇ ਗ੍ਰਾਹਕਾਂ ਲਾਭ ਪਹੁੰਚਾਏਗਾ ਅਤੇ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਨੂੰ ਤਕੜੀ ਹੱਲਾਸ਼ੇਰੀ ਦੇਵੇਗਾ।ਬੀਬੀ ਬਾਦਲ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਅੰਦਰ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਨਿਵੇਸ਼ਕਾਰਾਂ ਵਾਸਤੇ ਇੱਕ ਪੱਧਰਾ, ਪਾਰਦਰਸ਼ੀ ਅਤੇ ਸੌਖਾ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ‘ਮੇਕ ਇਨ ਇੰਡੀਆ’ ਉਪਰਾਲੇ ਨੂੰ ਸਫਲ ਬਣਾਉਣ ਲਈ ਸਭ ਤੋਂ ਵੱਧ ਜ਼ੋਰ ਫੂਡ ਪ੍ਰੋਸੈਸਿੰਗ ਉੱਤੇ ਲਾਇਆ ਹੈ। ਉਹਨਾਂ ਨੇ ਮੰਤਰਾਲੇ ਦੁਆਰਾ ਪਾਸ ਕੀਤੀ ਨਵੀਂ ਯੋਜਨਾ ਕਿਸਾਨ ਸੰਪਦਾ ਯੋਜਨਾ ਬਾਰੇ ਵੀ ਚਾਨਣਾ ਪਾਇਆ ਅਤੇ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਨੂੰ ਤੇਜ਼ ਕਰਨ ਵਾਸਤੇ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਇਸ ਯੋਜਨਾ ਦਾ ਲਾਭ ਉਠਾਉਣ ਲਈ ਕਿਹਾ।ਇਸ ਮੌਕੇ ਕੁਲਦੀਪ ਸਰਦਾਨਾ ਐਮ.ਡੀ. ਸਟਾਰਚ ਮਿੱਲ, ਵਿਧਾਇਕ ਸੋਮ ਪ੍ਰਕਾਸ਼ ਕੈਂਥ ਫਗਵਾੜਾ, ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਗੁਰਪ੍ਰਤਾਪ ਵਡਾਲਾ ਨਕੋਦਰ, ਬਲਦੇਵ ਖਹਿਰਾ ਫਿਲੌਰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ,ਐਸ.ਡੀ.ਐਮ. ਫਗਵਾੜਾ ਜੋਤੀ ਬਾਲਾ ਮੱਟੂ, ਐਸ.ਪੀ. ਫਗਵਾੜਾ ਪਰਮਿੰਦਰ ਸਿੰਘ ਭੰਡਾਲ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਗੁਰਦੀਪ ਸਿੰਘ ਸੀਹਰਾ ਜੀ.ਐਨ.ਏ., ਬੀਬੀ ਜਾਗੀਰ ਕੌਰ, ਜਰਨੈਲ ਸਿੰਘ ਵਾਹਦ ਅਕਾਲੀ ਆਗੂ, ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਰਣਜੀਤ ਸਿੰਘ ਖੁਰਾਣਾ, ਸੀਨੀ. ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਆਦਿ ਹਾਜ਼ਰ ਸਨ।