Fri. May 24th, 2019

ਹਰਸਿਮਰਤ ਬਾਦਲ ਨੇ ‘ਟੱਕ’ ਲਾ ਕੇ ਏਮਜ਼ ਬਠਿੰਡਾ ਦੀ ਉਸਾਰੀ ਸ਼ੁਰੂ ਕਰਵਾਈ

????????????????????????????????????

ਹਰਸਿਮਰਤ ਬਾਦਲ ਨੇ ‘ਟੱਕ’ ਲਾ ਕੇ ਏਮਜ਼ ਬਠਿੰਡਾ ਦੀ ਉਸਾਰੀ ਸ਼ੁਰੂ ਕਰਵਾਈ
ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪ੍ਰਵਾਨਗੀਆਂ ਨਾ ਦੇਣ ਦੇ ਬਾਵਜੂਦ ਉਸਾਰੀ ਸ਼ੁਰੂ ਹੋਵੇਗੀ
ਕਿਹਾ ਕਿ ਪ੍ਰਵਾਨਗੀਆਂ ਦੇ ਮੁੱਦੇ ਉੱਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਝੂਠ ਬੋਲ ਰਹੇ ਹਨ

ਬਠਿੰਡਾ/24 ਅਗਸਤ ਜਸਵੰਤ ਦਰਦ ਪ੍ਰੀਤ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ 925 ਕਰੋੜ ਦੀ ਲਾਗਤ ਵਾਲੇ ਵੱਕਾਰੀ ਏਮਜ਼ ਬਠਿੰਡਾ ਪ੍ਰਾਜੈਕਟ ਦੀ ਉਸਾਰੀ ਵਾਸਤੇ ਪਹਿਲੀ ਇੱਟ ਲਗਾ ਕੇ ਪੰਜਾਬ ਦੇ ਮਾਲਵਾ ਖੇਤਰ ਵਿਚ ਸਿਹਤ ਸੇਵਾਵਾਂ ਅੰਦਰ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਇਸ ਮੈਡੀਕਲ ਕਾਲਜ ਕਮ ਹਸਪਤਾਲ ਦੀ ਇਮਾਰਤ ਦੀ ਉਸਾਰੀ ਦੀ ਸੰਕੇਤਕ ਸ਼ੁਰੂਆਤ ਕਰ ਦਿੱਤੀ ਹੈ।

ਇਸ ਮੌਕੇ ਪ੍ਰਾਜੈਕਟ ਵਾਲੀ ਥਾਂ ਉੱਤੇ ਅਮਲਤਾਸ ਦੇ ਬੂਟੇ ਲਾਉਣ ਮਗਰੋਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕਾਂ ਲਈ ਅੱਜ ਇੱਕ ਇਤਿਹਾਸਕ ਦਿਨ ਹੈ ਅਤੇ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮਹੱਤਵਪੂਰਨ ਦਿਹਾੜਾ ਹੈ ਉਹਨਾਂ ਨੇ ਏਮਜ਼ ਬਠਿੰਡਾ ਨੂੰ ਸੱਚ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਪ੍ਰਾਜੈਕਟ ਵਾਲੀ ਥਾਂ ਉੱਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੈਂ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ, ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਹੋਰ ਦੇਰੀ ਬਰਦਾਸ਼ਤ ਨਹੀਂ ਕਰ ਸਕਦੀ ਸੂਬਾ ਸਰਕਾਰ ਚਾਹੁੰਦੀ ਹੈ ਤਾਂ ਬੇਸ਼ੱਕ ਆ ਕੇ ਉਸਾਰੀ ਦੇ ਕੰਮ ਨੂੰ ਰੋਕ ਦੇਵੇ ਇਹ ਮੇਰਾ ਨਿੱਜੀ ਏਮਜ਼ ਨਹੀਂ ਹੈ ਇਹ ਹਸਪਤਾਲ ਗਰੀਬ ਲੋਕਾਂ ਦੇ ਇਲਾਜ ਲਈ ਹੈ ਜੇਕਰ ਕਾਂਗਰਸ ਸਰਕਾਰ ਇਹਨਾਂ ਲੋਕਾਂ ਨੂੰ ਕੈਂਸਰ ਦੇ ਇਲਾਜ ਸਮੇਤ ਉੱਚ ਸਿਹਤ ਸਹੂਲਤਾਂ ਦੇਣ ਤੋਂ ਆਨਾਕਾਨੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਰਕਾਰ ਨੂੰ ਇਹਨਾਂ ਗਰੀਬ ਲੋਕਾਂ ਨਾਲ ਟਕਰਾਉਣਾ ਪਵੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਜੇ ਵੀ ਇਹ ਝੂਠਾ ਦਾਅਵਾ ਕਰ ਰਹੇ ਹਨ ਕਿ ਪ੍ਰਾਜੈਕਟ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆਂ ਹਨ ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਮੈਨੂੰ ਵਾਤਾਵਰਣ ਮਨਜ਼ੂਰੀ ਦੀ ਕਾਪੀ ਵਿਖਾਉਣ ਉਹਨਾਂ ਕਿਹਾ ਕਿ ਕਾਂਗਰਸ ਇਸ ਪ੍ਰਾਜੈਕਟ ਨੂੰ ਲਟਕਾਉਣ ਲਈ ਪਿਛਲੇ ਡੇਢ ਸਾਲ ਤੋਂ ਲੋੜੀਦੀਆਂ ਪ੍ਰਵਾਨਗੀਆਂ ਦੇਣ ਤੋਂ ਟਾਲਮਟੋਲ ਕਰ ਰਹੀ ਹੈ ਮੈਂ ਇਸ ਨੂੰ ਹੋਰ ਲਟਕਾਉਣ ਦੀ ਆਗਿਆ ਨਹੀਂ ਦਿਆਂਗੀ ਮੈਂ ਪ੍ਰਾਜੈਕਟ ਦਾ ਨਿਰਮਾਣ ਕਰਨ ਵਾਲੀ ਕੰਪਨੀ ਤੁਰੰਤ ਕੰਮ ਵਿਚ ਤੇਜ਼ੀ ਲਿਆਉਣ ਲਈ ਕਹਿ ਦਿੱਤਾ ਹੈ ਤਾਂ ਕਿ ਓਪੀਡੀ ਅਤੇ ਡਾਇਗਨੌਸਟਿਕ ਸੈਂਟਰ ਦੀਆਂ ਸੇਵਾਵਾਂ ਨਿਰਧਾਰਿਤ ਸਮੇਂ ਅਨੁਸਾਰ ਫਰਵਰੀ 2019 ਵਿਚ ਸ਼ੁਰੂ ਕੀਤੀਆਂ ਜਾ ਸਕਣ
ਬੀਬੀ ਬਾਦਲ ਨੇ ਕਿਹਾ ਕਿ ਇੱਥੋਂ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ਮੀਨੀ ਹਕੀਕਤ ਤੋਂ ਜਾਣੂ ਨਹੀਂ ਹਨ ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਦਸੰਬਰ 2017 ਵਿਚ ਪੱਤਰ ਲਿਖ ਕੇ ਦੱਸਿਆ ਕਿ ਕਿਸ ਤਰਾਂ ਵਾਤਾਵਰਣ ਮਨਜ਼ੂਰੀ ਸਮੇਤ ਬਹੁਤ ਸਾਰੀਆਂ ਪ੍ਰਵਾਨਗੀਆਂ ਅਜੇ ਦਿੱਤੀਆਂ ਨਹੀਂ ਗਈਆਂ ਹਨ ਇਹ ਵੀ ਦੱਸਿਆ ਸੀ ਕਿ ਪ੍ਰਾਜੈਕਟ ਵਾਲੀ ਥਾਂ ਤੋਂ ਬਿਜਲੀ ਦੇ ਖੰਭੇ ਅਤੇ ਰਜਵਾਹੇ ਹਟਾਉਣ ਵਾਲੇ ਹਨ ਅਤੇ ਇੱਕ ਬਿਜਲੀ ਗਰਿੱਡ ਲਗਾਉਣ ਵਾਲਾ ਹੈ ਮੁੱਖ ਮੰਤਰੀ ਵੱਲੋਂ ਫਰਵਰੀ 2018 ਵਿਚ ਇਹ ਜੁਆਬ ਆਇਆ ਕਿ ਸਾਰੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆ ਹਨ ਇਹ ਪ੍ਰਵਾਨਗੀਆਂ ਅੱਜ ਤਕ ਨਹੀਂ ਦਿੱਤੀਆਂ ਗਈਆਂ ਹਨ ਰਜਵਾਹਾ ਅਤੇ 11 ਕੇਵੀ ਲਾਇਨ ਅਜੇ ਵੀ ਪ੍ਰਾਜੈਕਟ ਵਾਲੀ ਥਾਂ ਉੱਤੇ ਮੌਜੂਦ ਹਨ ਤੁਸੀਂ ਅੱਜ ਵੀ ਜਾ ਕੇ ਵੇਖ ਸਕਦੇ ਹੋ।

ਇਹ ਟਿੱਪਣੀ ਕਰਦਿਆਂ ਕਿ ਮੁੱਕਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਇਹ ਤੌਖ਼ਲਾ ਖਾਂਦਾ ਹੈ ਕਿ ਉਸ ਨੂੰ ਏਮਜ਼ ਬਠਿੰਡਾ ਸਥਾਪਤ ਕਰਨ ਦਾ ਸਿਹਰਾ ਮਿਲੇਗਾ, ਬੀਬੀ ਬਾਦਲ ਨੇ ਕਿਹਾ ਕਿ ਇਹੀ ਵਜਾ ਹੈ ਕਿ ਪ੍ਰਵਾਨਗੀਆਂ ਦੇਣ ਵਿਚ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹੀ ਵਜਾ ਹੈ ਕਿ ਜ਼ਿਲਾ ਅਧਿਕਾਰੀਆਂ ਨੂੰ ਅੱਜ ‘ਟੱਕ ਸਮਾਰੋਹ’ ਵਿਚ ਆਉਣ ਤੋਂ ਰੋਕਿਆ ਗਿਆ ਹੈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਸੱਦਾ ਪੱਤਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਨੇ ਇਸ ਸਮਾਰੋਹ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪਣੀ ਹੋਛੀ ਰਾਜਨੀਤੀ ਕਰਨ ਵਾਸਤੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰ ਰਹੀ ਹੈ।
ਬੀਬੀ ਬਾਦਲ ਨੇ ਦੱਸਿਆ ਕਿ ਕਿਸ ਤਰਾਂ ਹੁਣ ਵੀ ਕਾਂਗਰਸ ਸਰਕਾਰ ਸਹਿਯੋਗ ਨਹੀਂ ਦੇ ਰਹੀ ਹੈ ਉਹਨਾਂ ਕਿਹਾ ਕਿ ਅਸੀਂ ਕਈ ਮਹੀਨੇ ਪਹਿਲਾਂ ਲਿਖ ਚੁੱਕੇ ਹਾਂ ਕਿ ਅਗਸਤ 2019 ਵਿਚ ਮੈਡੀਕਲ ਕਾਲਜ ਦੇ ਪਹਿਲੇ ਬੈਚ ਦੇ 100 ਵਿਦਿਆਰਥੀਆਂ ਲਈ ਕਲਾਸਾਂ ਵਾਸਤੇ ਸਾਨੂੰ ਸੈਂਟਰਲ ਯੂਨੀਵਰਸਿਟੀ ਦਾ ਕੈਂਪਸ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਜਾਵੇ, ਪਰੰਤੂ ਅਜੇ ਤਕ ਕਾਂਗਰਸ ਸਰਕਾਰ ਨੇ ਕੋਈ ਜੁਆਬ ਨਹੀਂ ਦਿੱਤਾ ਹੈ ਮੈਂ ਹੁਣ ਉਸਾਰੀ ਦਾ ਕੰਮ ਕਰਨ ਵਾਲੀ ਏਜੰਸੀ ਨੂੰ ਕਿਹਾ ਹੈ ਕਿ ਉਹ ਪ੍ਰਾਜੈਕਟ ਵਾਲੀ ਥਾਂ ਉੱਤੇ ਹੀ ਕਲਾਸਾਂ ਲਗਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰੇ।
ਬੀਬੀ ਬਾਦਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਪ੍ਰਾਜੈਕਟ ਜਿਸ ਵਿਚ ਇੱਕ ਮੈਡੀਕਲ ਕਾਲਜ ਅਤੇ 750 ਬਿਸਤਰਿਆਂ ਵਾਲੇ ਹਸਪਤਾਲ ਤੋਂ ਇਲਾਵਾ ਨਰਸਿੰਗ ਕਾਲਜ ਅਤੇ ਹੋਰ ਬਹੁਤ ਸਾਰੀਆਂ ਮੈਡੀਕਲ ਸਹੂਲਤਾਂ ਹੋਣਗੀਆਂ, ਦੋ ਸਾਲਾਂ ਵਿਚ ਚਾਲੂ ਹੋ ਜਾਵੇਗਾ।
ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਸੂਬਾ ਸਰਕਾਰ ਜਾਣ ਬੁੱਝ ਕੇ ਪ੍ਰਾਜੈਕਟ ਵਾਸਤੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਦੇ ਰਹੀ ਹੈ, ਜਦਕਿ ਇਹ ਪ੍ਰਾਜੈਕਟ 100 ਫੀਸਦੀ ਕੇਂਦਰ ਵੱਲੋਂ ਤਿਆਰ ਕੀਤਾ ਜਾਣਾ ਹੈ।

ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਦਲੇਖੋਰ ਕਾਂਗਰਸ ਵੱਲੋਂ ਕੀਤੇ ਇਹਨਾਂ ਦਾਅਵਿਆਂ ਨੂੰ ਮੁੱਢੋਂ ਹੀ ਖਾਰਿਜ ਕਰ ਦਿੱਤਾ ਕਿ ਉਹ 2019 ਲੋਕ ਸਭਾ ਚੋਣਾਂ ਵਿਚ ਆਪਣਾ ਸੰਸਦੀ ਹਲਕਾ ਤਬਦੀਲ ਕਰਨਗੇ ਉਹਨਾਂ ਕਿਹਾ ਕਿ ਮੈਂ ਆਪਣਾ ਹਲਕਾ ਕਿਉਂ ਬਦਲਾਂਗੀ? ਮੈਂ ਕਿਸੇ ਨਾਲ ਠੱਗੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਕੋਲੋਂ ਫੰਡ ਲਏ ਹਨ ਮੈਂ ਕਿਸੇ ਉੱਤੇ ਗੁੰਡਾ ਟੈਕਸ ਨਹੀਂ ਲਾਇਆ ਮੈਂ ਲੋਕਾਂ ਦੇ ਕੰਮ ਕਰਨ ਤੋਂ ਨਹੀਂ ਭੱਜੀ ਮੈਂ ਆਪਣੀ ਪੂਰੀ ਸਮਰੱਥਾ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *

%d bloggers like this: