Mon. Apr 22nd, 2019

ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀ

ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀ

ਟਰੂਡੋ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨਾਲ ਮਿਲ ਕੇ ਸਾਂਝੇ ਰੂਪ ਵਿਚ ਮਨਾਉਣ ਲਈ ਕਿਹਾ

ਕੈਨਡੀਅਨ ਕੰਪਨੀਆਂ ਨੂੰ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਦਾ ਸੱਦਾ ਦਿੱਤਾ

Image may contain: 3 people, people standingਚੰਡੀਗੜ/22 ਫਰਵਰੀ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕੈਨੇਡੀਅਨ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦੁਆਰਾ

ਪ੍ਰਬੰਧਕੀ ਕਮੇਟੀ ਨਾਲ ਮਿਲ ਕੇ ਸਾਂਝੇ ਰੂਪ ਵਿਚ ਮਨਾਉਣ ਦਾ ਸੁਝਾਅ ਦਿੱਤਾ ਹੈ।

ਬੀਬੀ ਬਾਦਲ ਨੇ ਇੱਥੇ ਭਾਰਤ-ਕੈਨੇਡਾ ਬਿਜ਼ਨਸ ਸੈਸ਼ਨ ਦੌਰਾਨ ਇਹ ਦੋਵੇਂ ਸੁਝਾਅ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦਿੱਤੇ ਅਤੇ ਟਰੂਡੋ ਨੇ ਭਰੋਸਾ ਦਿਵਾਇਆ ਕਿ ਉਹ ਇਹਨਾਂ ਦੋਵੇਂ ਸੁਝਾਵਾਂ ਬਾਰੇ ਸੰਜੀਦਗੀ ਨਾਲ ਵਿਚਾਰ ਕਰਨਗੇ।

ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਕੰਪਨੀਆਂ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਸੈਕਟਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਜ਼ੋਰਾਂ ਉੱਤੇ ਹੈ, ਕਿਉਂਕਿ ਇਸ ਸੈਕਟਰ ਅੰਦਰ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ।
ਇੱਥੇ ਰੱਖੇ ਗਏ ਇੰਡੀਆ ਕੈਨੇਡਾ ਬਿਜ਼ਨਸ ਸੈਸ਼ਨ, ਜਿਸ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਨੇਡੀਅਨ ਮੰਤਰੀਆਂ ਤੋਂ ਇਲਾਵਾ ਸੀਆਈਆਈ ਅਤੇ ਐਫਆਈਸੀਸੀਆਈ ਦੇ ਨੁੰਮਾਇਦਿਆਂ ਨੇ ਭਾਗ ਲਿਆ, ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੇ 2016 ਵਿਚ 8 ਬਿਲੀਅਨ ਡਾਲਰ ਦਾ ਕਾਰੋਬਾਰ ਕੀਤਾ ਸੀ। ਭਾਰਤ ਦੇ ਫੂਡ ਸੈਕਟਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਇਹ ਹੋਰ ਤੇਜ਼ੀ ਨਾਲ ਵਧ ਸਕਦਾ ਹੈ। ਉਹਨਾਂ ਕਿਹਾ ਕਿ ਮੁਲਕ ਅੰਦਰ 2016-17 ਦੌਰਾਨ 60 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਸੀ। ਫੂਡ ਸੈਕਟਰ ਅੰਦਰ ਪਈਆਂ ਅਸੀਮ ਸੰਭਾਵਨਾਵਾਂ ਕਰਕੇ ਇਹ ਲਗਾਤਾਰ ਵਧ ਰਿਹਾ ਹੈ। ਭਾਰਤ ਅੰਦਰ ਰੀਟੇਲ ਵਿਚ 60 ਬਿਲੀਅਨ ਡਾਲਰ ਦੇ ਕਾਰੋਬਾਰ ਦੀ ਸੰਭਾਵਨਾ ਹੈ, ਜਿਸ ਵਿਚੋਂ 70 ਫੀਸਦੀ ਸਿਰਫ ਫੂਡ ਸੈਕਟਰ ਨਾਲ ਸੰਬੰਧਿਤ ਹੈ।

ਕੈਨੇਡੀਅਨ ਕੰਪਨੀਆਂ ਨੂੰ ਫੂਡ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਫੂਡ ਰੈਗੁਲੇਟਰੀ ਪੋਰਟਲ ਸ਼ੁਰੂ ਕਰਨ ਸਮੇਤ ਬਹੁਤ ਸਾਰੇ ਕਦਮ ਚੁੱਕੇ ਗਏ ਹਨ। ਫੂਡ ਕਾਰੋਬਾਰਾਂ ਲਈ ਇਹ ਇੱਕ ਸਿੰਗਲ ਇੰਟਰਫੇਸ ਵਾਲਾ ਪੋਰਟਲ ਹੈ, ਜਿਹੜਾ ਘਰੇਲੂ ਅਤੇ ਫੂਡ ਨਿਰਯਾਤ ਨਾਲ ਜੁੜੀਆਂ ਗਤੀਵਿਧੀਆਂ ਵਿਚ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਨਿਵੇਸ਼ ਬੰਧੂ ਨਾਂ ਦਾ ਇੱਕ ਹੋਰ ਪੋਰਟਲ ਨਿਵੇਸ਼ਕਾਂ ਨੂੰ ਨਿਵੇਸ਼ ਬਾਰੇ ਤਸੱਲੀਬਖ਼ਸ਼ ਫੈਸਲੇ ਲੈਣ ਵਿਚ ਮੱਦਦ ਕਰਦਾ ਹੈ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਕੱਲ• ਉਹਨਾਂ ਦਾ ਅੰਮ੍ਰਿਤਸਰ ਵਿਚ ਆਉਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਸੀ, ਕਿਉਂਕਿ ਉਹਨਾਂ ਨੇ ਉੱਤਰ ਪ੍ਰਦੇਸ਼ ਵਿਚ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਸੀ। ਉਹਨਾਂ ਕਿਹਾ ਕਿ ਕੱਲ• ਉਹਨਾਂ ਨੇ ਲਖਨਊ ਵਿਚ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨਾਲ ਯੂਪੀ ਇਨਵੈਸਟਰਜ਼ ਮੀਟ ਦੇ ਫੂਡ ਪ੍ਰੋਸੈਸਿੰਗ ਸੈਸ਼ਨ ਦੀ ਪ੍ਰਧਾਨਗੀ ਕੀਤੀ ਸੀ।

ਇਸ ਮੌਕੇ ਉੱਤੇ ਬੋਲਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇੱਕ ਆਕਾਰ ਪੱਖੋਂ ਅਤੇ ਦੂਜ ਆਬਾਦੀ ਪੱਖੋਂ ਦੁਨੀਆਂ ਦੇ ਇਹ ਦੋ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਆਪਸੀ ਸਹਿਯੋਗ ਵਧਾ ਕੇ ਇੱਕ ਸਾਂਝਾ ਭਵਿੱਖ ਸਿਰਜ ਸਕਦੇ ਹਨ।
ਇਸ ਬਿਜ਼ਨਸ ਸੈਸ਼ਨ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇਨੋਵੇਸ਼ਨ, ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਬੁਨਿਆਦੀ ਢਾਂਚਾ ਅਤੇ ਕਾਮਰਸ ਮੰਤਰੀ ਅਮਰਜੀਤ ਸੋਹੀ, ਛੋਟਾ ਕਾਰੋਬਾਰ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗੜ, ਸਾਇੰਸ ਮੰਤਰੀ ਕ੍ਰਿਸਟੀ ਡੰਕਨ, ਸੀਸੀਆਈ ਪ੍ਰਧਾਨ ਸ਼ੋਭਨਾ ਕਾਮੀਨੇਨੀ, ਐਫਆਈਸੀਸੀਆਈ ਪ੍ਰਧਾਨ ਰਸ਼ੇਸ਼ ਸ਼ਾਹ ਅਤੇ ਕੈਨੇਡਾ-ਇੰਡੀਆ ਬਿਜ਼ਨਸ ਕੌਂਸਲ ਦੇ ਕਾਸੀ ਰਾਓ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: