Tue. Aug 20th, 2019

ਹਰਸਿਮਰਤ ਕੌਰ ਬਾਦਲ ਨੇ ਲਾਡੋਵਾਲ ਫੂਡ ਪਾਰਕ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਨੂੰ 31 ਜੁਲਾਈ ਤੱਕ ਦੀ ਦਿੱਤੀ ਮੋਹਲਤ

ਹਰਸਿਮਰਤ ਕੌਰ ਬਾਦਲ ਨੇ ਲਾਡੋਵਾਲ ਫੂਡ ਪਾਰਕ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਨੂੰ 31 ਜੁਲਾਈ ਤੱਕ ਦੀ ਦਿੱਤੀ ਮੋਹਲਤ

ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਦਖ਼ਲ ਦੇ ਕੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਨੂੰ ਅਗਲੇ ਮਹੀਨੇ ਦੇ ਅਖੀਰ ਤੱਕ ਲਾਡੋਵਾਲ ਫੂਡ ਪਾਰਕ ਚਾਲੂ ਕਰਨ ਦਾ ਨਿਰਦੇਸ਼ ਦੇਣ ਲਈ ਆਖਿਆ ਹੈ।ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਮਜ਼ਬੂਰ ਹੋ ਕੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੂੰ ਅੱਜ ਲਿਖੀ ਇੱਕ ਚਿੱਠੀ ਵਿਚ ਬੀਬਾ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ 50 ਕਰੋੜ ਰੁਪਏ ਦੀ ਗਰਾਂਟ ਮਗਰੋਂ ਪੀਏਆਈਸੀ ਨੇ ਲਾਡੋਵਾਲ ਫੂਡ ਪਾਰਕ ਬਣਾਉਣ ਦਾ ਜ਼ਿੰਮਾ ਚੁੱਕਿਆ ਸੀ।ਉਹਨਾਂ ਕਿਹਾ ਕਿ ਇਸ ਪਾਰਕ ਨੂੰ ਨਵੰਬਰ 2015 ਵਿਚ ਪ੍ਰਵਾਨਗੀ ਮਿਲੀ ਸੀ ਅਤੇ ਇਹ ਮਈ 2018 ਤੱਕ ਮੁਕੰਮਲ ਕੀਤਾ ਜਾਣਾ ਸੀ।ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਪ੍ਰਾਜੈਕਟ ਦੇ ਨਿਰਮਾਣ ਦੀ ਲਗਾਤਾਰ ਕੀਤੀ ਜਾ ਰਹੀ ਨਿਗਰਾਨੀ ਦੇ ਬਾਵਜੂਦ ਪੀਏਆਈਸੀ ਨੇ ਨਿਰਧਾਰਿਤ ਸਮੇਂ ਉੱਤੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦਾ ਉਪਰਾਲਾ ਨਹੀਂ ਕੀਤਾ, ਜਿਸ ਕਰਕੇ ਅਗਾਂਹਵਧੂ ਕਿਸਾਨਾਂ ਅਤੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਹੈ, ਜਿਹਨਾਂ ਨੂੰ ਇੱਥੇ ਰੁਜ਼ਗਾਰ ਦੀ ਸਹੂਲਤ ਮਿਲਣੀ ਸੀ।

ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਪ੍ਰਾਜੈਕਟ ਦੇ ਸਮੇਂ ਸਿਰ ਉਦਘਾਟਨ ਅਤੇ ਇਸ ਨੂੰ ਚਾਲੂ ਕੀਤੇ ਜਾਣ ਦਾ ਮੁੱਦਾ ਉੁਹਨਾਂ ਕੋਲ ਉਠਾ ਚੁੱਕੇ ਹਨ, ਪਰੰਤੂ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਕਿਸੇ ਨਾ ਕਿਸੇ ਬਹਾਨੇ ਨਾਲ ਇਸ ਪ੍ਰਾਜੈਕਟ ਨੂੰ ਲਟਕਾਇਆ ਜਾ ਰਿਹਾ ਹੈ।ਬੀਬਾ ਬਾਦਲ ਨੇ ਮੁੱਖ ਮੰਤਰੀ ਨੂੰ ਇਸ ਪਾਰਕ ਨੂੰ ਜਲਦੀ ਮੁਕੰਮਲ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੰਤਰਾਲਾ ਇਸ ਪ੍ਰਾਜੈਕਟ ਨੂੰ ਰੱਦ ਕਰਨ ਲਈ ਮਜ਼ਬੂਰ ਹੋ ਜਾਵੇਗਾ ਅਤੇ ਰਾਜ ਸਰਕਾਰ ਦੀ ਨਲਾਇਕੀ ਕਰਕੇ ਸੂਬਾ ਰੁਜ਼ਗਾਰ ਦੇ ਸ਼ਾਨਦਾਰ ਮੌਕਿਆਂ ਤੋਂ ਵਾਂਝਾ ਰਹਿ ਜਾਵੇਗਾ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਮੈਗਾ ਫੂਡ ਪਾਰਕ ਦੀ ਨਜ਼ਰਸਾਨੀ ਕਰਨ ਲਈ ਪਿਛਲੀ ਮੀਟਿੰਗ ਜਨਵਰੀ 2019 ਵਿਚ ਕੀਤੀ ਸੀ, ਜਿਸ ਦੌਰਾਨ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਸਪਾਈਰਲ ਫਰੀਜ਼ਰ ਅਤੇ ਪ੍ਰੀ-ਪ੍ਰੋਸੈਸਿੰਗ ਲਾਇਨ ਦੀ ਖਰੀਦ ਵਾਸਤੇ ਟੈਂਡਰਿੰਗ ਦੀ ਪ੍ਰਕਿਰਿਆ ਛੇ ਮਹੀਨੇ ਦਾ ਸਮਾਂ ਲੰਘਣ ਤੋਂ ਬਾਅਦ ਵੀ ਸ਼ੁਰੂ ਨਹੀਂ ਸੀ ਕੀਤੀ ਗਈ।ਉਹਨਾਂ ਕਿਹਾ ਕਿ ਇਹ ਸਹੂਲਤਾਂ ਅਜੇ ਤਕ ਨਹੀਂ ਲਗਾਈਆਂ ਗਈਆਂ ਹਨ, ਕਿਉਂਕਿ ਪੀਏਆਈਸੀ ਬੋਰਡ ਨੇ ਸਪਾਈਰਲ ਫਰੀਜ਼ਰ ਦੀ ਵਧੀ ਹੋਈ ਕੀਮਤ ਨੂੰ ਪ੍ਰਵਾਨਗੀ ਨਹੀਂ ਦਿੱਤੀ। ਬੀਬਾ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਉਹਨਾਂ ਦੇ ਮੰਤਰਾਲੇ ਨੇ ਪ੍ਰਾਜੈਕਟ ਦੀ ਉੱਨਤੀ ਦਾ ਦੁਬਾਰਾ ਇਸ ਸਾਲ 24 ਅਪ੍ਰੈਲ ਨੂੰ ਰੀਵਿਊ ਕੀਤਾ ਸੀ,ਜਿਸ ਦੌਰਾਨ ਪੀਏਆਈਸੀ ਨੇ ਕੋਲਡ ਸਟੋਰੇਜ ਲਈ ਟਰਾਂਸਫਾਰਮਰ ਲਾਉਣ ਅਤੇ ਮਈ 2019 ਤਕ ਕੋਲਡ ਸਟੋਰੇਜ ਚਾਲੂ ਕਰਨ ਅਤੇ ਸਿਲੋਜ਼ ਲਈ ਪੈਨਲ ਰੂਮ 10 ਦਿਨਾਂ ਦੇ ਅੰਦਰ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ। ਇਹ ਸਾਰੀਆਂ ਸਹੂਲਤਾਂ ਅਜੇ ਤੀਕ ਸ਼ੁਰੂ ਨਹੀਂ ਹੋਈਆਂ ਹਨ।

Leave a Reply

Your email address will not be published. Required fields are marked *

%d bloggers like this: