ਹਮੀਦੀ ਵਿਖੇ ਜ਼ਹਿਰੀਲਾ ਖਾਣਾ ਖਾਣ ਨਾਲ 1 ਪ੍ਰਵਾਸੀ ਮਜ਼ਦੂਰ ਦੀ ਮੌਤ ਤੇ 7 ਦੀ ਹਾਲਤ ਗੰਭੀਰ

ss1

ਹਮੀਦੀ ਵਿਖੇ ਜ਼ਹਿਰੀਲਾ ਖਾਣਾ ਖਾਣ ਨਾਲ 1 ਪ੍ਰਵਾਸੀ ਮਜ਼ਦੂਰ ਦੀ ਮੌਤ ਤੇ 7 ਦੀ ਹਾਲਤ ਗੰਭੀਰ
ਘਟਨਾ ਸਥਾਨ ਤੇ ਸਿਹਤ ਵਿਭਾਗ ਨੇ ਲਏ ਖਾਣੇ ਦੇ ਸੈਂਪਲ

14-12
ਮਹਿਲ ਕਲਾਂ 13 ਜੂਨ ( ਭੁਪਿੰਦਰ ਸਿੰਘ ਧਨੇਰ/ ਪਰਦੀਪ ਕੁਮਾਰ) – ਬਿਹਾਰ ਤੋਂ ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰੀ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਅਣਹੋਣੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਹਮੀਦੀ ਵਿਖੇ ਇੱਕ ਕਿਸਾਨ ਦੀ ਖੇਤ ਵਿਚਲੀ ਟਿਊਬਵੈਲ ਦੀ ਮੋਟਰ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬੀਤੀ ਰਾਤ ਜ਼ਹਿਰੀਲਾ ਖਾਣਾ ਖਾਣ ਕਾਰਣ ਇੱਕ ਮਜ਼ਦੂਰ ਦੀ ਮੌਤ ਅਤੇ 7 ਮਜ਼ਦੂਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਘਟਨਾ ਸਥਾਨ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਹਮੀਦੀ ਕਰਮਗੜ ਰੋਡ ’ਤੇ ਸਥਿਤ ਇੱਕ ਕਿਸਾਨ ਦੀ ਖੇਤ ਵਿਚਲੀ ਮੋਟਰ ’ਤੇ 10 ਜੂਨ ਤੋਂ 9 ਪ੍ਰਵਾਸੀ ਮਜ਼ਦੂਰ ਝੋਨਾ ਲਗਾਉਣ ਲਈ ਰਹਿ ਰਹੇ ਸਨ। ਬੀਤੀ ਰਾਤ 10 ਵਜੇ ਦੇ ਕਰੀਬ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਨਾਂ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਨੇ ਨਾਲ ਦੀ ਮੋਟਰ ਤੇ ਰਹਿ ਰਹੇ ਅਪਣੇ ਸਾਥੀਆਂ ਨੂੰ ਫੋਨ ਰਾਹੀ ਸਾਰੀ ਸਥਿਤੀ ਤੋ ਜਾਣੂ ਕਰਾਇਆਂ ਤਾਂ ਨਾਲ ਦੀ ਮੋਟਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੇ ਖੇਤ ਮਾਲਕ ਨੂੰ ਬੁਲਾ ਕੇ ਤੁਰੰਤ 8 ਪ੍ਰਵਾਸੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਾਇਆ ਜਿੱਥੇ ਇੱਕ ਮਜ਼ਦੂਰ ਰਾਜ ਕੁਮਾਰ (22) ਵਾਸੀ ਪੁਰਬੀ ਓਰਮੀ ਜਿਲਾ ਰਜੀਆ (ਬਿਹਾਰ) ਦੀ ਅੱਜ ਸਵੇਰੇ ਮੌਤ ਹੋ ਗਈ ਅਤੇ ਬਾਕੀ 7 ਮਜ਼ਦੂਰ ਮੁਹੰਮਦ ਮਜਰੂਲ,ਮੁਹੰਮਦ ਫਿਰੋਜ਼,ਮੁਹੰਮਦ ਨਬੀ ਹੁਸੈਨ,ਮੁਹੰਮਦ ਅਫਰੋਜ,ਮੁਹੰਮਦ ਸਮੀਦ,ਰਾਮੇਸ਼ ਯਾਦਵ ਅਤੇ ਸੰਭੂ ਮੁਖੀਆ ਵਾਸੀ ਪੁਰਬੀ ਓਰਮੀ ਜਿਲਾ ਰਜੀਆ(ਬਿਹਾਰ) ਦੀ ਹਾਲਤ ਨਾਜ਼ਕ ਹੋਣ ਕਾਰਨ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਿਥੇ 2 ਮਜ਼ਦੂਰਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਇਸ ਮੌਕੇ ਪੁਲਿਸ ਥਾਣਾ ਠੁੱਲੀਵਾਲ ਦੇ ਐਸ ਐਚ ਓ ਸਰਦਾਰਾ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਸਿਹਤ ਵਿਭਾਗ ਦੇ ਜਿਲਾ ਸਿਹਤ ਅਫਸਰ ਡਾਕਟਰ ਮੋਹਨ ਲਾਲ ਰਾਣਾ,ਡਾ ਤਰਨ ਬਾਂਸਲ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਮਜ਼ਦੂਰਾਂ ਵੱਲੋਂ ਰਾਤ ਸਮੇਂ ਬਣਾਏ ਖਾਣੇ ਦੇ ਸੈਂਪਲ ਪੁਲਿਸ ਲੈਬੋਰਟਰੀ ਖਰੜ ਵਿਖੇ ਭੇਜੇ ਗਏ। ਇਸ ਸਬੰਧੀ ਮੁੱਖ ਅਫਸਰ ਸਰਦਾਰਾ ਸਿੰਘ ਨੇ ਕਿਹਾ ਕਿ ਕਿ ਘਟਨਾ ਸਬੰਧੀ ਅਸਲ ਕਾਰਨਾ ਦਾ ਪਤਾ ਖਾਣੇ ਦੇ ਸੈਂਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਹੀ ਲੱਗੇਗਾ।

Share Button

Leave a Reply

Your email address will not be published. Required fields are marked *