ਹਨੀਪ੍ਰੀਤ ਸੌਦਾ ਸਾਧ ਦੀ ਧੀ ਨਹੀਂ ਦੂਸਰੀ ਪਤਨੀ ਸੀ-ਸਾਬਕਾ ਪਤੀ ਦਾ ਦੋਸ਼

ਹਨੀਪ੍ਰੀਤ ਸੌਦਾ ਸਾਧ ਦੀ ਧੀ ਨਹੀਂ ਦੂਸਰੀ ਪਤਨੀ ਸੀ-ਸਾਬਕਾ ਪਤੀ ਦਾ ਦੋਸ਼

7 copyਚੰਡੀਗੜ੍ਹ (ਬਿਊਰੋ)-ਆਪਣੀ ਕਥਿਤ ਗੋਦ ਲਈ ਪੁੱਤਰੀ ਦੀ ਮੱਦਦ ਨਾਲ ਆਪਣੀਆਂ ਹੀ ਸਾਧਣੀਆਂ ਨਾਲ ਬਲਾਤਕਾਰ ਕਰਨ ਵਾਲੇ ਸੌਦਾ ਸਾਧ ਸਬੰਧੀ ਵਿਸ਼ਵਾਸ ਗੁਪਤਾ ਨਾਂਅ ਦੇ ਵਿਅਕਤੀ ਨੇ ਅੱਜ ਫਿਰ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਉਸ ਦੀ ਪਤਨੀ ਸੀ, ਪਰ ਉਹ ਮੇਰੀ ਪਤਨੀ ਸਿਰਫ ਨਾਂਅ ਦੀ ਸੀ ਰਹਿੰਦੀ ਉਹ ਸੌਦਾ ਸਾਧ ਨਾਲ ਸੀ। ਅੱਜ ਇੱਥੇ ਵਿਸ਼ੇਸ਼ ਪੱਤਰਕਾਰ ਸੰਮੇਲਨ ਬੁਲਾ ਕੇ ਵਿਸ਼ਵਾਸ ਗੁਪਤਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਵਿਚਾਲੇ ਨਜਾਇਜ਼ ਸਬੰਧ ਸਨ।  ਉਸ ਨੇ ਕਿਹਾ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਨੇ ਇਹ ਗਲਤ ਸਬੰਧਾਂ ਦਾ ਖੇਡ ਬਿਗ ਬਾਸ ਨਾਂਅ ਦੀ ਖੇਡ ਨਾਲ ਸ਼ੁਰੂ ਕੀਤਾ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਦੀ ਉਮਰ ਵਿੱਚ ਸਿਰਫ 13 ਸਾਲ ਦਾ ਫਰਕ ਹੈ। ਉਨ੍ਹਾਂ ਨੇ ਦੁਨੀਆਂ ਨੂੰ ਵਿਖਾਉਣ ਲਈ ਬਾਪ ਬੇਟੀ ਦਾ ਰਿਸ਼ਤਾ ਬਣਾ ਰੱਖਿਆ ਸੀ, ਪਰ ਅਸਲ ਵਿੱਚ ਉਹ ਆਪਣੀ ਗੁਫਾ ਦੇ ਅੰਦਰ ਪਤੀ-ਪਤਨੀ ਵਜੋਂ ਹੀ ਰਹਿੰਦੇ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਸੌਦਾ ਸਾਧ ਨੇ ਹਨੀਪ੍ਰੀਤ ਨੂੰ ਗੋਦ ਲੈਣ ਦੀ ਕੋਈ ਕਾਨੂੰਨੀ ਪ੍ਰਕਿਰਿਆ ਪੂਰੀ ਹੀ ਨਹੀਂ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਕਈ ਵਾਰ ਹਨੀਪ੍ਰੀਤ ਅਤੇ ਸੌਦਾ ਸਾਧ ਨੂੰ ਇਤਰਾਜਯੋਗ ਹਾਲਾਤਾਂ ਵਿੱਚ ਵੇਖਿਆ ਸੀ। ਉਸ ਨੇ ਦੱਸਿਆ ਕਿ ਹਨੀਪ੍ਰੀਤ ਅਤੇ ਸੌਦਾ ਸਾਧ ਦੇ ਰਿਸ਼ਤੇ ਬਿਗ ਬਾਸ ਖੇਡ ਤੋਂ ਬਣੇ। ਸੌਦਾ ਸਾਧ ਬਿਗ ਬਾਸ ਖੇਡ ਇਸ ਤਰੀਕੇ ਨਾਲ ਖੇਡਦਾ ਸੀ ਕਿ ਜੋ ਵਿਅਕਤੀ ਗਲਤੀ ਕਰਦਾ ਸੀ, ਉਸ ਨੂੰ ਸੌਦਾ ਸਾਧ ਪਹਿਲੀ ਸਜਾ 10 ਮਿੰਟ ਦੀ, ਦੂਸਰੀ 20 ਮਿੰਟ ਦੀ ਅਤੇ ਤੀਸਰੀ 40 ਮਿੰਟ ਦੀ ਆਪਣੀ ਗੁਫਾ ਵਿੱਚ ਲਿਜਾ ਕੇ ਦਿੰਦਾ ਸੀ।
ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਹਨੀਪ੍ਰੀਤ ਨੇ ਬਣਾਈ ਗਈ ਚਾਲ ਤਹਿਤ ਪਹਿਲੇ ਹੀ ਦਿਨ ਐਨੀਆਂ ਗਲਤੀਆਂ ਕਰ ਦਿੱਤੀਆਂ ਕਿ ਉਹ ਇੱਕ ਵਾਰ ਸੌਦਾ ਸਾਧ ਦੀ ਗੁਫਾ ਵਿੱਚ ਗਈ ਅਤੇ ਮੁੜ ਕੇ ਉੱਥੋਂ ਦੀ ਹੀ ਹੋ ਕੇ ਰਹਿ ਗਈ। ਉਸ ਨੇ ਇਹ ਵੀ ਕਿਹਾ ਕਿ ਉਹ ਹਨੀਪ੍ਰੀਤ ਦੇ ਦੁਨੀਆਂ ਦੀ ਨਜ਼ਰ ਵਿੱਚ ਪਤੀ ਹੋਣ ਦੇ ਨਾਤੇ ਸੌਦਾ ਸਾਧ ਨਾਲ ਦੇਸ਼ ਵਿਦੇਸ਼ ਵਿੱਚ ਨਾਲ ਜਾਂਦਾ ਸੀ, ਪਰ ਸੌਦਾ ਸਾਧ ਹੋਟਲ ਵਿੱਚ ਇਸ ਤਰ੍ਹਾਂ ਦੇ ਕਮਰੇ ਬੁੱਕ ਕਰਵਾਉਂਦਾ ਸੀ ਕਿ ਜਿਨ੍ਹਾਂ ਦੇ ਦਰਵਾਜ਼ੇ ਅੰਦਰੋਂ ਜੁੜੇ ਹੋਏ ਹੁੰਦੇ ਸਨ। ਉਸ ਨੇ ਕਿਹਾ ਕਿ ਜਦੋਂ ਮੈਂ ਦੋਵਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਵਿਰੋਧ ਕਰਦਾ ਤਾਂ ਸੌਦਾ ਸਾਧ ਨੇ ਮੈਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ  ਦਿੱਤੀ ਅਤੇ ਹਨੀਪ੍ਰੀਤ ਦੇ ਮਾਪਿਆਂ ਤੋਂ ਮੇਰੇ ਖਿਲਾਫ ਦਾਜ ਦਹੇਜ ਮੰਗਣ ਅਤੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਕਰਵਾ ਦਿੱਤਾ।  ਵਿਸ਼ਵਾਸ ਨੇ ਦੱਸਿਆ ਕਿ ਉਸ ਨੂੰ ਇਸ ਮਾਮਲੇ ਵਿੱਚ ਜੇਲ੍ਹ ਵਿੱਚ ਵੀ ਜਾਣਾ ਪਿਆ। ਸੌਦਾ ਸਾਧ ਨੇ ਉਸ ਉੱਪਰ ਜੇਲ੍ਹ ਵਿੱਚ ਵੀ ਹਮਲੇ ਕਰਵਾਏ। ਵਿਸ਼ਵਾਸ ਨੇ ਕਿਹਾ ਕਿ ਮੈਨੂੰ ਅੱਜ ਵੀ ਸੌਦਾ ਸਾਧ ਤੋਂ ਜਾਨ ਦੇ ਖਤਰੇ ਹਨ। ਇਸ ਦੇ ਬਾਵਜੂਦ ਕਿ ਸੌਦਾ ਸਾਧ ਜੇਲ੍ਹ ਵਿੱਚ ਹੈ, ਉਸ ਦੀ ਤਾਕਤ ਹਾਲੇ ਵੀ ਬਹੁਤ ਹੈ। ਸੌਦਾ ਸਾਧ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਨੂੰ ਯਾਦ ਕਰਦਿਆਂ ਵਿਸ਼ਵਾਸ ਗੁਪਤਾ ਦੀਆਂ ਅੱਖਾਂ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਈ ਵਾਰ ਹੰਝੂ ਵੀ ਆਏ। ਉਸ ਨੇ ਕਿਹਾ ਕਿ 2014 ਵਿੱਚ ਸੌਦਾ ਸਾਧ ਨੇ ਮੇਰੇ ਤੋਂ ਬਹੁਤ ਜ਼ਾਲਮਾਨਾ ਢੰਗ ਨਾਲ ਮਾਫੀ ਮੰਗਵਾਈ ਅਤੇ ਹਨੀਪ੍ਰੀਤ ਤੋਂ ਦੂਰ ਰਹਿਣ ਲਈ ਕਹਿ ਦਿੱਤਾ। ਉਸ ਨੇ ਕਿਹਾ ਕਿ ਉਸ ਸਮੇਂ ਤੋਂ ਹੀ ਮੈਂ ਹਨੀਪ੍ਰੀਤ ਤੋਂ ਦੂਰ ਰਹਿ ਰਿਹਾ ਹਾਂ।

Share Button

Leave a Reply

Your email address will not be published. Required fields are marked *

%d bloggers like this: