Fri. Apr 19th, 2019

ਹਨੀਪ੍ਰੀਤ ਦੀਆਂ ਲੁਕਣ ਥਾਵਾਂ ਨੂੰ ਦੇਖਣ ਲਈ ਹਰਿਆਣਾ ਪੁਲਿਸ ਵੱਲੋਂ ਬਠਿੰਡਾ ਤੇ ਹੋਰ ਥਾਵਾਂ ਦੇ ਦੌਰੇ

ਮੁਕਰਦੀ ਰਹੀ ਹਨੀਪ੍ਰੀਤ : ਮੈਨੂੰ ਯਾਦ ਨਹੀਂ ਕਿ ਮੈਂ ਇੱਥੇ ਆਈ ਸੀ, ਘਬਰਾਹਟ ਕਾਰਨ ਵਾਰ-ਵਾਰ ਪੂੰਝਦੀ ਰਹੀ ਪਸੀਨਾ ਅਤੇ ਮੰਗਦੀ ਰਹੀ ਪਾਣੀ
ਹਨੀਪ੍ਰੀਤ ਦਾ ਕੀਤਾ ਜਾਵੇਗਾ ਝੂਠ ਬੋਲਣ ਦਾ ਟੈਸਟ
ਵਿਦੇਸ਼ੀ ਮੇਕਅੱਪ ਵਰਤਣ ਵਾਲੀ ਹਨੀਪ੍ਰੀਤ ਦੀਆਂ ਨਜਰ ਆਉਣ ਲੱਗੀਆਂ ਝੁਰੜੀਆਂ

ਚੰਡੀਗੜ੍ਹ/ਬਠਿੰਡਾ- ਸੌਦਾ ਸਾਧ ਦੀ ਕਥਿਤ ਪੁੱਤਰੀ ਹਨੀਪ੍ਰੀਤ ਅਤੇ ਉਸ ਦੀ ਦੂਸਰੀ ਸਾਥਣ ਸੁਖਦੀਪ ਕੌਰ ਨੂੰ ਹਰਿਆਣਾ ਪੁਲਿਸ ਅੱਜ ਮਾਲਵੇ ਦੇ ਉਨ੍ਹਾਂ ਇਲਾਕਿਆਂ ਵਿੱਚ ਲੈ ਕੇ ਪਹੁੰਚੀ ਜਿੱਥੇ ਉਹ 25 ਅਗਸਤ ਤੋਂ ਬਾਅਦ ਲੁਕ ਕੇ ਬੈਠੀ ਰਹੀ। ਇਸ ਦੈਰਾਨ ਪੁਲਿਸ ਇਨ੍ਹਾਂ ਨੂੰ ਬਠਿੰਡਾ ਲਿਆਉਣ ਦੌਰਾਨ ਸਥਾਨਕ ਪੁਲਿਸ ਸਟੇਸ਼ਨ ਵੀ ਲੈ ਕੇ ਆਈ। ਇੱਥੇ ਲੱਗਭੱਗ ਅੱਧਾ ਘੰਟਾ ਹਨੀਪ੍ਰੀਤ ਨੂੰ ਬਿਠਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਹਨੀਪ੍ਰੀਤ ਨੂੰ ਸੁਖਦੀਪ ਕੌਰ ਦੇ ਘਰ ਲਿਜਾ ਕੇ ਵੀ ਦੋ ਘੰਟੇ ਸਖਤ ਪੁੱਛਗਿੱਛ ਕੀਤੀ ਗਈ। ਇੱਥੇ ਹਨੀਪ੍ਰੀਤ ਦੇ ਚਾਰ ਦਿਨ ਰੁਕਣ ਬਾਰੇ ਕਿਹਾ ਜਾ ਰਿਹਾ ਹੈ। ਹਰਿਆਣਾ ਪੁਲਿਸ ਨੇ ਜਦੋਂ ਹਨੀਪ੍ਰੀਤ ਤੋਂ ਇਸ ਘਰ ਵਿੱਚ ਰੁਕਣ ਬਾਰੇ ਪੁੱਛਿਆ ਤਾਂ ਉਸ ਨੇ ਮੁਕਰਦਿਆਂ ਕਿਹਾ ਕਿ ਮੈਨੂੰ ਯਾਦ ਨਹੀਂ ਕਿ ਮੈਂ ਇੱਥੇ ਆਈ ਸੀ। ਪੁਲਿਸ ਪੁੱਛਗਿੱਛ ਦੌਰਾਨ ਹਨੀਪ੍ਰੀਤ ਵਾਰ-ਵਾਰ ਆਪਣਾ ਪਸੀਨਾ ਪੂੰਝਦੀ ਰਹੀ ਅਤੇ ਪੀਣ ਲਈ ਵਾਰ-ਵਾਰ ਪਾਣੀ ਮੰਗਦੀ ਰਹੀ। ਇਸ ਤਰ੍ਹਾਂ ਕਰਦਿਆਂ ਜਾਪ ਰਿਹਾ ਸੀ ਕਿ ਉਸ ਦੇ ਖਾਸ ਸਲਾਹਕਾਰਾਂ ਅਤੇ ਵਕੀਲਾਂ ਨੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਅਤੇ ਸਾਰੇ ਸਵਾਲਾਂ ਦੇ ਜਵਾਬ ਨਾ ਦੇਣ ਲਈ ਪੂਰੀ ਤਰ੍ਹਾਂ ਟਰੇਂਡ ਕਰਕੇ ਭੇਜਿਆ ਸੀ। ਹਰਿਆਣਾ ਪੁਲਿਸ ਉਨ੍ਹਾਂ ਨੂੰ ਪੰਚਕੁਲਾ ਦੇ ਸੈਕਟਰ-23 ਦੇ ਥਾਣੇ ਵਿੱਚੋਂ ਕੱਢ ਕੇ ਸੈਕਟਰ-20 ਵਿੱਚ ਲੈ ਕੇ ਗਈ ਅਤੇ ਉੱਥੋਂ ਉਸ ਨੂੰ ਬੱਸ ਰਾਹੀਂ ਬਠਿੰਡਾ ਲਿਜਾਇਆ ਗਿਆ। ਲੋਕਾਂ ਨੂੰ ਜਿੱਥੇ ਵੀ ਪਤਾ ਲੱਗਦਾ ਕਿ ਹਨੀਪ੍ਰੀਤ ਆ ਰਹੀ ਹੈ, ਸਭ ਥਾਵਾਂ ਤੇ ਉਸ ਨੂੰ ਦੇਖਣ ਲਈ ਲੋਕ ਸੜਕਾਂ ਉੱਪਰ ਭਾਰੀ ਗਿਣਤੀ ਵਿੱਚ ਜਮ੍ਹਾਂ ਹੁੰਦੇ ਰਹੇ।
ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕਈ ਦਿਨ ਛੁਪੀ ਰਹੀ ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਲੋਕਾਂ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸੇ ਲਈ ਹਨੀਪ੍ਰੀਤ ਨੂੰ ਅੱਜ ਬਠਿੰਡਾ ਹਲਕੇ ਵਿੱਚ ਉਨ੍ਹਾਂ ਸਾਰੀਆਂ ਥਾਵਾਂ ਤੇ ਘੁੰਮਾਇਆ ਗਿਆ, ਜਿੱਥੇ ਜਿੱਥੇ ਉਹ ਲੁਕਣ ਲਈ ਜਾਂਦੀ ਰਹੀ। ਪੁਲਿਸ ਨੂੰ ਪੁੱਛਗਿੱਛ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਸੁਖਦੀਪ ਕੌਰ ਨੇ ਇਸ ਸਮੇਂ ਦੌਰਾਨ ਹਨੀਪ੍ਰੀਤ ਦੀ ਸਭ ਤੋਂ ਵੱਧ ਮੱਦਦ ਕੀਤੀ। ਉਹ ਆਪ ਹਨੀਪ੍ਰੀਤ ਦੀ ਗੱਡੀ ਚਲਾ ਕੇ ਉਸ ਨੂੰ ਵੱਖ-ਵੱਖ ਥਾਵਾਂ ਤੇ ਘੁੰਮਦੀ ਰਹੀ। ਪੁਲਿਸ ਅਨੁਸਾਰ ਇਨ੍ਹਾਂ ਦਿਨਾਂ ਦੌਰਾਨ ਹਨੀਪ੍ਰੀਤ ਨੇ ਆਪਣੀ ਪਛਾਣ ਪ੍ਰਗਟ ਹੋਣੋਂ ਰੋਕਣ ਲਈ ਅਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ 17 ਮੋਬਾਇਲ ਸਿੰਮ ਬਦਲੇ। ਇਨ੍ਹਾਂ ਵਿੱਚੋਂ ਤਿੰਨ ਮੋਬਾਇਲ ਸਿੰਮ ਇੰਟਰਨੈਸ਼ਨਲ ਪੱਧਰ ਦੇ ਸਨ। ਇਨ੍ਹਾਂ ਰਾਹੀਂ ਹਨੀਪ੍ਰੀਤ ਨੇ ਕਈ ਲੋਕਾਂ ਨਾਲ ਗੱਲਬਾਤ ਕੀਤੀ।
ਪੁਲਸ ਨੇ ਇਹ ਵੀ ਦੱਸਿਆ ਕਿ ਹਨੀਪ੍ਰੀਤ ਗ੍ਰਿਫਤਾਰੀ ਤੋਂ ਤਿੰਨ ਚਾਰ ਦਿਨ ਪਹਿਲਾਂ ਪੰਜਾਬ ਦੇ ਮੋਹਾਲੀ ਇਲਾਕੇ ਵਿੱਚ ਘੁੰਮਦੀ ਰਹੀ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰਾਂਗੇ ਕਿ ਉਸ ਨੂੰ ਜੋ ਸਿਆਸੀ ਨੇਤਾ ਅਤੇ ਪੁਲਿਸ ਅਫਸਰ ਆਪਣੀਆਂ ਸੇਵਾਵਾਂ ਦੇ ਕੇ ਘੁੰਮਾ ਰਿਹਾ ਸੀ, ਉਸ ਦਾ ਇਸ ਮਾਮਲੇ ਵਿੱਚ ਕੀ ਰੋਲ ਸੀ?
ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਹਾ ਹੈ ਕਿ ਹਨੀਪ੍ਰੀਤ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਝੁਠ ਤੇ ਝੂਠ ਬੋਲੀ ਜਾ ਰਹੀ ਹੈ। ਉਸ ਦੇ ਇਸ ਸੱਚ ਝੂਠ ਦਾ ਨਿਤਾਰਾ ਕਰਨ ਲਈ ਉਸ ਦਾ ਝੂਠ ਬੋਲਣ ਦਾ ਟੈਸਟ ਕੀਤਾ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਅਤੇ ਪੰਚਕੂਲਾ ਦੇ ਏ.ਸੀ.ਪੀ. ਮੁਕੇਸ਼ ਨੇ ਦੱਸਿਆ ਕਿ ਹਨੀਪ੍ਰੀਤ ਦੇ ਹਿੰਸਾ ਭੜਕਾਉਣ ਤੋਂ ਲੈ ਕੇ ਸੌਦਾ ਸਾਧ ਨੂੰ ਲੜਕੀਆਂ ਦੇ ਹੋਸਟਲ ਵਿੱਚੋਂ ਲੜਕੀਆਂ ਭੇਜਣ ਦੇ ਸਬੂਤ ਸਾਡੇ ਕੋਲ ਹਨ, ਪਰ ਹਨੀਪ੍ਰੀਤ ਇਨ੍ਹਾਂ ਸਭ ਤੋਂ ਮੁਕਰ ਰਹੀ ਹੈ। ਇਸ ਲਈ ਉਸ ਦਾ ਲਾਈਡਿਟੈਕਟਰ ਟੈਸਟ ਕਰਵਾਉਣ ਲਈ ਅਦਾਲਤ ਤੋਂ ਮਨਜੂਰੀ ਲਈ ਜਾਵੇਗੀ। ਇਹ ਟੈਸਟ ਹੈਦਰਾਬਾਦ ਲਿਜਾ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲੀ ਸੁਣਵਾਈ ਦੌਰਾਨ ਹਨੀਪ੍ਰੀਤ ਦਾ ਪੁਲਿਸ ਰਿਮਾਂਡ ਹੋਰ ਵਧਾਉਣ ਦੀ ਮੰਗ ਕੀਤੀ ਜਾਵੇਗੀ।
ਉਧਰ ਸੌਦਾ ਸਾਧ ਦੇ ਰਾਜ ਵਿੱਚ ਸ਼ਾਹੀ ਜ਼ਿੰਦਗੀ ਜਿਉਣ ਵਾਲੀ ਹਨੀਪ੍ਰੀਤ ਦਾ 39 ਦਿਨਾਂ ਵਿੱਚ ਹੀ ਹੁਲੀਆ ਬਦਲ ਗਿਆ ਹੈ। ਹਮੇਸ਼ਾਂ ਵਿਦੇਸ਼ਾਂ ਤੋਂ ਆਉਂਦਾ ਮੇਕਅੱਪ ਸਮਾਨ ਵਰਤਣ ਵਾਲੀ ਹਨੀਪ੍ਰੀਤ ਦੇ ਚਿਹਰੇ ਤੋਂ ਹਵਾਈਆਂ ਉੱਡ ਰਹੀਆਂ ਹਨ ਅਤੇ ਬਿਨਾਂ ਮੇਕਅੱਪ ਉਸ ਦੇ ਚਿਹਰੇ ਦੀਆਂ ਝੁਰੜੀਆਂ ਵੀ ਸਾਫ ਨਜ਼ਰ ਆ ਰਹੀਆਂ ਹਨ। ਡੇਰੇ ਦੀ ਤਲਾਸ਼ੀ ਦੌਰਾਨ ਹਨੀਪ੍ਰੀਤ ਦੇ ਕਮਰੇ ਵਿੱਚੋਂ ਵਿਦੇਸ਼ਾਂ ਤੋਂ ਲਿਆਂਦਾ ਮੇਕਅੱਪ ਦਾ ਸਮਾਨ ਭਾਰੀ ਗਿਣਤੀ ਵਿੱਚ ਮਿਲਿਆ ਸੀ। ਹਨੀਪ੍ਰੀਤ ਦਾ ਅਸਲੀ ਨਾਂਅ ਪ੍ਰਿਯੰਕਾ ਤਨੇਜਾ ਹੈ ਅਤੇ ਉਸ ਦੇ ਪਿਤਾ ਦਾ ਨਾਂਅ ਰਾਮਾਨੰਦ ਤਨੇਜਾ ਅਤੇ ਮਾਂ ਆਸ਼ਾ ਤਨੇਜਾ ਫਤਿਹਾਬਾਦ ਦੇ ਰਹਿਣ ਵਾਲੇ ਹਨ।
ਖੱਟੜ ਪਹਿਲਾਂ ਹੀ ਦੋਸ਼ ਲਗਾ ਚੁੱਕੇ ਹਨ ਕਿ ਸੌਦਾ ਸਾਧ, ਹਨੀਪ੍ਰੀਤ ਅਤੇ ਪ੍ਰੇਮੀਆਂ ਨੂੰ ਪੰਜਾਬ ਕਾਂਗਰਸ ਅਤੇ ਸਰਕਾਰ ਦੀ ਸ਼ਹਿ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਪਹਿਲਾਂ ਹੀ ਪੰਜਾਬ ਕਾਂਗਰਸ ਅਤੇ ਸਰਕਾਰ ਉੱਪਰ ਦੋਸ਼ ਲਗਾ ਚੁੱਕੇ ਹਨ ਕਿ ਪੰਚਕੂਲਾ ਵਿੱਚ ਹਿੰਸਾ ਕਰਨ, ਹਨੀਪ੍ਰੀਤ ਨੂੰ ਗਾਇਬ ਕਰਨ ਅਤੇ ਵੱਖ-ਵੱਖ ਸੁਰੱਖਿਅਤ ਥਾਵਾਂ ਤੇ ਰੱਖਣ ਵਿੱਚ ਪੰਜਾਬ ਕਾਂਗਰਸ ਅਤੇ ਕੈਪਟਨ ਸਰਕਾਰ ਦਾ ਮੁੱਖ ਹੱਥ ਰਿਹਾ ਹੈ। ਖੱਟੜ ਨੇ ਕਿਹਾ ਕਿ ਹਨੀਪ੍ਰੀਤ ਦੇ ਗਾਇਬ ਹੋਣ ਬਾਰੇ ਵੀ ਪੰਜਾਬ ਪੁਲਿਸ ਕੋਲ ਅਤੇ ਪੰਜਾਬ ਸਰਕਾਰ ਨੂੰ ਪੂਰੀ ਜਾਣਕਾਰੀ ਸੀ। ਖੱਟੜ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਚਰਚਾ ਵਿੱਚ ਆ ਚੁੱਕਾ ਹੈ ਅਤੇ ਹੁਣ ਵੀ ਇਸ ਮਾਮਲੇ ਦਾ ਸੱਚ ਸਾਹਮਣੇ ਆ ਗਿਆ ਹੈ। ਖੱਟੜ ਅਨੁਸਾਰ ਪੰਚਕੂਲਾ ਵਿੱਚ ਹਿੰਸਾ ਲਈ ਲੋਕ ਵੀ ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ ਭੇਜੇ ਅਤੇ ਮੁੜ ਉਨ੍ਹਾਂ ਨੂੰ ਸੁਰੱਖਿਅਤ ਘਰਾਂ ਤੱਕ ਪਹੁੰਚਾਉਣ ਲਈ ਪੰਜਾਬ ਦੀਆਂ ਸਰਕਾਰੀ ਬੱਸਾਂ ਰਾਹੀਂ ਉਨ੍ਹਾਂ ਨੂੰ ਥਾਂ-ਥਾਂ ਮੁਫਤ ਰੂਪ ਵਿੱਚ ਪਹੁੰਚਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: