ਸੱਸਾਂ ਸੱਸਾਂ ਹਰ ਕੋਈ ਕਹਿੰਦਾ

ss1

ਸੱਸਾਂ ਸੱਸਾਂ ਹਰ ਕੋਈ ਕਹਿੰਦਾ

ਲੋਕ ਗੀਤਾਂ ਵਿੱਚ ਸੱਸਾਂ ਤੇ ਜਿੰਨੇ ਵੀ ਗੀਤ ਹਨ ਉਨਾਂ ਵਿੱਚ ਸੱਸਾਂ ਨੂੰ ਬੁਰੀ ਤਰ੍ਹਾਂ ਬੁਰਾ ਭਲਾ ਕਿਹਾ ਗਿਆ ਹੈ।ਏਹ ਇੱਕ ਸਮਾਜਿਕ ਤਾਣਾ ਬਾਣਾ ਹੈ,ਸੁਹਰਿਆਂ ਨੂੰ ਹਰ ਕੁੜੀ ਪਹਿਲਾਂ ਵੀ ਕੋਸਦੀ ਸੀ ਤੇ ਅੱਜ ਵੀ ਉਹੀ ਹਾਲ ਹੈ।ਹੈਰਾਨੀ ਦੀ ਗੱਲ ਏਹ ਹੈ ਕਿ ਜਿਸ ਮਾਂ ਦੇ ਉਹ ਸਿਫ਼ਤਾਂ ਦੇ ਪੁੱਲ ਬੰਨ ਰਹੀ ਹੈ,ਉਹ ਵੀ ਉਸਦੀ ਭਾਬੀ ਦੀ ਸੱਸ ਹੈ।ਜਿਸ ਸੱਸ ਵਾਸਤੇ ਏਹ ਕਿਹਾ ਜਾਂਦਾ ਹੈ ਉਹ ਵੀ ਮਾਂ ਹੈ,”ਸੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕੀਹਨੇ ਬਣਾਈਆਂ, ਮੇਰੇ ਸਤਿਗੁਰ ਨੇ,ਮਗਰ ਚੁੜੇਲਾਂ ਲਾਈਆਂ”ਏਹ ਬੋਲੀਆਂ ਬਚਪਨ ਤੋਂ ਹੀ ਵਿਆਹ ਸ਼ਾਦੀਆਂ,ਵਿੱਚ ਬੋਲੀਆਂ ਜਾਂਦੀਆਂ ਹਨ।ਬਚਪਨ ਤੋਂ ਹੀ ਲੜਕੀ ਦੇ ਦੀਮਾਗ ਵਿੱਚ ਇੱਕ ਬੁਰੀ ਔਰਤ ਦੀ ਤਸਵੀਰ ਖਿੱਚ ਦਿੱਤੀ ਜਾਂਦੀ ਹੈ।ਏਹ ਉਸਦੇ ਜਵਾਨ ਹੁੰਦਿਆਂ ਤੱਕ ਨਾਲ ਹੀ ਚੱਲਦੀ ਹੈ ਤੇ ਏਹ ਵੀ ਕਿਹਾ ਜਾ ਸਕਦਾ ਹੈ ਨਾਲ ਵਿਆਹੀ ਜਾਂਦੀ ਹੈ ਤੇ ਸੁਹਰੇ ਘਰ ਨਾਲ ਹੀ ਚਲੇ ਜਾਂਦੀ ਹੈ।ਉਸਦੇ ਜ਼ਿਹਨ ਵਿੱਚ ਬਚਪਨ ਤੋਂ ਇੱਕ ਗੱਲ ਬੈਠੀ ਹੋਈ ਹੈ ਕਿ ਸੱਸ ਬੁਰੀ ਹੈ।ਵਿਕਾਸ ਹੋਇਆ,ਪੜ੍ਹ ਲਿਖਕੇ ਬਾਕੀ ਗੱਲਾਂ ਵਿੱਚ ਤਾਂ ਸੋਚ ਬਦਲੀ ਪਰ ਸੱਸ ਵਾਸਤੇ ਜਿਵੇਂ ਦੀ ਸੋਚ ਪਹਿਲਾਂ ਸੀ ਅੱਜ ਵੀ ਉਵੇਂ ਦੀ ਹੀ ਸੋਚ ਹੈ।ਅਗਰ ਕਹਿ ਲਿਆ ਜਾਵੇ ਕਿ ਉਸ ਤੋਂ ਵੀ ਮਾੜੀ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ।ਇੱਕ ਛੋਟੀ ਜਿਹੀ ਲਿਖਤ ਪੜ੍ਹੀ, ਜਿਸ ਵਿੱਚ ਏਸ ਵਕਤ ਦੇ ਹਾਲਾਤ ਸਨ ਕਿ ਹਰ ਕੋਈ ਖੁਸ਼ ਹੁੰਦਾ ਹੈ ਕਿ ਸਾਡੀ ਧੀ ਬੜੀ ਸੰਸਕਾਰੀ ਹੈ ਉਹ ਸਾਡਾ ਬਹੁਤ ਖਿਆਲ ਰੱਖਦੀ ਹੈ,ਗੱਲ ਤਾਂ ਇਥੇ ਹੈ ਕਿ ਉਹ ਆਪਣੇ ਸੱਸ ਸੁਹਰੇ ਦੀ ਕਿੰਨੀ ਦੇਖ ਭਾਲ ਕਰਦੀ ਹੈ।ਆਮ ਕਰਕੇ ਹੀ ਮੁੰਡੇ ਦੇ ਮਾਪਿਆਂ ਵਿੱਚ ਦੁਨੀਆਂ ਜਹਾਨ ਦੇ ਨੁਕਸ ਕੱਢੇ ਜਾਂਦੇ ਹਨ,ਪਰ ਉਨ੍ਹਾਂ ਦਾ ਪੁੱਤ, ਜੇਕਰ ਆਪਣੇ ਸੁਹਰਿਆਂ ਦੇ ਕਹਿਣੇ ਵਿੱਚ ਹੈ ਤਾਂ ਉਹਦੇ ਵਰਗਾ ਆਗਿਆਕਾਰੀ ਤੇ ਵਧੀਆ ਕੋਈ ਨਹੀਂ, ਪਰ ਜੇ ਮਾਪਿਆਂ ਦਾ ਧਿਆਨ ਰੱਖਦਾ ਹੈ ਤਾਂ ਉਹਦੇ ਵਰਗਾ ਬੁਰਾ ਤੇ ਭੈੜਾ ਕੋਈ ਨਹੀਂ।ਅਗਰ ਨੂੰਹ,ਸੱਸ ਸੁਹਰੇ ਤੇ ਪੁੱਤ,ਮਾਪਿਆਂ ਦਾ ਖਿਆਲ ਨਹੀਂ ਰੱਖਦਾ ਤੇ ਕੁੜੀ ਦੇ ਮਾਪੇ ਇਸ ਨੂੰ ਸਲਾਹੁੰਦੇ ਹਨ ਤਾਂ ਸੱਭ ਤੋਂ ਵੱਡੇ ਗੁਨਹਗਾਰ ਕੁੜੀ ਦੇ ਮਾਪੇ ਹਨ।ਮੁੰਡੇ ਦੀ ਮਾਂ ਬੁਰੀ ਹੈ ਸੱਸ ਬਣਕੇ,ਕੁੜੀ ਦੀ ਮਾਂ ਸੱਸ ਬਣਕੇ ਬੁਰੀ ਕਿਉਂ ਨਹੀਂ?ਦੋਵੇਂ ਸੱਸਾਂ ਹਨ,ਇੱਕ ਨੂੰਹ ਦੀ ਸੱਸ ਤੇ ਦੂਸਰੀ ਜਵਾਈ ਦੀ ਸੱਸ।
ਇੱਕ ਜਗ੍ਹਾ ਤੇ ਦੋਵੇਂ ਮਾਵਾਂ ਹਨ।ਇਸ ਕਰਕੇ ਜਾਂ ਤਾਂ ਦੋਵੇਂ ਮਾਵਾਂ ਚੰਗੀਆਂ ਹਨ ਜਾਂ ਦੋਵੇਂ ਬੁਰੀਆਂ ਹਨ।ਜਿਸ ਮਾਂ ਨੂੰ ਕੁੜੀ ਦੁਨੀਆਂ ਦੀ ਸੱਭ ਤੋਂ ਵਧੀਆ ਮਾਂ ਤੇ ਸੱਤ ਕਲਾ ਸੰਪੂਰਨ ਕਹਿੰਦੀ ਹੈ,ਉਹ ਮਾਂ ਉਸਦੀ ਭਾਬੀ ਵਾਸਤੇ ਵੀ ਇਵੇਂ ਦੀ ਹੀ ਭੈੜੀ ਸੱਸ ਹੈ।ਉਹ ਵੀ ਕਿਧਰੇ ਏਹ ਜ਼ਰੂਰ ਸੋਚਦੀ ਹੋਏਗੀ,”ਇੱਕ ਮੈਂ ਹੋਮਾਂ,ਇੱਕ ਤੂੰ ਹੋਮੇਂ,ਇੱਕ ਬੱਕਰੁ ਬੰਨਣ ਨੂੰ ਥਾਂ ਹੋਵੇ,ਸੱਸ ਚੰਦਰੀ ਕਿਸੇ ਦੇ ਨਾ ਹੋਵੇ।”ਕਿਉਂ ਮਾਂ ਵਾਸਤੇ ਅਜਿਹੀ ਸੋਚ ਰੱਖੀ ਜਾਂਦੀ ਹੈ।’ਹਰ ਮਾਂ ਸੱਸ ਹੈ ਤੇ ਹਰ ਸੱਸ ਮਾਂ’।ਮੈਨੂੰ ਬੜੀ ਹੈਰਾਨੀ ਹੋਈ ਇਕ ਵਧੀਆ ਸਕੂਲ ਵਿੱਚ ਲੱਗੀ ਹੋਈ ਅਧਿਆਪਕਾ ਵਾਸਤੇ, ਉਸਦੀ ਨੂੰਹ ਦੀ ਸੋਚ ਏਹ ਹੈ ਕਿ ਤੁਹਾਨੂੰ ਕੁਝ ਨਹੀਂ ਪਤਾ।ਇਥੇ ਜਨਰੇਸ਼ਨ ਗੈਪ ਕਹਿ ਦਿੰਦੇ ਹਨ ਪਰ ਕੀ ਉਸ ਲੜਕੀ ਦੀ ਸੋਚ ਆਪਣੀ ਮਾਂ ਵਾਸਤੇ ਵੀ ਇਹ ਹੀ ਹੈ,ਕਿਉਂਕਿ ਮਾਂ ਤੇ ਸੱਸ ਇੱਕ ਹੀ ਉਮਰ ਦੀਆਂ ਹੋਣਗੀਆਂ।ਸੱਸ ਦਾ ਪੜ੍ਹਿਆ ਲਿਖਿਆ ਹੋਣਾ ਵੀ ਗਵਾਰਾਂ ਵਰਗਾ ਹੁੰਦਾ ਹੈ,ਸੱਸ ਦੇ ਕੱਪੜੇ ਪਾਉਣ ਵਿੱਚ ਨੁਕਸ ਦੋਨੋਂ ਪਾਸੇ ਹੈ।ਸਾਦਾ ਰਹਿੰਦੇ ਨੇ ਤਾਂ ਉਨ੍ਹਾਂ ਦੇ ਸਟੇਟਸ ਮੁਤਾਬਿਕ ਨਹੀਂ, ਕੁਝ ਫੈਸ਼ਨ ਕਰਦੀ ਹੈ ਤਾਂ ਬੁੱਢੀ ਘੋੜੀ ਲਾਲ ਲਗਾਮ।ਹਾਂ, ਆਪਣੀ ਮਾਂ ਜੋ ਕਰੇ,ਜਿਵੇਂ ਕਰੇ,ਸੱਭ ਕੁਝ ਠੀਕ ਹੈ।ਬੜੇ ਸ਼ੈਤਾਨ ਦਿਮਾਗ ਨਾਲ ਤੇ ਸੋਚਕੇ,ਲੜਕੇ ਨੂੰ ਮਾਂ ਦੇ ਵਿਰੁੱਧ ਖੜਾ ਕਰ ਦਿੱਤਾ ਜਾਂਦਾ ਹੈ।ਏਹ ਸੱਚ ਹੈ ਕਿ ਹਰ ਬੱਚਾ ਆਪਣੀ ਮਾਂ ਦੇ ਵਧੇਰੇ ਨੇੜੇ ਹੁੰਦਾ ਹੈ,ਵਧੇਰੇ ਪਿਆਰ ਕਰਦਾ ਹੈ ਪਰ ਨੂੰਹ ਬਣਕੇ ਆਈ ਲੜਕੀ ਨੂੰ ਤੇ ਉਸਦੇ ਮਾਪਿਆਂ ਨੂੰ ਹਜ਼ਮ ਨਹੀਂ ਹੁੰਦਾ।ਕੁੜੀ ਮਾਂ ਨਾਲ ਗੱਲ ਕਰਦੀ ਹੈ ਤਾਂ ਦਿਲ ਹੌਲਾ ਕਰਦੀ ਹੈ,ਮੁੰਡਾ ਮਾਂ ਨਾਲ ਗੱਲ ਕਰੇ ਤਾਂ” ਮਾਂ ਦਾ ਪੁੱਤ “ਇਵੇਂ ਕਿਹਾ ਜਾਂਦਾ ਹੈ ਜਿਵੇਂ ਉਹ ਆਪਣੀ ਮਾਂ ਨਾਲ ਗੱਲ ਕਰਕੇ ਗੁਨਾਹ ਕਰ ਰਿਹਾ ਹੈ।ਅੱਜ ਦੇ ਵਕਤ ਵਿੱਚ ਅਗਰ ਕੋਈ ਏਹ ਕਹਿੰਦਾ ਹੈ ਕਿ ਕੁੜੀਆਂ ਸੁਹਰੇ ਪਰਿਵਾਰ ਵਿੱਚ ਇਕੱਲੀਆਂ ਹੁੰਦੀਆਂ ਨੇ ਗਲਤ ਹੈ।ਉਹ ਸੁਹਰੇ ਪਰਿਵਾਰ ਵਿੱਚ ਘੱਟ ਤੇ ਪੇਕਿਆਂ ਦੇ ਘਰ ਵਧੇਰੇ ਹੁੰਦੀਆਂ ਹਨ।ਸਵੇਰੇ ਉੱਠਦਿਆਂ ਤੋਂ ਲੈਕੇ ਰਾਤ ਤੱਕ,ਸੁਹਰੇ ਪਰਿਵਾਰ ਦੀ ਨਿੱਕੀ ਤੋਂ ਨਿੱਕੀ ਗੱਲ ਮਾਪਿਆਂ ਦੇ ਘਰ ਦੱਸਦੀ ਹੈ ਤੇ ਲੜਕਾ ਆਪਣੇ ਪਰਿਵਾਰ ਵਿੱਚ ਰਹਿਕੇ ਵੀ ਮਾਪਿਆਂ ਨਾਲ ਗੱਲ ਨਹੀਂ ਕਰ ਸਕਦਾ।ਲੜਕਾ ਨੂੰ ਹਰ ਗੱਲ ਆਪਣੇ ਮਾਪਿਆਂ ਨੂੰ ਦੱਸਣ ਤੋਂ ਮਨ੍ਹਾਹੀ ਹੁੰਦੀ ਹੈ,ਪਰ ਉਹ ਗੱਲ ਲੜਕੀ ਦੇ ਮਾਪਿਆਂ ਨੂੰ ਪਤਾ ਹੁੰਦੀ ਹੈ।ਲੜਕੇ ਨੂੰ ਸਿਰਫ ਆਪਣੇ ਮਾਪਿਆਂ ਨਾਲ ਗੱਲ ਕਰਨ ਵਾਸਤੇ ਜਦੋਂ ਇਜਾਜ਼ਤ ਮਿਲਦੀ ਹੈ,ਉਹ ਮਾਪਿਆਂ ਤੋਂ ਪੈਸੇ ਮੰਗਣ ਲਈ ਜਾਂ ਘਰਦੇ ਖਰਚੇ ਵਿੱਚ ਪੈਸੇ ਨਾ ਪਾ ਸਕਣ ਦਾ ਕਹਿਣਾ, ਇਥੇ ਬੁਢਾਪੇ ਵਿੱਚ ਮਾਪੇ ਦਿੰਦੇ ਨੇ ਤਾਂ ਮਰਦੇ ਨੇ,ਨਹੀਂ ਦਿੰਦੇ ਤਾਂ ਮਰਦੇ ਨੇ।ਇਥੇ ਸੱਸ ਸੁਹਰਾ ਬੁਰੇ ਹੋ ਜਾਂਦੇ ਨੇ।ਬਹੁਤੀ ਵਾਰ ਤੋੜਾ ਸੱਸ ਦੇ ਸਿਰ ਹੀ ਝਾੜਿਆ ਜਾਂਦਾ ਹੈ।ਇੱਕ ਪਰਿਵਾਰ ਵਿੱਚ ਰਿਸ਼ਤਾ ਤਲਾਕ ਹੋਕੇ ਖਤਮ ਹੋ ਗਿਆ।ਕੁੜੀ ਦੇ ਪੇਕਿਆਂ ਦੇ ਘਰ,ਮਾਮਾ ਬੀਮਾਰ, ਮਾਸੀ ਬੀਮਾਰ,ਮਾਸੀ ਦੇ ਘਰ ਕੋਈ ਸਮਸਿਆ ਹੋ ਗਈ, ਮਾਂ ਨੇ ਛੋਟੇ ਛੋਟੇ ਕੰਮਾਂ ਵਾਸਤੇ ਕੁੜੀ ਨੂੰ ਪੇਕਿਆਂ ਘਰ ਬੁਲਾ ਲੈਣਾ।ਸੁਹਰੇ ਪਰਿਵਾਰ ਵਿੱਚ ਕੀ ਹੋ ਰਿਹਾ ਹੈ,ਕੋਈ ਬੀਮਾਰ ਹੋ ਜਾ ਘਰ ਕੋਈ ਮਹਿਮਾਨ ਆ ਰਹੇ ਨੇ, ਉਨ੍ਹਾਂ ਬਾਰੇ ਕੋਈ ਪਰਵਾਹ ਨਹੀਂ, ਕੋਈ ਜ਼ੁਮੇਵਾਰੀ ਨਹੀਂ, ਅਖੀਰ ਰਿਸ਼ਤੇ ਵਿੱਚ ਤਨਾਅ ਵੱਧਦਾ ਵੱਧਦਾ,ਰਿਸ਼ਤੇ ਨੂੰ ਖਤਮ ਕਰ ਗਿਆ।ਜੇਕਰ ਸੱਸ ਮਨ੍ਹਾ ਕਰੇ ਤਾਂ ਆਪੇ ਮਾੜੀ।ਵਿਆਹ ਤੋਂ ਬਾਦ ਸੱਸ ਨੇ ਹੀ ਜ਼ੁਮੇਵਾਰੀ ਸਿਖਾਉਣੀ ਹੁੰਦੀ ਹੈ।ਸੋਚ ਕੁਝ ਗੱਲਾਂ ਵਾਸਤੇ ਬਦਲੋ,ਜਿਵੇਂ ਲੜਕੀ ਮਾਂ ਨੂੰ ਪਿਆਰ ਕਰਦੀ ਹੈ ਉਵੇਂ ਹੀ ਲੜਕਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ।ਹਰ ਮਾਂ ਇੱਜ਼ਤ ਦੀ ਹੱਕਦਾਰ ਹੈ,ਉਹ ਮਾਂ ਪਹਿਲਾਂ ਹੈ,ਸੱਸ ਬਾਦ ਵਿੱਚ, ਹਰ ਮਾਂ ਸੱਸ ਹੈ ਤੇ ਹਰ ਸੱਸ ਮਾਂ ਹੈ।ਕਈ ਥਾਵਾਂ ਤੇ ਲੜਕੀਆਂ ਨੂੰ ਕਹਿੰਦੇ ਹੋਏ ਸੁਣਿਆ ਜਾਂਦਾ ਹੈ,”ਜਾਂ ਸੱਸ ਚੰਗੀ ਹੋਏ ,ਨਹੀਂ ਤਾਂ ਕੰਧ ਤੇ ਟੰਗੀ ਹੋਵੇ”।ਏਸ ਹਿਸਾਬ ਨਾਲ ਹਰ ਮਾਂ ਨੂੰ ਵਿਆਹ ਤੋਂ ਬਾਦ ਕੰਧ ਤੇ ਹੀ ਹੋਣਾ ਚਾਹੀਦਾ ਹੈ ਕਿਉਂਕਿ ਮੁੰਡੇ ਦੀ ਮਾਂ, ਕੁੜੀ ਦੀ ਸੱਸ ਹੈ ਤੇ ਕੁੜੀ ਦੀ ਮਾਂ,ਮੁੰਡੇ ਦੀ ਸੱਸ ਹੈ।ਸੱਸਾਂ ਸੱਸਾਂ ਹਰ ਕੋਈ ਕਹਿੰਦਾਸੱਸਾਂ ਕਿਹਨੇ ਬਣਾਈਆਂ, ਮੇਰੇ ਸਤਿਗੁਰ ਨੇ,ਮਗਰ ਚੁੜੇਲਾਂ ਲਾਈਆਂ ਦੀ,”ਦੀ ਸੋਚ ਗਲਤ ਹੈ।ਸੱਸਾਂ ਵੀ ਮਾਵਾਂ ਨੇ।ਜਿਹੜੀਆਂ ਮਾਵਾਂ ਧੀਆਂ ਨਾਲ ਬੈਠਕੇ, ਮੁੰਡੇ ਦੀ ਮਾਂ ਬਾਰੇ ਭੈੜੀ ਸੋਚ ਨਾਲ ਸੋਚਦੀਆਂ ਹਨ,ਬੜੀਆਂ ਖੁਸ਼ ਹੁੰਦੀਆਂ ਹਨ ਕਿ ਜਵਾਈ ਮਾਂ ਲਈ ਗਲਤ ਬੋਲਦਾ ਹੈ ਤੇ ਸਾਡੇ ਹੱਥਾਂ ਵਿੱਚ ਹੈ,ਯਾਦ ਰੱਖੋ ਤੁਸੀਂ ਵੀ ਉਸਦੀ ਸੱਸ ਹੋ,ਇੱਕ ਦਿਨ ਉਹ ਤੁਹਾਨੂੰ ਵੀ ਅਹਿਸਾਸ ਕਰਵਾਏਗਾ ਤੇ ਜਿਸ ਦਿਨ ਪੁੱਤ ਵਿਆਹਿਆ ਤੁਸੀਂ ਵੀ ਨੂੰਹ ਦੀ ਸੱਸ ਬਣੋਗੇ।ਸੱਸ ਕੋਈ ਵੀ ਤੇ ਕਦੇ ਵੀ ਖਲਨਾਇਕਾ ਨਹੀਂ ਹੁੰਦੀ, ਲੜਕੀ ਦੇ ਦੀਮਾਗ ਤੇ ਸੋਚ ਨੂੰ ਸੱਸ ਦੇ ਕਰੂਪ ਤੇ ਭੈੜੇ ਵਿਚਾਰਾਂ ਨਾਲ ਨਾ ਭਰੋ। “ਮਾਂ”
ਦੀ ਇੱਜ਼ਤ ਕਰੋ।

Prabhjot Kaur Dillon

Contact No. 9815030221

Share Button

Leave a Reply

Your email address will not be published. Required fields are marked *