Tue. Aug 20th, 2019

ਸੱਭਿਆਚਾਰਕ ਰੁੱਖ : ਲਸੂੜਾ

ਸੱਭਿਆਚਾਰਕ ਰੁੱਖ : ਲਸੂੜਾ

ਸਾਡੇ ਸੱਭਿਆਚਾਰ ਦੇ ਨਾਲ ਅਨੇਕਾਂ ਵਸਤੂਆਂ ਦਾ ਸੰਬੰਧ ਰਿਹਾ ਹੈ , ਉਨ੍ਹਾਂ ਵਿੱਚੋਂ ਇੱਕ ਹੈ : ਲਸੂੜੇ ਦਾ ਰੁੱਖ । ਲਸੂੜੇ ਦੇ ਰੁੱਖ ਦਾ ਜਿਕਰ ਸਾਡੇ ਦੈਨਿਕ ਜੀਵਨ ਅਤੇ ਲੋਕ ਗੀਤਾਂ ਵਿੱਚ ਵੀ ਰਿਹਾ ਹੈ । ਲਸੂੜੇ ਦੇ ਫਲ ਨੂੰ ਵੀ ਲਸੂੜਾ ਹੀ ਕਿਹਾ ਜਾਂਦਾ ਹੈ । ਇਸ ਨੂੰ ਲੱਗਣ ਵਾਲੇ ਕੱਚੇ ਹਰੇ ਰੰਗ ਦੇ ਫਲ ਤੋਂ ਲੋਕ ਅਕਸਰ ਆਚਾਰ ਬਣਾਉਂਦੇ ਹਨ । ਪੱਕਣ ‘ਤੇ ਇਹ ਫਲ ਕਾਫੀ ਲੇਸਦਾਰ , ਚਿਪਚਿਪਾ ਤੇ ਗੂੰਦ ਵਰਗਾ ਹੋ ਜਾਂਦਾ ਹੈ , ਜਿਸ ਨੂੰ ਬੱਚੇ ਆਦਿ ਬੜੇ ਚਾਅ ਨਾਲ ਪਹਿਲਕੇ ਸਮਿਆਂ ਵਿੱਚ ਖਾਂਦੇ ਹੁੰਦੇ ਸਨ ਅਤੇ ਕਈ ਵਾਰ ਕਾਪੀਆਂ ਕਿਤਾਬਾਂ ਦੇ ਪੰਨੇ ਆਦਿ ਜੋੜਨ ਲਈ ਵੀ ਲਸੂੜੇ ਦੇ ਫਲ ਤੋਂ ਚਿਪਚਿਪੇ ਪਦਾਰਥ ਦੀ ਵਰਤੋਂ ਕਰ ਲਈ ਜਾਂਦੀ ਹੁੰਦੀ ਸੀ । ਇਸ ਦਾ ਦਰਖ਼ਤ ਨਹਿਰਾਂ ਤੇ ਦਰਿਆਵਾਂ ਦੇ ਕੰਢਿਆਂ, ਜੰਗਲਾਂ ,ਬੇਲਿਆਂ ਜਾਂ ਗੈਰ ਆਬਾਦ ਤੇ ਖਾਲੀ ਥਾਵਾਂ ‘ਤੇ ਉੱਗਿਆ ਹੋਇਆ ਦੇਖਿਆ ਮਿਲਦਾ ਸੀ । ਲੋਕ ਘਰਾਂ ਵਿੱਚ ਲਸੂੜੇ ਦਾ ਦਰਖਤ ਲਗਾਉਣ ਤੋਂ ਗੁਰੇਜ਼ ਕਰਦੇ ਸਨ। ਲਸੂੜੇ ਦੇ ਦਰੱਖਤ ਦਾ ਆਕਾਰ ਦਰਮਿਆਨੇ ਦਰਜੇ ਦਾ ਹੁੰਦਾ ਹੈ। ਇਸ ਦਾ ਤਣਾ ਮਟਮੈਲਾ ਭੂਰੇ ਜਿਹੇ ਰੰਗ ਦਾ ਹੁੰਦਾ ਹੈ ਅਤੇ ਫਲ ਹਰੇ ਰੰਗ ਦੇ ਹੁੰਦੇ ਹਨ ਅਤੇ ਪੱਕ ਜਾਣ ਤੋਂ ਬਾਅਦ ਸਫੈਦ ਤੇ ਕੁਝ ਗੁਲਾਬੀ ਜਿਹੇ ਹੋ ਜਾਂਦੇ ਹਨ ।

ਲਸੂੜੇ ਦੇ ਦਰਖਤ ਦੀ ਲੱਕੜ ਤੋਂ ਫਰਨੀਚਰ ਆਦਿ ਦਾ ਸਾਮਾਨ ਬਣਾਉਣ ਤੋਂ ਵੀ ਗੁਰੇਜ਼ ਹੀ ਕੀਤਾ ਜਾਂਦਾ ਸੀ। ਇਸ ਦੇ ਸੁੱਕੇ ਹੋਏ ਦਰੱਖਤ ਨੂੰ ਬਾਲਣ ਵਜੋਂ ਲੋਕ ਵਰਤਦੇ ਸਨ । ਲਸੂੜੇ ਦੇ ਦਰੱਖਤ ਨੂੰ ਆਮ ਤੌਰ ‘ਤੇ ਅਪ੍ਰੈਲ – ਮਈ ਦੇ ਮਹੀਨੇ ਦੌਰਾਨ ਫੁੱਲ – ਫਲ ਲੱਗਦੇ ਹਨ । ਕਈ ਵੈਦ, ਹਕੀਮ ਅਤੇ ਹੋਰ ਜਾਣਕਾਰ ਵਿਅਕਤੀ ਇਸ ਦਰੱਖਤ ਤੋਂ ਦਵਾਈਆਂ ਆਦਿ ਬਣਾਉਣ ਦਾ ਕੰਮ ਵੀ ਕਰਦੇ ਸਨ । ਲੱਗਭਗ ਨੌਵੇਂ ਦਹਾਕੇ ਦੇ ਕਰੀਬ ਬੱਚੇ ਅਕਸਰ ਪੱਕੇ ਹੋਏ ਲਸੂੜੇ ਤੋੜ ਕੇ ਚਾਈਂ – ਚਾਈਂ ਖਾਂਦੇ ਹੁੰਦੇ ਸਨ । ਜੋ ਕਿ ਸਿਹਤ ਲਈ ਵੀ ਕਾਫੀ ਵਧੀਆ ਹੁੰਦੇ ਹਨ ।ਲਸੂੜੇ ਦੇ ਦਰਖ਼ਤ ਦੀ ਚਰਚਾ ਸਾਡੇ ਸੱਭਿਆਚਾਰ ਤੇ ਸਾਡੇ ਲੋਕ ਗੀਤਾਂ ਵਿੱਚ ਕੀਤੀ ਗਈ ਮਿਲਦੀ ਹੈ । ਪੁਰਾਣੇ ਸਮਿਆਂ ਵਿੱਚ ਜਦੋਂ ਪਿੰਡਾਂ ਵਿੱਚ ਲੋਕਾਂ ਨੇ ਬੱਕਰੀਆਂ ਆਦਿ ਰੱਖੀਆਂ ਹੋਈਆਂ ਹੁੰਦੀਆਂ ਸਨ , ਉਦੋਂ ਲਸੂੜੇ ਦੇ ਪੱਤੇ ਬੱਕਰੀਆਂ ਦੇ ਚਾਰੇ ਵਜੋਂ ਲੋਕ ਵਰਤ ਲਿਆ ਕਰਦੇ ਹੁੰਦੇ ਸਨ। ਇੱਕ ਅਖਾਣ ਵੀ ਹੈ : “ਲਸੂੜੇ ਵਾਂਗ ਚਿੰਬੜਨਾ” , ਭਾਵ ਜਦੋਂ ਕੋਈ ਵਿਅਕਤੀ ਕਿਸੇ ਗੱਲ ਕਰਕੇ ਕਿਸੇ ਦੂਜੇ ਵਿਅਕਤੀ ਦੇ ਪਿੱਛੇ ਹੀ ਪੈ ਜਾਵੇ , ਤਦ ਇਹ ਅਖਾਣ ਵਰਤਿਆ ਜਾਂਦਾ ਹੈ ।

ਅੱਜ ਕੱਲ੍ਹ ਗੈਰ – ਆਬਾਦ ਜ਼ਮੀਨਾਂ , ਚਰਾਂਦਾਂ , ਸ਼ਾਮਲਾਤਾਂ ਆਦਿ ਕਾਫ਼ੀ ਘੱਟ ਗਈਆਂ ਹਨ , ਆਬਾਦੀ ਵਧ ਗਈ ਹੈ ਅਤੇ ਖੇਤੀ ਨਹਿਰੀ ਜਾਂ ਖੂਹਾਂ ਦੇ ਪਾਣੀ ‘ਤੇ ਨਿਰਭਰ ਹੋ ਗਈ ਹੈ। ਇਸ ਲਈ ਅੱਜ ਕੱਲ੍ਹ ਲਸੂੜੇ ਦਾ ਦਰੱਖਤ ਵੀ ਕਿਤੇ ਵਿਰਲਾ ਟਾਵਾਂ – ਟਾਵਾਂ ਹੀ ਨਜ਼ਰ ਆਉਂਦਾ ਹੈ ਅਤੇ ਲਸੂੜੇ ਦਾ ਆਚਾਰ ਤੇ ਪੱਕੇ ਹੋਏ ਲਸੂੜੇ ਖਾਣਾ ਸ਼ਾਇਦ ਬੀਤੇ ਦੀ ਬਾਤ ਹੋ ਗਏ ਹਨ । ਪਰ ਇਹ ਦਰੱਖਤ ਸਾਡੇ ਸੱਭਿਆਚਾਰ ਨਾਲ, ਸਾਡੀਆਂ ਯਾਦਾਂ ਨਾਲ , ਸਾਡੇ ਲੋਕ ਗੀਤਾਂ ਨਾਲ , ਸਾਡੀ ਪਛਾਣ ਨਾਲ ਤੇ ਸਾਡੇ ਆਚਾਰ – ਵਿਹਾਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀ ਆਪਣੀ ਖਾਸ ਵਿਸ਼ੇਸ਼ਤਾ ਤੇ ਮਹੱਤਤਾ ਰਹੀ ਹੈ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *

%d bloggers like this: