ਸੱਚੀਂ-ਮੁੱਚੀ ਦੇ ਕਲਾਕਾਰ……

ਸੱਚੀਂ-ਮੁੱਚੀ ਦੇ ਕਲਾਕਾਰ……

   “ਗ਼ਰੀਬੀ,ਬੇ-ਵੱਸੀ,ਵਿਖਾਵੇ ਵਾਲੀ ਮਾਨਸਿਕਤਾ ਅਤੇ ਸਿਰਫ਼ ਪੂੰਜੀਵਾਦ ਪੱਖੀ ਮੰਨੋਰੰਜਨ ਦੇ ਫੋਕੀ ਚਮਕ-ਧਮਕ ਵਾਲੇ ਬਣਾਵਟੀ ਮੀਡੀਆ ਸਾਧਨਾਂ ਨੇ ਕਿੰਨੀਆਂ ਕੁਦਰਤੀ ਤੇ ਲੋਕ-ਕਲਾਵਾਂ ਦਾ ਗਲਾ ਘੁੱਟ ਦਿੱਤਾ ਹੈ……….” ਆਦਿ ਖਿਆਲ਼ਾਂ ਦਾ ਅਹਿਸਾਸ ਕਰਦਿਆਂ ਪੰਜਾਬੀ ਯੂਨੀਵਰਿਸਿਟੀ ਦੇ ਲੋਕ-ਮੇਲੇ ਵਿੱਚ ਭਾਗ ਲੈਣ ਤੋਂ ਬਾਅਦ ਨੁੱਕੜ-ਨਾਟਕ ਦੀ ਟੀਮ ਸਮੇਤ ਵਾਪਸੀ ਲਈ ਪਟਿਆਲ਼ਾ ਸਟੇਸ਼ਨ ਤੋਂ ਟਰੇਨ ਵਿੱਚ ਆ ਬੈਠਾ।ਆਪੋ-ਆਪਣੀਆਂ ਸੀਟਾਂ ਮੱਲੀ ਬੈਠੇ ਸਾਰੇ ਯਾਤਰੀ ਆਪਣੇ ਸਬੰਧੀਆਂ ਵਿੱਚ ਮਸ਼ਰੂਫ਼ ਸਨ ਆਸੇ-ਪਾਸੇ ਕਿਸੇ ਦਾ ਵੀ ਕੋਈ ਵਿਸ਼ੇੇਸ਼ ਧਿਆਨ ਨਹੀਂ ਸੀ।ਮੁੰਡਿਆਂ ਨੇ ਵੀ ਆਪਣੀਆਂ ਸੀਟਾਂ ਮੱਲਦਿਆਂ ਸਾਰ ਹਾਸੋਹੀਣੀਆਂ ਗੱਲਾਂ ਕਰਦਿਆਂ ਖੱਪ ਪਾਉਣੀ ਸ਼ੁਰੂ ਕਰ ਦਿੱਤੀ।ਵੱਖੋ-ਵੱਖਰੀਆਂ ਆਵਾਜ਼ਾਂ ਦੇ ਸ਼ੋਰ ਵਿੱਚੋਂ ਅਚਾਨਕ ਦਿਲ ਨੂੰ ਧੂਹ ਪਾਂਉਦੀ ਇੱਕ ਮਿੱਠੀ ਧੁਨ ਸੁਣਾਈ ਦੇਣ ਲੱਗੀ ਤੇ ਹੌਲੀ-ਹੌਲੀ ਉੱਚੀ,ਹੋਰ ਉੱਚੀ ਹੁੰਦੀ ਗਈ।ਕੁਝ ਕੁ ਪਲ਼ਾਂ ਬਾਅਦ ਮੈਲ਼ੇ-ਕੁਚੈਲ਼ੇ ਕੱਪੜੇ,ਉਦਾਸੇ ਚਿਹਰੇ ਤੇ ਦੇਸੀ ਜਿਹੇ ਸਾਰੰਗੀ ਵਰਗੇ ਸਾਜ਼ ‘ਤੇ ਉਸ ਧੁਨ ਨੂੰ ਵਜਾਉਣ ਵਾਲਾ ਬਾਰਾਂ ਕੁ ਸਾਲ ਦਾ ਨੰਨ੍ਹਾ ਕਲਾਕਾਰ ਮੇਰੀਆਂ ਅੱਖਾਂ ਸਾਹਮਣੇ ਖੜ੍ਹਾ ਸੀ।ਕਿਸੇ ਦੇ ਧਿਆਨ ਦੇਣ ਜਾਂ ਨਾ ਦੇਣ ਵੱਲ ਧਿਆਨ ਨਾ ਦਿੰਦਿਆਂ,ਆਪਣੇ ਹੀ ਰੰਗ ਮਸਤ ਧੁਨ ਵਜਾਂਉਦਾ ਕੁਝ ਕੁ ਪਲ਼ ਰੁਕ ਅੰਦਾਜ਼ ਵਿੱਚ ਅੱਗੇ ਤੁਰ ਪੈਦਾਂ।ਸ਼ਾਇਦ ਬੈਠੇ ਲੋਕਾਂ ਦੀ ਮਹੌਲ ਦੀ ਹਵਾ ਤੋਂ ਉਸ ਨੂੰ ਉਨ੍ਹਾਂ ਦੀ ਮਾਨਸਿਕ ਅਵਸਥਾ ਬਾਰੇ ਤਕਾਜ਼ਾ ਲਾਉਣ ਦਾ ਡੂੰਘਾ ਤਜ਼ਰਬਾ ਸੀ।ਜੇ ਕੋਈ ਪੰਜ-ਦਸ ਰੁਪਏ ਸਹਾਇਤਾ ਵਜੋਂ ਦਿੰਦਾ ਤਾਂ ਉਸ ਦੇ ਨਾਲ ਦਾ,ਉਸ ਤੋਂ ਵੀ ਛੋਟਾ ਸਾਥੀ ਜਾਂ ਭਰਾ ਫੜ੍ਹ ਕੇ ਉਸ ਦੇ ਨਾਲ ਜਾ ਰਲਦਾ।ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੁਦਰਤ ਨੇ ਕਲਾ ਦੀ ਰਹਿਮਤ ਦੋਵੇਂ ਹੱਥੀਂ ਉਸ ਬਾਲ ਕਲਾਕਾਰ ਦੀ ਝੋਲੀ ਵਿੱਚ ਢੇਰੀ ਕਰ ਦਿਤੀ ਹੋਵੇ ਤੇ ਵਿਰਲਾਪ ਵਿੰਨ੍ਹੀ ਉਸ ਦੀ ਧੁਨ ਜ਼ੋਰ-ਜ਼ੋਰ ਨਾਲ ਹਾੜੇ ਕੱਢਦੀ ਕਹਿ ਰਹੀ ਹੋਵੇ,”ਸਾਡਾ ਗੁਣ ਪਛਾਣ ਲਉ ਕੋਈ,ਸਾਡਾ ਗੁਣ ਪਛਾਣ ਲਉ ਕੋਈ….”ਜਿਉਂ ਹੀ ਉਹ ਬੱਚਾ ਸਾਡੀ ਸੀਟ ਸਾਹਮਣੇ ਪਹੁੰਚਿਆ ਤਾਂ ਆਪਸੀ ਟੋਟਕੇਬਾਜ਼ੀ ਕਰ ਰਹੇ ਮੁੰਡੇ ਮੇਰੇ ਇਸ਼ਾਰੇ ਨਾਲ ਉਸਨੂੰ ਸੁਣਨ ਦੇ ਮੂਡ ‘ਚ ਆ ਗਏ।ਸਾਰਿਆਂ ਨੂੰ ਚੁੱਪ ਹੋਇਆ ਵੇਖ ਉਸ ਨੇ ਧੁਨ ਥੋੜ੍ਹੇ ਜ਼ੋਸ਼ ਨਾਲ ਵਜਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਦਰਸ਼ਕਾਂ ਦੇ ਧਿਆਨ ਨੂੰ ਖਿੱਚ ਸਕਣ ਦੀ ਸਮਰੱਥਾ ਹਰ ਕਲਾਕਾਰ ਦੇ ਮਨੋਬਲ ਵਿੱਚ ਵਾਧਾ ਕਰਦੀ ਹੈ।ਸੋ ਆਪਣੀ ਕਲਾ ਦੇ ਕਦਰਦਾਨਾ ਦਾ ਸ਼ੁਕਰੀਆ ਅਦਾ ਕਰਦੀ ਧੁਨ ਵਿੱਚ ਇੰਨੀ ਤੀਬਰਤਾ ਸੀ ਕਿ ਮੁੰਡਿਆਂ ਨੇ ਨਾਲ-ਨਾਲ਼ ਚੁੱਟਕੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਤਾ ਨਹੀਂ ਕਦੋਂ ਇਹ ਚੁੱਟਕੀਆਂ ਤਾੜੀਆਂ ਵਿੱਚ ਬਦਲ ਗਈਆਂ।ਚਿਹਰੇ ਉੱਤੇ ਤਸੱਲੀ ਭਰੇ ਹਾਵ-ਭਾਵ ਲਿਆਉਂਦਿਆਂ ਬੱਚੇ ਨੇ ਬੜੀ ਮਧੁਰ ਤੇ ਦਿਲ ਖਿੱਚਵੀਂ ਆਵਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ,”ਉੱਡ ਜਾ ਵੇ ਕਾਲਿਆ ਕਾਵਾਂ………”ਜਿੰਨਾ ਮੈਲ਼ਾ ਉਸ ਦਾ ਪਹਿਰਾਵਾ ਸੀ,ਉਨ੍ਹਾ ਹੀ ਸਾਫ਼ ਉਸ ਦਾ ਕੰਠ ਸੀ।ਟੀਮ ਨੇ ਵੀ ਨਾਲ-ਨਾਲ ਗਾ ਕੇ ਉਸ ਦੇ ਉਤਸ਼ਾਹ ਵਿੱਚ ਵਾਧਾ ਕੀਤਾ।ਵੇਖਦਿਆਂ ਹੀ ਵੇਖਦਿਆਂ ਡੱਬੇ ਵਿੱਚ ਇਕਦਮ ਚੁੱਪ-ਚਾਂ ਹੋ ਗਈ।ਅਣਗੌਲ਼ਿਆ ਹੋਇਆ ਉਹ ਨਿੱਕਾ ਉਸਤਾਦ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣ ਚੁੱਕਾ ਸੀ।ਉਸ ਦੇ ਛੋਟੇ ਸਾਥੀ ਨੇ ਟੁੱਟੇ ਬਟਨਾਂ ਵਾਲੀ ਘਸੀ-ਪੁਰਾਣੀ ਸ਼ਰਟ ਦੀ ਜੇਬ ‘ਚੋਂ ਦੋ ਠੀਕਰੀਆਂ ਕੱਢ ਕੇ ਆਪਣੀ ਹੀ ਘੜੀ ਤਾਲ ਦੀ ਸੰਗਤ ਦਿੱਤੀ ਤਾਂ ਇਸ ਛੋਟੀ ਜਿਹੀ ਮਹਿਫ਼ਿਲ ਦਾ ਰੰਗ ਹੋਰ ਵੀ ਗੂੜ੍ਹਾ ਹੋ ਗਿਆ।ਆਪਸ ਵਿੱਚ ਨਜ਼ਰਾਂ ਮਿਲਾ ਮੁਸਕਰਾਂਉਦੇ ਹਲਕੇ-ਫੁਲਕੇ ਇਸ਼ਾਰਿਆਂ ਨਾਲ ਇੱਕ-ਦੂਜੇ ਨੂੰ ਤਸੱਲੀਆਂ ਦੇ ਰਹੇ ਸਨ ਕਿ “ਆਹਾ…ਅੱਜ ਤਾਂ ਗੱਲ ਬਣਗੀ।”ਗੱਡੀ ਦੇ ਤੁਰਨ ਦਾ ਹਾਰਨ ਵੱਜਣ ਤੱਕ ਉਹ ਉਸੇ ਮਸਤੀ ਵਿੱਚ ਗਾਂਉਦੇ ਰਹੇ ਤੇ ਤੁਰਨ ਦਾ ਝਟਕਾ ਵੱਜਦਿਆਂ ਹੀ ਉਹ ਸਾਡੇ ਵੱਲ ਸੁਨੇਹ ਭਰੀ ਨਿਗਾਹ ਨਾਲ ਤੱਕਦਿਆਂ ਅਤੇ ਤਸੱਲੀ ਭਰੀ ਮੁਸਕਰਾਹਟ ਬੁੱਲ੍ਹਾਂ ਤੇ ਲਿਆ ਬਾਰੀ ਵੱਲ ਤੁਰ ਪਏ।ਬੇ-ਸ਼ੱਕ ਸਾਡੇ ਸਾਡੇ ਥੋੜ੍ਹੇ ਸਮੇਂ ਦੇ ਸਾਥ ਨੇ ਉਨ੍ਹਾਂ ਦੀ ਮਾਨਸਿਕ ਤ੍ਰਿਪਤੀ ਜ਼ਰੂਰ ਕਰ ਦਿਤੀ ਤੇ ਉਨ੍ਹਾਂ ਦੇ ਚਿਹਰੇ ਖਿੜਾ ਦਿੱਤੇ ਪਰ ਭੁੱਖੇ ਢਿੱਡ ਇਹ ਖੁਸ਼ੀ ਦਾ ਖੇੜਾ ਆਖਿਰ ਕਿੰਨ੍ਹਾਂ ਕੁ ਸਮਾਂ ਉਨ੍ਹਾਂ ਦੇ ਚਿਹਰਿਆਂ ‘ਤੇ ਰਹਿ ਸਕਿਆ ਹੋਵੇਗਾ?ਆਪਣੀ ਅਰੰਭਿਕ ਗੱਲ ਚੇਤੇ ਕਰਦਿਆਂ ਮਨ ਹੀ ਮਨ ਅਫ਼ਸੋਸ ਕਰਨ ਲੱਗਾ ਕਿ ਕਲਾ ਦੀ ਕਦਰ ਦੀ ਘਾਟ ਕਰਨ ਕਲਾਵਾਂ ਹੀ ਮਰੀਆਂ ਸਗੋਂ ਅਜਿਹੇ ਸੈਂਕੜੇਂ ਸੱਚੀਂ-ਮੁੱਚੀ ਦੇ ਕਲਾਕਾਰ ਵੀ ਅੱਖੋਂ-ਪਰੋਖੇ ਹੋ ਚੁੱਕੇ,ਹੋ ਪਏੇ ਤੇ ਹੋਏ ਰਹੇ ਹਨ।

ਕੁਲਵਿੰਦਰ ਚਾਨੀ

Share Button

Leave a Reply

Your email address will not be published. Required fields are marked *

%d bloggers like this: