ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਸੰਸਾਰਕ ਅਤੇ ਅਧਿਆਤਮਕ ਵਿੱਦਿਆ ਦਾ ਸੁਮੇਲ : ਸੰਤ ਬਾਬਾ ਤੇਜਾ ਸਿੰਘ ਜੀ ਮਸਤੂਆਣੇ ਵਾਲੇ

ਸੰਸਾਰਕ ਅਤੇ ਅਧਿਆਤਮਕ ਵਿੱਦਿਆ ਦਾ ਸੁਮੇਲ : ਸੰਤ ਬਾਬਾ ਤੇਜਾ ਸਿੰਘ ਜੀ ਮਸਤੂਆਣੇ ਵਾਲੇ

ਡਾ. ਅਜੈਪਾਲ ਸਿੰਘ

ਸੰਤ ਬਾਬਾ ਤੇਜਾ ਸਿੰਘ ਜੀ ਦਾ ਜਨਮ ਸ. ਰੱਲਾ ਸਿੰਘ ਅਤੇ ਮਾਤਾ ਸਦਾ ਕੌਰ ਦੇ ਘਰ 14 ਮਈ, 1877 ਈ. ਨੂੰ ਪਿੰਡ ਬਲੋਵਾਲੀ (ਗੁਜਰਾਂਵਾਲਾ) ਪੰਜਾਬ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਪੇਸ਼ੇ ਵਜੋਂ ਇਕ ਡਾਕਟਰ ਸਨ। ਬਾਬਾ ਤੇਜਾ ਸਿੰਘ ਜੀ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਹੋਣ ਕਾਰਨ ਹਰੇਕ ਜਮਾਤ ਵਿਚੋਂ ਅਵਲ ਦਰਜਾ ਅਤੇ ਵਜ਼ੀਫਾ ਹਾਸਲ ਕਰਦੇ ਸਨ। ਸੰਨ 1900 ਈ. ਵਿਚ ਆਪ ਜੀ ਨੇ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ। ਉਪਰੰਤ 1901 ਈ. ਵਿਚ ਐਮ.ਏ. ਅੰਗਰੇਜ਼ੀ ਦੀ ਪ੍ਰੀਖਿਆ ਵਿਚ ਪੂਰੇ ਪੰਜਾਬ ਵਿਚੋਂ ਅਵਲ ਰਹੇ। ਉੱਚ ਵਿਦਿਆ ਹਾਸਲ ਕਰਨ ਉਪਰੰਤ ਆਪ ਜੀ ਨੇ ਵਕਾਲਤ ਦਾ ਕਿੱਤਾ ਆਰੰਭ ਕੀਤਾ ਪਰ ਜਦੋਂ ਇਹ ਅਹਿਸਾਸ ਹੋਇਆ ਕਿ ਇਸ ਵਕੀਲੀ ਕਿੱਤੇ ਵਿਚ ਝੂਠ/ਫਰੇਬ ਤੋਂ ਬਿਨਾਂ ਗਲ ਨਹੀਂ ਬਣਨੀ ਤਾਂ ਇਕ ਹਫਤੇ ਉਪਰੰਤ ਹੀ ਆਪ ਜੀ ਨੇ ਇਹ ਕਿੱਤਾ ਛੱਡ ਦਿੱਤਾ ਤੇ ਇਕ ਸਕੂਲ ਵਿਚ ਨੌਕਰੀ ਕਰਨ ਲੱਗੇ। ਸੰਨ 1902 ਈ. ਵਿਚ ਆਪ ਜੀ ਨੇ ਸਾਲਟ ਵਿਭਾਗ ਦਾ ਟੈਸਟ ਪਾਸ ਕਰਕੇ ਇਕ ਉੱਚ ਰੈਂਕ ਵਾਲਾ ਸਰਕਾਰੀ ਅਹੁਦਾ ਹਾਸਲ ਕੀਤਾ। ਇਸ ਵਿਭਾਗ ਵਿਚ ਆਪ ਜੀ ਦੀ ਡਿਊਟੀ ਲੂਣ ਚੋਰੀ ਕਰਨ ਵਾਲੇ ਲੋਕਾਂ ਨੂੰ ਜੇਲ ਵਿਚ ਕੈਦ ਕਰਵਾਕੇ ਸਜਾ ਦਿਵਾਉਣ ਦੀ ਸੀ, ਜਿਸ ਕਾਰਨ ਆਪ ਜੀ ਦਾ ਮਨ ਬਹੁਤ ਦੁਖੀ ਹੁੰਦਾ ਕਿ ਮੈਨੂੰ ਗਰੀਬ ਲੋਕਾਂ ਨੂੰ ਕੈਦ ਕਰਵਾਉਣਾ ਪੈਂਦਾ ਹੈ।

ਇਸ ਤੋਂ ਬਾਅਦ ਇਕ ਅਜਿਹੀ ਬਿਧਿ ਬਣਦੀ ਹੈ ਜਿਸ ਕਾਰਨ 1904 ਈ. ਵਿਚ ਆਪ ਜੀ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਵਾਇਸ ਪ੍ਰਿੰਸੀਪਲ ਦਾ ਅਹੁਦਾ ਪ੍ਰਾਪਤ ਹੁੰਦਾ ਹੈ। ਇੱਥੇ ਇਹ ਜ਼ਿਕਰ ਕਰਨਾ ਬਹੁਤ ਜਰੂਰੀ ਹੈ ਕਿ ਪੱਛਮੀ ਵਿੱਦਿਆ ਦੇ ਪ੍ਰਭਾਵ ਕਾਰਨ ਆਪ ਜੀਵਨ ਦੇ ਆਰੰਭਲੇ ਵਰ੍ਹਿਆਂ ਵਿਚ ਨਾਸਤਕ ਬਿਰਤੀ ਦੇ ਸਨ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਬੁੱਤਪ੍ਰਸਤੀ ਸਮਝਦੇ ਸਨ ਪਰ ਗੁਰਬਾਣੀ ਅਤੇ ਪੂਰਨ ਸੰਤ ਬਾਬਾ ਅਤਰ ਸਿੰਘ ਜੀ ਦੀ ਸੰਗਤ ਨੇ ਆਪ ਜੀ ਦੇ ਹਿਰਦੇ ਵਿਚ ਇਕ ਅਜਿਹਾ ਵਿਸ਼ੇਸ਼ ਪ੍ਰਭਾਵ ਪਾਇਆ ਕਿ ਆਪ ਦਾ ਜੀਵਨ ਪਾਰਸ ਦੀ ਨਿਆਈਂ ਹੋ ਨਿਬੜਿਆ। ਪ੍ਰਮੇਸ਼ਰ ਦੇ ਨਦਰਿ/ਨੀਸਾਣ ਨਾਲ ਨਿਵਾਜਣ ਉਪਰੰਤ ਆਪ ਜੀ ਨੇ ਆਪਣਾ ਸਮੁੱਚਾ ਜੀਵਨ ਹੀ ਗੁਰੂ ਅੱਗੇ ਸਮਰਪਣ ਕਰ ਦਿੱਤਾ। ਇਸ ਸਮਰਪਣ ਭਾਵਨਾ ਦੁਆਰਾ ਹੀ ਗੁਰੂ ਹੁਕਮ ਵਿਚ ਆਪ ਜੀ ਨੇ ਵਿਦੇਸ਼ ਵਿਚ ਜਾ ਕੇ ਉੱਚ ਵਿੱਦਿਅਕ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਅਨੇਕਾਂ ਪੰਥਕ ਸੇਵਾਵਾਂ ਨਿਭਾਈਆਂ। ਆਪ ਜੀ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿਖੇ ਦਸਤਾਰ ਬੰਨ੍ਹਣ ਦਾ ਅਧਿਕਾਰ ਪ੍ਰਾਪਤ ਹੋਇਆ। ਆਪ ਜੀ ਨੇ ਆਪਣੀ ਉੱਚ ਪੱਧਰੀ ਵਿੱਦਿਆ ਤੇ ਕਈ ਕਾਨੂੰਨੀ ਜੁਗਤਾਂ ਵਰਤ ਕੇ ਹਿੰਦੁਸਤਾਨੀਆਂ ਨੂੰ ਕੈਨੇਡਾ ਵਿਖੇ ਪੱਕੇ ਤੌਰ ‘ਤੇ ਰਹਿਣ ਦੇ ਅਧਿਕਾਰ ਦਿਵਾਏ, ਜਿਨ੍ਹਾਂ ਨੂੰ ਉਸ ਸਮੇਂ ਕੈਨੇਡਾ ਸਰਕਾਰ ਵੱਲੋਂ ਬਾਹਰ ਕੱਢੇ ਜਾਣ ਦੀਆਂ ਵਿਉਂਤਾ ਬਣਾਈਆਂ ਜਾ ਰਹੀਆਂ ਸਨ। ਬਾਬਾ ਤੇਜਾ ਸਿੰਘ ਜੀ ਨੇ ਆਪਣੇ ਅਥਾਹ ਯਤਨਾਂ ਸਦਕਾ ਵਿਦੇਸ਼ਾਂ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। ਇਸ ਪ੍ਰਚਾਰ ਦੁਆਰਾ ਕਈ ਅੰਗਰੇਜ਼ ਵੀ ਪ੍ਰਭਾਵਿਤ ਹੋ ਕੇ ਗੁਰੂ-ਘਰ ਦੇ ਅਨੁਆਈ ਬਣ ਗਏ। ਵਿਦੇਸ਼ਾਂ ਵਿਚ ਆਪ ਜੀ ਨੇ ਕਈ ਅਜਿਹੀਆਂ ਥਾਵਾਂ ‘ਤੇ ਗੁਰਦੁਆਰਿਆਂ ਦੀ ਸਥਾਪਨਾ ਕੀਤੀ ਜਿਥੇ ਪਹਿਲਾਂ ਕੋਈ ਵੀ ਗੁਰਦੁਆਰਾ ਨਹੀਂ ਸੀ।

ਇਸ ਤੋਂ ਇਲਾਵਾ ਆਪ ਇਕ ਜਥੇਦਾਰ ਦੇ ਰੂਪ ਵਿਚ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਅੰਮ੍ਰਿਤ ਛਕਣ ਦੇ ਅਭਿਲਾਖੀ ਪ੍ਰੀਤਵਾਨਾਂ ਨੂੰ ਅੰਮ੍ਰਿਤ ਛਕਾਉਂਦੇ ਸਨ। ਬਾਬਾ ਤੇਜਾ ਸਿੰਘ ਜੀ ਵੱਲੋਂ ਕਈ ਸਭਾ ਸੁਸਾਇਟੀਆਂ ਦੀ ਸਥਾਪਨਾ ਦੁਆਰਾ ਵਿਦੇਸ਼ਾਂ ਵਿਚ ਗੁਰਦੁਆਰਿਆਂ ਤੇ ਧਾਰਮਿਕ ਪ੍ਰਯੋਜਨਾਂ ਦਾ ਮੁੱਢ ਬੰਨ੍ਹਿਆ ਗਿਆ। ਦੇਸ਼ਾਂ-ਵਿਦੇਸ਼ਾਂ ਵਿਚ ਬਾਬਾ ਤੇਜਾ ਸਿੰਘ ਜੀ ਨੂੰ ਉਨ੍ਹਾਂ ਦੇ ਉੱਚ ਗਿਆਨ ਕਾਰਨ ਸੈਮੀਨਾਰਾਂ/ਕਾਨਫਰੰਸਾਂ ਵਿਚ ਲੈਕਚਰ ਕਰਨ ਪ੍ਰਥਾਇ ਸੱਦਾ ਦਿੱਤਾ ਜਾਂਦਾ ਸੀ। ਪੰਥਕ ਸੇਵਾਵਾਂ ਨਿਭਾਉਣ ਅਤੇ ਹਿੰਦੁਸਤਾਨੀਆਂ ਦੇ ਹੱਕਾਂ ਲਈ ਲੜਨ ਕਾਰਨ ਆਪ ਜੀ ਨੂੰ ਵਿਦੇਸ਼ ਵਿਚ ਯੂਨੀਵਰਸਿਟੀ ਜਾਂ ਕਾਲਜ ਵਿਚ ਦਾਖਲਾ/ਡਿਗਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਅਖੀਰ ਗੁਰੂ ਮਿਹਰ ਸਦਕਾ ਆਪ ਜੀ ਨੇ ਹਾਰਵਰਡ ਯੂਨੀਵਰਸਿਟੀ ਤੋਂ ਏ.ਐਮ. ਦੀ ਡਿਗਰੀ ਹਾਸਲ ਕਰ ਲਈ। ਵਿਦੇਸ਼ ਤੋਂ ਭਾਰਤ ਆ ਕੇ ਬਾਬਾ ਤੇਜਾ ਸਿੰਘ ਜੀ ਦੇ ਗੁਰਮਤਿ ਪ੍ਰਚਾਰ/ਸੇਵਾ ਪ੍ਰਤੀ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ ਬਲਕਿ ਆਪ ਜੀ ਨੇ ਮਸਤੂਆਣੇ ਆ ਕੇ ਵਿਦਿਆਰਥੀਆਂ ਨੂੰ ਗੁਰਮੁਖੀ ਵਿੱਦਿਆ ਪੜ੍ਹਾਉਣ ਦੀ ਸੇਵਾ ਦੇਣੀ ਆਰੰਭ ਕਰ ਦਿੱਤੀ।

ਬਾਬਾ ਅਤਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪ ਜੀ ਨੇ ਕਈ ਮਹਾਨ ਵਿੱਦਿਅਕ ਸੰਸਥਾਵਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਗਰਾਹੀ ਅਤੇ ਕਾਰ-ਸੇਵਾ ਦੁਆਰਾ ਵੀ ਗੁਰਦੁਆਰਿਆਂ ਅਤੇ ਕਾਲਜਾਂ ਦੀ ਉਸਾਰੀ ਕਰਵਾਈ। ਅੱਠੋ ਪਹਿਰ ਸੇਵਾ ਸਿਮਰਨ ਅਨੁਸਾਰ ਜੀਵਨ ਬਿਤਾਉਣ ਕਾਰਨ ਆਪ ਬਾਬਾ ਅਤਰ ਸਿੰਘ ਜੀ ਵਾਲੀ ਹੀ ਉੱਚ ਅਧਿਆਤਮਕ ਅਵਸਥਾ ਨੂੰ ਹਾਸਲ ਕਰ ਚੁੱਕੇ ਸਨ, ਇਸੇ ਕਾਰਨ ਬਾਬਾ ਅਤਰ ਸਿੰਘ ਜੀ ਕਈ ਵਾਰ ਸੰਗਤ ਵਿਚ ਕਹਿੰਦੇ ਸਨ ਕਿ “ਤੇਜਾ ਸਿੰਘ ਸਾਡਾ ਹੀ ਰੂਪ ਹੈ” ਤਥਾ “ਤੇਜਾ ਸਿੰਘ ਸਾਡਾ ਸਪੁੱਤਰ ਹੈ”। ਬਾਬਾ ਅਤਰ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਆਪ ਜੀ ਨੇ ਉਨ੍ਹਾਂ ਦੇ ਭਵਿੱਖਤ ਬਚਨਾਂ ਨੂੰ ਪੂਰਾ ਕਰਨ ਲਈ ਕਈ ਗੁਰਦੁਆਰਿਆਂ/ਸੰਸਥਾਵਾਂ ਆਦਿ ਦੀ ਸੇਵਾ ਕਰਵਾਈ। ਬਹੁਤ ਜ਼ਿਆਦਾ ਸਰੀਰਕ ਬਿਮਾਰੀ ਦੇ ਬਾਵਜੂਦ ਵੀ ਆਪ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਵੱਖ-ਵੱਖ ਵਿਦੇਸ਼ਾਂ ਦਾ ਦੁਬਾਰਾ ਦੌਰਾ ਕੀਤਾ। ਸਮੁੱਚਾ ਜੀਵਨ ਗੁਰੂ ਲੇਖੇ ਲਾਉਣ ਉਪਰੰਤ ਆਪ ਜੀ ਨੇ ਗੁਹਜ ਗਿਆਨ ਨਾਲ ਭਰਪੂਰ ਕੁਝ ਇਕ ਮਹੱਤਵਪੂਰਨ ਰਚਨਾਵਾਂ ਪੰਥ ਦੀ ਝੋਲੀ ਪਾਈਆਂ ਜਿਵੇਂ ‘ਜੀਵਨੀ ਸੰਤ ਬਾਬਾ ਅਤਰ ਸਿੰਘ ਜੀ (ਦੋ ਭਾਗਾਂ ਵਿਚ)’, ‘ਜਪੁਜੀ ਸਾਹਿਬ ਸਟੀਕ’, ‘ਇਤਿਹਾਸ ਗੁਰੂ ਨਾਨਕ ਪਾਤਸ਼ਾਹ’, ‘ਦਸ਼ਮੇਸ਼ ਪਿਤਾ’ ਅਤੇ ‘The Path Of God Conciousness’। ਇਸ ਤਰ੍ਹਾਂ ਤਾਅ-ਉਮਰ ਪੰਥਕ ਸੇਵਾ ਵਿਚ ਬਿਤਾਉਣ ਉਪਰੰਤ ਅਖੀਰ 3 ਜੁਲਾਈ, 1965 ਨੂੰ ਬਾਬਾ ਤੇਜਾ ਸਿੰਘ ਜੀ ਗੁਰੂ ਹੁਕਮ ਅਨੁਸਾਰ ਪੰਜ ਤੱਤਾਂ ਵਿਚ ਵਿਲੀਨ ਹੋ ਗਏ।

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ॥ ਸਚੀ ਦਰਗਹ ਜਾਇ ਸਚਾ ਪਿੜ ਮਲਿ॥

ਸਪਸ਼ਟ ਹੈ ਕਿ ਬਾਬਾ ਤੇਜਾ ਸਿੰਘ ਜੀ ਅਸਲ ਕਿਰਤੀ, ਅਸਲ ਧਰਮੀ, ਉੱਚ ਕੋਟੀ ਦੇ ਅਧਿਆਪਕ, ਲੈਕਚਰਾਰ, ਕਥਾਵਾਚਕ, ਕੀਰਤਨੀਏ, ਵਿਆਖਿਆਕਾਰ, ਇਤਿਹਾਸਕਾਰ, ਇਕ ਸਫਲ ਪ੍ਰਬੰਧਕ ਤੇ ਯੋਗ ਆਗੂ, ਅਨੁਭਵੀ ਲਿਖਾਰੀ, ਮਾਇਆ ਤੋਂ ਨਿਰਲੇਪ, ਹੁਕਮੀ, ਨਿਤਨੇਮੀ, ਅਤੇ ਆਤਮਿਕ ਰਸ ਭੁੰਚਣ ਵਾਲੇ ਹਉਮੈ ਅਤੀਤ ਗੁਰਮੁਖ ਸਨ। ਅੱਜ ਬਾਬਾ ਤੇਜਾ ਸਿੰਘ ਜੀ ਵੱਲੋਂ ਵਿੱਦਿਆ ਪ੍ਰਥਾਇ ਬੀਜਿਆ ਹੋਇਆ ਬੀਜ ਸਮੁੱਚੇ ਭਾਰਤ ਵਿਚ ਬੋਹੜ ਦੇ ਦਰੱਖਤ ਦੀ ਭਾਂਤੀ ਕੋਨੇ-ਕੋਨੇ ਵਿਚ ਫੈਲ ਚੁੱਕਿਆ ਹੈ। ਉਨ੍ਹਾਂ ਵੱਲੋਂ ਸਥਾਪਿਤ ਬੜੂ ਸਾਹਿਬ ਟਰੱਸਟ ਵੱਲੋਂ ਬਾਬਾ ਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਅੱਜ 129 ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਸਫਲਤਾ ਪੂਰਵਕ ਚਲਾਈਆਂ ਜਾ ਰਹੀਆਂ ਹਨ। ਅੱਜ ਦੀ ਪੀੜੀ ਬਾਬਾ ਤੇਜਾ ਸਿੰਘ ਜੀ ਦੇ ਆਦਰਸ਼ਕ ਅਤੇ ਪ੍ਰੇਰਨਾਮਈ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੀ ਹੈ।

Leave a Reply

Your email address will not be published. Required fields are marked *

%d bloggers like this: