ਸੰਗੀਤ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ‘ਸਲਾਮਤ ਅਲੀ’

ss1

ਸੰਗੀਤ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ‘ਸਲਾਮਤ ਅਲੀ’

ਘਰ ਵਿੱਚ ਸੰਗੀਤ ਦਾ ਮਾਹੌਲ ਹੋਵੇ ਤਾਂ ਜ਼ਾਹਿਰ ਘਰ ਦਾ ਕੋਈ ਨਾ ਕੋਈ ਮੈਂਬਰ ਸੰਗੀਤ ਦੇ ਰਸਤੇ ਚੱਲਦਾ ਹੀ ਹੈ। ਸੰਗੀਤ ਦੇ ਖੇਤਰ ਵਿੱਚ ਕਈ ਘਰਾਣੇ ਅਜਿਹੇ ਮੌਜੂਦ ਹਨ, ਜਿਨਾਂ ਦੀ ਨਵੀਂ ਪੀੜੀ ਨੇ ਆਪਣੇ ਵਾਰਸਾਂ ਦੀਆਂ ਪਾਈਆਂ ਪੈੜਾਂ ਤੋਂ ਪੈਰ ਪਿਛਾਂਹ ਨਹੀਂ ਕੀਤੇ। ਸੋ, ਇਸੇ ਤਰਾਂ ਪੰਜਾਬੀ ਗਾਇਕ ‘ਸਲਮਾਤ ਅਲੀ’ ਵੀ ਆਪਣੀ ਪੀੜੀ ਦਾ ਵਾਰਿਸ ਬਣ ਕੇ ਸੰਗੀਤ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ।
ਸਲਾਮਤ ਅਲੀ ਦਾ ਜਨਮ ਸੂਫੀ ਕੱਵਾਲ ਤਾਰਸ ਅਲੀ ਦੇ ਘਰ ਮਾਲੇਰਕੋਟਲਾ ਵਿੱਚ ਹੋਇਆ। ਗਾਇਕੀ ਦੇ ਸ਼ੌਕ ਸੰਬੰਧੀ ਸਲਾਮਤ ਅਲੀ ਨੇ ਦੱਸਿਆ ਕਿ ਘਰ ਵਿੱਚ ਸੰਗਤੀਕ ਮਾਹੌਲ ਸੀ। ਉਸਦੇ ਚਾਚਾ ਉਸਤਾਦ ਸ਼ੌਕਤ ਅਲੀ ਮਤੋਈ ਦੀ ਪ੍ਰੇਰਨਾ ਸਦਕਾ ਉਸ ਨੂੰ ਵੀ ਸੰਗੀਤ ਦੀ ਚੇਟਕ ਲੱਗੀ। ਗਾਇਕੀ ਦੀਆਂ ਗੁੱਝੀਆਂ ਰਮਜ਼ਾਂ ਨੂੰ ਜਾਣਨ ਲਈ ਉਸ ਨੇ ਸ਼ਾਕਰ ਹੁਸੈਨ (ਪਟਿਆਲਾ ਘਰਾਣਾ) ਨੂੰ ਆਪਣਾ ਗੁਰੂ ਧਾਰਿਆ। ਸਲਾਮਤ ਨੇ ਦੱਸਿਆ ਕਿ ਪਹਿਲੀ ਵਾਰ ਉਸਤਾਦ ਗਾਇਕਾਂ ਦੇ ਸਾਹਮਣੇ ਗਾਉਣ ਦਾ ਮੌਕਾ ਐੱਮ ਐੱਚ ਵਨ ਦੇ ਪ੍ਰੋਗਰਾਮ ‘ਆਵਾਜ਼ ਪੰਜਾਬ ਦੀ ਸੀਜ਼ਨ-1’ ਵਿੱਚ ਮਿਲਿਆ। ਇਸ ਮੁਕਾਬਲੇ ਵਿੱਚ ਉਹ ਆਪਣੀ ਸੁਰੀਲੀ ਆਵਾਜ਼ ਸਦਕਾ ਟਾਪ-6 ਤੱਕ ਪਹੁੰਚਿਆ ਤੇ ਇਥੋਂ ਹੀ ਉਸ ਦੀ ਗਾਇਕੀ ਵਿੱਚ ਨਿਖਾਰ ਆਇਆ। ਸਰੋਤਿਆਂ ਦੇ ਮਿਲੇ ਪਿਆਰ ਸਦਕਾ ਉਸ ਦੀ ਪਹਿਲੀ ਐਲਬਮ ‘ਸਲਾਮਤ ਬਾਏ ਸਲਮਾਤ ਅਲੀ’ ਰਿਲੀਜ਼ ਹੋਈ, ਜਿਸ ਵਿਚਲੇ ਗੀਤ ‘ਮੈਂ ਰੱਬ ਤਾਂ ਨਹੀਂ ਤੈਨੂੰ ਮਾਫ ਕਰੀ ਜਾਵਾਂ’ ਤੇ ‘ਸਾਰੀ ਗੱਲ ਮੁੱਕ ਜਾਣੀ ਤੇਰੀ ਏਨੀ ਗੱਲ ‘ਤੇ’ ਨੇ ਤਾਂ ਸਲਾਮਤ ਨੂੰ ਨਾਮਵਾਰ ਕਲਾਕਾਰਾਂ ਦੀਆਂ ਮੂਹਰਲੀਆਂ ਸਫਾਂ ਵਿੱਚ ਖੜਾ ਕਰ ਦਿੱਤਾ। ਇਸ ਤੋਂ ਬਾਅਦ ਉਸਦੇ ਸਿੰਗਲ ਟਰੈਕ’ ‘ਸ਼ਿਕਵਾ’ ਅਤੇ ‘ਰੂਹ’ ਨੂੰ ਸਰੋਤਿਆਂ ਮਣਾਂਮੂੰਹੀ ਪਿਆਰ ਬਖਸ਼ਿਆ ਅਤੇ ਇਨਾਂ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਾਲ ਹੀ ਵਿੱਚ ਉਸਦਾ ਨਵਾਂ ਧਾਰਮਿਕ ਗੀਤ ‘ਰਵਿਦਾਸ ਗੁਰੂ ਮੇਰਿਆ’ ਰਿਲੀਜ਼ ਹੋਇਆ, ਜਿਸ ਨੂੰ ਕਲਮਬੱਧ ਕੀਤਾ ਨੇਕ ਬੇਰੰਗ ਤੇ ਸੰਗੀਤਕ ਧੁਨਾਂ ਪੰਕਜ ਅਹੂਜਾ ਵੱਲੋਂ ਦਿੱਤੀਆਂ ਗਈਆਂ। ਰਮਨ ਜਾਜਾ ਪ੍ਰੋਡਕਸ਼ਨ ਵੱਲੋਂ ਇਸ ਟਰੈਕ ਨੂੰ ਬਾਖੂਬੀ ਫਿਲਮਾਇਆ ਗਿਆ। ਹੁਣ ਜਲਦੀ ਹੀ ਸਲਾਮਤ ਅਲੀ ‘ਸ਼ਹਿਬਾਜ਼’ ਦੀ ਕਲਮ ਤੋਂ ਲਿਖਿਆ ਗੀਤ ਸਰੋਤਿਆਂ ਦੇ ਰੂਬਰੂ ਕਰ ਰਿਹਾ। ਸਲਾਮਤ ਦਾ ਕਹਿਣਾ ਕਿ ਉਸਨੇ ਆਪਣਾ ਹਰ ਇਕ ਗੀਤ ਸਰੋਤਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਹੈ। ਆਸ ਕਰਦੇ ਸਰੋਤੇ ਸਲਾਮਤ ਅਲੀ ਦੇ ਗੀਤਾਂ ਨੂੰ ਏਦਾਂ ਹੀ ਪਿਆਰ ਬਖਸ਼ਦੇ ਰਹਿਣਗੇ।

ਹਨੀ ਸੋਢੀ
9815619248

Share Button

Leave a Reply

Your email address will not be published. Required fields are marked *