Mon. Sep 23rd, 2019

ਸੰਗੀਤ ਦੀ ਇਬ਼ਾਦਤ ਕਰਨ ਵਾਲਾ ਫਨਕਾਰ ‘ਦਰਸ਼ਨਜੀਤ’

ਸੰਗੀਤ ਦੀ ਇਬ਼ਾਦਤ ਕਰਨ ਵਾਲਾ ਫਨਕਾਰ ‘ਦਰਸ਼ਨਜੀਤ’

ਪੰਜਾਬੀ ਗੀਤ-ਸੰਗੀਤ ਦੀ ਦੁਨੀਆਂ ਵਿੱਚ ਦਰਸ਼ਨਜੀਤ ਸਿੰਘ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ ਹੈ । ਇੰਨ੍ਹਾਂ ਦੀ ਗਾਇਕੀ ਦੀ ਮਿੱਠੀ ਖੁਸ਼ਬੋ ਦੇ ਸ੍ਰੋਤੇ ਦੀਵਾਨੇ ਹੋ ਜਾਂਦੇ ਹਨ । ਉਸ ਦੇ ਸੰਗੀਤ ਦੇ ਸੰਘਰਸ਼ੀ ਸਫ਼ਰ ’ਚ ‘ਭੋਲਾ ਯਮਲਾ’ ਜੀ ਦਾ ਕਾਫੀ ਮਹੱਤਵ ਰਿਹਾ ਹੈ । ਉਹ ਉਸਨੂੰ ਆਪਣਾ ਮਾਰਗ ਦਰਸ਼ਕ ਵੀ ਮੰਨਦਾ ਹੈ । ਹੁਣ ਤੱਕ ਦੀ ਗਾਇਕੀ ਵਿਚ ਦਰਸ਼ਨਜੀਤ ਦਾ ਸੰਘਰਸ਼ ਹੀ ਉਸਦੀ ਤਾਕਤ ਰਿਹਾ ਹੈ । ਭਾਵੇਂ ਅਜੋਕੀ ਗਾਇਕੀ ਕਾਫੀ ਗੰਧਲੀ ਹੋ ਚੁੱਕੀ ਹੈ ਪਰ ਸੁਰੀਲਾ ਗਾਉਣ ਵਾਲੇ ਫਨਕਾਰਾਂ ਨੂੰ ਸਰੋਤੇ ਅੱਜ ਵੀ ਬਹੁਤ ਚਾਅ ਨਾਲ ਸੁਣਦੇ ਹਨ ।
ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਦਰਸ਼ਨਜੀਤ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਅੰਦਰ ਪੈਂਦੇ ਪਿੰਡ ਝੱਖੜਵਾਲਾ ਵਿਖੇ ਪਿਤਾ ਸ.ਪੂਰਨ ਸਿੰਘ ਅਤੇ ਮਾਤਾ ਸ੍ਰੀ.ਹਰਬੰਸ ਕੌਰ ਦੇ ਘਰ ਹੋਇਆ । ਬਚਪਨ ਤੋਂ ਹੀ ਉਨ੍ਹਾਂ ਦਾ ਸੰਗੀਤ ਨਾਲ ਬਹੁਤ ਪਿਆਰ ਰਿਹਾ ਹੈ । ਸ਼ੁਰੂਆਤੀ ਪੜਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਿਖੇ ਸੰਗੀਤ ਨਾਲ ਸੰਬੰਧਿਤ ਪੜ੍ਹਾਈ ਕੀਤੀ । ਉਨ੍ਹਾਂ ਨੇ ਬਚਪਨ ਤੋਂ ਹੀ ਸਕੂਲ ਵਿੱਚ ਹੁੰਦੀਆਂ ਸੰਗੀਤਕ ਗਤੀਵਿਧੀਆਂ, ਬਾਲ ਸਭਾਵਾਂ ਵਿੱਚ ਹਿੱਸਾ ਲੈ ਕੇ ਆਪਣੀ ਇਸ ਗਾਇਕੀ ਦੇ ਸਫ਼ਰ ਨੂੰ ਜਾਰੀ ਰੱਖਿਆ ਹੈ । ਉਨ੍ਹਾਂ ਨੇ ਸਨ 2002 ਵਿੱਚ ਸਕੂਲ ’ਚ ਮਨਾਏ ਗਏ ਗਣਤੰਤਰਤਾ ਦਿਵਸ ਵਿੱਚ ਹਿੱਸਾ ਲਿਆ । ਜਿਸ ਦੋਰਾਨ ਇੰਨਾਂ ਦੀ ਗਾਇਕੀ ਨੇ ਸਾਰੇ ਸਰੋਤਿਆਂ ਨੂੰ ਕੀਲ ਲਿਆ ਅਤੇ ਦਰਸ਼ਨਜੀਤ ਨੂੰ ਬਹੁਤ ਹੀ ਸੁਰੀਲਾ ਗਾਉਣ ਕਾਰਨ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੂੰ ਸਨ 2003 ਵਿੱਚ ਪਹਿਲੀ ਐਲਬਮ ‘ ਚਿੱਠੀਆਂ ’ ਰਾਹੀਂ ਸਰੋਤਿਆਂ ਤੋਂ ਕਾਫੀ ਪਿਆਰ ਮਿਲਿਆ ।
ਉਸਤਾਦ ਭੋਲਾ ਯਮਲਾ ਦੀ ਗਾਇਕੀ ਤੋਂ ਪ੍ਰਭਾਵਿਤ ਦਰਸ਼ਨ ਨੇ ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਪੀਟੀਸੀ ਪੰਜਾਬੀ ਚੈਨਲ ਵੱਲੋਂ ਸ਼ੁਰੂ ਕੀਤੇ ਸੰਗੀਤਕ ਰਿਐਲਿਟੀ ਸੋਅ ‘ ਵਾਇਸ ਆਫ਼ ਪੰਜਾਬ ਸੀਜ਼ਨ-3 ’ ਵਿੱਚ ਹਿੱਸਾ ਲਿਆ । ਜਿੱਥੇ ਉਸਨੇ ਬਾਕਮੁਕਾਲ ਗਾਇਕੀ ਦਾ ਮੁਜ਼ਾਹਰਾ ਕਰਦਿਆਂ ਸ਼ੋਅ ਦਾ ਖਿਤਾਬ ਆਪਣੇ ਨਾਂ ਕੀਤਾ । ਇਹ ਸ਼ੋਅ ਜਿੱਤਣ ਕਾਰਨ ਉਸਦੀ ਇੱਕ ਵੱਖਰੀ ਪਛਾਣ ਬਣ ਗਈ । ਇਸ ਤੋਂ ਬਾਅਦ ਕਮਰਸ਼ੀਅਲ ਪੱਧਰ ਤੇ ਪਹੁੰਚਣ ਲਈ ਗੋਇਲ ਮਿਊਜ਼ਿਕ ਕੰਪਨੀ ਵੱਲੋਂ ਰਿਕਾਰਡ ਕੀਤੇ ਗਏ ਉਨ੍ਹਾਂ ਦੇ ਸਿੰਗਲ ਟਰੈਕ ‘ ਸੂਟਾ ’ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ । ਇਸ ਟਰੈਕ ਦੀ ਸਫ਼ਲਤਾ ਨੇ ਉਸਦੀ ਗਾਇਕੀ ਤੇ ਕਾਮਯਾਬੀ ਦਾ ਪੱਕਾ ਠੱਪਾ ਲਾ ਦਿੱਤਾ । ਫਿਰ ਆਏ ਗੀਤ ‘ ਦੋ ਕੁੜੀਆਂ ’ ਨੇ ਦਰਸ਼ਨਜੀਤ ਨੂੰ ਹੋਰ ਵੀ ਸਿਖਰਾਂ ਤੇ ਪਹੁੰਚਾ ਦਿੱਤਾ । ਇਨ੍ਹਾਂ ਗੀਤਾਂ ਤੋਂ ਇਲਾਵਾ ਆਏ ਉਸਦੇ ਸਿੰਗਲ ਟਰੈਕ ‘ ਇੱਕੀ ਪੌੜੀਆਂ ’, ਨਾ ਯਾਦ ਤੇਰੀ ਆਵੇ ’ , ਧਾਰਮਿਕ ਗੀਤ ‘ ਬਾਬਾ ਨਾਨਕ’ ਅਤੇ ‘ ਵਿਆਹ ’ ਆਦਿ ਵੀ ਸਰੋਤਿਆਂ ਨੇ ਬਹੁਤ ਪਸੰਦ ਕੀਤੇ । ਬੇਸ਼ੱਕ ਦਰਸ਼ਨਜੀਤ ਨੇ ਹਰ ਵੰਨਗੀ ਦੇ ਗੀਤ ਗਾਏ ਹਨ । ਪ੍ਰੰਤੂ ਉਸ ਨੇ ਹਥਿਆਰਾਂ ਅਤੇ ਭੜਕਾਊ ਗੀਤਾਂ ਤੋਂ ਪ੍ਰਹੇਜ਼ ਹੀ ਰੱਖਿਆ ਹੈ । ਸੂਫੀਆਨਾ ਗੀਤਾਂ ਨਾਲ ਵੀ ਦਰਸ਼ਨਜੀਤ ਨੂੰ ਸਰੋਤਿਆਂ ਦਾ ਖੂਬ ਪਿਆਰ ਮਿਲਦਾ ਹੈ ।
ਦਰਸ਼ਨਜੀਤ ਦਾ ਕਹਿਣਾ ਹੈ ਕਿ ਅਜੋਕੀ ਗਾਇਕੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ । ਸੁਰੀਲੇ ਤੇ ਸੂਫ਼ੀਆਣਾ ਗਾਉਣ ਵਾਲੇ ਫਣਕਾਰਾਂ ਨੂੰ ਨਾਪਸੰਦ ਕੀਤਾ ਜਾ ਰਿਹਾ ਹੈ ਅਤੇ ਬੇਸੁਰਿਆਂ ਨੂੰ ਮਸ਼ਹੂਰ ਕੀਤਾ ਜਾ ਰਿਹਾ ਹੈ । ਉਸ ਦੇ ਮੁਤਾਬਿਕ ਸਹੀ ਗਾਇਕੀ ਨੂੰ ਸਪੋਟ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸੱਭਿਆਚਾਰਕ ਗਾਇਕੀ ਨੂੰ ਬਚਾਇਆ ਜਾ ਸਕੇ ।

ਪੈਰੀ ਪਰਗਟ
81461-02593

Leave a Reply

Your email address will not be published. Required fields are marked *

%d bloggers like this: