Sun. Apr 21st, 2019

ਸ੍ਰੋਮਣੀ ਅਕਾਲੀ ਦਲ ਲਈ 5 ਮਹੀਨੇ ਜੇਲ੍ਹ ਕੱਟਣ ਵਾਲੇ ਜਥੇਦਾਰ ਗੁਰਦੇਵ ਸਿੰਘ ਦੀ ਅੱਜ ਤੱਕ ਨਹੀ ਲਈ ਪਾਰਟੀ ਨੇ ਸਾਰ

ਸ੍ਰੋਮਣੀ ਅਕਾਲੀ ਦਲ ਲਈ 5 ਮਹੀਨੇ ਜੇਲ੍ਹ ਕੱਟਣ ਵਾਲੇ ਜਥੇਦਾਰ ਗੁਰਦੇਵ ਸਿੰਘ ਦੀ ਅੱਜ ਤੱਕ ਨਹੀ ਲਈ ਪਾਰਟੀ ਨੇ ਸਾਰ

20160926_091422-1

ਦਿੜ੍ਹਬਾ ਮੰਡੀ 26 ਸਤੰਬਰ (ਰਣ ਸਿੰਘ ਚੱਠਾ)ਸ੍ਰੋਮਣੀ ਅਕਾਲੀ ਦਲ ਦੁਆਰਾ ਵੱਖ-ਵੱਖ ਸਮਿਆਂ ਉਪਰ ਲਗਾਏ ਮੋਰਚਿਆਂ ਦੌਰਾਨ ਜੇਲ੍ਹਾਂ ਕੱਟਣ ਵਾਲੇ ਅਤੇ ਜਾਲਮ ਸਰਕਾਰਾਂ ਦੇ ਤਸੀਹਿਆਂ ਨੂੰ ਹੱਸਕੇ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ ਸਿਰਲੱਥ ਜੋਧਿਆਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੀ ਜੀਵਨ ਜਾਂਚ ਬਦਲਣ ਲਈ ਸ੍ਰੋਮਣੀ ਅਕਾਲੀ ਦਲ ਪਾਰਟੀ ਕਿੰਨੇ ਕੁ ਸੁਹਿਰਦ ਯਤਨ ਕਰ ਰਹੀ ਹੈ ਅਤੇ ਅਜਿਹੇ ਪਰਿਵਾਰਾਂ ਦਾ ਪਾਰਟੀ ਅੰਦਰ ਕਿੰਨਾ ਸਤਿਕਾਰ ਅਤੇ ਸਨਮਾਨ ਹੈ ਇਸ ਦੀ ਅਤਿ ਉੱਤਮ ਉਦਾਹਰਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨੰਨਹੇੜਾ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੇਂ ਗੁਰਦੇਵ ਸਿੰਘ ਦੇ ਪਰਿਵਾਰ ਤੋ ਵਾਖੂਬੀ ਲਗਾਈ ਜਾ ਸਕਦੀ ਹੈ।78 ਸਾਲ ਦੇ ਹੋ ਚੁੱਕੇ ਜਥੇਦਾਰ ਗੁਰਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਨੇ ਸ੍ਰੋਮਣੀ ਅਕਾਲੀ ਦਲ ਵੱਲੋ ਲਗਾਏ ਮੋਰਚੇ ਚ 10 ਅਕਤੂਬਰ 1971 ਨੂੰ ਉਸ ਸਮੇਂ ਦੇ ਸੁਨਾਮ ਤੋਂ ਸ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਜਥੇਦਾਰ ਗੁਰਬਚਨ ਸਿੰਘ ਲਖਮੀਰਵਾਲਾ ਦੀ ਅਗਵਾਈ ਚ ਗ੍ਰਿਫਤਾਰੀ ਦਿੱਤੀ ਤੇ 2 ਮਹੀਨੇ ਰੋਹਤਕ ਜੇਲ੍ਹ ਚ ਗੁਜ਼ਾਰੇ।ਜਥੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ 1986 ਵਿੱਚ 40 ਦਿਨ ਚੰਡੀਗੜ ਦੀ ਜੇਲ ਚ ਰਹੇ ਉਨਾ ਦੱਸਿਆ ਕਿ ਉਸ ਸਮੇਂ ਉਨਾ ਨਾਲ ਜੇਲ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ  ਮੈਂਬਰ ਰਾਜ ਸਭਾ ਸ੍ ਸੁਖਦੇਵ ਸਿੰਘ ਢੀਡਸਾਂ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ,ਬਲਵੰਤ ਸਿੰਘ ਰਾਮੂਵਾਲੀਆ ਵਰਗੇ ਦਿਗਜ ਆਗੂ ਵੀ ਸਾਡੇ ਨਾਲ ਹੀ ਜੇਲ ਵਿੱਚ ਬੰਦ ਸਨ।ਜਥੇਦਾਰ ਗੁਰਦੇਵ ਸਿੰਘ ਨੇ ਕਿਹਾ ਉਹਨਾਂ ਇਸੇ ਲੜੀ ਤਹਿਤ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦਿਆਂ 41 ਦਿਨ ਨਾਭੇ ਜੇਲ ਚ ਅਤੇ 15 ਦਿਨ ਸੰਗਰੂਰ ਜੇਲ ਵਿੱਚ ਤਸੀਹੇ ਭਰੀਆਂ ਰਾਤਾ ਕੱਟੀਆਂ।ਜਥੇਦਰ ਗੁਰਦੇਵ ਸਿੰਘ ਦਾ ਵੱਡਾ ਭਰਾ ਟੇਕ ਸਿੰਘ ਨੇ ਆਪਣੇ ਅਣਖੀਲੇ ਭਰਾ ਗੁਰਦੇਵ ਸਿੰਘ ਦੀਆਂ ਸ੍ਰੋਮਣੀ ਅਕਾਲੀ ਦਲ ਪ੍ਰਤੀ ਨਿਭਾਈਆਂ ਨਿਰਸਵਾਰਥ ਅਤੇ ਅਣਥੱਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਈ ਵਾਰ ਅੱਖਾਂ ਚੋਂ ਹੰਝੂ ਕੇਰਦਿਆਂ ਦੱਸਿਆ ਕਿ ਉਹ ਸੱਤ ਭੈਣ ਭਰਾ ਸਨ, ਸਭ ਤੋਂ ਛੋਟਾ ਗੁਰਦੇਵ ਸਿੰਘ ਸੀ ਜਿਸ ਨੇ ਸੁਰਤ ਸੰਭਾਲਦਿਆਂ ਹੀ ਸ੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।ਜਿਵੇਂ-ਜਿਵੇਂ ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਗਈਆਂ ਉਸੇ ਤਰ੍ਹਾਂ ਘਰ-ਬਾਰ ਦਾ ਮੋਹ ਘਟਾਉਦਾ ਤੇ ਪਾਰਟੀ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਾ।ਟੇਕ ਸਿੰਘ ਦੱਸਦਾ ਹੈ ਕਿ ਮੇਰਾ ਭਰਾ ਗੁਰਦੇਵ ਸਿੰਘ ਦੁਆਰਾ ਸ੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਆਪਣੀਆਂ ਸੇਵਾਵਾਂ ਦਾ ਚੇਤਾ ਕਰ ਅੱਜ ਵੀ ਦਿਲ ਗੱਦ-ਗੱਦ ਹੋ ਜਾਂਦਾ ਪਰ ਪਾਰਟੀ ਵੱਲੋ ਅੱਜ ਤੱਕ ਉਨ੍ਹਾਂ ਨੂੰ ਲਗਾਤਾਰ ਅਣਗੋਲਿਆ ਕੀਤਾ ਹੋਇਆ ਹੈ।ਜਥੇਦਾਰ ਗੁਰਦੇਵ ਸਿੰਘ ਦੀ ਪਤਨੀ ਸ੍ਰੀਮਤੀ ਹਰਦੇਵ ਕੌਰ ਨੇ ਕਿਹਾ ਕਿ ਜਿਸ ਪਾਰਟੀ ਲਈ ਉਨ੍ਹਾਂ ਦੇ ਪਤੀ ਨੇ ਆਪਣੀ ਜ਼ਿੰਦਗੀ ਦੇ ਅਹਿਮ ਵਰੇ੍ ਪਾਰਟੀ ਲੇਖੇ ਲਾਏ ਉਸ ਸ੍ਰੋਮਣੀ ਅਕਾਲੀ ਦਲ ਨੇ ਵਫਾਦਾਰ ਸਿਪਾਹੀ ਦੇ ਪਰਿਵਾਰ ਦੀ ਕਦੇ ਸਾਰ ਤੱਕ ਨਹੀਂ ਲਈ।ਉਨ੍ਹਾਂ ਕਿਹਾ ਕਿ ਮੇਰਾ ਪਤੀ ਸ੍ਰ.ਗੁਰਦੇਵ ਸਿੰਘ ਦੁਆਰਾ ਪਾਰਟੀ ਨੂੰ ਦਿੱਤੀਆਂ ਸੇਵਾਵਾਂ ਭਾਂਵੇ ਨਿਰਸਵਾਰਥ ਸੀ।ਅੱਜ ਜਦ ਸ੍ਰੋਮਣੀ ਅਕਾਲੀ ਦਲ ਅੰਦਰ ਝੂਠੇ ਅਤੇ ਫਰੇਬੀ ਬੰਦਿਆਂ ਦਾ ਬੋਲਬਾਲਾ ਹੈ।ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨੂੰ ਦਰਕਿਨਾਰ ਕਰਨਾ ਅਤੇ ਚਾਪਲੂਸ ਵਿਅਕਤੀਆਂ ਨੂੰ ਵਕਾਰੀ ਅਹੁਦਿਆਂ ਨਾਲ ‘ਨਿਵਾਜਿਆ ਜਾਣਾ’ ਟਕਸਾਲੀਆਂ ਲਈ ਅਫਸੋਸ ਜਨਕ ਦੱਸਿਆ।ਉਨ੍ਹਾਂ ਦੱਸਿਆ ਕਿ ਪੰਥਕ ਕਹਾਉਣ ਵਾਲੀ ਸੂਬਾ ਸਰਕਾਰ ਨੇ ਪਾਰਟੀ ਲਈ ਜੇਲ੍ਹਾਂ ਕੱਟਣ ਵਾਲੇ ਸ੍ਰ.ਗੁਰਦੇਵ ਸਿੰਘ ਦੀ ਕਦੇ ਸਾਰ ਨਹੀ ਲਈ।ਉਨ੍ਹਾਂ ਕਿਹਾ ਕਿ ਅੱਜ ਜਦ ਸੂਬਾ ਸਰਕਾਰ ਪੰਜਾਬ ਨੂੰ ਖੁਸਹਾਲ ਸੂਬਾ ਗਰਦਾਨ ਰਹੀ ਹੈ ਤਾਂ ਅਜਿਹੇ ਸਮੇਂ ਚ ਉਨ੍ਹਾਂ ਦਾ ਪਰਿਵਾਰ ਕਰਜ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ।ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਲਈ ਜੇਲਾਂ ਕੱਟਣ ਵਾਲੇ ਮੇਰੇ ਪਤੀ ਅਤੇ ਮੇਰੀ ਅੱਜ ਤੱਕ ਬੁਢਾਪਾ ਪੈਨਸ਼ਨ ਤੱਕ ਨਹੀ ਲੱਗੀ। ਨਾ ਹੀ ਪੰਥਕ ਸਰਕਾਰ ਨੇ ਆਪਣੇ ਵਫਾਦਾਰ ਸਿਪਾਹੀ ਦੇ ਪਰਿਵਾਰ ਨੂੰ ਕੋਈ ਪੈਨਸ਼ਨ ਤਨਖਾਹ ਦੀ ਸਕੀਮ ਦਿੱਤੀ ਅਤੇ ਨਾ ਹੀ ਕਦੇ ਕਿਸੇ ਲੀਡਰ ਨੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜਥੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ੍ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡਾਂ ਵਿੱਚ ਸੰਗਤ ਦਰਸਨ ਕੀਤੇ ਜਾਂਦੇ ਹਨ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਣ ਲਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਦਾ ਹਾਂ ਪਰ ਸੰਗਤ ਦਰਸਨ ਵਾਲੇ ਦਿਨ ਪੈਸੇ ਦੇ ਜੋਰ ਤੇ ਬਣੇ ਅੱਜ ਦੇ ਜਥੇਦਾਰ ਅਤੇ ਮੌਜੂਦਾ ਸਕਿਉਰਿਟੀ ਵਾਲੇ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਆਗੂਆਂ ਅਤੇ ਫਰਿਆਦੀਆਂ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਨੇੜੇ ਵੀ ਨਹੀ ਢੁੱਕਣ ਦਿੰਦੇ।ਉਨਾਂ ਉਦਾਸ ਮਨ ਨਾਲ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ੍ਰ ਪ੍ਕਾਸ਼ ਸਿੰਘ ਬਾਦਲ ਸਾਡੇ ਪਿੰਡ ਚੱਠਾ ਨੰਨਹੇੜਾ ਵਿਖੇ ਸੰਗਤ ਦਰਸ਼ਨ ਕਰਨ ਲਈ ਆਏ ਸੀ ਉਨ੍ਹਾਂ ਦੱਸਿਆ ਕਿ ਮੈਨੂੰ ਬੜਾ ਚਾਅ ਚੜਿਆ ਸੀ ਕਿ ਕਦੇ ਚੰਡੀਗੜ੍ਹ ਜਾਕੇ ਤਾਂ ਪ੍ਕਾਸ਼ ਸਿੰਘ ਬਾਦਲ ਨੂੰ ਨਹੀਂ ਮਿਲ ਸਕੇ ਆਪਣੇ ਪਿੰਡ ਆਏ ਨੂੰ ਜਰੂਰ ਜੱਫੀ ਪਾਕੇ ਮਿਲਾਂਗਾ ਪਰ ਸਾਰੇ ਹੀ ਸੁਪਨੇ ਉਸ ਸਮੇਂ ਚੂਰਾ ਚੂਰ ਹੋ ਗਏ ਜਦੋਂ ਬਾਰ ਬਾਰ ਕਹਿਣ ਤੇ ਵੀ ਅਖੋਤੀ ਜਥੇਦਾਰਾਂ ਅਤੇ ਪੁਲਿਸ ਵਾਲਿਆਂ ਨੇ ਨੇੜੇ ਵੀ ਨਹੀਂ ਜਾਣ ਦਿੱਤਾ।ਜਥੇਦਾਰ ਗੁਰਦੇਵ ਸਿੰਘ ਨੇ ਸ੍ਰ ਪ੍ਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਲਈ ਜੇਲਾਂ ਕੱਟਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਅਤੇ ਬੁਢਾਪੇ ਦੇ ਦਿਨ ਗੁਜਾਰਨ ਲਈ ਘੱਟੋ ਘੱਟ 10,000 ਹਜਾਰ ਰੁਪਏ ਮਹੀਨਾ ਪੈਨਸ਼ਨ ਲਗਾਈ ਜਾਵੇ ਤਾਂ ਜੋ ਜਿੰਦਗੀ ਦੇ ਰਹਿੰਦੇ ਦਿਨ ਸੁਖਾਲੇ ਬਤੀਤ ਕਰ ਸਕਣ।

Share Button

Leave a Reply

Your email address will not be published. Required fields are marked *

%d bloggers like this: