ਸ੍ਰੀ ਸਾਹਿਬ ਸਬੰਧੀ ਇਟਲੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਮੰਦਭਾਗਾ ਕਰਾਰ ਦਿੱਤਾ

ss1

ਸ੍ਰੀ ਸਾਹਿਬ ਸਬੰਧੀ ਇਟਲੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਮੰਦਭਾਗਾ ਕਰਾਰ ਦਿੱਤਾ

ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਸ੍ਰੀ ਸਾਹਿਬ ਪਹਿਨਣ ਸਬੰਧੀ ਚੱਲ ਰਹੇ ਇੱਕ ਕੇਸ ਦੀ ਸੁਣਵਾਈ ਦੌਰਾਨ ਇਟਲੀ ਦੀ ਸਰਵ ਉੱਚ ਅਦਾਲਤ ਵੱਲੋਂ ਦੇਸ਼ ਅੰਦਰ ਵਸਦੇ ਸਮੁੱਚੇ ਸਿੱਖਾਂ ਦੇ ਸ੍ਰੀ ਸਾਹਿਬ ਪਹਿਨਣ ਤੇ ਪੂਰਨ ਪਾਬੰਦੀ ਲਾਉਣ ਦੇ ਦਿੱਤੇ ਫੈਸਲੇ ਨੂੰ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਮੰਦਭਾਗਾ ਕਰਾਰ ਦਿੱਤਾ ਹੈ।ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਉਕਤ ਪ੍ਰਗਟਾਵਾ ਕੀਤਾ।
ਅਦਾਲਤ ਦੇ ਫੈਸਲੇ ਨੂੰ ਗੈਰ ਜਮਹੂਰੀ ਦੱਸਦਿਆਂ ਬੁੱਢਾ ਦਲ ਮੁਖੀ ਨੇ ਕਿਹਾ ਕਿ ਇਟਲੀ ਦੇ ਸੰਪੂਰਨ ਵਿਕਾਸ ਲਈ ਉਥੋਂ ਦੇ ਵਰ੍ਹਿਆਂ ਤੋਂ ਰਹਿ ਰਹੇ ਸਿੱਖਾਂ ਨੇ ਬਣਦਾ ਯੋਗਦਾਨ ਪਾਇਆ ਹੈ ਪ੍ਰੰਤੂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਉੱਥੋਂ ਦੀ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਫੈਸਲਾ ਇੱਕ ਤਾਨਾਸ਼ਾਹੀ ਫੈਸਲਾ ਹੈ ਜਿਸ ਨਾਲ ਉੱਥੇ ਰਹਿ ਰਹੇ ਹਜਾਰਾਂ ਅੰਮ੍ਰਿਤਧਾਰੀ ਸਿੱਖਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਬੁੱਢਾ ਦਲ ਮੁਖੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਮੁੱਚੇ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਇਟਲੀ ਸਰਕਾਰ ਨੂੰ ਜਾਣੂੰ ਕਰਵਾਵੇ ਤਾਂ ਕਿ ਉੇੱਥੋਂ ਦੀ ਸਰਕਾਰ ਸਰਵ ਉੱਚ ਅਦਾਲਤ ਵਿੱਚ ਪੁਨਰ ਵਿਚਾਰ ਯਾਚਿਕਾ ਪਾ ਕੇ ਇਸ ਫੈਸਲੇ ਦੇ ਹੱਕ ਵਿੱਚ ਦਲੀਲ ਦੇ ਕੇ ਇਸ ਸਿੱਖ ਵਿਰੋਧੀ ਫੈਸਲੇ ਨੂੰ ਖਤਮ ਕਰਵਾਉਣ ਵਿੱਚ ਭੂਮਿਕਾ ਨਿਭਾਵੇ ਤੇ ਇਟਲੀ ਵਿੱਚ ਰਹਿ ਰਹੇ ਹਜਾਰਾਂ ਸਿੱਖਾਂ ਨੂੰ ਰਾਹਤ ਮਿਲ ਸਕੇ।ਬੁੱਢਾ ਦਲ ਮੁਖੀ ਨੇ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਇਸ ਮਾਮਲੇ ਤੇ ਵਿਦੇਸ਼ੀ ਸਿੱਖਾਂ ਦੇ ਨਾਲ ਹਨ ਤੇ ਇਸ ਫੈਸਲੇ ਨੂੰ ਉਲਟਾਉਣ ਲਈ ਜੋ ਵੀ ਸੰਘਰਸ਼ ਵਿੱਢਣਾ ਪਿਆ ਤਾਂ ਬੁੱਢਾ ਦਲ ਉਸ ਵਿੱਚ ਅੱਗੇ ਹੋ ਕੇ ਹਿੱਸਾ ਪਾਵੇਗਾ।
ਇਸ ਮੌਕੇ ਗੁ: ਬੇਰ ਸਾਹਿਬ ਦੇਗਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ,ਬਾਬਾ ਜੱਸਾ ਸਿੰਘ, ਬਾਬਾ ਇੰਦਰ ਸਿੰਘ ਬੁੱਢਾ ਦਲ ਦੇ ਘੋੜਿਆਂ ਦੇ ਜਥੇਦਾਰ,ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ ਆਦਿ ਗੁਰੂੁ ਕੇ ਸਿੰਘ ਹਾਜਿਰ ਸਨ।

Share Button

Leave a Reply

Your email address will not be published. Required fields are marked *