ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਦੀ ਮਿੱਟੀ ਰੋਲ਼ਣਾ ਇਤਿਹਾਸ ਕਲੰਕਤ ਕਰਨ ਵਰਗਾ ਵਰਤਾਰਾ

ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਦੀ ਮਿੱਟੀ ਰੋਲ਼ਣਾ ਇਤਿਹਾਸ ਕਲੰਕਤ ਕਰਨ ਵਰਗਾ ਵਰਤਾਰਾ

ਕੁਦਰਤ ਦੇ ਰੰਗਾਂ ਦਾ ਵੀ ਕਿਸੇ ਨੇ ਕੋਈ ਭੇਦ ਨਹੀ ਜਾਣਿਆ।ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਕੁਦਰਤੀ ਵਸੀਲੇ ਅਸਲੋਂ ਹੀ ਨਸਟ ਕੀਤੇ ਜਾ ਰਹੇ ਹਨ।ਹੈ।ਮਨੁੱਖ ਕੁਦਰਤ ਨਾਲ ਖਿਲਵਾੜ ਕਰਨ ਨੂੰ ਅਪਣੀ ਵੱਡੀ ਪਰਾਪਤੀ ਸਮਝਣ ਦੀ ਭੁੱਲ ਕਰ ਬੈਠਾ ਤੇ ਅਖੀਰ ਅਪਣੇ ਹੀ ਬੁਣੇ ਤਾਣੇ ਬਾਣੇ ਚ ਉਲਝ ਕੇ ਰਹਿ ਗਿਆ ਹੈ।ਕਰੋਨਾ ਵਾਇਰਸ ਵਰਗੀਆਂ ਮਹਾਂਮਾਰੀਆਂ ਕੋਈ ਕੁਦਰਤ ਦੀ ਕਰੋਪੀ ਨਹੀ,ਬਲਕਿ ਮਨੁੱਖ ਦੀਆਂ ਖੁਦ ਤਿਆਰ ਕੀਤੀਆਂ ਅਲਾਮਤਾਂ ਹਨ, ਜਿਹੜੀਆਂ ਕਿਤੇ ਨਾ ਕਿਤੇ ਕੁਦਰਤ ਤੇ ਭਾਰੂ ਪੈਣ ਦੀ ਗੁਸਤਾਖੀ ਹੀ ਸਮਝੀ ਜਾ ਸਕਦੀ ਹੈ।ਗੱਲ ਕੀ ਇਹ ਮਨੁੱਖ ਦੀ ਸਿੱਧੇ ਤੌਰ ਤੇ ਕੁਦਰਤ ਨਾਲ ਵਿੱਢੀ ਦੁਸ਼ਮਣੀ ਦਾ ਨਤੀਜਾ ਹੈ। ਸਾਇੰਸ ਨੇ ਬੇਸ਼ੱਕ ਬਹੁਤ ਤਰੱਕੀ ਕਰ ਲਈ ਹੈ,ਪਰ ਇਸ ਦਾ ਮਤਲਬ ਇਹ ਨਹੀ ਕਿ ਸਾਇੰਸ ਕੁਦਰਤ ਦਾ ਸੰਤੁਲਨ ਹੀ ਬਿਗਾੜ ਕੇ ਰੱਖ ਦੇਵੇ ।ਜਦੋ ਤੋ ਸੰਸਾਰ ਪੱਧਰ ਤੇ ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਫੈਲੀ ਹੈ,ਤਕਰੀਬਨ ਉਸ ਸਮੇ ਤੋ ਹੀ ਲੋਕਾਂ ਅੰਦਰ ਕੁਦਰਤ ਨਾਲ ਕੀਤੇ ਖਿਲਵਾੜ੍ਹ ਦਾ ਅਹਿਸਾਸ ਅਤੇ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਇੱਕੋ ਸਮੇ ਤੇ ਪਰਬਲਤਾ ਨਾਲ ਹੋਇਆ ਦੇਖਿਆ ਜਾ ਸਕਦਾ ਹੈ।

ਹੁਣ ਜਦੋ ਅਪਣੀ ਤਿਆਰ ਕੀਤੀ ਅਲਾਮਤ ਖੁਦ ਅਪਣੇ ਆਪ ਤੇ ਹੀ ਭਾਰੂ ਹੋ ਗਈ ਹੈ ਤਾਂ ਕਿਤੇ ਜਾ ਕੇ ਦੁਨੀਆਂ ਦੀ ਸੁਪਰ ਪਾਵਰ ਦੇ ਮੁਖੀ ਨੂੰ ਪਰਮਾਤਮਾ ਦਾ ਖੌਫ ਯਾਦ ਆਇਆ।ਇਟਲੀ ਚ ਮਹਾਂਮਾਰੀ ਸਿਖਰਾਂ ਤੇ ਪਹੁੰਚ ਚੁੱਕੀ ਹੈ।ਧਰਤੀ ਤੇ ਨਵਾਂ ਚੰਨ ਚਾੜ ਦੇਣ ਵਾਲੇ ਚੀਨ ਨਾਲ ਜੋ ਹੋਈ ਹੈ,ਉਹ ਤਾਂ ਉਹਦੀਆਂ ਕਈ ਪੁਸਤਾਂ ਯਾਦ ਰੱਖਣਗੀਆਂ।ਕੁਦਰਤ ਨੇ ਅਜਿਹਾ ਰੰਗ ਦਿਖਾਇਆ ਕਿ ਸਾਰੀ ਦੁਨੀਆਂ ਦੀ ਹੋਸ ਟਿਕਾਣੇ ਆ ਗਈ।ਇਹ ਵੱਖਰੀ ਗੱਲ ਹੈ ਕਿ ਇਹ ਬਿਪਤਾ ਕਿਸੇ ਤੇ ਵੱਧ ਹੈ ਤੇ ਕਿਸੇ ਤੇ ਘੱਟ,ਪਰੰਤੂ ਕੁਦਰਤ ਨੇ ਅਪਣੀ ਹੋਂਦ ਦਾ ਅਹਿਸਾਸ ਪੂਰੇ ਸੰਸਾਰ ਨੂੰ ਹੀ ਕਰਵਾ ਦਿੱਤਾ ਹੈ।ਹੁਣ ਜਦੋਂ ਇਹ ਬਿਪਤਾ ਨੇ ਸੰਸਾਰ ਨੂੰ ਅਪਣੀ ਲਪੇਟ ਵਿੱਚ ਲੈ ਲਿਆ ਹੋਇਆ ਹੈ,ਤਾਂ ਭਾਂਵੇਂ ਕੁੱਝ ਲੋਕ ਅਜੇ ਵੀ ਪਰਮਾਤਮਾ ਨਾਲੋਂ ਵਧੇਰੇ ਆਸ ਸਾਇੰਸ ਤੇ ਹੀ ਰੱਖਦੇ ਹਨ,ਪਰ ਸਾਡਾ ਇਹ ਮੰਨਣਾ ਹੈ ਕਿ ਇਸ ਕਰੋਪੀ ਤੋ ਵੀ ਉਸ ਅਕਾਲ ਪੁਰਖ ਨੇ ਹੀ ਬਚਾਉਣਾ ਹੈ,ਸੋ ਜਿੱਥੇ ਸਾਨੂੰ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ,ਓਥੇ ਇਸ ਨਾਮੁਰਾਦ ਮਹਾਮਾਰੀ ਦੇ ਬਚਾਓ ਲਈ ਖੁਦ ਵੀ ਕੁੱਝ ਸਾਵਧਾਨੀਆਂ ਬਰਤਣੀਆਂ ਚਾਹੀਦੀਆਂ ਹਨ,ਕਿਉਂਕਿ ਦੁਨਿਆਵੀ ਡਾਕਟਰ ਇਸ ਮਹਾਂਮਾਰੀ ਦੀ ਰੋਕਥਾਮ ਤੋ ਅਸਮਰੱਥ ਹਿ ਨਹੀ ਬਲਕਿ ਅਪਣੀਆਂ ਜੁੰਮੇਵਾਰੀਆਂ ਤੋਂ ਭੱਜਦੇ ਦੇਖੇ ਜਾ ਸਕਦੇ ਹਨ।ਇਸ ਗੱਲ ਦੇ ਪੁਖਤਾ ਸਬੂਤ ਪਿਛਲੇ ਦਿਨਾਂ ਚ ਪਠਲਾਵਾਂ ਦੇ ਬਲਦੇਵ ਸਿੰਘ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਨਾਲ ਸਾਹਮਣੇ ਆ ਚੁੱਕੇ ਹਨ,ਕਿ ਕਿਸਤਰਾਂ ਸਾਡੀਆਂ ਸਿਹਤ ਸਹੂਲਤਾਂ ਦੇ ਨਾਮ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਣ ਆਈ ਮੌਤ ਵੱਲ ਧੱਕਿਆ ਜਾ ਰਿਹਾ ਹੈ।

ਭਾਈ ਸਾਹਿਬ ਭਾਈ ਨਿਰਮਲ ਸਿੰਘ ਦੀ ਅਪਣੇ ਪਰਿਵਾਰ ਨਾਲ ਫੋਨ ਤੇ ਹੋਈ ਆਖਰੀ ਗੱਲਬਾਤ ਨੇ ਸਿਹਤ ਸਹੂਲਤਾਂ ਖਾਸ ਕਰਕੇ ਕਰੋਨਾ ਵਾਇਰਸ ਨਾਲ ਲੜਨ ਦੀਆਂ ਸਰਕਾਰਾਂ ਵੱਲੋਂ ਮਾਰੀਆਂ ਜਾ ਰਹੀਆਂ ਸ਼ੇਖੀਆਂ ਦਾ ਪਰਦਾ ਫਾਸ ਕੀਤਾ ਹੈ। ਪੰਥ ਦੇ ਇਸ ਮਹਾਂਨ ਕੀਰਤਨੀਏ ਦੀ ਮੌਤ ਅਤੇ ਅੰਤਮ ਸੰਸਕਾਰ ਸਮੇ ਵਾਪਰੇ ਅਮਾਨਵੀ ਵਰਤਾਰੇ ਨੇ ਦੋ ਪੱਖਾਂ ਨੂੰ ਬੇਪਰਦ ਕਰ ਦਿੱਤਾ ਹੈ,ਇਕ ਤਾਂ ਸਰਕਾਰੀ ਤੰਤਰ ਦੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਚ ਨਾਕਾਮਯਾਬੀ ਅਤੇ ਦੂਜਾ ਸਾਡੇ ਸਮਾਜ ਦੀ ਰੂੜੀਵਾਦੀ ਸੋਚ। ਭਾਈ ਸਾਹਿਬ ਦੀ ਕਰੋਨਾ ਪੌਜੇਟਿਵ ਹੋਣ ਦੇ ਕੁੱਝ ਘੰਟਿਆਂ ਬਅਦ ਹੀ ਮੌਤ ਹੋਣਾ ਸਪੱਸਟ ਕਰਦਾ ਹੈ ਕਿ ਸਾਡਾ ਹੈਲਥ ਸਿਸਟਮ ਕਿੰਨਾ ਕਮਜੋਰ ਹੈ,ਜਿਹੜਾ ਤੁਹਾਨੂੰ ਕਿਸੇ ਵੀ ਅਲਾਮਤ ਤੋ ਬਚਾਉਣ ਦੇ ਕਾਬਲ ਅਤੇ ਸਮੇ ਦੇ ਹਾਣ ਦਾ ਨਹੀ ਹੈ,ਇਹ ਜੀਹਨੂੰ ਪਹਿਲਾਂ ਤੰਦਰੁਸਤ ਹੋਣ ਦੇ ਪਰਮਾਣ ਪੱਤਰ ਦਿੰਦਾ ਰਹਿੰਦਾ ਹੈ,ਉਸੇ ਵਿਅਕਤੀ ਨੂੰ ਮਰਨ ਉਪਰੰਤ ਕਿਸਤਰਾਂ ਕਰੋਨਾ ਪੀੜਤ ਬਣਾ ਦਿੰਦੈ ਇਹ ਭਾਈ ਨਿਰਮਲ ਸਿੰਘ ਦੀ ਮੌਤ ਨੇ ਦਰਸਾ ਦਿੱਤਾ ਹੈ,ਤੇ ਦੂਜਾ ਸਾਡੀ ਪੰਜਾਬੀਅਤ ਦੇ ਮਰਨ ਤੇ ਮਾਨਵਤਾ ਦੇ ਨਿਘਾਰ ਦੀ ਮੂੰਹ ਬੋਲਦੀ ਤਸਵੀਰ ਵੇਰਕਾ ਦੇ ਸਮਸਾਨਘਾਟ ਅੰਦਰ ਦੇਖੀ ਗਈ,ਜਿੱਥੇ ਭਾਈ ਸਾਹਿਬ ਦਾ ਸਸਕਾਰ ਨਾ ਕਰਨ ਦੇਣ ਲਈ ਸਮਸਾਨਘਾਟ ਨੂੰ ਹੀ ਜਿੰਦਰੇ ਲਾ ਦਿੱਤੇ ਗਏ। ਇਹਨਾਂ ਦੋਵਾਂ ਪੱਖਾ ਦੀ ਨਿਘਾਰਤਾ ਤੇ ਅਫਸੋਸ ਤਾਂ ਹੈ ਈ ਨਾਲ ਹੀ ਗੰਭੀਰਤਾ ਨਾਲ ਇਹ ਸੋਚਣਾ ਵੀ ਬਣਦਾ ਹੈ ਕਿ ਸਰਕਾਰ,ਪ੍ਰਸ਼ਾਸ਼ਨ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੀ ਬਣਦੀ ਜੁੰਮੇਵਾਰੀ ਕਿਉਂ ਨਹੀ ਨਿਭਾਈ।

ਸਭ ਤੋ ਪਹਿਲਾਂ ਪ੍ਰਸ਼ਾਸ਼ਨ ਦੀ ਇਹ ਡਿਉਟੀ ਬਣਦੀ ਸੀ ਕਿਉਕਿ ਇਹ ਮੌਤ ਆਮ ਨਹੀ ਬਲਕਿ ਜਿੱਥੇ ਪੰਥ ਦੇ ਇੱਕ ਮਹਾਂਨ ਹਜੂਰੀ ਰਾਗੀ ਦੀ ਮੌਤ ਸੀ,ਓਥੇ ਭਾਈ ਨਿਰਮਲ ਸਿੰਘ ਭਾਰਤ ਸਰਕਾਰ ਤੋ ਪਦਮ ਸ੍ਰੀ ਪੁਰਸਕਾਰ ਪਰਾਪਤ ਕਰਤਾ ਸਨਮਾਨਯੋਗ ਸ਼ਖਸ਼ੀਅਤ ਸਨ,ਜਿੰਨਾਂ ਦੀਆਂ ਅੰਤਮ ਰਸਮਾਂ ਲਈ ਬਾਕਾਇਦਾ ਪ੍ਰਸ਼ਾਸ਼ਨ ਦੀ ਜੁੰਮੇਵਾਰੀ ਬਣਦੀ ਸੀ ਕਿ ਅਪਣੇ ਵੱਲੋਂ ਇੰਤਜਾਮ ਕਰਦਾ ਜਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਬਣਾ ਕੇ ਕੋਈ ਪੁਖਤਾ ਇੰਤਜਾਮ ਕਰਦਾ,ਤਾਂ ਕਿ ਭਾਈ ਸਾਹਿਬ ਦਾ ਅੰਤਮ ਸੰਸਕਾਰ ਸਨਮਾਨਯੋਗ ਢੰਗ ਨਾਲ ਕੀਤਾ ਜਾ ਸਕਦਾ,ਪਰੰਤੂ ਇੱਥੇ ਤਾਂ ਇੰਜ ਜਾਪਦਾ ਹੈ,ਜਿਸਤਰਾਂ ਸਰਕਾਰ,ਪਰਸ਼ਾਸ਼ਨ ਅਤੇ ਸਰੋਮਣੀ ਕਮੇਟੀ ਨੇ ਜਾਣਬੁੱਝ ਕੇ ਭਾਈ ਸਾਹਿਬ ਦੀ ਮਿੱਟੀ ਨੂੰ ਰੋਲਿਆ ਹੈ।ਸਭ ਤੋ ਹੈਰਾਨੀ ਇਸ ਗੱਲ ਦੀ ਹੈ ਕਿ ਸਰੌਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਭਾਈ ਨਿਰਮਲ ਸਿੰਘ ਦੀ ਮੌਤ ਵਾਲੇ ਦਿਨ ਅਮ੍ਰਿਤਸਰ ਵਿੱਚ ਹੀ ਸਨ,ਪਰ ਉਹਨਾਂ ਨੇ ਨਾ ਹੀ ਅੰਤਮ ਰਸਮਾਂ ਚ ਹਾਜਿਰ ਹੋਣਾ ਮੁਨਾਸਿਬ ਸਮਝਿਆ ਅਤੇ ਨਾ ਹੀ ਸਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਸੰਸਕਾਰ ਲਈ ਇੰਤਜਾਮ ਕਰਨਾ ਫਰਜ ਸਮਝਿਆ।

ਭਾਈ ਨਿਰਮਲ ਸਿੰਘ ਦੀ ਮੌਤ ਕਰੋਨਾ ਵਾਇਰਸ ਨਾਲ ਹੋਣ ਬਾਰੇ ਵੀ ਅਜੇ ਸੰਦੇਹ ਹੈ,ਪਰ ਇੱਕ ਗੱਲ ਉਹਨਾਂ ਦੇ ਜੀਵਨ ਤੇ ਸਰਸਰੀ ਝਾਤ ਮਾਰਿਆਂ ਸਪੱਸਟ ਹੋ ਜਾਂਦੀ ਹੈ ਕਿ ਜੋ ਵਰਤਾਰਾ ਭਾਈ ਸਾਹਿਬ ਨਾਲ ਵਾਪਰਿਆ ਹੈ,ਉਹ ਹੋਣਾ ਸੁਭਾਵਿਕ ਸੀ,ਕਿਉਕਿ ਜਿਸਤਰਾਂ ਉਹਨਾਂ ਨੇ ਹਮੇਸਾਂ ਅਪਣੇ ਕੀਰਤਨ ਸਮਾਗਮਾਂ ਵਿੱਚ ਜੂਨ 1984 ਦੇ ਫੌਜੀ ਹਮਲੇ,ਬਰਨਾਲਾ ਸਰਕਾਰ ਸਮੇ ਹੋਏ ਓਪਰੇਸਨ ਬਲੈਕ ਥੰਡਰ ਦਾ ਅੱਖੀ ਦੇਖਿਆ ਵਿਰਤਾਂਤ ਅਤੇ ਕੌਮੀ ਆਗੂਆਂ ਦੀਆਂ ਗਦਾਰੀਆਂ ਅਤੇ ਆਪਸੀ ਪਾਟੋਧਾੜ ਦਾ ਦਰਦ ਬਿਆਨਦੇ ਹੋਏ ਉਸ ਸਾਰੇ ਵਰਤਾਰੇ ਦੇ ਸੱਚ ਨੂੰ ਕਿਤਾਬੀ ਰੂਪ ਚ ਸਾਂਭ ਕੇ ਸੰਗਤਾਂ ਦੀ ਕਚਿਹਰੀ ਵਿੱਚ ਲੈ ਕੇ ਆਉਣ ਦੀ ਗੱਲ ਕਰਦੇ ਸਨ,ਉਸ ਤੋ ਕੌਂਮ ਧਰੋਹੀ ਲੋਕਾਂ ਦੇ ਮਨਾਂ ਚ ਭਾਈ ਨਿਰਮਲ ਸਿੰਘ ਪ੍ਰਤੀ ਕਿਸੇ ਵੀ ਕੀਮਤ ਤੇ ਸਤਿਕਾਰ ਨਹੀ ਹੋ ਸਕਦਾ,ਇਹੋ ਕਾਰਨ ਹੈ ਕਿ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਪਰਿਵਾਰ ਅਤੇ ਉਹਨਾਂ ਦੇ ਵਫਾਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਨਾ ਹੀ ਆਪ ਅਤੇ ਨਾ ਹੀ ਸਰੋਮਣੀ ਕਮੇਟੀ ਵਲੋਂ ਮਰਨ ਉਪਰੰਤ ਉਹਨਾਂ ਦੀਆਂ ਅੰਤਮ ਰਸਮਾਂ ਸਮੇ ਕੋਈ ਸਨਮਾਨ ਦੇਣਾ ਬਾਜਵ ਸਮਝਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਸਮੀ ਅਫਸੋਸ ਪਰਗਟ ਕਰਨ ਤੋ ਇਲਾਵਾ ਇਸ ਮੰਦਭਾਗੀ ਘਟਨਾ ਤੇ ਸਾਧੀ ਚੁੱਪ ਉਪਰੋਕਤ ਆਗੂਆਂ ਦੀ ਨੀਅਤ ਅਤੇ ਜਥੇਦਾਰ ਦੀ ਮਜਬੂਰੀ ਨੂੰ ਸਪੱਸਟ ਬਿਆਂਨ ਕਰਦੀ ਹੈ। ਸੋ ਗੁਰੂ ਨਾਨਕ ਦੇ ਦਰ ਘਰ ਦੇ ਕੀਰਤਨੀਏ ਅਤੇ ਮਰਦਾਨੇ ਦੀ ਰਵਾਬ ਦੇ ਵਾਰਸ ਭਾਈ ਨਿਰਮਲ ਸਿੰਘ ਦੀ ਮੌਤ ਅਤੇ ਮੌਤ ਤੋ ਅੰਤਮ ਸੰਸਕਾਰ ਸਮੇ ਦੇ ਅਮਾਨਵੀ ਵਰਤਾਰੇ ਤੇ ਉਸਾਰੂ ਬਹਿਸ ਜਾਰੀ ਰਹਿਣੀ ਚਾਹੀਦੀ ਹੈ,ਤਾਂ ਕਿ ਸਾਡੇ ਸਿਸਟਮ ਦੀਆਂ ਊਣਤਾਈਆਂ ਚ ਸੁਧਾਰ ਕਰਨ ਅਤੇ ਪੰਥਕ ਸਿਰਮੌਰ ਸੰਸਥਾ ਚ ਆਏ ਨਿਘਾਰ ਨੂੰ ਦੂਰ ਕਰਨ ਲਈ ਸਾਰਥਕ ਯਤਨ ਤੇਜ ਕੀਤੇ ਜਾ ਸਕਣ।

ਬਘੇਲ ਸਿੰਘ ਧਾਲੀਵਾਲ
99142-58142

Leave a Reply

Your email address will not be published. Required fields are marked *

%d bloggers like this: