ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਿਖੇ ਯਨੇਸਕੋ ਬਾਇਓ ਐਥਿਕਲ ਸੈਂਟਰ ਸਥਾਪਿਤ

ss1

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਿਖੇ ਯਨੇਸਕੋ ਬਾਇਓ ਐਥਿਕਲ ਸੈਂਟਰ ਸਥਾਪਿਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਯਨੇਸਕੋ ਬਾਇਓ ਐਥਿਕਲ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਲੰਘੀ 26 ਫ਼ਰਵਰੀ ਨੂੰ ਮੈਡੀਕਲ ਕਾਲਜ ਦੀ ਕਾਨਵੋਕੇਸ਼ਨ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਪਹੁੰਚੇ ਡਾ. ਰਸਲ ਫਰੈਂਕੋ ਡਿਸੂਜਾ ਮੁਖੀ ਏਸ਼ੀਆ ਫੈਸੀਫਿਕ ਡਵੀਜ਼ਨ ਯੂਨੇਸਕੋ ਚੇਅਰ ਇੰਨ ਬਾਇਉਏਥਿਕਸ ਹਾਇਫਾ ਮੈਲਬੋਰਨ, ਆਸਟ੍ਰੇਲੀਆ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ਵਿਚ ਇਸ ਸੈਂਟਰ ਦਾ ਉਦਘਾਟਨ ਕਰਕੇ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਹੈ। ਡਾ. ਰੂਪ ਸਿੰਘ ਅਨੁਸਾਰ ਯੂਨੇਸਕੋ ਚੇਅਰ ਦੇ ਅਧੀਨ ਮਾਹਿਰਾਂ ਦੁਆਰਾ ਵਿਕਸਿਤ 3ਟੀ-ਆਈ.ਬੀ.ਐਚ.ਐਸ.ਸੀ. ਬਾਇਉਏਥਿਕ ਟ੍ਰੇਨਿੰਗ ਪ੍ਰੋਗਰਾਮ ਮੈਡੀਕਲ, ਡੈਂਟਲ ਅਤੇ ਹੈਲਥ ਸਾਇੰਸਜ਼ ਅਧਿਆਪਨ ਫੈਕਿਲਟੀ ਨੂੰ ਆਧੁਨਿਕ ਬਾਇਉਏਥਿਕਸ 15 ਪ੍ਰਿੰਸੀਪਲਾਂ ਅਧੀਨ ਐਥਿਕਲ ਪ੍ਰੈਕਟਿਸ ਕਰਨ ਬਾਰੇ ਜਾਣਕਾਰੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਵਾਲੇ ਡਾਕਟਰ ‘ਇੰਟਰਨੈਸ਼ਨਲ ਫੋਰਮ ਆਫ ਟੀਚਰਜ਼ ਆਫ ਬਾਇਓਥਿਕ ਯੂਰਪ’ ਵਿਚ ਸਿੱਧੇ ਤੌਰ ‘ਤੇ ਦਾਖ਼ਲਾ ਲੈ ਸਕਣਗੇ। ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ 2016 ਵਿਚ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਹੋਂਦ ਵਿਚ ਆਈ ਸੀ ਅਤੇ ਇਸ ਨੇ ਥੋੜ੍ਹੇ ਜਿਹੇ ਅਰਸੇ ਵਿਚ ਹੀ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਨਾ ਕੇਵਲ ਮੈਡੀਕਲ ਦੀ ਪੜ੍ਹਾਈ ਕਰਵਾਉਣਾ ਹੈ ਬਲਕਿ ਮੈਡੀਕਲ ਦੇ ਖੇਤਰ ਵਿਚ ਉੱਚ ਕੋਟੀ ਦੀਆਂ ਨਵੀਨਤਮ ਵਿਧੀਆਂ ਦਾ ਇਸਤੇਮਾਲ ਕਰਕੇ ਮਰੀਜ਼ਾਂ ਦਾ ਇਲਾਜ਼ ਕਰਨਾ ਵੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਨੂੰ ਅਟਾਮਿਕ ਇੰਨਰਜੀ ਰੈਗੂਲੇਟਰੀ ਬੋਰਡ ਭਾਰਤ ਸਰਕਾਰ ਦੁਆਰਾ ਬੀ.ਐਸ.ਈ. ਰੇਡੀਉਥਰੈਪੀ ਕੋਰਸ ਵਿਚ ਦਾਖ਼ਲੇ ਲਈ ਵੀ ਆਗਿਆ ਦੇ ਦਿੱਤੀ ਗਈ ਹੈ, ਜਿਸ ਤਹਿਤ ਸਾਲ 2018 ਤੋਂ ਹਰ ਸਾਲ ਪੰਜ ਸੀਟਾਂ ਤੇ ਦਾਖ਼ਲੇ ਕੀਤੇ ਜਾਣਗੇ।  ਡਾ. ਰੂਪ ਸਿੰਘ ਅਨੁਸਾਰ ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਵਾਸਤੇ ਯੂਨੀਵਰਸਿਟੀ ਵਿਖੇ ਆਧੁਨਿਕ ਮਸ਼ੀਨਾਂ ਜਿਵੇਂ ਕਿ ਲੀਨੀਅਰ ਐਕਸੀਲੇਟਰ, ਸਿਮੂਲੇਟਰ ਸੋਮੈਟਮ ਡੈਫੀਨੇਸ਼ਨ ਏ.ਐਸ. 20 ਓਪਨ ਮਸ਼ੀਨ, ਕੋਬਾਲਟ ਸਰੋਸ, ਅੰਦਰੂਨੀ ਸੇਕਾ ਦੇਣ ਵਾਲੀ ਬਰੈਕੀਥਰੈਪੀ ਆਦਿ ਉਪਲੱਬਧ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲੋਂ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਬਿਲਕੁਲ ਮੁਫ਼ਤ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਪਿੰਗਲਵਾੜਾ, ਯਤੀਮਖ਼ਾਨਾ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਜਨਨੀ ਭਲਾਈ ਸਕੀਮ ਵੀ ਚਲਾਈ ਜਾ ਰਹੀ ਹੈ, ਜਿਸ ਵਿਚ ਗਰਭਵਤੀ ਔਰਤਾਂ ਨੂੰ ਫ਼੍ਰੀ ਜਨੇਪੇ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਲੜਕੀ ਦਾ ਜਨਮ ਹੋਣ ‘ਤੇ 1100 ਰੁਪਏ ਸ਼ਗਨ ਵਜੋਂ ਦਿੱਤੇ ਜਾਂਦੇ ਹਨ।

Share Button

Leave a Reply

Your email address will not be published. Required fields are marked *