ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅੰਤਰਰਾਸ਼ਟਰੀ ਭਾਸ਼ਣ

ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅੰਤਰਰਾਸ਼ਟਰੀ ਭਾਸ਼ਣ
ਸੰਨ 1665 ਵਿਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਔਰੰਗਜ਼ੇਬ: ਡਾ. ਅਮਨਪ੍ਰੀਤ ਸਿੰਘ ਗਿੱਲ
ਅੰਮ੍ਰਿਤਸਰ 22 ਸਤੰਬਰ, 2020: ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੀ ਗੁਰਤਾ ਗੱਦੀ ਦੇ ਪਹਿਲੇ ਸਾਲਾਂ ਵਿਚ ਹੀ ਸ਼ਹੀਦ ਕਰਨ ਦਾ ਮਨ ਬਣਾ ਲਿਆ ਸੀ। ਅਕਤੂਬਰ ਨਵੰਬਰ 1665 ਵਿੱਚ ਉਨ੍ਹਾਂ ਨੂੰ ਧਮਤਾਨ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਕੰਵਰ ਰਾਮ ਸਿੰਘ ਕੁਸ਼ਵਾਹਾ ਦੇ ਦਖ਼ਲ ਦੇਣ ਤੇ ਇਸ ਫ਼ੈਸਲੇ ਨੂੰ ਟਾਲ ਦਿੱਤਾ। ਅਖੀਰ ਦਸ ਸਾਲ ਬਾਅਦ ਔਰੰਗਜ਼ੇਬ ਨੇ ਹਸਨ ਅਬਦਾਲ ਤੋਂ ਦਿੱਲੀ ਹੁਕਮ ਭੇਜਿਆ ਕਿ ਚਾਰ ਮਹੀਨੇ ਤੋਂ ਮੁਗਲ ਹਿਰਾਸਤ ਵਿੱਚ ਬੰਦ ਨੌਵੇਂ ਗੁਰੂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਤੋਂ ਡਾ ਅਮਨਪ੍ਰੀਤ ਸਿੰਘ ਗਿੱਲ ਨੇ ਗੁਰੂ ਸਾਹਿਬਾਨ ਦੇ ਦੈਵੀ ਜੀਵਨ ਬਾਰੇ ਆਨਲਾਈਨ ਲੈਕਚਰ ਦਿੰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਵਿਚਾਰ ਨਵਾਂ ਨਹੀਂ ਬਲਕਿ ਸਤਾਰਾਂ ਸੌ ਨੱਬੇ ਵਿੱਚ ਸਰੂਪ ਸਿੰਘ ਕੌਸ਼ਿਸ਼ ਦੁਆਰਾ ਰਚਿਤ ਗੁਰੂ ਕੀਆਂ ਸਾਖੀਆਂ ਦਾ ਹਿੱਸਾ ਹੈ ਪਰ ਇਸ ਨੂੰ ਲੰਮੇ ਸਮੇਂ ਤੋਂ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਬਾਬਾ ਬਕਾਲਾ ਦੇ ਇਤਿਹਾਸ ਉੱਪਰ ਨਵੀ ਦਿਸ਼ਾ ਤੋਂ ਵਿਚਾਰ ਪੇਸ਼ ਕਰਦਿਆਂ ਸਰੂਪ ਸਿੰਘ ਕੌਸ਼ਿਸ਼ ਦਾ ਹਵਾਲਾ ਦੇ ਕੇ ਦੱਸਿਆ ਕਿ 1670 ਤੇ 1671 ਵਿੱਚ ਡੇਢ ਸਾਲ ਦਾ ਅਰਸਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਵਿੱਚ ਮਾਤਾ ਪਿਤਾ ਅਤੇ ਦਾਦੀ ਮਾਤਾ ਨਾਨਕੀ ਜੀ ਨਾਲ ਇਸ ਸ਼ਹਿਰ ਵਿੱਚ ਬਿਤਾਇਆ ਸੀ। 1672 ਦੇ ਆਰੰਭ ਵਿੱਚ ਇੱਥੋਂ ਹੀ ਗੁਰੂ ਪਰਿਵਾਰ ਨੇ ਚੱਕ ਨਾਨਕੀ ਵਿਖੇ ਸਥਾਈ ਨਿਵਾਸ ਲਈ ਕੂਚ ਕੀਤਾ ਸੀ। ਸਿੱਖ ਇਤਿਹਾਸ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਛੇ ਕਿਤਾਬਾਂ ਦੇ ਲੇਖਕ ਡਾ ਅਮਨਪ੍ਰੀਤ ਸਿੰਘ ਗਿੱਲ ਸੀ ਬੀ ਐੱਸ ਈ ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਕੋਰਸ ਕਮੇਟੀ ਦੇ ਮੁਖੀ ਵੀ ਹਨ। ਇਸ ਲਈ ਉਨ੍ਹਾਂ ਨੇ ਐੱਨ ਸੀ ਈ ਆਰ ਟੀ ਦੀਆਂ ਪੁਰਾਣੀਆਂ ਪਾਠ ਪੁਸਤਕਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਵਿਵਾਦਤ ਪੇਸ਼ਕਾਰੀ ਬਾਰੇ ਵੀ ਚਰਚਾ ਕੀਤੀ।
ਉਨ੍ਹਾਂ ਇਤਿਹਾਸਕ ਸਰੋਤਾਂ ਦੇ ਗੈਰ ਜ਼ਿੰਮੇਵਾਰ ਅਨੁਵਾਦ ਨੂੰ ਇਸ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਫਾਰਸੀ ਸਰੋਤ ਸਾਡੇ ਤੱਕ ਬਸਤੀਵਾਦੀ ਸ਼ਾਸਕ ਧਿਰਾਂ ਦੇ ਅਨੁਵਾਦ ਰਾਹੀਂ ਪਹੁੰਚਦੇ ਹਨ ਅਤੇ ਇਸ ਸਿਲਸਿਲੇ ਵਿੱਚ ਅਰਥਾਂ ਦਾ ਅਨਰਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕਾਰਾਂ ਤੇ ਵਿਦਿਆਰਥੀਆਂ ਨੂੰ ਇਸ ਬਾਰੇ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਭਾਸ਼ਣ ਅੰਤਰਰਾਸ਼ਟਰੀ ਇਤਿਹਾਸ ਭਾਸ਼ਣ ਲੜੀ ਦਾ ਹਿੱਸਾ ਸੀ। ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਅਮਨਦੀਪ ਬੱਲ ਨੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਗਲੋਬਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਮੁਖੀ ਪ੍ਰੋ. ਗੁਰਿੰਦਰ ਸਿੰਘ ਮਾਨ ਨੇ ਵੀ ਨਿਊਯਾਰਕ ਤੋਂ ਸ਼ਿਰਕਤ ਕੀਤੀ।