Fri. Aug 23rd, 2019

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਯੂਨਾਈਟਿਡ ਸਿੱਖ ਪਾਰਟੀ ਆਗੂ ਪਹੁੰਚੇ ਪਿੰਡ ਚੰਦੂਆਂ ਵਿੱਚ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਯੂਨਾਈਟਿਡ ਸਿੱਖ ਪਾਰਟੀ ਆਗੂ ਪਹੁੰਚੇ ਪਿੰਡ ਚੰਦੂਆਂ ਵਿੱਚ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸੈਚੀਆਂ, ਗੁਟਕਾ ਸਾਹਿਬ ਨੂੰ ਗੁਰੂ ਮਰਿਆਦਾ ਨਾਲ ਪਚਰੰਗਾ ਚੌਂਕ ਗੁਰਦੁਆਰਾ ਸਾਹਿਬ ਵਿੱਚ ਲਿਆਂਦਾ

-ਸਦਰ ਪੁਲਸ ਨੇ ਉਕਤ ਵਿਅਕਤੀ ਖਿਲਾਫ 107-151 ਤਹਿਤ ਕਾਰਵਾਈ ਕਰਦਿਆਂ ਮੈਡੀਕਲ ਜਾਂਚ ਲਈ ਲਿਆਂਦਾ

ਰਾਜਪੁਰਾ, 14 ਸਤੰਬਰ (ਐਚ.ਐਸ.ਸੈਣੀ)-ਇਥੋਂ ਨੇੜਲੇ ਪਿੰਡ ਚੰਦੂਆ ਵਿੱਚ ਬੀਤੀ ਦੇਰ ਰਾਤ ਯੁਨਾਈਟਿਡ ਸਿੱਖ ਪਾਰਟੀ ਅਤੇ ਸਤਿਕਾਰ ਕਮੇਟੀ ਆਗੂਆਂ ਵੱਲੋਂ ਇੱਕ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਮਰਿਆਦਾ ਦੀ ਉਲੰਘਣਾ ਕਰਨ ਦੀਆਂ ਆ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਉਕਤ ਘਰ ਵਿਚੋਂ ਧਾਰਮਿਕ ਗ੍ਰੰਥ ਨੂੰ ਗੱਡੀ ਦੇ ਰਾਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਚਰੰਗਾ ਚੌਂਕ ਵਿੱਚ ਲਿਆ ਕੇ ਸੁੱਖ ਆਸਨ ਕਰਵਾਇਆ। ਇਸ ਦੌਰਾਨ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਦਰ ਪੁਲਸ ਨੇ ਉਕਤ ਮਾਮਲੇ ਵਿੱਚ ਧਾਰਾ 107-151 ਤਹਿਤ ਕਾਰਵਾਈ ਕਰਦਿਆਂ ਲੌੜੀਦੇ ਵਿਅਕਤੀ ਨੂੰ ਐਸ.ਡੀ.ਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨਾਈਟਿਡ ਸਿੱਖ ਪਾਰਟੀ ਦੇ ਸੂਬਾ ਆਗੂ ਜਸਵਿੰਦਰ ਸਿੰਘ ਖਾਲਸਾ, ਜ਼ਿਲਾ ਆਗੂ ਪਰਮਜੀਤ ਸਿੰਘ ਮਾਹੀ, ਸੰਜੀਤ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ, ਗੁਰਦੇਵ ਸਿੰਘ, ਸਰਬਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸਤਿਕਾਰ ਕਮੇਟੀ ਤੋਂ ਗੁਰਿੰਦਰ ਸਿੰਘ, ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਪਿੰਡ ਚੰਦੂਆ ਵਿਚੋਂ ਜਗਦੀਸ ਸਿੰਘ ਤੇ ਹੋਰਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਕਿ ਨਸੀਬ ਸਿੰਘ ਨਾਮਕ ਵਿਅਕਤੀ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਦ ਕਿ ਉਹ ਨਸ਼ਿਆਂ ਦਾ ਸੇਵਨ ਕਰਦਾ ਹੈ। ਜਿਸ ਨਾਲ ਗੁਰੂ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ। ਜਦੋਂ ਉਹ ਬੀਤੀ ਰਾਤ ਪਿੰਡ ਚੰਦੂਆ ਦੇ ਉਕਤ ਘਰ ਵਿੱਚ ਗਏ ਤਾਂ ਉਨਾਂ ਦੇ ਆਉਣ ਦੀ ਭਿਣਕ ਪੈਂਣ ਤੇ ਨਸੀਬ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸੇ ਮੌਕੇ ਥਾਣਾ ਸਦਰ ਪੁਲਸ ਇੰਚਾਰਜ ਥਾਣੇਦਾਰ ਐਸ.ਪੀ ਸਿੰਘ ਸਮੇਤ ਪੁਲਸ ਪਾਰਟੀ ਪਹੁੰਚ ਗਏ। ਇਸ ਦੌਰਾਨ ਸਤਿਕਾਰ ਕਮੇਟੀ ਆਗੂਆਂ ਵੱਲੋਂ ਉਕਤ ਘਰ ਵਿਚੋਂ ਪੁਲਸ ਤੇ ਪਿੰਡ ਦੇ ਮੋਹਤਰਬ ਵਿਅਕਤੀਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਣੇ ਸੈਚੀਆਂ, ਗੁਟਕਾ ਸਾਹਿਬ, ਪਾਲਕੀ ਸਾਹਿਬ ਨੂੰ ਗੱਡੀ ਦੇ ਰਾਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਚਰੰਗਾ ਚੌਂਕ ਰਾਜਪੁਰਾ ਟਾਊਨ ਲਿਆ ਕੇ ਧਾਰਮਿਕ ਗ੍ਰੰਥ ਨੂੰ ਸੁੱਖ ਆਸਨ ਕਰਵਾਇਆ। ਯੂਨਾਈਟਿਡ ਸਿੱਖ ਪਾਰਟੀ ਆਗੂਆਂ ਨੇ ਉਕਤ ਘਟਨਾ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖਤ ਸਬਦਾ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਇਸ ਘਟਨਾ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਅਤੇ ਕੋਈ ਕਾਰਵਾਈ ਕਰਨ ਸਬੰਧੀ ਕੋਈ ਠੋਸ ਕਦਮ ਨਹੀ ਚੁੱਕ ਰਹੀ। ਉਨਾਂ ਮੰਗ ਕੀਤੀ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। -ਇਸ ਸਬੰਧੀ ਥਾਣਾ ਸਦਰ ਪੁਲਸ ਇੰਚਾਰਜ ਐਸ.ਪੀ.ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਉਕਤ ਘਟਨਾ ਨਾਲ ਸਬੰਧਤ ਪਿੰਡ ਚੰਦੂਆ ਵਸਨੀਕ ਨਸੀਬ ਸਿੰਘ ਖਿਲਾਫ ਪਿੰਡ ਵਾਸੀ ਜਗਦੀਸ ਸਿੰਘ ਦੁਆਰਾ ਪ੍ਰਾਪਤ ਹੋਈ ਸ਼ਿਕਾਇਤ ਦੇ ਅਧਾਰ ਤੇ ਧਾਰਾ 107-151 ਤਹਿਤ ਨਸੀਬ ਸਿੰਘ ਨੂੰ ਅੱਜ ਐਸ.ਡੀ.ਐਮ ਰਾਜਪੁਰਾ ਸੰਜੀਵ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਸਿਵਲ ਹਸਪਤਾਲ ਵਿਚੋਂ ਮੈਡੀਕਲ ਜਾਂਚ ਖੂਨ, ਪਿਸ਼ਾਬ ਤੇ ਹੋਰ ਟੈਸਟ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਇਨਾਂ ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਸੀਬ ਸਿੰਘ ਖਿਲਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

%d bloggers like this: