Mon. Apr 22nd, 2019

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿਚ 3 ਹਿਰਾਸਤ ਵਿਚ ਲਏ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿਚ 3 ਹਿਰਾਸਤ ਵਿਚ ਲਏ
ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਤੋਂ ਇਲਾਵਾ ਡੀ.ਸੀ, ਐਸ.ਐਸ.ਪੀ ਆਦਿ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਂ
ਪਿੰਡ ਮਾਣਕਪੁਰਾ ਪੁਲਿਸ ਛਾਉਣੀ ਵਿਚ ਤਬਦੀਲ

ਭਿੱਖੀਵਿੰਡ 5 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਵਿਖੇ ਬੀਤੇਂ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ਦੇ ਸੰਬੰਧ ਵਿਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਰਬਜੀਤ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਸਾਰੇ ਵਾਸੀਆਨ ਪਿੰਡ ਮਾਣਕਪੁਰਾ ਨੂੰ ਹਿਰਾਸਤ ਵਿਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦੀ ਜਾਣਕਾਰੀ ਮਿਲਣ ‘ਤੇ ਅੱਜ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਜਿਹਨਾਂ ਵਿਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਭਾਈ ਸਤਨਾਮ ਸਿੰਘ ਮਨਾਵਾ, ਐਸ.ਜੀ.ਪੀ.ਸੀ ਪ੍ਰਚਾਰਕ ਜਸਬੀਰ ਸਿੰਘ, ਪ੍ਰਚਾਰਕ ਗੁਰਬਚਨ ਸਿੰਘ ਕਲਸੀਆਂ, ਪ੍ਰਚਾਰਕ ਹੀਰਾ ਸਿੰਘ ਮਨਿਆਲਾ, ਸਤਿਕਾਰ ਕਮੇਟੀ ਦੇ ਆਗੂ ਸੂਬਾ ਸਿੰਘ ਰਾਮਰੋਣੀ, ਰਣਜੀਤ ਸਿੰਘ ਉਧੋਕੇ, ਹਰਪ੍ਰੀਤ ਸਿੰਘ ਪੱਟੀ, ਬਾਬਾ ਗਿਆਨ ਸਿੰਘ ਮਨਿਆਲਾ, ਐਸ.ਜੀ.ਪੀ.ਸੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਪੱਟੀ, ਜਥੇਦਾਰ ਸਾਧੂ ਸਿੰਘ ਚੰਬਲ, ਸੁਖਵਿੰਦਰ ਸਿੰਘ ਕਿਰਤੋਵਾਲ, ਕੇਵਲ ਸਿੰਘ ਔਲਖ, ਕਵੀਸ਼ਰ ਗੁਰਨਾਮ ਸਿੰਘ ਮਨਿਆਲਾ, ਗੁਰਮੇਲ ਸਿੰਘ, ਸਰਪੰਚ ਸੁਖਵੰਤ ਸਿੰਘ, ਪੰਚ ਗੁਰਦਾਨ ਸਿੰਘ, ਸਾਬਕਾ ਸਰਪੰਚ ਪਲਵਿੰਦਰ ਸਿੰਘ ਆਦਿ ਧਾਰਮਿਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤਾਂ ਪਹੰੁਚੀਆਂ। ਉਥੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਡੀ.ਪੀ.ਐਸ ਖਰਬੰਦਾ, ਐਸ.ਐਸ.ਪੀ ਹਰਜੀਤ ਸਿੰਘ, ਐਸ.ਡੀ.ਐਮ ਪੱਟੀ ਰਜਤ ਉਬਰਾਏ, ਐਸ.ਪੀ ਰੁਪਿੰਦਰ ਕੁਮਾਰ ਭਾਰਦਵਾਜ, ਡੀ.ਐਸ.ਪੀ (ਡੀ) ਹਰਪਾਲ ਸਿੰਘ, ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ, ਡੀ.ਐਸ.ਪੀ ਅਮਨਦੀਪ ਕੌਰ, ਨਾਇਬ ਤਹਿਸੀਲਦਾਰ ਭਿੱਖੀਵਿੰਡ ਇੰਦਰਜੀਤ ਸਿੰਘ ਧਨੋਆ, ਐਸ.ਐਚ.ੳ ਭਿੱਖੀਵਿੰਡ ਹਰਦੀਪ ਸਿੰਘ ਆਦਿ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਧਾਰਮਿਕ ਆਗੂਆਂ ਤੇ ਲੋਕਾਂ ਨਾਲ ਮੀਟਿੰਗ ਕਰਦਿਆਂ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ।
ਗੁਰਦੁਆਰਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ‘ਤੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਅਮਰੀਕ ਸਿੰਘ ਅਜਨਾਲਾ, ਭਾਈ ਸਤਨਾਮ ਸਿੰਘ ਮਨਾਵਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਾਡੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਪਹਿਲੀ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਅੰਦਰ ਅਨੇਕਾਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਹੁਣ ਕਾਂਗਰਸ ਸਰਕਾਰ ਬਣਨ ਉਪਰੰਤ ਵੀ ਐਸੀਆਂ ਘਟਨਾਵਾਂ ਜਾਰੀ ਹਨ, ਜੋ ਸ਼ਰਮਨਾਕ ਹਨ। ਉਪਰੋਕਤ ਨੇਤਾਵਾਂ ਨੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਆਰੰਭਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
ਸਤਿਕਾਰ ਕਮੇਟੀ ਆਗੂ ਸੂਬਾ ਸਿੰਘ ਰਾਮਰੋਣੀ ਨੇ ਆਖਿਆ ਕਿ ਬੀਤੇ ਡੇਢ ਸਾਲ ਤੋਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨ ਕਰਕੇ ਲੋਕਾਂ ਦਾ ਵਿਸ਼ਵਾਸ਼ ਪ੍ਰਸ਼ਾਸ਼ਨ ਤੋਂ ਉਠ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਵੱਲੋਂ ਪਰਚੇ ਦਰਜ ਕਰਕੇ ਖਾਨਾਪੂਰਤੀ ਕੀਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਬੇਅਦਬੀ ਦੀ ਘਟਨਾ ਨੂੰ ਦੁਖਦਾਈ ਦੱਸਿਆ ਤੇ ਆਖਿਆ ਇਸ ਕੇਸ ਦੀ ਜਾਂਚ ਸੀ.ਆਈ.ਏ ਸਟਾਫ ਨੂੰ ਸੌਪੀ ਗਈ ਹੈ। ਡੀ.ਸੀ ਨੇ ਮੰਦਭਾਗੀ ਘਟਨਾ ਦੇ ਜਿੰਮੇਵਾਰ ਲੋਕਾਂ ਨੂੰ ਪਾਗਲ ਦੱਸਿਆ ਅਤੇ ਆਖਿਆ ਕਿ ਸਰਕਾਰ ਦੀਆਂ ਸਖਤ ਹਦਾਇਤਾਂ ‘ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀ ਜਾਵੇਗਾ। ਉਹਨਾਂ ਨੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੂੰ ਪ੍ਰਸ਼ਾਸ਼ਨ ਤਰਫੋਂ ਵਿਸ਼ਵਾਸ਼ ਦਿਵਾਉਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀ 443 ਤੋਂ ਲੈ ਕੇ 458 ਤੱਕ ਪੰਨਿਆਂ ਦਾ ਨਿਰਾਦਰ ਕੀਤਾ ਗਿਆ ਹੈ ਅਤੇ ਧਾਰਮਿਕ ਆਗੂਆਂ ਨੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਗਿਆ। ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰ ਦਿੱਤੇ ਗਏ।

Share Button

Leave a Reply

Your email address will not be published. Required fields are marked *

%d bloggers like this: