ਸ੍ਰੀ ਅਨੰਦਪੁਰ ਸਾਹਿਬ ਵਿੱਚ ਰਸੌਈ ਗੈਸ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ੁਰੂਆਤ

ss1

ਸ੍ਰੀ ਅਨੰਦਪੁਰ ਸਾਹਿਬ ਵਿੱਚ ਰਸੌਈ ਗੈਸ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ੁਰੂਆਤ
ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਛਾਈ ਜਾਣ ਵਾਲੀ 41 ਕਿਲੋਮੀਟਰ ਗੈਸ ਪਾਈਪ ਲਾਈਨ ਨਾਲ ਗੁਰੂਧਾਮਾਂ, ਸਕੂਲਾਂ ਤੇ ਵਪਾਰਕ ਅਦਾਰਿਆਂ ਨੂੰ ਮਿਲੇਗੀ ਪ੍ਰਦੂਸ਼ਣ ਮੁਕਤ ਕਿਫਾਇਤੀ ਤੇ ਸੁਰੱਖਿਅਤ ਰਸੌਈ ਗੈਸ: ਰਾਣਾ ਕੇ.ਪੀ.ਸਿੰਘ

ਸ੍ਰੀ ਅਨੰਦਪੁਰ ਸਾਹਿਬ, 3 ਮਈ (ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਅਜਿਹਾ ਵਿਧਾਨ ਸਭਾ ਹਲਕਾ ਹੋਵੇਗਾ, ਜਿੱਥੇ ਘਰੇਲੂ ਰਸੌਈ ਗੈਸ ਦੀ ਸਹੂਲਤ ਪਾਈਪਲਾਈਨ ਰਾਹੀਂ ਹਰ ਘਰ ਵਿੱਚ ਪਹੁੰਚਾਈ ਜਾਵੇਗੀ। ਇਸ ਇਤਿਹਾਸਿਕ ਪਵਿਤਰ ਅਤੇ ਧਾਰਮਿਕ ਨਗਰੀ ਦੇ ਗੁਰੂ ਧਾਮਾਂ ਨੂੰ ਵੀ ਰਸੌਈ ਗੈਸ ਦੀ ਇਹ ਸਹੂਲਤ ਸਭਤੋਂ ਪਹਿਲਾਂ ਦਿੱਤੀ ਜਾਵੇਗੀ। ਸਕੂਲਾਂ ਤੇ ਵਪਾਰਕ ਸੰਸਥਾਨਾਂ ਨੂੰ ਵੀ ਇਹ ਕਿਫਾਇਤੀ ਅਤੇ ਸੁਰੱਖਿਅਤ ਪ੍ਰਦੂਸ਼ਣ ਮੁਕਤ ਗੈਸ ਪਾਈਪ ਲਾਈਨ ਰਾਹੀਂ ਮੁਹੱਈਆ ਕਰਵਾਈ ਜਾਵੇਗੀ ਅਤੇ ਇੱਥੇ ਇੱਕ ਸੀ.ਐਨ.ਜੀ. ਗੈਸ ਸਟੇਸ਼ਨ ਵੀ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਨਾਲ ਇਹ ਹਲਕਾ ਪੰਜਾਬ ਦਾ ਪਹਿਲਾ ਇਸ ਸਹੂਲਤ ਵਾਲਾ ਹਲਕਾ ਬਣ ਜਾਵੇਗਾ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਵਿਰਾਸਤ-ਏ-ਖਾਲਸਾ ਦੇ ਨੇੜੇ ਭਾਰਤ ਪੈਟਰੋਲੀਅਮ ਵੱਲੋਂ ਗੈਸ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਘਰੇਲੂ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਨੰਗਲ ਤੋਂ ਸ਼ੁਰੂ ਕੀਤਾ ਹੈ। ਜਿੱਥੇ 60 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਾ ਦਿੱਤੀ ਗਈ ਹੈ ਅਤੇ ਲਗਭਗ 1000 ਘਰਾਂ ਦੀ ਰਸੌਈ ਤੱਕ ਸਟੀਲ ਅਤੇ ਫਾਈਬਰ ਦੀ ਪਾਈਪ ਲਾਈਨ ਪਹੁੰਚਾਈ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਨੰਗਲ ਦੇ 200 ਖਪਤਕਾਰਾਂ ਨੂੰ ਇਹ ਰਸੌਈ ਗੈਸ ਮਿਲਣੀ ਸ਼ੁਰੂ ਹੋ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਵਿਧਾਨ ਸਭਾ ਹਲਕੇ ਦਾ ਦੂਜਾ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਹੈ, ਜਿੱਥੇ 41 ਕਿਲੋਮੀਟਰ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਦੇ ਲਈ ਭਾਰਤ ਪੈਟਰੋਲੀਅਮ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਹ ਗੈਸ ਵਧੇਰੇ ਸੁਰੱਖਿਅਤ, ਕਿਫਾਇਤੀ ਅਤੇ ਪ੍ਰਦੂਸ਼ਣ ਮੁਕਤ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਐਲ.ਪੀ.ਜੀ. ਸਿਲੰਡਰ ਦੀ ਢੋ-ਢੁਆਈ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਉਨਾਂ ਕਿਹਾ ਕਿ ਕੀਰਤਪੁਰ ਸਾਹਿਬ ਇਸਤੋਂ ਅਗਲਾ ਪ੍ਰੋਜੈਕਟ ਹੈ ਅਤੇ ਉਸ ਦੇ ਪੂਰਾ ਹੋਣ ਨਾਲ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਅਜਿਹਾ ਹਲਕਾ ਹੋਵੇਗਾ ਜਿੱਥੇ ਖਪਤਕਾਰਾਂ ਨੂੰ ਰਸੌਈ ਗੈਸ ਪਾਈਪਲਾਈਨ ਰਾਹੀਂ ਮਿਲੇਗੀ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ 2002 ਵਿੱਚ ਜਦੋਂ ਉਹ ਪਹਿਲੀ ਵਾਰ ਇਸ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਚੁਣੇ ਗਏ ਤਾਂ ਐਨ.ਐਫ.ਐਲ. ਨੰਗਲ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਉਨਾਂ ਨੂੰ ਇਸ ਗੈਸ ਪਾਈਪ ਲਾਈਨ ਨੂੰ ਐਨ.ਐਫ.ਐਲ. ਕਾਰਖਾਨੇ ਵਿੱਚ ਲਿਆਉਣ ਲਈ ਉਪਰਾਲਾ ਕਰਨ ਲਈ ਕਿਹਾ ਸੀ ਅਤੇ ਉਸ ਸਮੇਂ ਜਦੋਂ ਉਹ ਮੁੱਖ ਸੰਸਦੀ ਸਕੱਤਰ ਉਦਯੋਗ ਬਣੇ ਤਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੇਂਦਰ ਸਰਕਾਰ ਨੂੰ ਪੰਜਾਬ ਦਾ ਬਣਦਾ ਹਿੱਸਾ ਦੇ ਕੇ ਨੰਗਲ ਵਿੱਚ ਚਰਖੀ ਦਾਦਰੀ ਤੋਂ ਗੈਸ ਪਾਈਪ ਲਾਈਨ ਲਿਆਉਣ ਲਈ ਕਿਹਾ ਸੀ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਨੂੰ ਪ੍ਰਵਾਨ ਕਰਕੇ ਪੰਜਾਬ ਦਾ ਹਿੱਸਾ ਦਿੱਤਾ ਅਤੇ ਅੱਜ ਇਹ ਇਲਾਕਾ ਅਤਿ ਵਿਕਸਿਤ ਅਤੇ ਖੁਸ਼ਹਾਲ ਇਲਾਕਾ ਬਨਣ ਜਾ ਰਿਹਾ ਹੈ। ਜਿੱਥੇ ਇਹ ਗੈਸ ਵੱਡੇ ਵਪਾਰਕ ਅਦਾਰਿਆਂ ਲਈ ਬਿਜਲੀ ਤੋਂ ਵਧੇਰੇ ਕਿਫਾਇਤੀ ਅਤੇ ਸੁਰੱਖਿਅਤ ਹੋਵੇਗੀ। ਉਨਾਂ ਆਸ ਪ੍ਰਗਟ ਕੀਤੀ ਕਿ ਊਰਜਾ ਦੇ ਨਾਲ ਵੱਡੇ ਕਾਰਖਾਨੇ ਅਤੇ ਉਦਯੋਗ ਵੀ ਇੱਥੇ ਸਥਾਪਿਤ ਹੋਣਗੇ।
ਭਾਰਤ ਪੈਟਰੋਲੀਅਮ ਦੇ ਚੀਫ ਮੈਨੇਜਰ ਸ੍ਰੀ ਰਜਿੰਦਰ ਕੁਮਾਰ ਨੇ ਕਿਹਾ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਯਤਨਾ ਸਦਕਾ ਅਸੀਂ ਇਸ ਖੇਤਰ ਵਿੱਚ ਇਹ ਗੈਸ ਪਾਈਪ ਲਾਈਨ ਲਿਆਉਣ ਅਤੇ ਵਿਛਾਉਣ ਵਿੱਚ ਸਫਲ ਹੋ ਰਹੇ ਹਾਂ। ਉਨਾਂ ਦੱਸਿਆ ਕਿ ਇਸ ਗੈਸ ਪਾਈਪ ਲਾਈਨ ਦਾ ਪ੍ਰੈੱਸ਼ਰ(ਦਬਾਅ) ਕਾਫੀ ਘੱਟ ਹੈ ਅਤੇ ਹਾਦਸੇ ਹੋਣ ਦੀ ਵੀ ਸੰਭਾਵਨਾ ਬਿਲਕੁਲ ਨਹੀਂ ਹੈ। ਉਨਾਂ ਕਿਹਾ ਕਿ ਸਾਡੇ ਅਧਿਕਾਰੀ ਸਥਾਈ ਤੌਰ ‘ਤੇ ਇੱਥੇ ਮੌਜੂਦ ਰਹਿਣਗੇ ਅਤੇ ਇਸ ਗੈਸ ਪਾਈਪ ਲਾਈਨ ਦੀ ਮੁਰੰਮਤ, ਰੱਖ-ਰਖਾਵ ਅਤੇ ਸਾਂਭ-ਸੰਭਾਲ ਦੀ ਮੁਕੰਮਲ ਜਿੰਮੇਵਾਰੀ ਭਾਰਤ ਪੈਟਰੋਲੀਅਮ ਦੀ ਹੋਵੇਗੀ। ਉਨਾਂ ਕਿਹਾ ਕਿ ਇਸ ਪਾਈਪ ਲਾਈਨ ਦੇ ਕਾਰਜਸ਼ੀਲ ਹੋਣ ਨਾਲ ਇਹ ਇਲਾਕਾ ਕਾਫੀ ਵਿਕਸਿਤ ਹੋ ਜਾਵੇਗਾ।
ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਭਾਰਤ ਪੈਟਰੋਲੀਅਮ ਦੇ ਅਧਿਕਾਰੀਆਂ ਵੱਲੋਂ ਰਾਣਾ ਕੇ.ਪੀ. ਸਿੰਘ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਕੌਸਲਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਕੌਂਸਲਰ ਨਰਿੰਦਰ ਸੈਣੀ ਨਿੰਦਾ, ਕਮਲਦੇਵ ਜ਼ੌਸ਼ੀ, ਪਿਆਰੇ ਲਾਲ ਜੈਸਵਾਲ, ਰਮੇਸ਼ ਚੰਦਰ ਦਸਗਰਾਂਈ, ਪ੍ਰੇਮ ਸਿੰਘ ਬਾਸੋਵਾਲ, ਜੱਥੇਦਾਰ ਰਾਮ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਰਾਮ ਕੁਮਾਰ, ਗੁਰਅਵਤਾਰ ਸਿੰਘ ਚੰਨ, ਬਲਬੀਰ ਸਿੰਘ ਚਾਨਾ, ਬਲਬੀਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਸਮੂਹ ਕੌਂਸਲਰ ਅਤੇ ਪਤਵੰਤੇ ਤੇ ਭਾਰਤ ਪੈਟਰੋਲੀਅਮ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *