ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਘਰੇ ਲੋਕਾਂ ਨੂੰ ਪੰਜ ਮਰਲੇ ਦੇ ਪਲਾਟ ਦੇਣ ਦੀ ਸਕੀਮ ਦਾ ਹੋਇਆ ਆਗਾਜ਼

ss1

ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਘਰੇ ਲੋਕਾਂ ਨੂੰ ਪੰਜ ਮਰਲੇ ਦੇ ਪਲਾਟ ਦੇਣ ਦੀ ਸਕੀਮ ਦਾ ਹੋਇਆ ਆਗਾਜ਼

ਹਲਕੇ ਵਿੱਚ ਕੋਈ ਵੀ ਪਰਿਵਾਰ ਬੇਘਰਾ ਨਹੀਂ ਰਹਿਣ ਦਿੱਤਾ ਜਾਵੇਗਾ-ਸਪੀਕਰ ਰਾਣਾ ਕੇ.ਪੀ. ਸਿੰਘ।

ਯੋਗ ਲੋੜਵੰਦ ਪਰਿਵਾਰਾਂ ਦੇ ਭਰੇ ਗਏ ਫਾਰਮ, ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਸ੍ਰੀ ਅਨੰਦਪੁਰ ਸਾਹਿਬ 09 ਜਨਵਰੀ 2018: ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਯੋਗ ਬੇਘਰੇ ਪਰਿਵਾਰਾਂ ਵਲੋਂ ਘਰ ਬਣਾਉਣ ਲਈ ਪੰਜ ਮਰਲੇ ਤੱਕ ਦਾ ਪਲਾਟ ਲੈਣ ਵਾਸਤੇ ਬਲਾਕ ਵਿਕਾਸ ਪੰਚਾਇਤ ਅਫਸਰਾਂ ਦੇ ਦਫਤਰ ਵਿੱਚ ਮੁਫਤ ਫਾਰਮ ਪ੍ਰਾਪਤ ਕਰਕੇ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਇੱਕ ਹੋਰ ਵਖਰੀ ਯੋਜਨਾ ਸ਼ਹਿਰੀ ਖੇਤਰ ਦੇ ਬੇਘਰੇ ਲੋਕਾਂ ਨੂੰ ਪਲਾਟ ਦੇਣ ਲਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਸਾਡਾ ਨਿਸ਼ਾਨਾ ਹਰ ਇੱਕ ਬੇਘਰੇ ਵਿਅਕਤੀ ਨੂੰ ਆਪਣਾ ਆਸ਼ੀਆਨਾ ਬਣਾਉਣ ਲਈ ਪਲਾਟ ਦੇਣਾ ਹੈ। ਅਸੀਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕੋਈ ਵੀ ਪਰੀਵਾਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਅਜਿਹਾ ਨਹੀਂ ਹੋਵੇਗਾ ਜਿਸਦੇ ਕੋਲ ਆਪਣਾ ਘਰ ਨਾ ਹੋਵੇ। ਕਿਉਂਕਿ ਪੇਟ ਦੀ ਭੁੱਖ ਸ਼ਾਂਤ ਹੋਣ ਤੋਂ ਬਾਅਦ ਇਨਸਾਨ ਦੀ ਦੂਜੀ ਮੁੱਖ ਜ਼ਰੂਰਤ ਆਪਣਾ ਘਰ ਹੈ।

ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਜੁੜੇ ਹਲਕੇ ਦੇ ਹਜ਼ਾਰਾਂ ਲੋਕਾਂ ਦੇ ਇੱਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹ ਸਮਾਰੌਹ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਪੇਂਡੂ ਖੇਤਰ ਦੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਮੁਫਤ ਦੇਣ ਲਈ ਫਾਰਮ ਭਰਨ ਦਾ ਕੈਂਪ ਲਗਾਉਣ ਸਬੰਧੀ ਲਗਾਇਆ ਗਿਆ ਸੀ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਸਕੀਮ ਸ਼ੁਰੂ ਕਰਨ ਜਾ ਰਹੇ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ 42 ਸਾਲ ਵਿੱਚੋਂ 30 ਸਾਲ ਦਾ ਲੰਮਾਂ ਅਰਸਾ ਬਤੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਲਗਭਗ 24000 ਦੇ ਫਰਕ ਨਾਲ ਉਨ੍ਹਾਂ ਨੂੰ ਵਿਧਾਨ ਸਭਾ ਚੌਣਾਂ ਵਿੱਚ ਜਿੱਤ ਦੁਆਈ ਅਤੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਨਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਚੌਣਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਚੁਣੇ ਹੋਏ ਨੁਮਾਇਦਿਆਂ ਦੀ ਇਹ ਜੁੰਮੇਵਾਰੀ ਹੈ ਕਿ ਉਹ ਲੋਕਾਂ ਦੇ ਸਿਰ ਦੀ ਛੱਤ ਦਾ ਬੰਦੋਬਸਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਸ਼ਲਾਘਾਯੋਗ ਫੈਸਲਾ ਕੀਤਾ ਹੈ ਕਿ ਹਰ ਬੇਘਰੇ ਪਰਿਵਾਰ ਨੂੰ ਪੰਜ-ਪੰਜ ਮਰਲੇ ਦੇ ਪਲਾਟ ਆਪਣਾ ਘਰ ਬਨਾਉਣ ਲਈ ਮੁਫਤ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇ ਦਿੱਤੇ ਹਨ ਕਿ ਜਦੋਂ ਤੱਕ ਇਸ ਯੋਜਨਾ ਦਾ ਲਾਭ ਹਰ ਇੱਕ ਯੋਗ ਲੋੜਵੰਦ ਪਰਿਵਾਰ ਤੱਕ ਨਹੀਂ ਪੁੱਜ ਜਾਂਦਾ ਉਸ ਸਮੇਂ ਤੱਕ ਉਹ ਪੂਰੀ ਮੇਹਨਤ ਅਤੇ ਲਗਨ ਨਾਲ ਇਸ ਕੰਮ ਵਿੱਚ ਜੁਟ ਜਾਣ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਰਕਾਰਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ ਤੋਂ ਵੱਧ ਇਸ ਯੋਜਨਾ ਦਾ ਲਾਭ ਹਰ ਇੱਕ ਯੋਗ ਲਾਭ ਪਾਤਰੀ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਪੰਚਾਂ-ਸਰਪੰਚਾਂ, ਕੌਸਲਰਾਂ, ਨੰਬਰਦਾਰਾਂ, ਸਮਾਜ ਸੇਵੀ ਸੰਗਠਨਾ ਦੇ ਅਹੁਦੇਦਾਰਾਂ ਅਤੇ ਮੈਬਰਾਂ ਦੀ ਹੈ। ਉਨ੍ਹਾ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਤੋਂ ਇਸ ਯੋਜਨਾ ਦਾ ਲਾਭ ਹਰ ਇੱਕ ਲੋੜਵੰਦ ਪਰਿਵਾਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵੀ ਤਾਕੀਦ ਕੀਤੀ ਕਿ ਇਸ ਯੋਜਨਾ ਨੂੰ ਲਾਗੂ ਕਰਨ ਅਤੇ ਹਰ ਲਾਭਪਾਤਰੀ ਤੱਕ ਇਸਦਾ ਲਾਭ ਪਹੁੰਚਾਉਣ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਭ ਤੋਂ ਪਹਿਲਾਂ ਇਹ ਯੋਜਨਾ ਮੁਕੰਮਲ ਕੀਤੀ ਜਾਵੇਗੀ।

ਸਪੀਕਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਪਲਾਟ ਉਤੇ ਘਰ ਬਨਾਉਣ ਲਈ ਲੋੜੀਂਦਾ ਧਨ ਨਹੀਂ ਹੈ। ਉਨ੍ਹਾਂ ਲਈ ‘ਇਦਰਾਂ ਵਿਕਾਸ ਯੋਜਨਾ’ ਰਾਹੀਂ ਕੁਝ ਮਾਲੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਅਸੀਂ ਸਮਾਜ ਸੇਵੀ ਸੰਗਠਨਾ ਤੋਂ ਵੀ ਲੋੜਵੰਦਾਂ ਦੇ ਘਰ ਬਨਾਉਣ ਲਈ ਪੈਸੇ ਦਾ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਇਹ ਯੋਜਨਾ ਸ੍ਰੀ ਕੀਰਤਪੁਰ ਸਾਹਿਬ ਦੇ ਬੰਗਾਲਾ ਪਰੀਵਾਰਾਂ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਦੌਲਾ-ਬਸਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਕ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਜਿਸ ਦੇ ਨਾਲ 200 ਲੋੜਵੰਦ ਪਰਿਵਾਰਾਂ ਦੇ ਘਰ ਬਣਾਕੇ ਦਿੱਤੇ ਜਾਣਗੇ।

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕ ਬੇਲੋੜੀ ਨੁਕਤਾ ਚਿਨ੍ਹੀ ਕਰਕੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਸਾਰਥਕ ਕੰਮਾਂ ਬਾਰੇ ਵੀ ਭੋਲੇ-ਭਾਲੇ ਲੋਕਾਂ ਵਿੱਚ ਭਰਮ-ਭੁਲੇਖੇ ਪਾ ਦਿੰਦੇ ਹਨ। ਅਜਿਹੇ ਗੈਰ ਜੁੰਮੇਵਾਰ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਪੰਜ ਏਕੜ ਵਾਲੇ ਕਿਸਾਨ ਦੀ ਕਿਰਸਾਨੀ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਯੋਜਨਾ ਲਾਗੂ ਕਰ ਦਿੱਤੀ ਹੈ ਉਸ ਵਿੱਚ ਕਿਸਾਨ ਵੱਲੋਂ ਕਿਸਾਨੀ ਨਾਲ ਸਬੰਧਤ ਲਿਆ ਕਰਜ਼ਾ ਮਾਫ ਕੀਤਾ ਜਾ ਰਿਹਾ ਹੈ ਜਿਸ ਦੀ ਇੱਕ ਕਿਸ਼ਤ ਜਾਰੀ ਕੀਤੀ ਹੈ ਉਨ੍ਹਾਂ ਹੌਰ ਤਿੰਨ ਕਿਸ਼ਤਾਂ ਜਲਦੀ ਜਾਰੀ ਹੋ ਜਾਣ ਦਾ ਭਰੌਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਮਜ਼ਦੂਰ ਦਾ ਕਰਜ਼ਾ ਵੀ ਮਾਫ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਧਿਕਾਰੀਆਂ ਦੀ ਬੇਹਤਰੀਨ ਟੀਮ ਨਿਯੁਕਤ ਕੀਤੀ ਗਈ ਹੈ ਜੋ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਗੁੰਡਾਂ ਪਰਚੀ ਵਿਰੁੱਧ ਵਰ੍ਹੇ ਰਾਣਾ ਕੇ.ਪੀ. ਸਿੰਘ

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਨਾਜ਼ਾਇਜ਼ ਖਨਣ ਦੇ ਵਿਰੁੱਧ ਹਨ ਅਤੇ ਉਨ੍ਹਾਂ ਨੂੰ ਇਹ ਸ਼ਿਕਾਇਤ ਮਿਲ ਰਹੀ ਹੈ ਕਿ ਅੱਜ ਕਲ੍ਹ ਗੁੰਡਾ ਪਰਚੀ ਵਾਲੇ ਇਸ ਇਲਾਕੇ ਵਿੱਚ ਸਰਗਰਮ ਹੋਣ ਲੱਗੇ ਹਨ। ਜਿਹੜੇ ਠੇਕੇਦਾਰਾਂ ਨੂੰ ਜੋ ਵੀ ਖਨਣ ਦਾ ਠੇਕਾ ਮਿਲਿਆ ਹੈ ਉਹ ਕੇਵਲ ਉਸੇ ਥਾਂ ਉੱਤੇ ਨਿਯਮਾਂ ਅਨੁਸਾਰ ਹੀ ਖਨਣ ਕਰਨ ਜੇਕਰ ਇਸ ਬਾਰੇ ਕੋਈ ਉਲੰਘਣਾਂ ਦੀ ਸੂਚਨਾਂ ਮਿਲੀ ਤਾਂ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਅਤੇ ਬੇਇੰਨਸਾਫੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਆਪਣੀ ਕਾਰਵਾਈ ਕਰੇਗਾ। ਉਨ੍ਹਾਂ ਐਸ.ਡੀ.ਐਮ. ਅਤੇ ਡੀ.ਐਸ.ਪੀ. ਨੂੰ ਅਜਿਹੇ ਗੁੰਡੇ ਅਨਸਰਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਉੱਤੇ ਸਖਤ ਨੋਟਿਸ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬ, ਹਿਤੇਸ਼ੀ ਅਤੇ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਸ ਇਲਾਕੇ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸ੍ਰੀ ਅਨੰਦਪੁਰ ਸਾਹਿਬ ਵਿਕਾਸ ਅਥਾਰਟੀ ਹੋਵੇਗੀ ਵਰਦਾਨ ਸਾਬਿਤ

ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਦਸੰਬਰ ਨੂੰ ਇਸ ਇਤਿਹਾਸਕ ਨਗਰੀ ਵਿੱਚ ਹੋਏ ਇੱਕ ਬਹੁਤ ਵੱਡੇ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ ਸੀ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਕਾਸ ਅਥਾਰਟੀ ਬਣਾਉਣ ਦਾ ਐਲਾਨ ਕਰਕੇ ਗਏ। ਉਹ ਇਸ ਇਲਾਕੇ ਦੇ ਸਰਵਪੱਖੀ ਵਿਕਾਸ ਅਤੇ ਚੰਗਰ ਦੇ ਇਲਾਕੇ ਵਿੱਚ ਕੋਈ ਵੱਡਾ ਉਦਯੋਗ ਸਥਾਪਿਤ ਕਰਨ ਦਾ ਐਲਾਨ ਕਰਕੇ ਗਏ ਹਨ। ਜਿਸ ਨਾਲ ਇਸ ਇਲਾਕੇ ਦਾ ਨਕਸ਼ ਨੁਹਾਰ ਸੁਧਰ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਅਸੀਂ 102 ਕਰੋੜ ਰੁਪਏ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਲਿਆਂਦੇ ਸੀ ਅਤੇ ਹੁਣ ਵੀ 32 ਕਰੋੜ ਰੁਪਏ ਹੋਰ ਲਿਆ ਰਹੇ ਹਾਂ।

ਨੰਗਲ ਦਾ ਹੋ ਰਿਹਾ ਹੈ ਸਰਵਪੱਖੀ ਵਿਕਾਸ।

ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਨੰਗਲ ਵਿੱਚ 170 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਾ ਵਾਲੇ ਫਲਾਈਓਵਰ ਦਾ ਕੰਮ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨੰਗਲ ਵਿੱਚ ਗੈਸ ਪਾਈਪ ਲਾਈਨ ਵਿਛਾ ਕੇ ਘਰੇਲੂ ਗੈਸ ਖਪਤਕਾਰਾਂ ਨੂੰ ਇੱਕ ਵੱਡੀ ਸਹੂਲਤ ਦੇ ਰਹੇ ਹਾਂ। ਨੰਗਲ ਵਿੱਚ ਲੱਗਿਆ ਕਾਰਖਾਨਾ ਪੀ.ਏ.ਸੀ.ਐਲ. ਮੁੜ ਕਾਰਜਸ਼ੀਲ ਹੋ ਗਿਆ ਹੈ ਅਤੇ ਮੁਨਾਫਾ ਕਮਾ ਰਿਹਾ ਹੈ। ਉਸ ਵਿੱਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਦੇ ਲਈ ਹਰ ਇੱਕ ਵਾਅਦਾ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਅਸੀਂ ਵਚਨਬੱਧ ਹਾਂ।

ਇਸ ਮੌਕੇ ਬੀ.ਡੀ.ਪੀ.ਓ. ਦਫਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇੱਥੇ ਆਏ ਇਲਾਕੇ ਦੇ ਲੋੜਵੰਦ ਯੋਗ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ, ਉਪ ਮੰਡਲ ਮੈਜਿਸਟਰੇਟ ਭਰਤਗੜ੍ਹ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਗੁਜਰਾਲ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਦਵਿੰਦਰਕੁਮਾਰ ਸ਼ਰਮਾ, ਡੀ.ਡੀ.ਪੀ.ਓ. ਗੁਰਨੇਤਰ ਸਿੰਘ, ਬੀ.ਡੀ.ਪੀ.ਓ. ਦਰਸ਼ਨ ਸਿੰਘ ਭੁਮਦੀ, ਜੇ.ਈ. ਨਰੇਸ਼ ਸੈਣੀ, ਸ੍ਰੀ ਪ੍ਰੇਮ ਸਿੰਘ ਬਾਸੋਵਾਲ, ਹਰਬੰਸ ਲਾਲ ਮਹਿੰਦਲੀ, ਸ੍ਰੀ ਕਮਲਦੇਵ ਜੋਸ਼ੀ, ਕੌਂਸਲਰ ਹਰਜੀਤ ਸਿੰਘ ਜੀਤਾ, ਕੌਂਸਲਰ ਨਰਿੰਦਰ ਸੈਣੀ, ਚੇਅਰਮੈਨ ਬਲਾਕ ਸੰਮਤੀ ਜੋਗਿੰਦਰ ਸਿੰਘ ਬੈਂਸ, ਸ੍ਰੀ ਬੇਗਮ ਫਰੀਦਾਂ, ਗੁਰਚਰਨ ਸਿੰਘ ਕਟਵਾਲ, ਸਵਰਨ ਸਿੰਘ ਲੋਧੀਪੁਰ, ਸੂਰਤ ਸਿੰਘ ਬਾਸੋਵਾਲ, ਸੰਜੀਵਨ ਰਾਣਾ, ਕਾਰਜਸਾਧਕ ਅਫਸਰ ਜਗਜੀਤ ਸਿੰਘ ਜੱਜ, ਐਸ.ਐਚ.ਓ. ਸ੍ਰੀ ਦਵਿੰਦਰ ਸਿੰਘ ਅਤੇ ਹੋਰ ਪਿੰਡਾਂ ਦੇ ਪੰਚ-ਸਰਪੰਚ, ਨੰਬਰਦਾਰ ਅਤੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *