Sun. Sep 15th, 2019

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਹੋਇਆ 62 ਫੀਸਦੀ ਮਤਦਾਨ

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਹੋਇਆ 62 ਫੀਸਦੀ ਮਤਦਾਨ
ਈ ਵੀ ਐਮ ਮਸ਼ੀਨਾਂ ‘ਚ ਤਕਨੀਕੀ ਖਰਾਬੀ ਕਰਕੇ ਕਈ ਬੂਥਾਂ ਤੇ ਦੇਰੀ ਨਾਲ ਸ਼ੁਰੂ ਹੋਇਆ ਮਤਦਾਨ

ਸ੍ਰੀ ਆਨੰਦਪੁਰ ਸਾਹਿਬ, 19 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ 221 ਬੂਥਾਂ ਤੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਉਣ ਦਾ ਕੰਮ ਪੂਰੇ ਅਮਨ ਅਮਾਨ ਦੇ ਨਾਲ ਨੇਪਰੇ ਚੜ ਗਿਆ ਅਤੇ ਮਤਦਾਨ 62 ਫੀਸਦੀ ਰਿਹਾ।
ਹਾਲਾਂਕਿ ਅੱਜ ਇਹ ਵੇਖਣ ਵਿੱਚ ਆਇਆ ਸੀ ਕਿ ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਉਪਰੰਤ ਹੀ ਨੌਜੁਆਨ, ਅੱਧਖੜ ਅਤੇ ਬਜ਼ੁਰਗ ਵੋਟਰ ਸੂਰਜ ਦੀ ਤਪਸ਼ ਵੱਧਣ ਤੋਂ ਪਹਿਲਾਂ ਹੀ ਵੋਟਾਂ ਪਾਉਣ ਦੇ ਲਈ ਬੂਥਾਂ ਦੇ ਪਹੁੰਚ ਰਹੇ ਸਨ।ਓਧਰ ਅੱਜ ਸਵੇਰੇ ਪਿੰਡ ਸੱਧੇਵਾਲ, ਦਸਗਰਾਂਈ, ਲੋਧੀਪੁਰ, ਕਲਿੱਤਰਾਂ ਆਦਿ ਵਿੱਚ ਈ ਵੀ ਐਮ ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਆਉਣ ਕਰਕੇ ਵੋਟਾਂ ਪੈਣ ਦਾ ਕੰਮ ਕੁਝ ਦੇਰ ਰੁਕਿਆ ਰਿਹਾ। ਪਰ ਮਾਹਰਾਂ ਵੱਲੋਂ ਜਾਂ ਤਾਂ ਮਸ਼ੀਨਾਂ ਬਦਲਣ ਜਾਂ ਫਿਰ ਤਕਨੀਕੀ ਖਰਾਬੀ ਦੂਰ ਕਰ ਦੇਣ ਉਪਰੰਤ ਵੋਟਾਂ ਪੈਣ ਦਾ ਕੰਮ ਸੁਚਾਰੂ ਢੰਗ ਦੇ ਨਾਲ ਸ਼ੁਰੂ ਹੋ ਗਿਆ।
ਜਦਕਿ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਾਲੇ ਅਧਿਕਾਰੀ ਜਿਨ੍ਹਾਂ ਵਿੱਚ ਸਹਾਇਕ ਰਿਟਰਨਿੰਗ ਅਫਸਰ ਕੰਨੂ ਗਰਗ, ਡੀ ਐਸ ਪੀ ਸੁਖਵਿੰਦਰ ਸਿੰਘ, ਐਸ ਐਚ ਓ ਸ਼ਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਮੁੱਚੇ ਹਲਕੇ ਅੰਦਰ ਵੋਟਾਂ ਪਾਉਣ ਦਾ ਕੰਮ ਬਿਨਾਂ ਕਿਸੇ ਅੜਚਨ ਜਾਂ ਤਕਰਾਰਬਾਜ਼ੀ ਦੇ ਪੂਰੇ ਅਮਨ ਅਮਾਨ ਦੇ ਨਾਲ ਮੁਕੰਮਲ ਹੋਇਆ ਹੈ। ਜਿਸ ਵਾਸਤੇ ਉਨ੍ਹਾਂ ਆਪਣੇ ਸਮੁੱਚੇ ਚੋਣ ਅਮਲੇ ਨੂੰ ਮੁਬਾਰਕਬਾਦ ਵੀ ਦਿੱਤੀ ਹੈ।
ਅੱਜ ਵੇਖਣ ਵਿੱਚ ਆਇਆ ਕਿ ਸ਼ਹਿਰੀ ਵਰਗ ਨਾਲੋਂ ਪੇਂਡੂ ਖਾਸ ਕਰਕੇ ਚੰਗਰ ਦੇ ਨੀਮ ਪਹਾੜੀ ਇਲਾਕੇ ਵਿੱਚ ਵੋਟਰਾਂ ‘ਚ ਖਾਸਾ ਉਤਸ਼ਾਹ ਸੀ ਅਤੇ ਉਹ ਵੱਡੀ ਗਿਣਤੀ ‘ਚ ਆਪੋ ਆਪਣੇ ਬੂਥਾਂ ਤੇ ਲੰਬੀਆਂ ਕਤਾਰਾਂ ਵਿੱਚ ਨਜ਼ਰ ਆ ਰਹੇ ਸਨ। ਜਦਕਿ ਵੱਖ-ਵੱਖ ਪਾਰਟੀਆਂ ਦੇ ਦੂਸਰੀ ਕਤਾਰ ਦੇ ਆਗੂ ਆਪਣੇ ਸਿਆਸੀ ਆਕਾ ਦੇ ਕੋਲ ਟੋਹਰ ਬਨਾਉਣ ਦੇ ਲਈ ਸਾਰਾ ਦਿਨ ਬੂਥ ਦੇ ਬਾਹਰ ਡਟੇ ਰਹੇ ਅਤੇ ਵੋਟਰਾਂ ਨੂੰ ਆਪਣੇ ਹੱਕ ‘ਚ ਤੋਰਨ ਦੇ ਲਈ ਯਤਨ ਕਰਦੇ ਵਿਖਾਈ ਦਿੱਤੇ। ਜਦਕਿ ਇਹ ਆਮ ਵੇਖਣ ਨੂੰ ਮਿਲਿਆ ਕਿ ਬੂਥਾਂ ‘ਤੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਦੇ ਉਮੀਦਵਾਰਾਂ ਜਾਂ ਪਾਰਟੀਆਂ ਦੇ ਬੂਥ ਜਾਂ ਪੋਲਿੰਗ ਏਜੰਟ ਵਿਰਲੇ ਹੀ ਵਿਖਾਈ ਦਿੱਤੇ।

Leave a Reply

Your email address will not be published. Required fields are marked *

%d bloggers like this: