ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਦੇ ਹਵਾਲੇ ਨਾਲ ਸਿੱਖ ਕੌਮ ਨੂੰ ਗੁਮਰਾਹ ਨਾ ਕੀਤਾ ਜਾਵੇ :ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਦੇ ਹਵਾਲੇ ਨਾਲ ਸਿੱਖ ਕੌਮ ਨੂੰ ਗੁਮਰਾਹ ਨਾ ਕੀਤਾ ਜਾਵੇ :ਦਮਦਮੀ ਟਕਸਾਲ

ਦਮਦਮੀ ਟਕਸਾਲ ਦੇ ਕਥਾਵਾਚਕ ਪ੍ਰਚਾਰਕਾਂ ਨੇ, ਸਮੂਹ ਮੌਜੂਦਾ ਤੇ ਸਾਬਕਾ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਪਰਦਾਵਾਂ, ਜਥੇਬੰਦੀਆਂ ਦੇ ਮੁਖੀਆਂ ਨੂੰ ਕੁੱਝ ਅਖੌਤੀ ਪ੍ਰਚਾਰਕਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਦੇ ਨਾਮ ਤੇ ਸਿੱਖ ਕੌਮ ਨੂੰ ਗੁੰਮਰਾਹ ਕੀਤੇ ਜਾਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦਿਆਂ ਇਹ ਸਵਾਲ ਵੀ ਉਠਾਇਆ ਕਿ ਕੁੱਝ ਪ੍ਰਚਾਰਕਾਂ ਵੱਲੋਂ ਜਿਸ ਰਹਿਤ ਮਰਿਯਾਦਾ ਦੇ ਖਰੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਕੀ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਜਨਰਲ ਇਜਲਾਸ ਵਿੱਚ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਵਾਨਗੀ ਪ੍ਰਾਪਤ ਹੋਈ ਹੈ? ਕੀ ਇਹ ਪੰਥ ਪਰਵਾਨਿਤ ਹੈ ?

ਅੱਜ ਗੁਰਦਵਾਰਾ ਸ਼ਹੀਦ ਗੰਜ, ਬੀ ਬਲਾਕ ਰੇਲਵੇ ਕਲੋਨੀ ਵਿਖੇ ਹੋਈ ਇੱਕ ਹੰਗਾਮੀ ਮੀਟਿੰਗ ਦੌਰਾਨ ਦਮਦਮੀ ਟਕਸਾਲ ਨਾਲ ਸੰਬੰਧਿਤ ਵਿਦਵਾਨ, ਕਥਾਵਾਚਕ ਪ੍ਰਚਾਰਕ, ਗਿਆਨੀ, ਰਾਗੀ ਤੇ ਗ੍ਰੰਥੀ ਸਿੰਘਾਂ ਨੇ ਇੱਕ ਮਤਾ ਪਾਸ ਕਰਦਿਆਂ ਮੌਜੂਦਾ ਤੇ ਸਾਬਕਾ ਸਮੂਹ ਸਿੰਘ ਸਾਹਿਬਾਨਾਂ, ਸਮੂਹ ਸੰਪਰਦਾਵਾਂ ਦੇ ਮੁਖੀਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਕੁੱਝ ਅਨਸਰਾਂ ਵੱਲੋਂ ਪੰਥ ਵਿੱਚ ਫੁੱਟ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਕਰਦਿਆਂ ਮਰਿਆਦਾ ਪ੍ਰਤੀ ਗੰਭੀਰ ਮਸਲੇ ਦਾ ਸਥਾਈ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਪੰਥ ਵਿੱਚ ਏਕਤਾ ਬਣਿਆ ਰਹੇਗਾ ਅਤੇ ਸਿੱਖ ਕੌਮ ਵਿੱਚ ਹੋ ਰਹੇ ਨਿੱਤ ਦੇ ਕਲੇਸ਼, ਲੜਾਈ ਝਗੜੇ ਅਤੇ  ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇਗਾ।ਉਹਨਾਂ ਕਿਹਾ ਕਿ ਕੀ ਇਹ ਸੱਚ ਨਹੀਂ ਕਿ ਜਿਸ ਮਰਿਯਾਦਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਕਹਿ ਕੇ ਪ੍ਰਚਾਰਦੇ ਹਨ ਉਹ ਮਰਿਆਦਾ ਦਾ ਸਿਰਫ਼ ਇੱਕ ਖਰੜਾ ਹੈ। ਇਸ ਸੰਬੰਧੀ ਕੌਮ ਵਿੱਚ ਸਪਸ਼ਟ ਨਾ ਹੋਣ ਕਰਕੇ ਸਿੱਖ ਕੌਮ ਵਿੱਚ ਦਿਨੋਂ ਦਿਨ ਦੁਬਿਧਾ ਤੇ ਫੁੱਟ ਪੈ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਸਿੱਖ ਕੌਮ ਨਾਲ ਕੁੱਝ ਲੋਕਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਂ ਤੇ ਮਰਿਯਾਦਾ ਦੇ ਹਵਾਲੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੁੱਝ ਆਪੋਂ ਬਣੀਆਂ ਜਥੇਬੰਦੀਆਂ ਦੇ ਪ੍ਰਚਾਰਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਰਹਿਤ ਮਰਿਯਾਦਾ ਦੀ ਥਾਂ ਆਪਣੇ ਨਿੱਜੀ ਮੁਫ਼ਾਦ ਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਦਾ ਨਾਮ ਵਰਤ ਕੇ ਜਾਂ ਉਸ ਦੇ ਹਵਾਲੇ ਨਾਲ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ।ਇਹ ਲੋਕ ਗੁਰੂ ਸਾਹਿਬ ਜੀ ਵੱਲੋਂ ਚਲਾਈ ਹੋਈ ਦਮਦਮੀ ਟਕਸਾਲ ਤੇ ਹੋਰਨਾਂ ਪੰਥਕ ਜਥੇਬੰਦੀਆਂ ਨੂੰ ਚੈਲਿੰਜ ਕਰਦੇ ਹੋਏ ਇਹ ਕਹਿਣ ਤਕ ਚਲੇ ਜਾਂਦੇ ਹਨ ਕਿ, ”ਦਮਦਮੀ ਟਕਸਾਲ ਤੇ ਦਲ ਪੰਥ ਜਿਵਂੇ ਬੁੱਢਾ ਦਲ, ਤਰਨਾ ਦਲ, ਬਾਬਾ ਬਿਧੀ ਚੰਦ ਦਲ, ਦਲ ਮਿਸਲ ਸ਼ਹੀਦਾਂ, ਆਦਿ ਸੰਪਰਦਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਨੂੰ ਨਹੀਂ ਮੰਨਦੇ, ਇਸ ਵਾਸਤੇ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਬਾਗੀ ਹਨ ਅਤੇ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਹਨ” ਇਹਨਾਂ ਅਖੌਤੀ ਪ੍ਰਚਾਰਕਾਂ ਦੀਆਂ ਮਨਘੜਤ ਵਿਚਾਰਾਂ ਸੁਣ ਕੇ ਗੁਰੂ ਪੰਥ ਨੂੰ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਅਤੇ ਸਵਾਲ ਪੈਦਾ ਹੁੰਦੇ ਹਨ ।
ਸਿੱਖ ਸੰਗਤਾਂ ਦੇ ਇਹਨਾਂ ਸ਼ੰਕਿਆਂ ਅਤੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਦਮਦਮੀ ਟਕਸਾਲ ਦੇ ਵਿਦਵਾਨਾਂ ਨੇ ਬਹੁਤ ਲੰਮੇ ਸਮੇਂ ਤੱਕ ਖੋਜ ਦੇ ਅਧਾਰ ਤੇ ਅਨੇਕਾਂ ਪੁਰਾਤਨ ਇਤਿਹਾਸਕ  ਹਵਾਲਿਆਂ ਨੂੰ ਘੋਖਿਆ, ਵਿਚਾਰਿਆ ਤਾਂ ਇਹ ਗਲ ਸਾਹਮਣੇ ਆਈ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ੫੦ ਸਾਲਾ ਇਤਿਹਾਸ’ ਨਾਮਕ ਪੁਸਤਕ ਵਿੱਚ ੧੯੨੬ ਤੋਂ ੧੯੭੬ ਤਕ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸਾਂ, ਮੀਟਿੰਗਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦਾ ਹਵਾਲਾ ਮਿਲਦਾ ਹੈ। ਜਿਸ ਤੋਂ ਇਹ ਗੱਲ ਸਪਸ਼ਟ ਹੈ ਕਿ ਇਹ ਜੋ ਰਹਿਤ ਮਰਿਯਾਦਾ ਦਾ ਖਰੜਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਜਨਰਲ ਇਜਲਾਸ ਵਿੱਚ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅੱਜ ਤਕ ਪ੍ਰਵਾਨਗੀ ਪ੍ਰਾਪਤ ਨਹੀਂ ਹੋਈ ਹੈ।ਸੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਇਸ ਸਚਾਈ ਨੂੰ ਸੰਗਤਾਂ ਆਪ ਜਾਣਨਾ ਚਾਹੁੰਦੀਆਂ ਹਨ ਤਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ੫੦ ਸਾਲਾ ਇਤਿਹਾਸ’ ਦੇ ਪੰਨਾ ਨੰ ੧੧੪  ਤੋ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ‘ਸਿੱਖ ਰਹਿਤ ਮਰਿਯਾਦਾ'(ਖਰੜਾ) ਦੇ ਪੰਨਾ ਨੰ ੧ ਤੋਂ ੮ ਤਕ ਨੂੰ ਖੁਦ ਪੜ• ਸਕਦੀਆਂ ਹਨ।ਜਿਸ ‘ਚ ਸ਼੍ਰੋਮਣੀ ਕਮੇਟੀ ਦੇ ਰਹੁ-ਰੀਤ ਕਮੇਟੀ ਦੇ ਕਨਵੀਨਰ ਸ: ਤੇਜਾ ਸਿੰਘ ਨੇ 1 ਅਕਤੂਬਰ 1932 ਦੌਰਾਨ  ਰਹੁ-ਰੀਤ ਸਬ ਕਮੇਟੀ ਦੀਆਂ ਮੀਟਿੰਗਾਂ ਸੰਬੰਧੀ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਕਰਦਿਆਂ ਇਹ ਲਿਖ ਕੇ ਇਹ ਸਪਸ਼ਟ ਕਿਹਾ ਹੈ ਕਿ ਇਹ ਖਰੜਾ ( ਜੋ ਕਿ ਸ਼੍ਰੋਮਣੀ ਕਮੇਟੀ ਵਲ਼ੋਂ ਛਾਪੇ ਗਏ ਸਿੱਖ ਰਹਿਤ ਮਰਿਯਾਦਾ) ਰਹੁ ਰੀਤ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ । ਕਿਰਪਾ ਕਰਕੇ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿੱਚ ”ਅੰਤਿਮ ਵੇਰ ਰਾਏ ਦੇਣ ਲਈ ਭੇਜੋ।” ਨਾਲ ਹੀ ਇਸ ਖਰੜੇ ਵਿਚਾਰਨ ਅਤੇ ਅੰਤਿਮ ਪ੍ਰਵਾਨਗੀ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਖਾਸ ਇਜਲਾਸ ਬੁਲਾਇਆ ਜਾਵੇ।ਇਹ ਕਿ ਇਸ ਤੋਂ ਬਾਅਦ ਕੋਈ ਵੀ ਅਗਲੇਰੀ ਕਾਰਵਾਈ ਦੀ ਕੋਈ ਵੀ ਜਾਣਕਾਰੀ ਨਹੀਂ ਮਿਲਦੀ।
ਸੋ ਮੌਜੂਦਾ ਤੇ ਸਾਬਕਾ ਸਿੰਘ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਇਸ ਖਰੜੇ ਪ੍ਰਤੀ ਜਿਸ ਨੂੰ ਕਿ ਅੱਜ ਤਕ ਪੰਥ ਜਾਂ ਸ਼੍ਰੋਮਣੀ ਕਮੇਟੀ ਦੀ ਵੀ ਅੰਤਿਮ ਪ੍ਰਵਾਨਗੀ ਨਹੀਂ ਮਿਲੀ ਹੋਈ ਹੈ, ਨੂੰ ਅਖੌਤੀ ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਕਹਿ ਕੇ ਪ੍ਰਚਾਰਨ ਦੀ ਖੁੱਲ ਕੌਣ ਦੇ ਰਿਹਾ ਹੈ, ਜਿਸ ਕਰਕੇ ਸਿੱਖ ਕੌਮ ਵਿੱਚ ਦਿਨੋਂ ਦਿਨ ਦੁਬਿਧਾ ਤੇ ਫੁੱਟ ਪੈ ਰਹੀ ਹੈ?
ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਈ ਮਰਿਆਦਾ ਜਿਸ ਪ੍ਰਤੀ ਉਹਨਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਦੀ ਵਿਸ਼ੇਸ਼ ਡਿਊਟੀ ਲਾਕੇ ਮਰਿਆਦਾ ਲਾਗੂ ਕਰਨ ਦਾ ਹੁਕਮ ਦਿੱਤਾ ਸੀ।
ਅਸੀਂ ਦਮਦਮੀ ਟਕਸਾਲ ਦੇ ਪ੍ਰਚਾਰਕ ਵਿਦਿਆਰਥੀ,ਸਮੂਹ ਮੌਜੂਦਾ ਤੇ ਸਾਬਕਾ ਸਿੰਘ ਸਾਹਿਬਾਨਾਂ, ਸਮੂਹ ਸੰਪਰਦਾਵਾਂ ਦੇ ਮੁਖੀਆਂ ਅਤੇ ਸ਼੍ਰੋਮਣੀ ਕਮੇਟੀ ਪਾਸ ਇਹ ਪੁਰਜ਼ੋਰ ਮੰਗ ਕਰਦੇ ਹਾਂ ਕਿ ਪੰਥ ਵਿੱਚ ਏਕਤਾ ਬਣਾਈ ਰੱਖਣ ਲਈ ਉਕਤ ਗੰਭੀਰ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਕਿ ਸਿੱਖ ਕੌਮ ਵਿੱਚ ਹੋ ਰਹੇ ਨਿੱਤ ਦੇ ਕਲੇਸ਼, ਲੜਾਈ ਝਗੜੇ ਅਤੇ  ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇ।
ਇਸ ਮੌਕੇ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ, ਬਾਬਾ ਚਰਨਜੀਤ ਸਿੰਘ ਜੱਸੋਵਾਲ,ਬਾਬਾ ਅਮਰਜੀਤ ਸਿੰਘ ਕਣਕਵਾਲ ਭੰਗਵਾਂ, ਗਿਆਨੀ ਸਤਨਾਮ ਸਿੰਘ ਖਡੂਰ ਸਾਹਿਬ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਗਿਆਨੀ ਨਵਤੇਜ ਸਿੰਘ ਮਾਨ, ਗਿਆਨੀ ਸਤਨਾਮ ਸਿੰਘ ਨਿਊ ਜਰਸੀ, ਭਾਈ ਗੁਰਵਿੰਦਰ ਸਿੰਘ ਲਾਡੀ ਕੈਨੇਡਾ, ਗਿਆਨੀ ਗੁਰਜਿੰਦਰ ਸਿੰਘ ਯੂ ਕੇ, ਭਾਈ ਅਨੌਖ ਸਿੰਘ ਰੁਮਾਣਾ ਚੱਕ, ਗਿਆਨੀ ਠਾਕਰ ਸਿੰਘ ਰੁਮਾਣਾਚਕ, ਗਿਆਨੀ ਭਾਈ ਭੁਪਿੰਦਰ ਸਿੰਘ ਸਭਰਵਾਲ, ਗਿਆਨੀ ਗੁਰਲਾਲ ਸਿੰਘ ਖੋਸੇ ਦਮਦਮੀ ਟਕਸਾਲ, ਗਿਆਨੀ ਨਵਦੀਪ ਸਿੰਘ ਅਜਨਾਲਾ, ਭਾਈ ਮਲਕੀਤ ਸਿੰਘ ਵੀਰਮ, ਭਾਈ ਮੇਜਰ ਸਿੰਘ ਪੰਡੋਰੀ, ਗਿਆਨੀ ਸੁਖਵਿੰਦਰ ਸਿੰਘ ਮੁਕਤਸਰ, ਸੁਖਪ੍ਰੀਤ ਸਿੰਘ ਢਾਡੀ ਸਭਰਾਵਾਂ, ਭਾਈ ਕਿਸ਼ਨ ਸਿੰਘ ਕਣਕਵਾਲ, ਭਾਈ ਗੁਰਕਿਰਪਾਲ ਸਿੰਘ ਅੰਮ੍ਰਿਤਸਰ, ਭਾਈ ਜੁਗਰਾਜ ਸਿੰਘ ਵੀਰਮ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ , ਭਾਈ ਸੁਖਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਪਲਾਸੌਰ, ਭਾਈ ਕਿਰਪਾਲ ਸਿੰਘ ਗੁਜਰਪੁਰਾ, ਰਾਗੀ ਬੁਹਲਿਵਲੀਨ ਸਿੰਘ ਅਕਾਲੀ ਜਥਾ, ਭਾ. ਸੁਖਵਿੰਦਰ ਸਿੰਘ ਅਗਵਾਨ, ਗਿਆਨੀ ਦਿਲਬਾਗ ਸਿੰਘ, ਗਿਆਨੀ ਜਸਵਿੰਦਰ ਸਿੰਘ ਜੋਗੇਵਾਲ, ਗਿਆਨੀ ਜਗਜੀਤ ਸਿੰਘ ਰਿਆੜ, ਭਾਈ ਰਣਜੀਤ ਸਿੰਘ ਕੋਟਲੀ, ਭਾਈ ਦਲੇਰ ਸਿੰਘ ਘੋਲੀਆ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਸੰਦੀਪ ਸਿੰਘ,ਭਾਈ ਗੁਰਮੁਖ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਸਿੰਘ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: