ਸੌਦਾ ਸਾਧ ਦੇ ਡੇਰੇ ‘ਚੋਂ ਨੋਟਾਂ ਨਾਲ ਭਰੇ ਕਮਰਿਆਂ ਤੋਂ ਇਲਾਵਾ ਪੰਜ ਲੜਕੇ ਅਤੇ ਹੋਰ ਭਾਰੀ ਸਮਾਨ ਬਰਾਮਦ

ss1

ਸੌਦਾ ਸਾਧ ਦੇ ਡੇਰੇ ‘ਚੋਂ ਨੋਟਾਂ ਨਾਲ ਭਰੇ ਕਮਰਿਆਂ ਤੋਂ ਇਲਾਵਾ ਪੰਜ ਲੜਕੇ ਅਤੇ ਹੋਰ ਭਾਰੀ ਸਮਾਨ ਬਰਾਮਦ

ਸਿਰਸਾ ਵਿੱਚ ਇੰਟਰਨੈਟ ਸੇਵਾ 10 ਸਤੰਬਰ ਤੱਕ ਬੰਦ 

ਸਿਰਸਾ-ਹਾਈਕੋਰਟ ਦੇ ਹੁਕਮਾਂ ਉੱਪਰ ਸੌਦਾ ਸਾਧ ਦੇ ਡੇਰੇ ਦੀ ਅੱਜ ਸ਼ੁਰੂ ਕੀਤੀ ਗਈ ਤਲਾਸ਼ੀ ਦੌਰਾਨ ਡੇਰੇ ਵਿੱਚੋਂ ਤਿੰਨ ਕਮਰੇ ਨੋਟਾਂ ਨਾਲ ਭਰੇ ਮਿਲੇ ਹਨ। ਤਲਾਸ਼ੀ ਲੈ ਰਹੀ ਫੌਜ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਇਹ ਨੋਟਾਂ ਨਾਲ ਭਰੇ ਕਮਰੇ ਸੀਲ ਕਰ ਦਿੱਤੇ ਹਨ। ਤਲਾਸ਼ੀ ਦੌਰਾਨ ਡੇਰੇ ਵਿੱਚੋਂ ਪੰਜ ਲੜਕੇ ਸ਼ੱਕੀ ਹਾਲਾਤਾਂ ਵਿੱਚ ਮਿਲੇ ਹਨ। ਇਨ੍ਹਾਂ ਵਿੱਚੋਂ ਦੋ ਨਾਬਾਲਗਾਂ ਨੂੰ ਬਾਲ ਸੰਭਾਲ ਟੀਮ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਤਿੰਨ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਘਰ ਪਰਿਵਾਰ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਤਲਾਸ਼ੀ ਮੁਹਿੰਮ ਸਾਰੀ ਰਾਤ ਵੀ ਜਾਰੀ ਰਿਹਾ। ਸਨਸਨੀਖੇਜ ਸਮਾਨ ਮਿਲਣ ਕਾਰਨ ਫੌਜ ਅਤੇ ਪੁਲਿਸ ਨੂੰ ਰੁੜਕੀ ਤੋਂ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਡੇਰੇ ਵਿੱਚੋਂ ਭਾਰੀ ਗਿਣਤੀ ਵਿੱਚ ਪੁਰਾਣੀ ਕਰੰਸੀ ਵੀ ਮਿਲੀ ਹੈ। ਇੱਥੇ ਸੌਦਾ ਸਾਧ ਵੱਲੋਂ ਚਲਾਈ ਜਾਂਦੀ ਪਲਾਸਟਕ ਕਰੰਸੀ ਤੋਂ ਇਲਾਵਾ ਕਈ ਹਾਰਡ ਡਿਸਕ, ਕੰਪਿਊਟਰ ਵੀ ਕਬਜ਼ੇ ਵਿੱਚ ਲਏ ਗਏ ਹਨ। ਡੇਰੇ ਅੰਦਰਲਾ ਕੰਟਰੋਲ ਰੂਮ ਅਤੇ ਸੌਦਾ ਸਾਧ ਦੀ ਕਾਲੇ ਕੰਮਾਂ ਲਈ ਜਾਣੀ ਜਾਂਦੀ ਗੁਫਾ ਦੀ ਵੀ ਤਲਾਸ਼ੀ ਲਈ ਗਈ। ਡੇਰੇ ਅੰਦਰ ਖੁਦਾਈ ਲਈ ਜੇ.ਸੀ.ਵੀ. ਮਸ਼ੀਨ ਵੀ ਚਲਾਈ ਗਈ। ਜਾਂਚ ਟੀਮ ਡੇਰੇ ਦੇ ਕਮਰਿਆਂ ਅਤੇ ਸੌਦਾ ਸਾਧ ਦੀ ਗੁਫਾ ਦੇ ਅੰਦਰਲੇ ਸਮਾਨ ਦੇ ਨਾਲ-ਨਾਲ ਕੰਧਾਂ ਦੀ ਵੀ ਤੋੜ ਭੰਨ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਇਸ ਲਈ ਮੈਟਲ ਡਿਕੈਟਟਿਵ ਅਤੇ ਹੋਰ ਖੋਜੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਇੱਥੋਂ ਇੱਕ ਰਿਕਾਰਡਿੰਗ ਮਸ਼ੀਨ ਵੀ ਮਿਲੀ ਹੈ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਂਚ ਟੀਮ ਨੂੰ ਡੇਰੇ ਵਿੱਚ ਲੁਪਤ ਹੁੰਦੇ ਜਾ ਰਹੇ ਜਾਨਵਰਾਂ ਨੂੰ ਵੀ ਗੈਰ-ਕਾਨੂੰਨੀ ਤੌਰ ਤੇ ਰੱਖੇ ਜਾਣ ਦਾ ਸ਼ੱਕ ਹੈ। ਇਸ ਲਈ ਡੇਰੇ ਅੰਦਰ ਜੰਗਲਾਤ ਵਿਭਾਗ ਦੀ ਟੀਮ ਵੀ ਬੁਲਾਈ ਗਈ ਹੈ। ਜੇ.ਸੀ.ਵੀ. ਮਸ਼ੀਨ ਨਾਲ ਡੇਰੇ ਅੰਦਰ ਸ਼ੱਕੀ ਸਥਾਨਾਂ ਤੇ ਜਮੀਨ ਵੀ ਪੁੱਟੀ ਜਾ ਰਹੀ ਹੈ। ਜਾਂਚ ਟੀਮਾਂ ਨੇ ਡੇਰੇ ਅੰਦਰ ਬਣੇ ਐੱਮ.ਐੱਚ.ਟੀ. ਸਟੋਰ ਦੀ ਵੀ ਤਲਾਸ਼ੀ ਲਈ ਅਤੇ ਇਸੇ ਦੌਰਾਨ ਸੌਦਾ ਸਾਧ ਨਾਲ ਸ਼ੱਕੀ ਸਬੰਧਾਂ ਵਾਲੀ ਹਨੀਪ੍ਰੀਤ ਦੀ ਰੈਡੀਮੇਡ ਗਾਰਮੈਂਟਸ ਦੀ ਫੈਕਟਰੀ ਦੀ ਵੀ ਤਲਾਸ਼ੀ ਲਈ ਗਈ ਹੈ। ਹਰਿਆਣਾ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਡੇਰੇ ਦੀ ਦਵਾਈਆਂ ਦੀ ਫਾਰਮੇਸੀ ਵਿੱਚੋਂ ਬਿਨਾਂ ਬਰਾਂਡ ਅਤੇ ਬਿਨਾਂ ਲੇਬਲ ਵਾਲੀਆਂ ਦਵਾਈਆਂ ਵੀ ਭਾਰੀ ਗਿਣਤੀ ਵਿੱਚ ਮਿਲੀਆਂ ਹਨ। ਬਿਨਾਂ ਨੰਬਰੀ ਇੱਕ ਓ.ਬੀ.ਵੈਨ, ਅਤੇ ਇੱਕ ਕੀਮਤੀ ਕਾਰ ਵੀ ਬਰਾਮਦ ਹੋਈ ਹੈ। ਤਲਾਸ਼ੀ ਲੈ ਰਹੀ ਟੀਮ ਦਾ ਦਾਅਵਾ ਹੈ ਕਿ ਡੇਰੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਪੁਰਾਣੀ ਅਤੇ ਨਵੀਂ ਕਰੰਸੀ ਛੁਪਾ ਕੇ ਰੱਖੀ ਹੋਈ ਬਰਾਮਦ ਹੋ ਰਹੀ ਹੈ। ਪੰਚਕੂਲਾ ਘਟਨਾਕ੍ਰਮ ਤੋਂ ਡਰੀਆਂ ਪੁਲਿਸ ਅਤੇ ਫੌਜ ਦੀਆਂ ਤਲਾਸ਼ੀ ਟੀਮਾਂ ਸਭ ਤੋਂ ਪਹਿਲਾਂ ਬੁਲਟ ਪਰੂਫ ਗੱਡੀਆਂ ਵਿੱਚ ਡੇਰੇ ਅੰਦਰ ਗਈਆਂ ਅਤੇ ਉਨ੍ਹਾਂ ਤੋਂ ਬਾਅਦ ਕਮਾਂਡੋ ਅਤੇ ਪੁਲਿਸ ਦੀਆਂ ਹੋਰ ਟੀਮਾਂ ਅੰਦਰ ਗਈਆਂ। ਤਲਾਸ਼ੀ ਮੁਹਿੰਮ ਵਿੱਚ 50 ਟੀਮਾਂ ਲੱਗੀਆਂ ਹੋਈਆਂ ਹਨ। 10 ਟੀਮਾਂ ਨੂੰ ਬਾਹਰ ਰਿਜਰਵ ਰੱਖਿਆ ਗਿਆ ਹੈ। ਫੌਜ ਦੀਆਂ ਚਾਰ ਕੰਪਨੀਆਂ ਡੇਰੇ ਦੇ ਬਾਹਰ ਸੁਰੱਖਿਆ ਪ੍ਰਬੰਧ ਸੰਭਾਲ ਰਹੀਆਂ ਹਨ। ਸਮੁੱਚੀ ਤਲਾਸ਼ੀ ਮੁਹਿੰਮ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਸਾਬਕਾ ਜੱਜ ਏ.ਕੇ.ਐੱਸ. ਪਵਾਰ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। ਤਲਾਸ਼ੀ ਮੁਹਿੰਮ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਘੋੜ ਸਵਾਰ ਪੁਲਿਸ ਚਾਰੇ ਪਾਸੇ ਲਗਾਤਾਰ ਚੱਕਰ ਲਗਾ ਰਹੀ ਹੈ। ਤਲਾਸ਼ੀ ਮੁਹਿੰਮ ਦੌਰਾਨ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਅੰਦਰੋਂ ਮਿਲ ਰਹੀਆਂ ਚੀਜਾਂ ਦੀ ਜਾਣਕਾਰੀ ਮੀਡੀਆ ਨੂੰ ਹਰਿਆਣਾ ਲੋਕ ਸੰਪਰਕ ਦੇ ਅਧਿਕਾਰੀ ਵੱਲੋਂ ਦਿੱਤੀ ਜਾ ਰਹੀ ਹੈ।
ਸੂਚਨਾ ਅਨੁਸਾਰ ਤਲਾਸ਼ੀ ਮੁਹਿੰਮ ਵਿੱਚ ਲੱਗੀਆਂ 50 ਟੀਮਾਂ ਦੇ 50-50 ਮੈਂਬਰ ਹਨ ਅਤੇ ਉਨ੍ਹਾਂ ਦੀ ਅਗਵਾਈ ਐੱਸ.ਪੀ. ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਤਲਾਸ਼ੀ ਮੁਹਿੰਮ ਦੌਰਾਨ ਡੇਰੇ ਵਿੱਚੋਂ ਗੈਰ-ਕਾਨੂੰਨੀ ਹੱਥਿਆਰ ਅਤੇ ਸ਼ੱਕੀ ਹਾਲਾਤਾਂ ਵਿੱਚ ਮਾਰੇ ਗਏ ਵਿਅਕਤੀਆਂ ਦੇ ਕੰਕਾਲ ਮਿਲਣ ਦੀ ਵੀ ਸੰਭਾਵਨਾ ਹੈ। ਸੌਦਾ ਸਾਧ ਵੱਲੋਂ ਕਿਹਾ ਨਾ ਮੰਨਣ ਵਾਲੇ ਲੋਕਾਂ ਨੂੰ ਬੇਰਹਿਮੀ ਨਾਲ ਮਾਰ ਕੇ ਡੇਰੇ ਦੀ ਜਮੀਨ ਵਿੱਚ ਹੀ ਦਬ ਦਿੱਤਾ ਜਾਂਦਾ ਸੀ। ਤਲਾਸ਼ੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਡੇਰੇ ਦੇ ਕੁੱਝ ਲੋਕਾਂ ਨੇ ਕੰਕਾਲ ਮਿਲਣ ਦੀਆਂ ਸੰਭਾਵਨਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਸੌਦਾ ਸਾਧ ਇੱਥੇ ਮਰਨ ਵਾਲੇ ਆਪਣੇ ਚੇਲਿਆਂ ਦੇ ਅਸਤ ਬਾਹਰ ਕਿਸੇ ਨਦੀ ਦਰਿਆ ਵਿੱਚ ਵਹਾਉਣ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਉਹ ਇਹ ਅਸਤ ਡੇਰੇ ਵਿੱਚ ਹੀ ਦਬਾ ਦਿੰਦਾ ਸੀ। ਇਸ ਤਰ੍ਹਾਂ ਕਹਿ ਕੇ ਸੌਦਾ ਸਾਧ ਦੇ ਵਫਾਦਾਰ ਇੱਥੇ ਕਤਲ ਕਰਕੇ ਦਬਾਏ ਲੋਕਾਂ ਦੀਆਂ ਮਿਲਣ ਵਾਲੀਆਂ ਹੱਡੀਆਂ ਨੂੰ ਦੂਸਰੀ ਰੰਗਤ ਦੇਣ ਦੀ ਕੋਸ਼ਿਸ਼ ਵਿੱਚ ਹਨ। ਡੇਰੇ ਵਿੱਚ ਲਈ ਜਾ ਰਹੀ ਤਲਾਸ਼ੀ ਦੀ ਸਮੁੱਚੀ ਪ੍ਰਕਿਰਿਆ ਵੀਡੀਓਗ੍ਰਾਫੀ ਦੀ ਕੈਦ ਵਿੱਚ ਆ ਰਹੀ ਹੈ। ਅਦਾਲਤ ਦੇ ਹੁਕਮ ਅਨੁਸਾਰ ਇਸ ਤਲਾਸ਼ੀ ਮੁਹਿੰਮ ਦੀ ਸਮੁੱਚੀ ਵੀਡੀਓਗ੍ਰਾਫੀ ਅਤੇ ਜਸਟਿਸ ਪਵਾਰ ਵੱਲੋਂ ਤਿਆਰ ਕੀਤੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਪਾ ਕੇ ਸਿੱਧੀ ਹਾਈਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ।
ਇੱਥੋਂ ਤੱਕ ਫੈਲੀ ਹੈ ਡੇਰੇ ਦੀ ਕਰੋੜਾਂ ਦੀ ਜਾਇਦਾਦ
ਸਿਰਸਾ ਵਿੱਚ ਡੇਰੇ ਦੇ ਨਾਂਅ 953 ਏਕੜ ਜਮੀਨ ਹੈ। ਜਿਸ ਦੀ ਕੀਮਤ 1435 ਕਰੋੜ ਰੁਪਏ ਅਨੁਮਾਨੀ ਗਈ ਹੈ। ਇਸ ਵਿੱਚੋਂ ਇਕੱਲੇ 766 ਏਕੜ ਵਿੱਚ ਫੈਲੇ ਮੁੱਖ ਡੇਰੇ ਦੀ ਜਮੀਨ ਦੀ ਕੀਮਤ ਹੀ 1359 ਕਰੋੜ ਰੁਪਏ ਹੈ। ਪੰਚਕੁਲਾ ਅਤੇ ਹਰਿਆਣਾ, ਪੰਜਾਬ, ਵਿੱਚ ਹੋਈ ਹਿੰਸਾ ਅਤੇ ਭੰਨਤੋੜ ਦਾ ਮੁਆਵਜ਼ਾ ਲੈਣ ਲਈ ਹਾਈਕੋਰਟ ਦੇ ਹੁਕਮ ਉੱਪਰ ਸਿਰਸਾ ਜ਼ਿਲ੍ਹੇ ਵਿੱਚ ਮਾਲ ਵਿਭਾਗ ਨੇ ਡੇਰੇ ਦੇ ਨਾਂਅ ਹੋਈਆਂ ਜ਼ਮੀਨਾਂ ਦੀ ਪੈਮਾਇਸ਼ ਕਰਕੇ ਅਤੇ ਇਸ ਦੀ ਕੀਮਤ ਲਗਾ ਕੇ ਆਪਣੇ ਮੁੱਖ ਦਫਤਰਾਂ ਨੂੰ ਭੇਜ ਦਿੱਤੀ ਹੈ। ਇਸੇ ਤਰ੍ਹਾਂ ਚੌਪਟਾ ਤਹਿਸੀਲ ਵਿੱਚ ਕੁਲ 146 ਏਕੜ ਡੇਰੇ ਦੀ ਜਮੀਨ ਹੈ ਜਿਸ ਦੀ ਕੀਮਤ 60 ਕਰੋੜ ਹੈ। ਡੱਬਵਾਲੀ ਤਹਿਸੀਲ ਵਿੱਚ 27 ਏਕੜ ਜਮੀਨ ਦੀ ਕੀਮਤ 4 ਕਰੋੜ, ਕਾਲਾਂਵਾਲੀ ਤਹਿਸੀਲ ਵਿੱਚ 10 ਏਕੜ ਜਮੀਨ ਦੀ ਕੀਮਤ 2.90 ਕਰੋੜ, ਰਣੀਆ ਤਹਿਸੀਲ ਵਿੱਚ ਤਿੰਨ ਏਕੜ ਜਮੀਨ ਦੀ ਕੀਮਤ 7.95 ਕਰੋੜ ਅਤੇ ਏਲਨਾਬਾਦ ਤਹਿਸੀਲ ਵਿੱਚ 1.5 ਏਕੜ ਜਮੀਨ ਹੈ, ਜਿਸ ਦੀ ਕੀਮਤ 45.28 ਲੱਖ ਦੱਸੀ ਗਈ ਹੈ।

Share Button

Leave a Reply

Your email address will not be published. Required fields are marked *