Thu. Oct 17th, 2019

ਸੋਸ਼ਲ ਮੀਡੀਆ ਅਤੇ ਨੌਜਵਾਨ

ਸੋਸ਼ਲ ਮੀਡੀਆ ਅਤੇ ਨੌਜਵਾਨ

ਕੋਈ ਸਮਾਂ ਸੀ, ਜਦੋਂ ਸੋਸ਼ਲ ਮੀਡੀਆ ਨੇ ਨਵੇਂ-ਨਵੇਂ ਪੈਰ ਪਸਾਰੇ ਸੀ, ਹਰ ਕੋਈ ਇਸਦਾ ਪ੍ਰਸ਼ੰਸਕ ਸੀ, ਕਿਉਂਕਿ ਇਸ ‘ਤੇ ਦਿਖਾਈਆਂ ਜਾਣ ਵਾਲੀਆਂ ਸੱਚੀਆਂ ਘਟਨਾਵਾਂ ਨੇ ਲੋਕਾਂ ਦਾ ਧਿਆਨ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵੱਲੋਂ ਹਟਾ ਕੇ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਲੋਕਾਂ ਦੀ ਇਹ ਧਾਰਨਾ ਬਣ ਗਈ ਸੀ ਕਿ ਜਿਹੜੀ ਖ਼ਬਰ ਨੂੰ ਅਖ਼ਬਾਰਾਂ ਵਿੱਚ ਦੂਜੇ ਦਿਨ ਪੜਨਾ ਹੁੰਦਾ ਸੀ, ਉਹ ਉਸੇ ਸਮੇਂ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਕੇ ਦੇਸ਼ਾਂ-ਵਿਦੇਸ਼ਾਂ ਦੀ ਸੈਰ ਕਰਨ ਲੱਗ ਜਾਂਦੀ ਸੀ। ਪ੍ਰੰਤੂ ਇਹ ਦੌਰ ਕੁੱਝ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਛੇਤੀ ਹੀ ਸੋਸ਼ਲ ਮੀਡੀਆ ਵੱਲੋਂ ਲੋਕਾਂ ਦੀ ਨਜ਼ਰ ਵਿੱਚ ਆਪਣੀ ਭਰੋਸੇਯੋਗਤਾ ਨੂੰ ਖੋ ਦਿੱਤਾ ਗਿਆ, ਕਿਉਂਕਿ ਕੁੱਝ ਅਵਲ-ਚਵਲ ਲੋਕਾਂ ਵੱਲੋਂ ਪਰੋਸੀ ਜਾਣ ਵਾਲੀ ਘਟੀਆ ਕਿਸਮ ਦੀ ਸਮੱਗਰੀ ਨੇ ਸਾਫ਼ ਕਿਰਦਾਰਾਂ ਵਾਲੇ ਲੋਕਾਂ ਦੇ ਦਿਲਾਂ ਵਿੱਚ ਸੋਸ਼ਲ ਮੀਡੀਆ ਪ੍ਰਤੀ ਘਿਰਣਾ ਪੈਦਾ ਕਰ ਦਿੱਤੀ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ ‘ਤੇ ਦਿਖਾਈ ਜਾਣ ਵਾਲੀ ਸੱਚੀ ਘਟਨਾ ਵੀ ਝੂਠੀ ਜਾਪਣ ਲੱਗੀ ਹੈ। ਕਿਸੇ ਇੱਕ ਜਗਾ ‘ਤੇ ਘੁੰਮਦਾ ਦੇਖਿਆ ਗਿਆ ਸ਼ੇਰ ਜਾਂ ਕੋਈ ਜੰਗਲੀ ਜਾਨਵਰ ਦੇਖਦੇ ਹੀ ਦੇਖਦੇ ਪੂਰੇ ਦੇਸ਼ ਦੇ ਮੋਬਾਇਲਾਂ ਵਿੱਚ ਨਜ਼ਰ ਪੈਣ ਲੱਗ ਜਾਂਦੇ ਹਨ, ਹਰ ਕੋਈ ਇਹੀ ਦਰਸਾਉਣਾ ਚਾਹੁੰਦਾ ਹੈ ਕਿ ਇਹ ਜੰਗਲੀ ਜਾਨਵਰ ਸਾਡੇ ਪਿੰਡ ਜਾਂ ਸਾਡੇ ਸ਼ਹਿਰ ਦੇ ਗਲੀ-ਮੁਹੱਲੇ ਵਿਚ ਘੁੰਮ ਰਿਹਾ ਹੈ। ਕੋਈ ਬੱਚਾ ਜਾਂ ਬਜ਼ੁਰਗ ਗੁੰਮ ਜਾਵੇ, ਕਿਸੇ ਦਾ ਸਮਾਨ ਗੁੰਮ ਜਾਵੇ, ਇਸ ਤਰਾਂ ਦੀਆਂ ਖ਼ਬਰਾਂ ਕਈ-ਕਈ ਸਾਲ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਰਹਿੰਦੀਆਂ ਹਨ, ਜਦਕਿ ਗੁੰਮਸ਼ੁਦਾ ਹੋਏ ਲੋਕ ਲੱਭ ਵੀ ਜਾਂਦੇ ਹਨ, ਪ੍ਰੰਤੂ ਫਿਰ ਵੀ ਸ਼ਰਾਰਤੀ ਅਨਸਰ ਉਸ ਖ਼ਬਰ ਦੀ ਦਿੱਖ ਬਦਲ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਦੇ ਹਨ। ਚੋਣਾਂ ਦੇ ਸਮੇਂ ਵੀ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਰਹਿੰਦੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਸੋਸ਼ਲ ਮੀਡੀਆ ਵਰਤਣ ਵਾਲੇ ਕਰਿੰਦੇ ਆਪਣਾ ਯੋਗਦਾਨ ਪਾ ਕੇ ਆਮ ਜਨਤਾ ਨੂੰ ਉਲਝਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।
ਅੱਜ ਦੀ ਨੌਜਵਾਨ ਪੀੜੀ ਤਾਂ ਹਾਲੇ ਵੀ ਇਸਦੀ ਗ੍ਰਿਫ਼ਤ ਵਿੱਚ ਬੁਰੀ ਤਰਾਂ ਕੈਦ ਹੈ, ਉਹ ਘੰਟਿਆਂਬੱਧੀ ਸੋਸ਼ਲ ਮੀਡੀਆ ‘ਤੇ ਵਿਅਸਤ ਹੋ ਕੇ ਆਪਣੇ ਮੁੱਲਵਾਨ ਸਮੇਂ ਨੂੰ ਅਜਾਈਂ ਗੁਆ ਰਹੇ ਹਨ। ਬੇਸ਼ੱਕ ਇਨਾਂ ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਕੁੱਝ ਸਾਲਾਂ ਬਾਅਦ ਲੱਗੇਗਾ ਕਿ ਕਿਸ ਤਰਾਂ ਉਨਾਂ ਨੇ ਆਪਣੇ ਕੀਮਤੀ ਸਮੇਂ ਨੂੰ ਭੰਗ ਦੇ ਭਾੜੇ ਖਰਾਬ ਕਰ ਦਿੱਤਾ ਹੈ, ਪਰ ਉਸ ਵਕਤ ਕੀਤੇ ਗਏ ਪਛਤਾਵੇ ਦਾ ਉਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਪੜਨ ਗਿਆ ਵਿਦਿਆਰਥੀ ਵਰਗ ਆਪਣੀ ਪੜਾਈ ਦੇ ਸਮਿਆਂ ਦੌਰਾਨ ਵੀ ਸੋਸ਼ਲ ਮੀਡੀਆ ‘ਤੇ ਵਿਅਸਤ ਰਹਿੰਦਾ ਹੈ। ਇੱਥੋਂ ਤੱਕ ਕਿ ਇਨਾਂ ਵਿੱਦਿਅਕ ਅਦਾਰਿਆਂ ਵਿੱਚ ਪੜਾਉਣ ਵਾਲੇ ਅਧਿਆਪਕ ਤੇ ਅਧਿਆਪਕਾਵਾਂ ਵੀ ਵਿਦਿਆਰਥੀਆਂ ਦੇ ਸਾਹਮਣੇ ਬੈਠੇ ਸੋਸ਼ਲ ਮੀਡੀਆ ‘ਤੇ ਮਸ਼ਰੂਫ ਦੇਖੇ ਜਾ ਸਕਦੇ ਹਨ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਤਾਂ ਬੁਲੰਦੀਆਂ ਦੀ ਤਰਫ਼ ਛੂੰਹਦਾ ਜਾ ਰਿਹਾ ਹੈ, ਜਦਕਿ ਸਾਡੇ ਦੇਸ਼ ਦਾ ਭਵਿੱਖ ਨੌਜਵਾਨ ਦਲਦਲ ਵਿੱਚ ਫਸੇ ਬੰਦੇ ਦੀ ਨਿਆਈਂ ਇਸਦੇ ਚੁੰਗਲ ਵਿਚ ਧੱਸਦਾ ਜਾ ਰਿਹਾ ਹੈ। ਇਹੀ ਸੋਸ਼ਲ ਮੀਡੀਆ ਸਾਡੀ ਨੌਜਵਾਨ ਪੀੜੀ ਦੇ ਨਾਲ-ਨਾਲ ਸਾਡੇ ਸੁਲਝੇ ਹੋਏ ਵਰਗ ਨੂੰ ਵੀ ਵਹਿਮਾਂ-ਭਰਮਾਂ ਦੇ ਜੰਜਾਲ ਵਿੱਚ ਫਸਾ ਚੁੱਕਾ ਹੈ। ਕਈ ਵਾਰ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਸਮਾਜ ਦੇ ਗਲਤ ਅਨਸਰ ਝੂਠੀਆਂ ਅਫਵਾਹਾਂ ਫੈਲਾ ਕੇ ਦੇਸ਼ ਦੇ ਹਾਲਾਤਾਂ ਨੂੰ ਵਿਗਾੜ ਦਿੰਦੇ ਹਨ ਤੇ ਅਮਨ-ਅਮਾਨ ਨਾਲ ਰਹਿ ਰਹੇ ਲੋਕਾਂ ਅੰਦਰ ਨਫ਼ਰਤਾਂ ਭਰ ਦਿੰਦੇ ਹਨ। ਸੋ ਮੁੱਦੇ ਦੀ ਗੱਲ ਤਾਂ ਇਹੀ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਜਿੱਦਾਂ ਦਾ ਮਰਜੀ ਹੋਵੇ, ਪ੍ਰੰਤੂ ਸਾਡੀ ਨੌਜਵਾਨ ਪੀੜੀ ਦਾ ਭਵਿੱਖ ਇਸਦੀ ਹੋਂਦ ਕਾਰਨ ਖ਼ਤਰੇ ਵਿਚ ਹੈ। ਮਾਪਿਆਂ ਨੂੰ ਲੋੜ ਹੈ ਕਿ ਉਹ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਰਾਂ ਨੂੰ ਇਸਦੇ ਕਾਲੇ ਸਾਏ ਤੋਂ ਵੀ ਦੂਰ ਰੱਖਣ, ਤਾਂ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਸਿਰਜ ਸਕਣ। ਰਹੀ ਗੱਲ ਸੋਸ਼ਲ ਮੀਡੀਆ ਦੀ, ਜੇਕਰ ਇਸਦੀ ਸਹੀ ਤੇ ਦਰੁੱਸਤ ਵਰਤੋਂ ਕੀਤੀ ਜਾਵੇ ਤਾਂ ਇਸਦੇ ਜ਼ਰੀਏ ਸਾਡੇ ਨੌਜਵਾਨ ਆਪਣੇ ਗਿਆਨ ਵਿੱਚ ਬੇਸ਼ੁਮਾਰ ਵਾਧਾ ਕਰ ਸਕਦੇ ਹਨ। ਇੰਟਰਨੈੱਟ ਇੱਕ ਅਜਿਹੀ ਪ੍ਰਣਾਲੀ ਹੈ ਕਿ ਘਰ ਬੈਠੇ ਹੀ ਦੇਸ਼-ਦੁਨੀਆਂ ਦੀ ਹਰ ਤਰਾਂ ਨਾਲ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਵੱਖ-ਵੱਖ ਐਪਸ ਅਤੇ ਗੂਗਲ ਦੀ ਮੱਦਦ ਨਾਲ ਵਿਦਿਆਰਥੀ ਵਰਗ ਆਪਣੀ ਪੜਾਈ ਅਤੇ ਰੋਜ਼ਗਾਰ ਨਾਲ ਸਬੰਧਤ ਜਾਣਕਾਰੀਆਂ ਹਾਸਿਲ ਕਰਕੇ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਦਾ ਹੈ। ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਇਸ ਦੁਨੀਆਂ ਵਿੱਚ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਨਸਾਨ ਦੀ ਸੋਚ ਉਸਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ। ਇਸ ਲਈ ਮਾੜਾ ਇੰਟਰਨੈੱਟ ਨਹੀਂ, ਸੋਸ਼ਲ ਮੀਡੀਆ ਨਹੀਂ, ਬਲਕਿ ਮਾੜੀ ਤਾਂ ਸਾਡੀ ਵਰਤੋਂ ਹੈ। ਆਓ ਸਾਰੇ ਰਲ਼ ਕੇ ਸਾਂਝੇ ਉਪਰਾਲੇ ਕਰੀਏ ਤੇ ਇਸ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਸਮਾਜ ਲਈ ਕੋਈ ਚੰਗਾ ਸੁਨੇਹਾ ਘਰ-ਘਰ ਪਹੁੰਚਾਈਏ।

ਕਿਰਨ ਪਾਹਵਾ
ਮੰਡੀ ਗੋਬਿੰਦਗੜ

Leave a Reply

Your email address will not be published. Required fields are marked *

%d bloggers like this: