ਸੋਪੋਰ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ

ss1

ਸੋਪੋਰ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ

ਸ੍ਰੀਨਗਰ : ਸੁਰੱਖਿਆ ਦਸਤਿਆਂ ਨੇ ਸ਼ਨਿਚਰਵਾਰ ਤੜਕੇ ਉੱਤਰੀ ਕਸ਼ਮੀਰ ਦੇ ਸੋਪੋਰ ‘ਚ ਇਕ ਮੁਕਾਬਲੇ ‘ਚ ਲਸ਼ਕਰ-ਏ-ਤਾਇਬਾ ਦੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਸੂਬਾਈ ਪੁਲਿਸ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਇਸ ਸਾਲ ਹੁਣ ਤਕ ਕਸ਼ਮੀਰ ‘ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵੀ ਕਰੀਬ 126 ਹੋ ਗਈ ਹੈ। ਇਸ ਦੌਰਾਨ ਅੱਤਵਾਦੀਆਂ ਦੀ ਮੌਤ ਦੇ ਵਿਰੋਧ ‘ਚ ਭੜਕੀ ਹਿੰਸਾ ‘ਚ ਅੱਠ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਤਿੰਨ ਦੀ ਹਾਲਤ ਗੰਭੀਰ ਹੈ। ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਬਾਰਾਮੁੂਲਾ, ਸੋਪੋਰ, ਹੰਦਵਾੜਾ ਅਤੇ ਬਾਂਦੀਪੋਰਾ ‘ਚ ਸਾਰੇ ਵਿੱਦਿਅਕ ਅਦਾਰਿਆਂ ‘ਚ ਛੁੱਟੀ ਐਲਾਨਣ ਦੇ ਨਾਲ ਹੀ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ। ਸਾਰੇ ਸੰਵੇਦਨਸ਼ੀਲ ਇਲਾਕਿਆਂ ‘ਚ ਮਨਾਹੀ ਦੇ ਹੁਕਮ ਵੀ ਜਾਰੀ ਕੀਤੇ।

ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਆਬਿਦ ਹਮੀਦ ਮੀਰ ਉਰਫ ਅਰਹਾਨ ਵਾਸੀ (ਹਾਜਿਨ, ਬਾਂਦੀਪੋਰਾ), ਜਾਵੇਦ ਅਹਿਮਦ ਡਾਰ ਵਾਸੀ (ਖਾਨਪੋਰਾ, ਬਾਰਾਮੁੂਲਾ) ਅਤੇ ਦਾਨਿਸ਼ ਅਹਿਮਦ ਡਾਰ ਪੁੱਤਰ ਗੁਲਾਮ ਹਸਨ ਡਾਰ ਵਾਸੀ (ਬਟਪੋਰਾ, ਸੋਪੋਰ) ਵਜੋਂ ਹੋਈ ਹੈ।

ਸੁਰੱਖਿਆ ਦਸਤਿਆਂ ਨੂੰ ਆਪਣੇ ਤੰਤਰ ਤੋਂ ਪਤਾ ਲੱਗਾ ਸੀ ਕਿ ਲਸ਼ਕਰ ਦੇ ਤਿੰਨ ਅੱਤਵਾਦੀ ਅਮਰਗੜ੍ਹ, ਸੋਪੋਰ ‘ਚ ਲੁਕੇ ਹਨ। ਇਨ੍ਹਾਂ ਅੱਤਵਾਦੀਆਂ ਨੂੰ ਮਾਰਨ ਲਈ ਫ਼ੌਜ ਦੀ 52 ਆਰਆਰ ਦੇ ਨਾਲ ਸੀਆਰਪੀਐੱਫ ਅਤੇ ਸੂਬਾਈ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਸਤੇ ਦੇ ਜਵਾਨਾਂ ਨੇ ਜੁਆਇੰਟ ਵਰਕਿੰਗ ਫੋਰਸ ਨਾਲ ਇਕ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਦਸਤਿਆਂ ਨੇ ਜਿਵੇਂ ਹੀ ਘੇਰਾਬੰਦੀ ਕਰਦੇ ਹੋਏ ਜਾਮੀਆ ਮੁਹੱਲੇ ‘ਚ ਪ੍ਰਵੇਸ਼ ਕੀਤਾ, ਉੱਥੇ ਲੁੁਕੇ ਅੱਤਵਾਦੀਆਂ ਨੇ ਆਪਣਾ ਟਿਕਾਣਾ ਛੱਡ ਕੇ ਜਵਾਨਾਂ ‘ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਨਾਂ ਨੇ ਉਨ੍ਹਾਂ ਨੂੰ ਚਾਰੋ ਪਾਸਿਉਂ ਘੇਰ ਲਿਆ। ਉਨ੍ਹਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਨਹੀਂ ਮੰਨੇ ਅਤੇ ਫਾਇਰਿੰਗ ਕਰਦੇ ਰਹੇ। ਜਵਾਨਾਂ ਦੀ ਜਵਾਬੀ ਕਾਰਵਾਈ ‘ਚ ਤਿੰਨੋਂ ਅੱਤਵਾਦੀ ਮਾਰੇ ਗਏ।

ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਦੀ ਮੌਤ ਦੇ ਬਾਅਦ ਬਾਂਦੀਪੋਰਾ, ਹਾਜਿਨ, ਸਦਰਕੂਟ, ਸੋਪੋਰ, ਬਾਰਾਮੂੁਲਾ ‘ਚ ਲੋਕ ਭੜਕਾਊ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਸੁਰੱਖਿਆ ਦਸਤਿਆਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਸਦਰਕੂਟ ਬਾਲਾ, ਬਾਂਦੀਪੋਰਾ ‘ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦਸਤਿਆਂ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੇ ਹਥਿਆਰ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੋਲੀ ਲੱਗਣ ਨਾਲ ਤਿੰਨ ਪ੍ਰਦਰਸ਼ਨਕਾਰੀ ਹਿਲਾਲ ਅਹਿਮਦ ਵਾਨੀ, ਲਤੀਫ਼ ਅਹਿਮਦ ਖਾਨ ਅਤੇ ਸੁਹੇਲ ਅਹਿਮਦ ਬੱਟ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਸ੍ਰੀਨਗਰ ਦੇ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਇਨ੍ਹਾਂ ਤਿੰਨਾਂ ਦੇ ਇਲਾਵਾ ਪੰਜ ਹੋਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ।

ਸ੍ਰੀਨਗਰ ਦੇ ਇਸਲਾਮੀਆ ਕਾਲਜ ਅਤੇ ਹਵਲ ‘ਚ ਵੀ ਵੱਡੀ ਗਿਣਤੀ ਵਿਚ ਨੌਜਵਾਨ ਸੋਪੋਰ ਮੁਕਾਬਲੇ ਖ਼ਿਲਾਫ਼ ਸੜਕਾਂ ‘ਤੇ ਉਤਰ ਆਏ ਹਾਲਾਂਕਿ ਕਾਲਜ ਦੇ ਵਿਦਿਆਰਥੀਆਂ ਨੂੰ ਸੁਰੱਖਿਆ ਦਸਤਿਆਂ ਨੇ ਕੰਪਲੈਕਸ ਤੋਂ ਬਾਹਰ ਨਹੀਂ ਆਉਣ ਦਿੱਤਾ ਪਰ ਹਵਲ ਚੌਕ ‘ਚ ਹੋਰ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਕਰੀਬ ਦੋ ਘੰਟੇ ਤਕ ਹਿੰਸਕ ਝੜਪਾਂ ਜਾਰੀ ਰਹੀਆਂ।

ਇਸ ਦੌਰਾਨ ਤਿੰਨਂੋ ਅੱਤਵਾਦੀਆਂ ਨੂੰ ਉਨ੍ਹਾਂ ਦੇ ਜੱਦੀ ਕਬਰਿਸਤਾਨਾਂ ‘ਚ ਸੈਂਕੜੇ ਲੋਕਾਂ ਦੀ ਮੌਜੂਦਗੀ ‘ਚ ਦਫਨਾਇਆ ਗਿਆ। ਅੱਤਵਾਦੀਆਂ ਦੇ ਜਨਾਜ਼ੇ ‘ਚ ਜੇਹਾਦੀ ਅਤੇ ਪਾਕਿਸਤਾਨੀ ਹਮਾਇਤੀ ਨਾਅਰੇਬਾਜ਼ੀ ਵੀ ਹੋਈ।

Share Button

Leave a Reply

Your email address will not be published. Required fields are marked *