Tue. Jul 23rd, 2019

ਸੈਲਡਫ ਸੰਸਥਾ ਦਾ ਗਾਲਾ ਸਮਾਗਮ ਸਰੋਤਿਆਂ ਦੀਆਂ ਆਸਾਂ ਤੇ ਖਰਾ ਉਤਰਿਆ

ਸੈਲਡਫ ਸੰਸਥਾ ਦਾ ਗਾਲਾ ਸਮਾਗਮ ਸਰੋਤਿਆਂ ਦੀਆਂ ਆਸਾਂ ਤੇ ਖਰਾ ਉਤਰਿਆ

ਵਰਜੀਨੀਆ, 8 ਅਪ੍ਰੈਲ ( ਰਾਜ ਗੋਗਨਾ) – ਬੀਤੇ ਦਿਨ ਸੈਲਡਫ ਸੰਸਥਾ 1996 ਤੋਂ ਸਿੱਖ ਕਮਿਊਨਿਟੀ ਦੀ ਸੇਵਾ ਕਰਦੀ ਆ ਰਹੀ ਹੈ। ਇਸ ਸੰਸਥਾ ਨੇ ਸਿੱਖਾਂ ਦੇ ਧਾਰਮਿਕ ਚਿੰਨਾਂ ਪ੍ਰਤੀ ਐੱਫ. ਬੀ. ਆਈ., ਪੁਲਿਸ ਅਤੇ ਏਅਰਪੋਰਟ ਅਥਾਰਟੀ ਨੂੰ ਜਾਗਰੂਕ ਕੀਤਾ ਹੈ। ਜਿਸ ਕਰਕੇ ਸਿੱਖਾਂ ਨੂੰ ਉਨ੍ਹਾਂ ਦੀ ਪਹਿਚਾਣ ਸਬੰਧੀ ਸਵਾਲ ਨਹੀਂ ਪੁੱਛੇ ਜਾਂਦੇ। ਜਿੱਥੇ ਇਹ ਸਿੱਖ ਯੂਥ ਨੂੰ ਲੀਡਰਸ਼ਿਪ ਦੇ ਗੁਣਾਂ ਦਾ ਧਾਰਣੀ ਬਣਾਉਂਦੀ ਹੈ, ਉੱਥੇ ਅਮਰੀਕਨ ਕਨੂੰਨ ਪ੍ਰਤੀ ਵੀ ਸੋਝੀ ਦਿੰਦੀ ਹੈ। ਇਸ ਸੰਸਥਾ ਨੇ ਸਿੱਖਾਂ ਨੂੰ ਆਰਮੀ, ਪੁਲਿਸ ਅਤੇ ਖੁਫੀਆ ਪੁਲਿਸ ਵਿੱਚ ਨੌਕਰੀ ਕਰਨ ਦੇ ਰਾਹ ਖੋਲ੍ਹੇ ਹਨ। ਅਮਰੀਕਨ ਯੂਨੀਵਰਸਿਟੀਆਂ ਵਿੱਚ ਦਸਤਾਰ ਪ੍ਰਤੀ ਜਾਣਕਾਰੀ ਦੇਣ ਦੇ ਨਾਲ-ਨਾਲ ਸਿੱਖ ਬੱਚਿਆਂ ਦੀਆਂ ਰਹੁ-ਰੀਤਾਂ ਤੇ ਸਿੱਖੀ ਸੱਭਿਆਚਾਰ ਨੂੰ ਵੀ ਖੂਬ ਉਭਾਰਿਆ ਹੈ। ਜਿਸ ਕਰਕੇ ਸਿੱਖ ਵਿਦਿਆਰਥੀ ਮਾਣ ਮਹਿਸੂਸ ਕਰਦੇ ਹਨ। ਸਿੱਖਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਵਸੀਲਿਆਂ ਤੋਂ ਜਾਣੂ ਕਰਵਾਉਣਾ, ਉਨ੍ਹਾਂ ਨੂੰ ਇੱਥੋਂ ਦੇ ਤੌਰ ਤਰੀਕਿਆਂ ਦੀ ਜਾਂਚ ਦਾ ਵੱਲ ਵੀ ਟ੍ਰੇਨਿੰਗ ਰਾਹੀਂ ਸਿਖਾਉਣ ਵਾਲੀ ਇਹ ਪਹਿਲੀ ਸੰਸਥਾ ਹੈ। ਇਸ ਨੇ ਸਿੱਖਾਂ ਨਾਲ ਹੋਣ ਵਾਲੇ ਵਿਤਕਰਿਆਂ, ਸਕੂਲ, ਕਾਲਜ ਵਿੱਚ ਹੋਣ ਵਾਲੇ ਧੱਕੇ ਤੋਂ ਵੀ ਨਿਜਾਤ ਦਿਵਾਈ ਹੈ।
ਜ਼ਿਕਰਯੋਗ ਹੈ ਕਿ ਇਹ ਸੰਸਥਾ ਪੂਰੇ ਅਮਰੀਕਾ ਵਿੱਚ ਸਿੱਖਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਵਾਲੇ ਕੇਸ ਖੁਦ ਲੜਦੀ ਹੈ। ਇੱਥੋਂ ਤੱਕ ਕਿ ਇਨ੍ਹਾਂ ਦਾ ਨੈੱਟਵਰਕ ਹਰੇਕ ਨੂੰ ਜਾਗਰੂਕ ਕਰਨ ਵਿੱਚ ਅਥਾਹ ਯੋਗਦਾਨ ਪਾ ਰਿਹਾ ਹੈ।
ਸੈਲਡਫ ਦਾ ਰਾਸ਼ਟਰੀ ਗਾਲਾ ਸਮਾਗਮ ਜਿੱਥੇ ਸਿੱਖ ਸਖਸ਼ੀਅਤਾਂ ਨੂੰ ਮਾਣ ਸਨਮਾਨ ਦੇਣ ਵਿੱਚ ਅਹਿਮ ਰੋਲ ਨਿਭਾਅ ਰਿਹਾ ਹੈ, ਉੱਥੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਹਾਜ਼ਰੀਨ ਨੂੰ ਦੇ ਕੇ ਵਾਹ ਵਾਹ ਵੀ ਖੱਟ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੰਗਾ-ਰੰਗ ਪ੍ਰੋਗਰਾਮ ਨਾਲ ਸ਼ੁਰੂ ਕੀਤੀ ਗਈ। ਜਿਸ ਨੂੰ ਇਸ਼ਮੀਤ ਨਰੂਲਾ ਨੇ ਵੱਖ-ਵੱਖ ਗਾਇਕਾਂ ਦੇ ਗੀਤਾਂ ਦੇ ਰੰਗ ਵਿੱਚ ਰੰਗਿਆ। ਅਦਿਤੀ ਲਾਭਾਂ ਵਲੋਂ ਪੂਰੇ ਪ੍ਰੋਗਰਾਮ ਦੀ ਝਲਕ ਦੀ ਸਾਂਝ ਪਾਈ, ਉਪਰੰਤ ਨਵਨੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਭਰਵਾਂ ਜੀ ਆਇਆਂ ਆਖਿਆ। ਇਸ ਸਮਾਗਮ ਵਿੱਚ ਨਿਊਜਰਸੀ ਦੇ ਗੁਰਬੀਰ ਸਿੰਘ ਗਰੇਵਾਲ ਜੋ ਸਰਕਾਰੀ ਵਕੀਲ ਤੇ ਜੱਜ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੂੰ ਦਲੀਪ ਸਿੰਘ ਸੌਂਦ ਸਰਵਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਿੱਖ ਇੰਮਜ਼ ਐਵਾਰਡ ਨਵਨੀਤ ਕੌਰ ਭੱਲਾ ਅਤੇ ਰਵਿੰਦਰ ਸਿੰਘ ਭੱਲਾ ਮੇਅਰ ਦੀ ਝੋਲੀ ਵਿੱਚ ਪਿਆ, ਜਦਕਿ ਵਲੰਟੀਅਰ ਐਵਾਰਡ ਰਾਜਵੀਰ ਗੁੰਮਰ ਨੂੰ ਦਿੱਤਾ ਗਿਆ।
ਮਨਜੀਤ ਸਿੰਘ ਫਾਊਂਡਰ ਡਾਇਰੈਕਟਰ ਵਲੋਂ ਇਸ ਸੰਸਥਾ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਤੇ ਚਾਨਣਾ ਪਾਇਆ। ਕਿਰਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਸੈਲਡਫ ਦਾ ਇਹ ਸਲਾਨਾ ਰਾਸ਼ਟਰੀ ਗਾਲਾ ਸਮਾਗਮ ਵੱਖਰੀ ਛਾਪ ਛੱਡ ਗਿਆ ਅਤੇ ਆਏ ਸਰੋਤਿਆਂ ਦੀਆਂ ਆਸਾਂ ਤੇ ਪੂਰਨ ਉਤਰਿਆ ਜੋ ਕਾਬਲੇ ਤਾਰੀਫ ਸੀ।

Leave a Reply

Your email address will not be published. Required fields are marked *

%d bloggers like this: