Tue. Aug 20th, 2019

ਸੈਮ ਪਿਤਰੋਦਾ ਤੇ ਰਾਜਾ ਵੜਿੰਗ ਦੀ ਭਾਸ਼ਾ ਸਿੱਖੀ ਖਿਲਾਫ ਕਾਂਗਰਸ ਦੀ ਮੁਢ ਕਦੀਮੀ ਮਾਨਸਿਕਤਾ : ਬਾਬਾ ਹਰਨਾਮ ਸਿੰਘ ਖਾਲਸਾ

ਸੈਮ ਪਿਤਰੋਦਾ ਤੇ ਰਾਜਾ ਵੜਿੰਗ ਦੀ ਭਾਸ਼ਾ ਸਿੱਖੀ ਖਿਲਾਫ ਕਾਂਗਰਸ ਦੀ ਮੁਢ ਕਦੀਮੀ ਮਾਨਸਿਕਤਾ : ਬਾਬਾ ਹਰਨਾਮ ਸਿੰਘ ਖਾਲਸਾ
ਸੈਮ ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾ ਰਾਹੁਲ ਗਾਂਧੀ ਦਾ ਅਫਸੋਸ ਜਤਾਉਣਾ ਸਿੱਖਾਂ ਦੇ ਰਿਸਦੇ ਜ਼ਖ਼ਮਾਂ ‘ਤੇ ਲੂਣ
ਰਾਜਾ ਵੜਿੰਗ ਨੂੰ ਸੰਵੇਦਨਸ਼ੀਲ ਮਾਮਲਿਆਂ ‘ਤੇ ‘ਸੋਚ ਸਮਝ’ ਕੇ ਬੋਲਣ ਦੀ ਦਿਤੀ ਨਸੀਹਤ

ਅਮ੍ਰਿਤਸਰ 12 ਮਈ (ਪ.ਪ.): ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਆਗੂ ਰਾਜਾ ਵੜਿੰਗ ਵਲੋਂ ਹਿੰਦੂ ਸਿੱਖਾਂ ‘ਚ ਨਫਰਤ ਪੈਦਾ ਕਰਨ ਵਾਲੇ ਬੇਤੁਕੇ ਬਿਆਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ ”1984 ਮੇਂ ਜੋ ਹੂਆ ਸੋ ਹੁਆ” ਨੇ ਸਿਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਸਿੱਖ ਜਜਬਾਤਾਂ ਨੂੰ ਸੱਟ ਮਾਰਨ ਵਾਲੇ ਕਾਂਗਰਸੀ ਆਗੂਆਂ ਦੇ ਅਜਿਹੇ ਬਿਆਨ ਇਸ ਗਲ ਦਾ ਪਰਤਖ ਪ੍ਰਮਾਣ ਹਨ ਕਿ ਕਾਂਗਰਸ ਦੀ ਮਾਨਸਿਕਤਾ ਮੁਢ ਕਦੀਮ ਤੋਂ ਹੀ ਸਿੱਖਾਂ ਦੇ ਖਿਲਾਫ ਰਹੀ ਹੈ। ਕਾਂਗਰਸੀਆਂ ਦੀ ਭਾਸ਼ਾ ਦਸ ਰਹੀ ਹੈ ਕਿ ਕਾਂਗਰਸ ਦੇ ਚਰਿੱਤਰ ‘ਚ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ।
ਦਮਦਮੀ ਟਕਸਾਲ ਮੁੱਖੀ ਨੇ ਸੈਮ ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾ ਰਾਹੁਲ ਗਾਂਧੀ ਵਲੋਂ ਉਸ ਦੇ ਬਿਆਨ ‘ਤੇ ਅਫਸੋਸ ਜਤਾਉਣ ਨੂੰ ਮਗਰਮਛ ਦੇ ਆਂਸੂ ਵਹਾਉਣ ਅਤੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਤੁੱਲ ਕਰਾਰ ਦਿਤਾ। ਉਹਨਾਂ ਕਿਹਾ ਕਿ ਸੈਮ ਦਾ ਬਿਆਨ ਰਾਜੀਵ ਗਾਂਧੀ ਦੇ ਉਸ ਬਿਆਨ ਦੀ ਤਰਜਮਾਨੀ ਹੈ ਜਿਸ ‘ਚ ਉਨਾਂ ”ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ”” ਕਿਹਾ ਸੀ। ਉਹਨਾਂ ਕਿਹਾ ਕਿ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮੁਖ ਮੰਤਰੀ ਅਤੇ ਹੋਰ ਅਹਿਮ ਅਹੁਦਿਆਂ ‘ਤੇ ਅੱਜ ਵੀ ਬਿਠਾਉਣ ਤੋਂ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਆਪਣੇ ਪਰਿਵਾਰਕ ਨਕਸ਼ੇ ਕਦਮਾਂ ‘ਤੇ ਚਲਦਿਆਂ 34 ਸਾਲਾਂ ਬਾਅਦ ਵੀ ਸਿੱਖ ਵਿਰੋਧੀ ਸੋਚ ‘ਚ ਕੋਈ ਤਬਦੀਲੀ ਨਹੀਂ ਲਿਆਉਣਾ ਚਾਹੁੰਦੇ। ਉਹਨਾਂ ’84 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਵਿਚਾਰਾਂ ਪ੍ਰਤੀ ਸਵਾਲ ਕੀਤਾ ਕਿ ਇਨਸਾਨੀਅਤ ਪ੍ਰਤੀ ਸ਼ਰਮਨਾਕ ਤੇ ਦਰਦਨਾਕ ਘਾਣ ਨੂੰ ਕਿਵੇ ਭੁਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੈਮ ਪਿਤਰੋਦਾ ਪਹਿਲਾ ਕਾਂਗਰਸੀ ਨਹੀਂ ਜਿਸ ਨੇ ’84 ਦੇ ਸਿੱਖ ਨਸਲਕੁਸ਼ੀ ਨੂੰ ਕਾਂਗਰਸ ਵਲੋਂ ਕੀਤਾ ਗਿਆ ਹੋਣਾ ਸਵੀਕਾਰਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸਮੇਤ ਅਨੇਕਾਂ ਕਾਂਗਰਸੀ ਆਗੂ ਅਤੇ ਹੁਣ ਅਦਾਲਤਾਂ ਵਲੋਂ ਵੀ ਇਸ ਗਲ ਸਵੀਕਾਰ ਕਰ ਚੁਕੇ ਹਨ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਰਾਜਾ ਵੜਿੰਗ ਵਲੋਂ ਹਿੰਦੂ ਅਤੇ ਸਿੱਖ ਭਾਈਚਾਰਿਆਂ ‘ਚ ਨਫਰਤ ਪੈਦਾ ਕਰਨ ਵਾਲੇ ਦਿਤੇ ਬਿਆਨਾਂ ਦੀ ਸਖਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਇਕ ਪੰਜਾਬੀ ਹੋਣ ਨਾਤੇ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਪੰਜਾਬ ਨੂੰ ਕਿਵੇ ਲੁਟਿਆ, ਕੁਟਿਆ ਤੇ ਹੱਕ ਖੋਹੋ, ਦਰਿਆਈ ਪਾਣੀਆਂ ‘ਤੇ ਡਾਕਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਖੇ ਗਏ, ਜਿਸ ਦੇ ਚਲਦਿਆਂ ਸਮੁਚੇ ਪੰਜਾਬੀਆਂ ਦੇ ਹੱਕਾਂ ਲਈ ਧਰਮਯੁਧ ਮੋਰਚਾ ਲਾਇਆ ਗਿਆ ਸੀ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਹੱਕਾਂ ਹਿਤਾਂ ਲਈ ਪੰਜਾਬੀਆਂ ਨਾਲ ਖੜਣ ਦੀ ਥਾਂ ਪੰਜਾਬ ਨੂੰ ਦੁਖਾਂਤ ‘ਚ ਪਾਉਣ ਵਾਲੀ ਕਾਂਗਰਸ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਕਾਂ ਨਾਲ ਹਮਲਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਾਉਣ ਵਾਲੀ ਇੰਦਰਾ ਗਾਂਧੀ ਅਤੇ ਹਜਾਰਾਂ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗਣ ਵਾਲੇ ਬੇਅੰਤ ਸਿੰਘ ਦੇ ਸੋਹਲੇ ਗਾ ਰਿਹਾ ਹੈ। ਉਹਨਾਂ ਸੰਵੇਦਨਸ਼ੀਲ ਮਾਮਲਿਆਂ ‘ਚ ‘ਸੋਚ ਸਮਝ’ ਕੇ ਬੋਲਣ ਦੀ ਨਸੀਹਤ ਵੀ ਦਿੱਤੀ ਅਤੇ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਥਾਂ ਵੜਿੰਗ ਨੂੰ ਬੀਤੇ ਤੋਂ ਸਬਕ ਸਿੱਖਣ ਦੀ ਵੀ ਸਲਾਹ ਦਿਤੀ। ਉਹਨਾਂ ਪੰਜਾਬ ਨੂੰ ਮੁੜ ਕਾਲੇ ਦੌਰ ‘ਚ ਪਾਉਣ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਤੁਹਾਡੇ ਕੋਲ ਰਾਜ ਸਤਾ ਹੈ ਤਾਂ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਜੀਣ-ਥੀਣ ਦੀਆਂ ਬੇਹਤਰ ਸੰਭਾਵਨਾਵਾਂ ਲਈ ਕੰਮ ਕਰਨ ਦੀ ਲੋੜ ਹੈ। ਇਥੋਂ ਦੀਆਂ ਕਦਰਾਂ ਕੀਮਤਾਂ, ਨੌਜਵਾਨੀ, ਕਿਸਾਨੀ ਤੇ ਇੰਡਸਟਰੀ ਦੀ ਪ੍ਰਫੁਲਤਾ ਲਈ ਯੌਗਦਾਨ ਪਾਹੁੰਣ ਦੀ ਲੋੜ ਹੈ ਨਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਖ਼ਤਮ ਕਰਨ ਅਤੇ ਫੁੱਟ ਪਾਉਣ ਦੇ ਮਨਸੂਬੇ ਬਣਾਉਣ ਦੀ ।

Leave a Reply

Your email address will not be published. Required fields are marked *

%d bloggers like this: