ਸੇਵਾ ਮੁਕਤੀ ਦੇ ਇੱਛੁਕ ਕੈਪਟਨ ਨੇ ਤੈਅ ਕੀਤੀ ਕਾਂਗਰਸ ਦੀ ਰਿਟਾਇਰਮੈਂਟ : ਸੁਖਬੀਰ ਬਾਦਲ

ss1

ਸੇਵਾ ਮੁਕਤੀ ਦੇ ਇੱਛੁਕ ਕੈਪਟਨ ਨੇ ਤੈਅ ਕੀਤੀ ਕਾਂਗਰਸ ਦੀ ਰਿਟਾਇਰਮੈਂਟ : ਸੁਖਬੀਰ ਬਾਦਲ

ਬਟਾਲਾ/ਦੀਨਾਨਗਰ, 09 ਅਕਤੂਬਰ  2017:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਇਸ ਚੋਣ ਨੂੰ ਆਖਰੀ ਚੋਣ ਐਲਾਨਣ ਵਾਲੇ ਅਤੇ ਰਾਜਨੀਤਿਕ ਸੇਵਾ ਮੁਕਤੀ ਦੇ ਇੱਛੁਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇਸ 6 ਮਹੀਨੇ ਦੇ ਕਾਰਜਕਾਲ ਦੌਰਾਨ ਹੀ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕਾਂਗਰਸ ਦੀ ਸੂਬੇ ਵਿੱਚੋਂ ਰਿਟਾਇਰਮੈਂਟ ਤੈਅ ਹੋ ਗਈ ਹੈ।

ਅੱਜ ਵਿਧਾਨ ਸਭਾ ਹਲਕਾ ਬਟਾਲਾ ਅਤੇ ਦੀਨਾਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਖਚਾਖਚ ਭਰੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਸਾਬਿਤ ਹੋਏ ਹਨ, ਜਿੰਨ੍ਹਾਂ ਦੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਕੋਈ ਦਿਲਚਸਪੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਫੈਸਲਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਤਾਂ ਹੁਣ ਰਾਜਨੀਤੀ ਤੋਂ ਸੰਨਿਆਸ ਲੈ ਹੀ ਲੈਣਾ ਹੈ, ਇਸ ਲਈ ਸੂਬੇ ਦੇ ਲੋਕਾਂ ਦੀ ਭਲਾਈ ਲਈ ਕਾਂਗਰਸ ਦਾ ਵੀ ਖਾਤਮਾ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ਼ਸ਼ੈਲੀ ਚੰਗੀ ਨਹੀਂ ਲੱਗਦੀ ਪਰ ਕਾਂਗਰਸ ਨੂੰ ਖਤਮ ਕਰਨ ਦੀ ਉਨ੍ਹਾਂ ਦੀ ਯੋਜਨਾ ਦੀ ਉਹ ਪ੍ਰਸ਼ੰਸਾ ਕਰਦੇ ਹਨ।


ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿੱਚ ਕੱਢੇ ਰੋਡ ਸ਼ੋਅ ‘ਤੇ ਟਿੱਪਣੀ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਕੈਪਟਨ ਅਸਲ ਵਿੱਚ ਜਾਖੜ ਦੀਆਂ ਅੱਖਾਂ ਪੂੰਝਣ ਲਈ ਮੇਲਾ ਉੱਜੜਣ ਤੋਂ ਬਾਅਦ ਲਿਫਾਫੇਬਾਜ਼ੀ ਕਰਨ ਲਈ ਹਲਕੇ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਦੀ ਚੋਣ ਮੁਹਿੰਮ ਨੂੰ ਸੂਬੇ ਦੇ ਮੁੱਖ ਮੰਤਰੀ ਵੱਲੋਂ ਵਿਸਾਰ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੁੱਖ ਮੰਤਰੀ ਦੇ ਮਨ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਤੀ ਕੀ ਭਾਵਨਾ ਹੈ।

ਇਸ ਮੌਕੇ ਬੋਲਦਿਆਂ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ ਦੇਸ਼ ਹਿੱਤ ਵਿੱਚ ਜੋ ਯੋਜਨਾਵਾਂ ਲਾਗੂ ਕੀਤੀਆਂ ਹਨ, ਉਨ੍ਹਾਂ ਦੇ ਨਤੀਜ਼ੇ ਅਗਲੇ ਦਿਨਾਂ ਵਿੱਚ ਸੁਖਾਵੀਂ ਸਥਿਤੀ ਪੈਦਾ ਕਰਨ ਵਾਲੇ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਸਾਬਿਤ ਹੋਏ ਹਨ ਜਿੰਨ੍ਹਾਂ ਨੇ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਵਿੱਚ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੀ ਬਦੌਲਤ ਨਾ ਸਿਰਫ਼ ਭਾਰਤ ਨੂੰ ਵਿਸ਼ਵ ਪੱਧਰ ‘ਤੇ ਇੱਕ ਸਨਮਾਨਜਨਕ ਰੁਤਬਾ ਮਿਲਿਆ ਹੈ ਬਲਕਿ ਦੇਸ਼ ਦੀ ਅਰਥ ਵਿਵਸਥਾ ਵੀ ਲੰਬੇ ਸਮੇਂ ਬਾਅਦ ਲੀਹ ‘ਤੇ ਆਉਣ ਯੋਗ ਹੋਈ ਹੈ।

ਇਸ ਮੌਕੇ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਣ ਵਾਲੇ ਅਤੇ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਮੱਦਦ ਲਈ ਨਿੱਤਰੇ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਉਮੀਦਵਾਰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹੈ। ਸਾਬਕਾ ਵਿਧਾਇਕ ਦੇ ਭਰਾ ਇੰਦਰ ਸੇਖੜੀ ਨੇ ਕਿਹਾ ਕਿ ਕਾਂਗਰਸ ਨੂੰ ਸਥਾਨਕ ਵਰਕਰਾਂ ਅਤੇ ਆਗੂਆਂ ‘ਤੇ ਭਰੋਸਾ ਨਹੀਂ ਹੈ ਇਸ ਲਈ ਹੀ ਉਸ ਨੇ ਹਲਕਾ ਅਬੋਹਰ ਦੇ ਲੋਕਾਂ ਵੱਲੋਂ ਨਕਾਰੇ ਉਮੀਦਵਾਰ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਗਲੇ ਮੜ੍ਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਬਲਕਿ ਹਲਕੇ ਦੇ ਸਿਰਕੱਢ ਕਾਂਗਰਸੀ ਪਰਿਵਾਰ ਸ਼ਰੇਆਮ ਸ੍ਰੀ ਸਲਾਰੀਆ ਦੀ ਮੱਦਦ ਕਰਨਗੇ ਅਤੇ ਕਾਂਗਰਸ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਗੇ ਕਿ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਕਿੰਨਾ ਮਹਿੰਗਾ ਪੈਂਦਾ ਹੈ।

ਇਸ ਮੌਕੇ ਬੋਲਦਿਆਂ ਹਲਕਾ ਦੀਨਾਨਗਰ ਤੋਂ ਭਾਜਪਾ ਦੇ ਸੀਨੀਅਰ ਆਗੂ ਬੀ.ਡੀ. ਧੁੱਪੜ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਹੁਣ ਇਹ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਦੋਂ ਉਸਦੇ ਆਪਣੇ ਪਰਿਵਾਰ ਦੇ ਮੈਂਬਰ ਗਠਜੋੜ ਦੇ ਹੱਕ ਵਿੱਚ ਨਿੱਤਰ ਰਹੇ ਹਨ ਤਾਂ ਫਿਰ ਉਸਦੀ ਸਥਿਤੀ ਕੀ ਬਣਨ ਵਾਲੀ ਹੈ। ਉਨ੍ਹਾਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵੀ ਗਠਜੋੜ ਦੇ ਉਮੀਦਵਾਰ ਦੀ ਪਿੱਠ ਥਾਪੜਦਿਆਂ ਪਾਰਟੀ ਦਾ ਖੁੱਲ੍ਹਾ ਸਮਰਥਣ ਦੇਣ ਦਾ ਐਲਾਨ ਕਰਕੇ ਕਾਂਗਰਸੀ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਹੈ।

ਆਪਣੇ ਸੰਬੋਧਨ ਵਿੱਚ ਹਲਕਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਆਪਣੇ 6 ਮਹੀਨੇ ਦੇ ਕਾਰਜਕਾਲ ਦੌਰਾਨ ਕੀਤੀ ਨਖਿੱਧ ਕਾਰਵਾਈ ਦੇ ਚੱਲਦਿਆਂ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਕਾਂਗਰਸ ਹੁਣ ਜ਼ਿਮਨੀ ਚੋਣ ਪ੍ਰਚਾਰ ਵਿੱਚ ਹੰਭ-ਹਾਰ ਕੇ ਆਪਣੀ ਹਾਰ ਕਬੂਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਬਿਨ੍ਹਾਂ ਸਿਰ ਪੈਰ ਵਾਲੀ ਬਿਆਨਬਾਜ਼ੀ ਕਰਕੇ ਇਸ ਸਪੱਸ਼ਟ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਕੋਲ ਬੋਲਣ ਲਈ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਹੀ ਉਹ ਦੂਸ਼ਣਬਾਜ਼ੀ ਨੂੰ ਪਹਿਲ ਦੇ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀ.ਵੀ. ਸੀਰੀਅਲ ਮਹਾਭਾਰਤ ਦੇ ਮਸ਼ਹੂਰ ਅਦਾਕਾਰ ਗਜਿੰਦਰ ਚੌਹਾਨ, ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ, ਜਨਰਲ ਸਕੱਤਰ ਰਾਜੀਵ ਰੰਜਨ, ਯੂਥ ਆਗੂ ਗੌਰਵ ਅਰੋੜਾ, ਯੁਵਾ ਮੋਰਚਾ ਦੇ ਆਗੂ ਪ੍ਰਵੀਨ ਚੌਧਰੀ ਸਮੇਤ ਗਠਜੋੜ ਦੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *