Mon. May 27th, 2019

ਸੂਬਾ ਸਰਕਾਰ ਨੇ ਬਜਟ ਦੌਰਾਨ ਮੁਲਾਜ਼ਮ ਮੰਗਾਂ ਨੂੰ ਹਾਸ਼ੀਏ ‘ਤੇ ਧਕੇਲਿਆ0

ਸੂਬਾ ਸਰਕਾਰ ਨੇ ਬਜਟ ਦੌਰਾਨ ਮੁਲਾਜ਼ਮ ਮੰਗਾਂ ਨੂੰ ਹਾਸ਼ੀਏ ‘ਤੇ ਧਕੇਲਿਆ0

ਪੰਜਾਬ ਸਰਕਾਰ ਸਾਲ ਵੱਲੋਂ 2019 ਲਈ ਪੇਸ਼ ਕੀਤੇ ਬਜਟ ‘ਤੇ ਸਮਾਜ ਦੇ ਸਮੂਹ ਵਰਗਾਂ ਵਾਂਗ ਹੀ ਮੁਲਾਜ਼ਮ ਵਰਗ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਸਨ।ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਬਾਕੀ ਵਰਗਾਂ ਵਾਂਗ ਮੁਲਾਜ਼ਮ ਵਰਗ ਨਾਲ ਵੀ ਬਹੁਤ ਸਾਰੇ ਵਾਅਦੇ ਕੀਤੇ ਸਨ।ਤਕਰੀਬਨ ਦੋ ਵਰਿਆਂ ਦਾ ਸਮਾਂ ਬੀਤਣ ਦੇ ਬਾਵਯੂਦ ਸਰਕਾਰ ਮੁਲਾਜ਼ਮਾਂ ਦੀ ਕੋਈ ਮੰਗ ਪੁਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।ਸੂਬਾ ਸਰਕਾਰ ਨੇ ਖਾਲੀ ਖਜ਼ਾਨੇ ਦਾ ਰਾਗ ਅਲਾਪ ਕੇ ਮੁਲਾਜ਼ਮ ਮੰਗਾਂ ਨੂੰ ਦਰਕਿਨਾਰ ਕਰੀ ਰੱਖਿਆ ਹੈ।ਹੁਣ ਜਦੋਂ ਸਰਕਾਰ ਨੂੰ ਸੱਤਾ ਸੰਭਾਲਿਆਂ ਵੀ ਦੋ ਵਰੇ ਦੇ ਕਰੀਬ ਸਮਾਂ ਹੋ ਗਿਆ ਹੈ ਤਾਂ ਲੋਕਾਂ ਨੂੰ ਉਮੀਦ ਹੈ ਕਿ ਸ਼ਾਇਦ ਸਰਕਾਰ ਨੇ ਆਪਣੇ ਹਿਸਾਬ ਨਾਲ ਪ੍ਰਸ਼ਾਸਨ ਚਲਾ ਕੇ ਖਜਾਨੇ ਦੀ ਭਰਪਾਈ ਕਰ ਲਈ ਹੋਵੇਗੀ।
ਸੂਬੇ ਦੇ ਖਜਾਨਾ ਮੰਤਰੀ ਵੱਲੋਂ ਇੱਕ ਲੱਖ ਅਠਵੰਜਾ ਹਜ਼ਾਰ ਚਾਰ ਸੌ ਤਰਾਨਵੇਂ ਰੁਪਏ ਦ ਪੇਸ਼ ਕੀਤੇੇ ਬਜਟ ਵਿੱਚੋਂ ਸਰਕਾਰੀ ਮੁਲਾਜ਼ਮਾਂ ਨੂੰ ਕੁੱਝ ਵੀ ਨਸੀਬ ਨਹੀਂ ਹੋਇਆ।ਸਰਕਾਰੀ ਮੁਲਾਜ਼ਮਾਂ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ,ਨਵਾਂ ਤਨਖਾਹ ਕਮਿਸ਼ਨ ਲਾਗੂ ਕਰਨ , ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਖਾਲੀ ਅਸਾਮੀਆਂ ਪੁਰ ਕਰਨ ਲਈ ਸਰਕਾਰ ਵੱਲੋਂ ਬਜਟ ਵਿੱਚ ਫੰਡ ਤਜ਼ਵੀਜ ਕੀਤੇ ਜਾਣ ਦੀ ਉਮੀਦ ਸੀ।ਪਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਮੁਲਾਜ਼ਮ ਵਰਗ ਨੂੰ ਮੂਲੋਂ ਹੀ ਨਿਰਾਸ਼ ਕਰ ਗਿਆ।ਸਰਕਾਰ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਪ੍ਰਤੀ ਬਜਟ ਵਿੱਚ ਗੰਭੀਰਤਾ ਨਹੀਂ ਵਿਖਾਈ।ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਬਾਰੇ ਇੱਕ ਤਰਾਂ ਨਾਲ ਭੰਬਲਭੂਸਾ ਹੀ ਬਣਿਆ ਪਿਆ ਹੈ।ਸਰਕਾਰ ਕਦੇ ਕਦਾਈ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਜਾਰੀ ਕਰ ਦਿੰਦੀ ਹੈ ਅਤੇ ਉਸ ਦੇ ਬਕਾਇਆ ਜਾਂ ਹੋਰ ਬਣਦੀਆਂ ਕਿਸ਼ਤਾਂ ਦੀਆਂ ਅਦਾਇਗੀਆਂ ਬਾਰੇ ਜਿਕਰ ਤੱਕ ਨਹੀਂ ਕੀਤਾ ਜਾਂਦਾ।ਮੌਜ਼ੂਦਾ ਸਰਕਾਰ ਨੇ ਆਪਣੇ ਚੋਣ ਵਾਅਦੇ ਵਿੱਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਸੀ ਅਤੇ ਇਸ ਬਜਟ ਵਿੱਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਕੋਈ ਫੰਡ ਰਾਖਵਾਂ ਕੀਤੇ ਜਾਣ ਦੀ ਵੀ ਉਮੀਦ ਸੀ।ਪਰ ਸਰਕਾਰ ਨੇ ਬਜਟ ਵਿੱਚ ਤਨਖਾਹ ਕਮਿਸ਼ਨ ਦਾ ਜਿਕਰ ਤੱਕ ਨਹੀਂ ਕੀਤਾ।ਮੁਲਾਜ਼ਮਾਂ ਦੀਆਂ ਤਮਾਮ ਮੰਗਾਂ ਵਿੱਚੋਂ ਇੱਕ ਮੰਗ ਕੱਚੇ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਵੀ ਸ਼ੁਮਾਰ ਸੀ ਅਤੇ ਇਹਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤਾ ਵੀ ਸੀ।ਉਮੀਦ ਸੀ ਕਿ ਮੌਜ਼ੂਦਾ ਬਜਟ ਵਿੱਚ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਜਰੂਰ ਪੈਸੇ ਦਾ ਪ੍ਰਬੰਧ ਕੀਤਾ ਜਾਵੇਗਾ।ਪਰ ਇਸ ਪਾਸੇ ਵੀ ਮੁਲਾਜ਼ਮਾਂ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ।
ਜਾਪਦਾ ਹੈ ਕਿ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਏਜੰਡੇ ‘ਤੇ ਲਿਆਦਾ ਹੀ ਨਹੀਂ।ਜੇਕਰ ਸਰਕਾਰ ਨੇ ਮੁਲਾਜ਼ਮ ਮੰਗਾਂ ਪ੍ਰਤੀ ਰੱਤੀ ਭਰ ਵੀ ਗੰਭੀਰਤਾ ਵਿਖਾਈ ਹੁੰਦੀ ਤਾਂ ਇਸ ਬਜਟ ਦੌਰਾਨ ਮੁਲਾਜ਼ਮ ਮੰਗਾਂ ਕੰਨੀ ਦੇ ਕਿਆਰੇ ਵਾਂਗ ਖਾਲਮ ਖਾਲ਼ੀ ਨਾ ਰਹਿੰਦੀਆਂ।
ਮੁਲਾਜ਼ਮ ਮੰਗਾਂ ਪ੍ਰਤੀ ਇਸ ਤਰਾਂ ਦੀ ਨੀਰਸ਼ਤਾ ਅਤੇ ਅਵੇਸਲਾਪਣ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ।ਸ਼ਾਇਦ ਸਰਕਾਰ ਨੂੰ ਮੁਲਾਜ਼ਮ ਮੰਗਾਂ ਜਾਇਜ ਨਹੀਂ ਜਾਪਦੀਆਂ ਜਾਂ ਸਰਕਾਰ ਲਈ ਕੋਈ ਮਾਅਨੇ ਨਹੀਂ ਰੱਖਦੀਆਂ।ਰੈਗੂਲਰ ਮੁਲਾਜ਼ਮਾਂ ਨੂੰ ਲਟਕਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।ਜੇਕਰ ਸਰਕਾਰਾਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਿੲਗੀ ਸਮੇਂ ਸਿਰ ਕਰਦੀਆਂ ਰਹਿੰਦੀਆਂ ਤਾਂ ਹਰ ਮੁਲਾਜ਼ਮ ਦੀ ਪ੍ਰਤੀ ਮਹੀਨਾ ਤਨਖਾਹ ਵਿੱਚ ਹਜ਼ਾਰਾਂ ਰੁਪਏ ਦਾ ਇਜ਼ਾਫਾ ਹੋ ਜਾਣਾ ਸੀ।ਕੇਂਦਰ ਸਰਕਾਰ ਨੂੰ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕੀਤਿਆਂ ਤਕਰੀਬਨ ਦੋ ਵਰੇ ਦਾ ਸਮਾਂ ਹੋਣ ਵਾਲਾ ਹੈ।ਪਰ ਸੂਬਾ ਸਰਕਾਰ ਨੇ ਹਾਲੇ ਤੱਕ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਤਿਆਰ ਨਹੀਂ ਕਰਵਾਈ ਉਸ ਦੇ ਲਾਗੂ ਹੋਣ ਦਾ ਤਾਂ ਰੱਬ ਹੀ ਰਾਖਾ।ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਹੋਣ ਕਾਰਨ ਵੀ ਮੁਲਾਜ਼ਮਾਂ ਨੂੰ ਪ੍ਰਤੀ ਮਹੀਨੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।ਤਨਖਾਹ ਕਮਿਸ਼ਨ ਲਾਗੂ ਕਰਨ ਵਿੱਚ ਦੇਰੀ ਹੋਣ ‘ਤੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਅੰਤਰਿਮ ਰਾਹਤ ਦੇਣ ਦਾ ਪ੍ਰਸਤਾਵ ਹੁੰਦਾ ਹੈ।ਪਰ ਹੈਰਾਨੀ ਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਚੋਣਾਂ ਮੌਕੇ ਪਹਿਲੀ ਸਰਕਾਰ ਵੱਲੋਂ ਦਿੱਤੀ ਅੰਤਰਿਮ ਰਾਹਤ ਤੋਂ ਬਾਅਦ ਕਿਸੇ ਤਰਾਂ ਦੀ ਅੰਤਰਿਮ ਰਾਹਤ ਦੇਣ ਦੀ ਜਰੂਰਤ ਨਹੀਂ ਸਮਝੀ।
ਸਮਾਜ ਦੇ ਸਾਰੇ ਹੀ ਵਰਗਾਂ ਵਾਂਗ ਮੁਲਾਜ਼ਮ ਵਰਗ ਦੇ ਸਬਰ ਦਾ ਪਿਆਲਾ ਵੀ ਹੁਣ ਭਰ ਗਿਆ ਹੈ।ਮੁਲਾਜ਼ਮ ਵਰਗ ਵੀ ਹੁਣ ਚੋਣ ਮਨੋਰਥ ਪੱਤਰ ਦੇ ਵਾਅਦਿਆਂ ਦੀ ਪੂਰਤੀ ਚਾਹੁੰਦਾ ਹੈ।ਵਾਅਦਿਆਂ ਦੀ ਪੂਰਤੀ ਬਾਰੇ ਹੋਰ ਲਾਰੇ ਲੱਪੇ ਸ਼ਾਇਦ ਹੁਣ ਮੁਲਾਜ਼ਮਾਂ ਨੂੰ ਮਨਜੂਰ ਨਹੀਂ ਹੋਣਗੇ।ਬਜਟ ਸ਼ੈਸਨ ਦੌਰਾਨ ਮੰਗਾਂ ਦੀ ਪੂਰਤੀ ਦੀਆਂ ਆਸਾਂ ਉਮੀਦਾਂ ‘ਤੇ ਵੀ ਸਰਕਾਰ ਵੱਲੋਂ ਪਾਣੀ ਫੇਰ ਦਿੱਤੇ ਜਾਣ ਉਪਰੰਤ ਮੁਲਾਜ਼ਮ ਵਰਗ ਕੋਲ ਸ਼ਾਇਦ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ।ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਵੱਲੋਂ ਬਜਟ ਦੌਰਾਨ ਹਾਸ਼ੀਏ ‘ਤੇ ਧੱਕੀਆਂ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਮੁਲਾਜ਼ਮ ਵਰਗ ਕੀ ਪੈਂਤੜਾ ਅਖਤਿਆਰ ਕਰਦਾ ਹੈ? ਕੱਚੇ ਮੁਲਾਜ਼ਮਾਂ ਨੂੰ ਵੀ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸ਼ਾਇਦ ਮੁੜ ਤੋਂ ਸੰਘਰਸ਼ ਸ਼ੁਰੂ ਕਰਨੇ ਪੈਣਗੇ।ਚੰਗਾ ਹੁੰਦਾ ਜੇਕਰ ਸਰਕਾਰ ਮੁਲਾਜ਼ਮ ਮੰਗਾਂ ਨੂੰ ਇਸ ਤਰਾਂ ਦਰਕਿਨਾਰ ਕਰਨ ਦੀ ਬਜਾਏ ਪੜਾਅ ਵਾਰ ਪੂਰਤੀ ਸ਼ੁਰੂ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੰਦੀ।ਸਰਕਾਰ ਦੀ ਮੁਲਾਜ਼ਮ ਮੰਗਾਂ ਪ੍ਰਤੀ ਨਾਕਾਰਤਮਕ ਪਹੁੰਚ ਵੇਖਦਿਆਂ ਜਾਪਦਾ ਹੈ ਕਿ ਭਵਿੱਖ ਵਿੱਚ ਮੁਲਾਜ਼ਮ ਸੰਘਰਸ਼ਾਂ ਵਿੱਚ ਲਾਜ਼ਮੀ ਤੌਰ ‘ਤੇ ਤੇਜੀ ਆਵੇਗੀ।

ਬਿੰਦਰ ਸਿੰਘ ਖੁੱਡੀ ਕਲਾਂ
ਗਲੀ ਨੰਬਰ 1
ਸਕਤੀ ਨਗਰ, ਬਰਨਾਲਾ
98786-05965

Leave a Reply

Your email address will not be published. Required fields are marked *

%d bloggers like this: