Mon. Sep 23rd, 2019

“ਸੁੱਚਾ ਸੂਰਮਾ” ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ

“ਸੁੱਚਾ ਸੂਰਮਾ” ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ
20 ਅਗਸਤ ਨੂੰ ਹੋਵੇਗਾ ਰਿਲੀਜ਼

ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀਆਂ ਲੋਕ ਗਾਥਾਵਾਂ ਤੋਂ ਬਾਅਦ ਅਜੋਕੇ ਗਾਇਕੀ ਚ ਇੱਕ ਨਵਾਂ ਉਥਾਨ ਜਿਹਾ ਆਇਆ ਹੈ, ਜਿਸਨੇ ਗਾਇਕੀ ਨੂੰ ਸੁਣਨ ਦੀ ਬਜਾਇ ਦੇਖਣ ਦੀ ਚੀਜ ਬਣਾ ਦਿੱਤਾ ਹੈ।ਪੱਛਮੀ ਸੰਗੀਤ ਦੀ ਚਕਾਚੌਂਧ ਨੇ ਸਾਡੀ ਪੁਰਾਤਨ ਗਾਇਕੀ ਨੂੰ ਲਿਤਾੜ ਕੇ ਨਸ਼ਾਵਾਦ, ਹਥਿਆਰਵਾਦ ਅਤੇ ਦਿਖਾਵੇਪਣ ਦੀ ਵਸਤੂ ਵਜੋਂ ਪੇਸ਼ ਕਰਕੇ ਇਸਦੇ ਸੰਗੀਤਕ ਰਸ ਨੂੰ ਭਿਆਨਕ ਸੱਟ ਮਾਰੀ ਹੈ।ਪਰ ਫਿਰ ਵੀ ਕੁੱਝ ਗਾਇਕ ਸਾਡੀ ਰਵਾਇਤੀ ਗਾਇਕੀ ਨਾਲ ਸਾਡੀਆਂ ਲੋਕ ਗਾਥਾਵਾਂ ਨੂੰ ਪੁਨਰਜੀਵ ਕਰਨ ਲਈ ਕੋਸ਼ਿਸ਼ਾਂ ਨਾਲ ਆਪਣਾ ਯੋਗਦਾਨ ਪਾਉਂਦੇ ਹਨ।ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜਾ ਸਾਹਿਬਾਂ,ਸੋਹਣੀ ਮਹਿਵਾਲ, ਸੈਦਾ ਜੋਗਣ,ਸੀਰੀ ਫਰਹਾਦ ,ਰਾਣੀ ਸੁੰਦਰਾਂ, ਰਾਜਾ ਰਸਾਲੂ,ਰਾਣੀ ਇੱਛਰਾਂ ਆਦਿ ਲੋਕ ਗਾਥਾਵਾਂ ਦੇ ਨਾਲ ਨਾਲ ਜਿਊਣਾ ਮੌੜ,ਜੱਗਾ ਜੱਟ,ਸੁੱਚਾ ਸੂਰਮਾ ਆਦਿ ਕਿੱਸੇ ਲੋਕ ਨਾਇਕਾ ਵਜੋਂ ਪ੍ਰਸਿੱਧ ਹਨ।ਇਹਨਾਂ ਵਿਚੋਂ ਲੋਕ ਨਾਇਕ “ਸੁੱਚਾ ਸੂਰਮਾ” ਨੂੰ ਅਜੌਕੀ ਪੀੜ੍ਹੀ ਦੇ ਨੌਜਵਾਨ ਗਾਇਕ ਲੱਕੀ ਦੁਰਗਾਪੁਰੀਆ ਨੇ ਗਾਕੇ ਪੁਰਾਤਨ ਲੋਕ ਗਾਥਾ ਗਾਇਕੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ।
ਲੱਕੀ ਸਿੰਘ ਦੁਰਗਾਪੁਰੀਆ ਨੌਜਵਾਨ ਪੀੜ੍ਹੀ ਦਾ ਗਾਇਕ ਹੈ।ਸਟਾਰ ਗਾਇਕ ਜੈਜੀ ਬੀ ਆਪਣਾ ਉਸਤਾਦ,ਆਦਰਸ਼ ਅਤੇ ਪ੍ਰੇਰਨਾ ਸਰੋਤ ਮੰਨਣ ਵਾਲੇ ਲੱਕੀ ਸਿੰਘ ਦਾ ਜਨਮ ਭਗਤ ਸਿੰਘ ਨਗਰ ਜਿਲ੍ਹੇ ਦੇ ਪਿੰਡ ਦੁਰਗਾ ਪੁਰ(ਜੈਜ਼ੀ ਬੀ ਦੇ ਪਿੰਡ) ਪਿਤਾ ਸ੍ਰ.ਲਛਮਣ ਰਾਮ ਅਤੇ ਮਾਤਾ ਪਰਮਜੀਤ ਕੌਰ ਦੇ ਘਰ 29 ਕੁ ਵਰੇ ਪਹਿਲਾਂ ਹੋਇਆ। ਸੰਗੀਤ ਨੂੰ ਸਾਧਨਾ ਅਤੇ ਰੂਹਾਨੀਅਤ ਖੁਰਾਕ ਮੰਨਣ ਵਾਲੇ ਲੱਕੀ ਸਿੰਘ ਨੇ ਲੰਡਨ ਦੀ ਗੋਰੀ, ਰਾਂਝੇ, ਬੋਰਨ ਕਿੰਗ,ਸਿੰਘ ਸੂਰਮੇ, ਆਹ ਚੱਕ ਹਮਰ, ਸ਼ਹੀਦੀ ਛੋਟੇ ਸਾਹਿਬਜ਼ਾਦੇ,ਮਿੱਤਰਾਂ ਦਾ ਨਾਮ, ਧਾਰਾ 144, ਪਿੰਡਾਂ ਆਲੇ , ਰਿਊਡ ਡਿਊਡ, ਪਾਗਲ ਬੰਦਾ ਆਦਿ ਸੁਪਰ ਹਿੱਟ ਗੀਤ ਗਾਏ ਹਨ।
ਭਾਵੇਂ ਲੱਕੀ ਦੁਰਗਾਪੁਰੀਆ ਗਾਇਕ ਜੈਜ਼ੀ ਬੀ ਵਾਂਗ ਪੱਛਮੀ ਪੋਪ ਸੰਗੀਤ ਨੂੰ ਪੰਜਾਬੀ ਸੰਗੀਤ ਚ ਮਿਕਸ ਕਰਕੇ ਗਾਉਣ ਨੂੰ ਤਰਜੀਹ ਦਿੰੰਦਾ ਹੈ,ਪਰ ਦੇਸੀ ਸਾਜ਼ਾਂ ਦੀਆਂ ਧੁਨਾਂ ਉਸਦੇ ਧੁਰ ਅੰਦਰ ਦੀ ਪਸੰਦ ਹਨ।ਉਸਦੇ ਗੀਤਾਂ ਚ ਹਰਮੋਨੀਅਮ, ਤੂੰਬੀ, ਢੋਲ,ਅਲਗੋਜ਼ੇ ਆਦਿ ਸ਼ਮੂਲੀਅਤ ਨਿਵੇਕਲੀ ਅਤੇ ਮਾਣਮੱਤੀ ਸੋਚ ਹੈ।
ਅਜੋਕੇ ਨਸ਼ਾਵਾਦ, ਹਿੰਸਕ ਅਤੇ ਹਥਿਆਰਵਾਦੀ ਗਾਇਕਧਾਰਾ ਤੋਂ ਹੱਟ ਕੇ ਉਸਨੇ “ਸੁੱਚਾ ਸੂਰਮਾ” ਗੀਤ ਨਾਲ ਵਿਲੱਖਣਤਾ ਕਾਇਮ ਕੀਤੀ ਹੈ ਅਤੇ ਪੰਜਾਬੀਅਤ ਦੇ ਲੋਕ ਨਾਇਕ ਨੂੰ ਨਿਵੇਕਲੇ ਅੰਦਾਜ਼ ਅਤੇ ਆਪਣੀ ਬੁਲੰਦ ਆਵਾਜ਼ ਚ ਗਾਇਆ ਹੈ। ਅਜੋਕੇ ਸੰਗੀਤ ਦੇ ਸ਼ੋਰ ਤੋਂ ਮੁਕਤ ਗੀਤ ਦਿਲ ਨੂੰ ਟੁੰਬਦਾ ਹੈ।ਸੰਗੀਤਕਾਰ ਦੀਪ ਰੁਆਇਸੀ ਨੇ ਗੀਤ ਦਾ ਸੰਗੀਤ ਰੂਹ ਨਾਲ ਤਿਆਰ ਕੀਤਾ ਹੈ।ਗੀਤਕਾਰ ਦਰਸ਼ਨ ਕਲਸੀ ਦਾ ਲਿਖਿਆ ਇਹ ਗੀਤ ਵੀਐਸ ਰਿਕਾਰਡਜ਼ ਦੀ ਪੇਸ਼ਕਸ਼ ਹੈ।ਇਸਨੂੰ ਪੁਰਾਣੇ ਸਮੇਂ ਮੁਤਾਬਿਕ ਗੁਰੀ ਗਰੇਵਾਲ ਨੇ ਵੱਖ ਵੱਖ ਲੋਕੇਸ਼ਨਜ਼ ਤੇ ਸ਼ੂਟ ਕੀਤਾ ਹੈ। 20 ਅਗਸਤ ਨੂੰ ਦੇਸ਼ ਵਿਦੇਸ਼ ਚ ਰਿਲੀਜ਼ ਹੋ ਰਹੇ ਇਸ ਗੀਤ ਪ੍ਰਤੀ ਪੂਰੀ ਟੀਮ ਨੂੰ ਖੁਸ਼ੀ ਅਤੇ ਸਰੋਤਿਆਂ ਤੋਂ ਭਰਪੂਰ ਪਿਆਰ ਅਤੇ ਸਹਿਯੋਗ ਮਿਲਣ ਦੀਆਂ ਆਸਾਂ ਹਨ।
ਆਦਾਰਾ ਵੀ ਇਸ ਪ੍ਰਤੀ ਸ਼ੁਭਕਾਮਨਾਵਾਂ ਦਿੰਦਾ ਹੈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257

Leave a Reply

Your email address will not be published. Required fields are marked *

%d bloggers like this: