ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਸੁੰਦਰ ਝੀਲ ਕੰਢੇ ਵਸਿਆ ਨੈਨੀਤਾਲ

ਸੁੰਦਰ ਝੀਲ ਕੰਢੇ ਵਸਿਆ ਨੈਨੀਤਾਲ

ਘੁੰਮਣ ਵਾਲੇ ਪਹਾੜੀ ਸਥਾਨਾਂ ਵਿੱਚੋਂ ਨੈਨੀਤਾਲ ਇੱਕ ਬਹੁਤ ਹੀ ਖ਼ੂਬਸੂਰਤ ਜਗ੍ਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਸਾਡੇ ਪਿੰਡ ਤੋਂ ਉੱਤਰਾਖੰਡ ਦੇ ਸ਼ਹਿਰ ਨੈਨੀਤਾਲ ਦੀ ਦੂਰੀ ਤਕਰੀਬਨ 500 ਕਿਲੋਮੀਟਰ ਹੈ। ਇਹ ਸ਼ਹਿਰ ਇੱਕ ਸੁੰਦਰ ਝੀਲ ਕੰਢੇ ਵਸਿਆ ਹੋਇਆ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 1,938 ਮੀਟਰ ਤੇ ਖੇਤਰਫਲ 11.73 ਵਰਗ ਕਿਲੋਮੀਟਰ ਹੈ। ਇੱਥੇ ਅੰਗਰੇਜ਼ੀ, ਹਿੰਦੀ ਤੇ ਕਮਾਊਨੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਲੋਕਾਂ ਦੀ ਮਾਂ ਬੋਲੀ ਗੜਵਾਲੀ ਹੈ। ਇਹ ਸ਼ਹਿਰ ਮਸੂਰੀ ਦਾ ਭੁਲੇਖਾ ਪਾਉਂਦਾ ਹੈ। ਇਸ ਖ਼ੂਬਸੂਰਤ ਤੇ ਠੰਢੇ ਸ਼ਹਿਰ ਵਿੱਚ ਚੰਨ, ਸੂਰਜ ਤੇ ਜੰਗਲ ਕੁਦਰਤ ਦੇ ਹੱਸਦੇ ਪੱਖ ਦਾ ਸੁਨੇਹਾ ਦਿੰਦੇ ਹਨ। ਭੂਗੋਲਿਕ ਨਜ਼ਰੀਏ ਤੋਂ ਨੈਨੀਤਾਲ ਦੇ ਤਲਾਬ ਨੂੰ ਕੁਰਸੀ ਵਰਗੀ ਝੀਲ ਕਹਿੰਦੇ ਹਨ। ਇਸ ਪ੍ਰਕਾਰ ਦੀਆਂ ਝੀਲਾਂ ਦੁਨੀਆਂ ਵਿੱਚ ਦੋ-ਤਿੰਨ ਜਗ੍ਹਾ ਹੀ ਹਨ ਜਿਨ੍ਹਾਂ ਵਿੱਚੋਂ ਇੱਕ ਦੱਖਣੀ ਅਫ਼ਰੀਕਾ ਵਿੱਚ ਹੈ।
1815 ਵਿੱਚ ਕੁਮਾਊਂ-ਗੜਵਾਲ ਵਿੱਚ ਅੰਗਰੇਜਾਂ ਦਾ ਰਾਜ ਹੋ ਗਿਆ ਸੀ। ਇਸ ਲਈ ਉਹ ਆਪਣੇ ਦੇਸ਼ ਵਾਂਗ ਇੱਕ ਸ਼ਾਂਤ ਤੇ ਖ਼ੂਬਸੂਰਤ ਸ਼ਹਿਰ ਵਸਾਉਣਾ ਚਾਹੁੰਦੇ ਸਨ। ਨੈਨੀਤਾਲ ਦੀ ਆਬੋ-ਹਵਾ ਇੰਗਲੈਂਡ ਵਰਗੀ ਸੀ। ਹਿਮਾਲਿਆ ਖੇਤਰ ਵਿੱਚ ਉਨ੍ਹਾਂ ਦੀ ਰਿਹਾਇਸ਼ ਲਈ ਇਹ ਜਗ੍ਹਾ ਬਹੁਤ ਅਨੁਕੂਲ ਸੀ। ਹੌਲੀ-ਹੌਲੀ ਇੱਥੇ ਅੰਗਰੇਜ਼ ਰਹਿਣ ਲੱਗੇ। ਉਹ ਨੈਨੀਤਾਲ ਨੂੰ ‘ਦੂਜਾ ਵਿਲਾਇਤ’ ਕਹਿੰਦੇ ਸਨ। 14 ਸਤੰਬਰ ਤੋਂ 19 ਸਤੰਬਰ 1880 ਨੂੰ ਇੱਥੇ ਲਗਾਤਾਰ ਮੋਹਲੇਧਾਰ ਬਾਰਸ਼ ਹੋਈ ਜਿਸ ਕਰਕੇ ਢਿੱਗਾਂ ਡਿੱਗ ਗਈਆਂ। ਇਸ ਕਾਰਨ ਤਕਰੀਬਨ 151 ਵਿਅਕਤੀ ਮਾਰੇ ਗਏ। ਇਸ ਤਬਾਹੀ ਤੋਂ ਬਾਅਦ ਨੈਨੀਤਾਲ ਵਿੱਚ ਨਾਲਿਆਂ ਤੇ ਸੀਵਰੇਜ ਦਾ ਪ੍ਰਬੰਧ ਕੀਤਾ ਗਿਆ ਤੇ ਇੱਕ ਸੁਰੱਖਿਅਤ ਹਿੱਲ ਸਟੇਸ਼ਨ ਦੀ ਨੀਂਹ ਰੱਖੀ ਗਈ। 1890 ਦੇ ਆਸ-ਪਾਸ ਕਾਠ ਗੋਦਾਮ ਤਕ ਰੇਲਵੇ ਲਾਈਨ ਵਿਛਾਈ ਗਈ। 1915 ਤਕ ਨੈਨੀਤਾਲ ਤਕ ਸੜਕ ਬਣੀ ਤੇ 1922 ਵਿੱਚ ਇੱਥੇ ਬਿਜਲੀ ਆਈ। ਨਗਰਪਾਲਿਕਾ ਦੁਆਰਾ ਬਣਾਏ ਗਏ ਬਾਏ ਲੌਜ ਨੇ ਇਸ ਸ਼ਹਿਰ ਨੂੰ ਹੋਰ ਵੀ ਮਹਾਨਤਾ ਦਿੱਤੀ। 19ਵੀਂ ਸਦੀ ਦੇ ਸ਼ੁਰੂ ਵਿੱਚ ਹਲਕਾਅ ਤੇ ਚੇਚਕ ਦੇ ਟੀਕੇ ਦਾ ਨਿਰਮਾਣ ਇੱਥੇ ਮੁਕਤੇਸ਼ਵਰ (ਪਸ਼ੂਆਂ ਲਈ) ਤੇ ਪਟੁਵਾਡਾਂਗਰ (ਮਨੁੱਖਾਂ ਲਈ) ਵਿੱਚ ਹੋਇਆ ਜੋ ਏਸ਼ੀਆ ਦਾ ਪਹਿਲਾ ਵੈਕਸੀਨ ਸੈਂਟਰ ਹੈ।
ਬਰਤਾਨਵੀ ਰਾਜ ਵੇਲੇ ਨੈਨੀਤਾਲ ਦੇ ਦੋ ਭਾਗ ਬਣਾਏ ਗਏ। ਇੱਕ ਤਲੀਤਾਲ ਤੇ ਦੂਜਾ ਮਲੀਤਾਲ। ਝੀਲ ਦੇ ਨਾਲ-ਨਾਲ ਨੀਵੇਂ ਪਾਸੇ ਨੂੰ ਤਲੀਤਾਲ ਤੇ ਉਪਰ ਵਾਲੇ ਹਿੱਸੇ ਨੂੰ ਮਲੀਤਾਲ ਕਿਹਾ ਜਾਂਦਾ ਹੈ। ਤਲੀਤਾਲ ਬੱਸ ਸਟੈਂਡ ਤੋਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇੱਥੋਂ ਦੀ ਠੰਢੀ ਸੜਕ ਪੈਦਲ ਘੁੰਮਣ ਵਾਲੇ ਲੋਕਾਂ ਨੂੰ ਮਲੀਤਾਲ ਨਾਲ ਜੋੜਦੀ ਹੈ। ਇਸ ਰਸਤੇ ਉਪਰ ਪੈਟਰੋਲ ਪੰਪ, ਸੇਂਟ ਜੋਜ਼ੇਫ ਬੋਟਹਾਊਸ, ਮਾਂ ਪਾਸਣਾ ਦੇਵੀ ਮੰਦਿਰ, ਤਲਾਅ ਦੇ ਕਿਨਾਰੇ ਹਨੁੂੰਮਾਨ ਮੰਦਿਰ, ਸ਼ਿਵ ਮੰਦਿਰ, ਗੋਲਜੂ ਦੇਵ, ਸ਼ਨੀਦੇਵ ਮੰਦਿਰ ਆਉਂਦੇ ਹਨ ਤੇ ਆਖ਼ਰ ਵਿੱਚ ਸੈਲਾਨੀ ਮਲੀਤਾਲ ਨੈਣਾਂ ਦੇਵੀ ਮੰਦਿਰ ਕੋਲ ਤਿੱਬਤੀ ਮਾਰਕੀਟ ਵਿੱਚ ਪਹੁੰਚ ਜਾਂਦੇ ਹਨ। ਠੰਢੀ ਸੜਕ ਉਪਰ ਸਵੇਰੇ ਸ਼ਾਮ ਸਾਰੀ ਦੁਨੀਆਂ ਦੇ ਨਜ਼ਾਰੇ ਵੇਖੇ ਜਾ ਸਕਦੇ ਹਨ। ਮੌਸਮ ਮੁਤਾਬਿਕ ਪਰਵਾਸੀ ਪੰਛੀ ਵੀ ਇੱਥੇ ਪੁੱਜਦੇ ਹਨ। ਇਸ ਸੜਕ ਤੋਂ ਝੀਲ ਦੇ ਦੂਜੇ ਕਿਨਾਰੇ ਦੀ ਮਾਲ ਰੋਡ ਅਤੇ ਹੋਟਲ ਬਹੁਤ ਸੁੰਦਰ ਲੱਗਦੇ ਹਨ। ਇੱਥੋਂ ਦੀ ਨਗਰਪਾਲਿਕਾ ਮਲੀਤਾਲ ਤੇ ਕੈਪੀਟਲ ਸਿਨਮਾ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਸੱਤ ਤੋਂ ਨੌਂ ਵਜੇ ਤਕ ਸੈਲਾਨੀਆਂ ਲਈ ਮੁਫ਼ਤ ਫ਼ਿਲਮੀ ਬੈਂਡ ਧੁਨ ਦਾ ਆਯੋਜਨ ਕਰਦੀ ਹੈ। ਵੱਡੀ ਗਿਣਤੀ ਵਿੱਚ ਸੈਲਾਨੀ ਇਕੱਠੇ ਹੋ ਕੇ ਇਸ ਦਾ ਭਰਪੂਰ ਆਨੰਦ ਮਾਣਦੇ ਹਨ। ਬੱਸ ਸਟੈਂਡ ਤੋਂ ਹੀ, ਜਦ ਸੱਜੇ ਰਸਤੇ ਜਾਂਦੇ ਹਾਂ ਤਾਂ ਇਸ ਨੂੰ ਮਾਲ ਰੋਡ ਕਹਿੰਦੇ ਹਨ। ਕਾਰ ਰਾਹੀਂ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਇਸ ਰਸਤੇ ਦੀ ਵਰਤੋਂ ਕਰਦੇ ਹਨ। ਬੋਟਹਾਊਸ, ਆਰਮੀ ਹੋਲੀਡੇ ਹੋਮ ਨੂੰ ਪਾਰ ਕਰ ਕੇ ਟੋਲ ਬੈਰੀਅਰ ਤਕ ਜਾਇਆ ਜਾ ਸਕਦਾ ਹੈ। ਇਸ ਤੋਂ ਅੱਗੇ ਕਾਰ ਦਾ ਲੇਕ ਬਰਿੱਜ ਟੈਕਸ ਦੇਣਾ ਪੈਂਦਾ ਹੈ।
ਇੱਥੋਂ ਸੈਲਾਨੀ ਮਾਲ ਰੋਡ ਨੂੰ ਹੋ ਜਾਂਦੇ ਹਨ। ਇਹ ਰਸਤਾ ਕੈਥੋਲਿਕ ਚਰਚ, ਅਲਕਾ ਹੋਟਲ ਅਤੇ ਝੀਲ ਨੇੜੇ ਸਥਿਤ ਲਾਇਬਰੇਰੀ ਨੂੰ ਜਾ ਮਿਲਦਾ ਹੈ। ਇੱਥੇ ਕਲਾਸਿਕ ਗਰੈਂਡ ਹੋਟਲ ਤੇ ਦੁਕਾਨਾਂ ਸਮੇਤ ਹੋਰ ਕਈ ਹੋਟਲ ਹਨ। ਅਖੀਰ ਵਿੱਚ ਸੈਲਾਨੀ ਗਵਰਨਰ ਬੋਟ ਹਾਊਸ, ਮੈਥੋਡਿਸਟ ਚਰਚ, ਬੋਟਹਾਊਸ ਕਲੱਬ ਤੇ ਰਿਕਸ਼ਾ ਸਟੈਂਡ ਮਲੀਤਾਲ ਪੁੱਜ ਜਾਂਦੇ ਹਨ। ਮਲੀਤਾਲ ਹੀ ਪੁਲੀਸ ਦਾ ਸੁਆਗਤ ਕੇਂਦਰ ਹੈ। ਇੱਥੇ ਆ ਕੇ ਝੀਲ ਖ਼ਤਮ ਹੋ ਜਾਂਦੀ ਹੈ। ਇਸ ਜਗ੍ਹਾ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਗੋਬਿੰਦ ਵੱਲਭ ਪੰਤ ਦਾ ਬੁੱਤ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਫੁਹਾਰਾ ਲੱਗਿਆ ਹੋਇਆ ਹੈ। ਮਲੀਤਾਲ ਵਿੱਚ ਘੁੰਮਣ ਲਈ ਵੱਡਾ ਬਾਜ਼ਾਰ ਤੇ ਬੈਂਡ ਹਾਊਸ ਪ੍ਰਮੁੱਖ ਥਾਵਾਂ ਹਨ। ਇੱਥੇ ਸਕੇਟਿੰਗ ਹਾਲ, ਗੁਰਦੁਆਰਾ, ਮੰਦਿਰ, ਮਸਜਿਦ, ਚਰਚ, ਤਿੱਬਤੀ ਬਾਜ਼ਾਰ, ਮਾਲ ਬਾਜ਼ਾਰ ਤੇ ਖੇਡ ਮੈਦਾਨ ਹੈ। ਮਸਜਿਦ ਤੋਂ ਇੱਕ ਰਸਤਾ ਹਾਈ ਕੋਰਟ ਹੋ ਕੇ ਬਾਰਾ ਪੱਥਰ ਕਾਲਾਢੁੂੰਗੀ ਨੂੰ ਤੇ ਦੂਜਾ ਰਾਜ ਭਵਨ ਨੂੰ ਜਾਂਦਾ ਹੈ।
ਨੈਨੀ ਝੀਲ: ਇਹ ਝੀਲ ਨੈਨੀਤਾਲ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਹੈ। ਪਹਾੜਾਂ ਦੀਆਂ ਟੀਸੀਆਂ ’ਤੇ ਖੜ੍ਹੇ ਸੰਘਣੇ, ਉੱਚੇ ਦਰੱਖਤ ਇਸ ਝੀਲ ਨੂੰ ਆਸਮਾਨੀ ਰੰਗ ਦੀ ਬਜਾਏ, ਹਰਾ ਰੰਗ ਦਿੰਦੇ ਹਨ। ਨੈਨੀ ਝੀਲ ਚਾਰੇ ਪਾਸਿਆਂ ਤੋਂ ਆਇਰਪਾਟਾ, ਲਰਿਆਕਾਟਾ, ਦੇਵਪਾਟਾ, ਸ਼ੇਰ ਦਾ ਡਾਂਡਾ, ਹਾਂਡੀ-ਭਾਂਡੀ, ਚੀਨਾ ਤੇ ਆਲਮਾ ਸੱਤ ਪਹਾੜੀਆਂ ਨਾਲ ਘਿਰੀ ਹੋਈ ਹੈ। ਸਵੇਰ ਸਮੇਂ ਪਹਾੜਾਂ ਅਤੇ ਸ਼ਹਿਰ ਦਾ ਖ਼ੂਬਸੂਰਤ ਦ੍ਰਿਸ਼ ਇੱਥੇ ਵੇਖਿਆ ਜਾ ਸਕਦਾ ਹੈ। ਇਸ ਝੀਲ ਦੀ ਲੰਬਾਈ 1372 ਮੀਟਰ, ਚੌੜਾਈ 365 ਮੀਟਰ ਅਤੇ ਡੁੂੰਘਾਈ 28 ਮੀਟਰ ਹੈ। ਝੀਲ ਵਿੱਚ ਵੱਡੀ ਗਿਣਤੀ ਵਿੱਚ ਕਿਸ਼ਤੀਆਂ ਹਨ। ਕਿਸ਼ਤੀ ਰਾਹੀਂ ਝੀਲ ਵਿਚਕਾਰ ਜਾਣ ’ਤੇ ਚਿੱਟੇ ਤੇ ਘੁੱਗੀ ਰੰਗੇ ਬੱਦਲ ਅਠਖੇਲੀਆਂ ਕਰਕੇ ਲੰਘਦੇ ਜਾਪਦੇ ਹਨ। ਕਿਸ਼ਤੀ ਵਿੱਚ ਘੁੰਮਣ ਲਈ ਪ੍ਰਤੀ ਵਿਅਕਤੀ 150 ਰੁਪਏ ਟਿਕਟ ਹੈ।
ਰੋਪ ਵੇਅ: ਮਲੀਤਾਲ ਵਿੱਚ ਰਿਕਸ਼ਾ ਸਟੈਂਡ ਕੋਲ, ਮਾਰਡਨ ਬੁੱਕ ਡਿੱਪੂ ਭਵਨ ਦੇ ਅਖੀਰ ਸਟੇਟ ਬੈਂਕ ਆਫ ਇੰਡੀਆ ਤੋਂ ਪਹਿਲਾਂ ਇੱਕ ਰਸਤਾ ਪਹਾੜੀ ਵੱਲ ਰੋਪ ਵੇਅ ਦੇ ਹੇਠਾਂ ਵੱਲ ਜਾਂਦਾ ਹੈ। ਇੱਥੋਂ ਟਰਾਲੀ ਦੀਆਂ ਟਿਕਟਾਂ ਮਿਲਦੀਆਂ ਹਨ। ਸੀਜ਼ਨ ਦੇ ਦਿਨਾਂ ਵਿੱਚ ਸੈਲਾਨੀਆਂ ਦੀ ਕਾਫ਼ੀ ਭੀੜ ਜੁੜ ਜਾਂਦੀ ਹੈ। ਕਈ ਵਾਰੀ ਦੂਜੇ ਦਿਨ ਵੀ ਵਾਰੀ ਆਉਂਦੀ ਹੈ। ਇਸ ਟਰਾਲੀ ਵਿੱਚ ਸਿਰਫ਼ 10 ਵਿਅਕਤੀ ਹੀ ਬੈਠ ਸਕਦੇ ਹਨ। ਇਹ ਟਰਾਲੀ ਸੈਲਾਨੀਆਂ ਨੂੰ ਢਾਈ ਮਿੰਟ ਵਿੱਚ 700 ਮੀਟਰ ਉੱਚੀ ਪਹਾੜੀ ‘ਸਨੋਅ ਵਿਊ’ ਉੱਤੇ ਲੈ ਜਾਂਦੀ ਹੈ। ਇੱਥੇ ਸਾਫ਼ ਮੌਸਮ ਵਿੱਚ ਹਿਮਾਲਿਆ ਦੀਆਂ ਸਫ਼ੈਦ ਚੋਟੀਆਂ ਨੂੰ ਨੀਝ ਲਾ ਕੇ ਵੇਖਿਆ ਜਾ ਸਕਦਾ ਹੈ। ਉਪਰ ਇੱਕ ਮੰਦਿਰ ਹੈ। ਫਨ ਗੇਮ, ਇਲੈਕਟ੍ਰਿਕ ਕਾਰ, ਰੋਲਰ ਸਕੇਟਿੰਗ, ਰੈਸਤਰਾਂ ਤੇ ਹੋਰ ਦੁਕਾਨਾਂ ਹਨ। ਸਮੁੰਦਰੀ ਤਲ ਤੋਂ 2270 ਮੀਟਰ ਉੱਚੀ ਇਹ ਜਗ੍ਹਾ ਬੱਚਿਆਂ ਲਈ ਕਾਫ਼ੀ ਮਨੋਰੰਜਕ ਹੈ। ਸੈਲਾਨੀ ‘ਸਨੋਅ ਵਿਊ’ ਮਲੀਤਾਲ ਅਤੇ ਤਲੀਤਾਲ ਤੋਂ ਪੈਦਲ ਵੀ ਜਾ ਸਕਦੇ ਹ । ਪੈਦਲ ਇਹ ਦੂਰੀ ਢਾਈ ਕਿਲੋਮੀਟਰ ਹੈ।
ਕੈਮਲ ਬੈਕ ਰੋਡ: ਬੱਸ ਸਟੈਂਡ ਤੋਂ ਕੈਮਲ ਬੈਕ ਦੀ ਦੂਰੀ 5.50 ਕਿਲੋਮੀਟਰ ਹੈ। ਇਹ ਸਮੁੰਦਰੀ ਤੱਟ ਤੋਂ 2,333 ਮੀਟਰ ਉੱਚੀ ਚੋਟੀ ਹੈ। ਦੂਰੋਂ ਵੇਖਣ ਨੂੰ ਇਹ ਚੋਟੀ ਊਠ ਦੀ ਪਿੱਠ ਦੀ ਤਰ੍ਹਾਂ ਲੱਗਦੀ ਹੈ। ਇੱਥੋਂ ਦਾ ਕੁੰਦਰਤੀ ਵਾਤਾਵਰਣ, ਦੂਰ-ਦੂਰ ਦੀਆਂ ਪਰਬਤ ਚੋਟੀਆਂ, ਘਾਟੀਆਂ ਤੇ ਰੰਗ-ਬਿਰੰਗੇ ਦ੍ਰਿਸ਼ਾਂ ਨੂੰ ਵੇਖ ਕੇ ਮਨ ਅਸ਼-ਅਸ਼ ਕਰ ਉੱਠਦਾ ਹੈ।
ਰਾਜ ਭਵਨ: ਇਹ ਨੈਨੀਤਾਲ ਦੀ ਖ਼ੂਬਸੂਰਤ ਇਮਾਰਤ ਹੈ। ਇਸ ਦਾ ਨਿਰਮਾਣ 1897 ਵਿੱਚ ਸ਼ੁਰੂ ਹੋ ਕੇ 1900 ਵਿੱਚ ਪੂਰਾ ਹੋਇਆ। ਇਸ ਇਮਾਰਤ ਦਾ ਡਿਜ਼ਾਈਨ ਸਟੀਵਨਜ਼ ਨੇ ਤਿਆਰ ਕੀਤਾ ਸੀ ਤੇ ਸ਼ਿਲਪਕਲਾ ਮੁੰਬਈ ਦੇ ਐਫ.ਓ. ਔਰੇਟਲ ਨੇ ਕੀਤੀ ਸੀ। ਇਹ ਗੋਥਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਗਲਾਸ, ਟਾਈਲਾਂ, ਬਾਂਸਫੀਟਿੰਗ ਤੇ ਆਇਰਨ ਪਾਈਪ ਇੰਗਲੈਂਡ ਤੋਂ ਲਿਆਂਦੇ ਗਏ। ਪੱਥਰ ਦਾ ਕੰਮ ਆਗਰਾ ਦੇ ਕਾਰੀਗਰਾਂ ਤੇ ਲੱਕੜ ਦਾ ਕੰਮ ਪੰਜਾਬ ਦੇ ਕਾਰੀਗਰਾਂ ਨੇ ਕੀਤਾ। ਰਾਜ ਭਵਨ ਵਿੱਚ ਪੁਰਾਣੀਆਂ ਤੋਂ ਲੈ ਕੇ ਹੁਣ ਤਕ ਹੋਈਆਂ ਸਾਰੀਆਂ ਵੱਡੀਆਂ ਲੜਾਈਆਂ ਦੀਆਂ ਫੋਟੋਆਂ ਅਤੇ ਕਾਲ ਦਾ ਪੂਰਾ ਵੇਰਵਾ ਹੈ। ਹੁਣ ਇੱਥੇ ਕੈਮਰਾ ਲਿਜਾਣ ਦੀ ਮਨਾਹੀ ਨਹੀਂ ਹੈ। ਇਸ ਨੂੰ ਵੇਖਣ ਲਈ 50 ਰੁਪਏ ਟਿਕਟ ਹੈ।
ਨੈਨੀਤਾਲ ਵਿੱਚ ਘੋੜਸਵਾਰੀ ਦਾ ਆਨੰਦ ਵੀ ਮਾਣਿਆ ਜਾ ਸਕਦਾ ਹੈ। ਇਸ ਲਈ ਬਾਰਾਪੱਥਰ ਜਾਣਾ ਪੈਂਦਾ ਹੈ। ਨੈਨੀਤਾਲ ਨੇੜੇ ਅਲਮੋੜਾ ਤੇ ਰਾਣੀਖੇਤ ਵਿੱਚ ਵੀ ਕੁਦਰਤੀ ਨਜ਼ਾਰਿਆਂ ਨੂੰ ਮਾਣਿਆ ਜਾ ਸਕਦਾ ਹੈ। ਨੈਨੀਤਾਲ ਵਿੱਚ ਕਈ ਵੱਡੇ ਹੋਟਲ ਹਨ ਜਿਨ੍ਹਾਂ ਵਿੱਚ ਕਮਰਿਆਂ ਦੀ ਗਿਣਤੀ 40 ਤੋਂ ਵਧੇਰੇ ਹੈ। ਛੋਟੇ ਹੋਟਲ ਤੇ ਗੈਸਟ ਹਾਊਸ ਵੀ ਵਾਜਬ ਕੀਮਤ ’ਤੇ ਮਿਲ ਜਾਂਦੇ ਹਨ। ਪੰਜ ਦਿਨ ਨੈਨੀਤਾਲ ਅਤੇ ਅਲਮੋੜਾ ਘੁੰਮਣ ਮਗਰੋਂ ਅਸੀਂ ਪਿੰਡ ਪਰਤ ਆਏ।

-ਮੇਜਰ ਸਿੰਘ ਜਖੇਪਲ

With thanks: Indotimes australia

Leave a Reply

Your email address will not be published. Required fields are marked *

%d bloggers like this: