Thu. Jul 18th, 2019

ਸੁਰੱਖਿਆ ਮਾਮਲੇ ਅਤੇ ਸਰਜੀਕਲ ਸਟਰਾਈਕਾਂ ਦੇ ਮਾਹਿਰ ਅਜੀਤ ਡੋਭਾਲ

ਸੁਰੱਖਿਆ ਮਾਮਲੇ ਅਤੇ ਸਰਜੀਕਲ ਸਟਰਾਈਕਾਂ ਦੇ ਮਾਹਿਰ ਅਜੀਤ ਡੋਭਾਲ

ਜਿਸ ਦਿਨ ਪਾਕਿਤਸਾਨ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਕਿ ਭਾਰਤ ਨੇ ਆਪਣੀ ਸੁਰੱਖਿਆਤਮਕ ਨੀਤੀ ਬਦਲ ਕੇ ਹਮਲਾਵਰ ਰਣਨੀਤੀ ਅਪਣਾ ਲਈ ਹੈ, ਉਸੇ ਦਿਨ ਭਾਰਤ ‘ਤੇ ਬੇਲੋੜਾ ਦਬਾਅ ਅਤੇ ਹਮਲੇ ਹੋਣੇ ਬੰਦ ਹੋ ਜਾਣਗੇ। ਪਾਕਿਸਤਾਨ ਸਾਡੇ ਨਾਲੋਂ ਜਿਆਦਾ ਨਾਜ਼ੁਕ ਹੈ। ਉਹ ਇਕ ਮੁੰਬਈ ਕਰ ਸਕਦਾ ਹੈ ਤਾਂ ਅਸੀਂ ਇਕ ਬਲੋਚਿਸਤਾਨ ਨੂੰ ਅੰਜਾਮ ਦੇ ਸਕਦੇ ਹਾਂ।ਕਹਿਣ ਤੋਂ ਭਾਵ ਅੱਖ ਦੇ ਬਦਲੇ ਅੱਖ। ਇਹੀ ਸੋਚ ਹੈ ਭਾਰਤ ਦੇ ਸੁਰੱਖਆ ਮਾਮਲਿਆਂ ਦਾ ਚਾਣਕਿਆ ਕਹੇ ਜਾਣ ਵਾਲੇ ਅਜੀਤ ਡੋਭਾਲ ਦੀ, ਜੋ ਭਾਰਤ ਵਿੱਚ ਸਭ ਤੋਂ ਜਿਆਦਾ ਕਾਬਲ ਅਤੇ ਤਾਕਤਵਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੰਨੇ ਜਾਂਦੇ ਹਨ।
1968 ਬੈਚ ਦੇ ਸੇਵਾਮੁਕਤ ਆਈਪੀਐਸ ਅਫਸਰ ਅਜੀਤ ਡੋਭਾਲ ਨੂੰ ਸੁਰੱਖਿਆ ਆਪ੍ਰੇਸ਼ਨ ਦੇ ਮਾਮਲੇ ਵਿੱਚ ਸਭ ਤੋਂ ਤੇਜ਼ ਕਾਰਵਾਈ ਕਰਨ ਵਾਲੇ ਖੁਫੀਆ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ।ਸਾਲ 1989 ਵਿੱਚ ਆਪ੍ਰੇਸ਼ਨ ਬਲੈਕ ਥੰਡਰ ਦੌਰਾਨ ਖੁਫੀਆ ਬਿਉਰੋ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਨਾਲ ਤਾਲਮੇਲ ਬਣਾ ਕੇ ਉਹ ਇਕ ਆਈਐਸਆਈ ਏਜੰਟ ਦਾ ਭੇਸ ਬਦਲ ਕੇ ਕੱਟਵਾਦੀਆਂ ਦੇ ਵਿਚਕਾਰ ਰਹਿ ਕੇ ਵੀ ਕੰਮ ਕਰਦੇ ਰਹੇ। ਸਾਲ 1999 ਵਿੱਚ ਏਅਰ ਇੰਡੀਆ ਦੇ ਜਹਾਜ ਦੇ ਜਹਾਜ ਨੂੰ ਅਗਵਾ ਕਰਕੇ ਕੰਧਾਰ ਲੈ ਜਾਣ ਸਮੇਂ ਵੀ ਤਾਲਿਬਾਨ ਨਾਲ ਗੱਲਬਾਤ ਕਰਨ ਵਾਲੇ ਮੁੱਖ ਅਫਸਰ ਅਜੀਤ ਡੋਭਾਲ ਹੀ ਸਨ। ਇਹ ਬਹੁਤ ਮੁਸ਼ਕਲ ਸਮਾਂ ਸੀ ਯਾਤਰੀਆਂ ਨੂੰ ਬਚਾਉਣ ਦਾ, ਕਿਉਂਕਿ ਇਸ ਤੋਂ ਪਹਿਲਾਂ ਤਾਲਿਬਾਨ ਨਾਲ ਸਾਡਾ ਪੁਖਤਾ ਸੰਵਾਦ ਕਦੇ ਨਹੀਂ ਰਿਹਾ ਸੀ।ਤਾਲਿਬਾਨ ਲੜਾਕੇ ਹਰ ਪਲ ਸਵਾਰੀਆਂ ਨਾਲ ਭਰੇ ਜਹਾਜ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਦੇ ਰਹੇ ਸਨ।ਪਹਿਲਾਂ 100 ਅੱਤਵਾਦੀਆਂ ਫਿਰ 75 ਅਤੇ ਫਿਰ 50 ਤੋਂ ਮੁੜਦੇ ਹੋਏ ਗੱਲ 3 ਅੱਤਵਾਦੀਆਂ ਨੂੰ ਰਿਹਾ ਕਰਨ ‘ਤੇ ਖਤਮ ਹੋਈ। 1980 ਦੇ ਦਹਾਕੇ ਵਿੱਚ ਉੱਤਰ ਪੂਰਵੀ ਸੂਬਿਆਂ ਵਿੱਚ ਅਹਿਮ ਰੋਲ ਨਿਭਾਉਣ ਸਦਕਾ ਡੋਭਾਲ ਨੂੰ ਯਾਦ ਕੀਤਾ ਜਾਂਦਾ ਹੈ।
ਉਸੇ ਦੌਰਾਨ ਮਿਜੋਰਮ ਵਿੱਚ ਲੱਲਡੈਂਗਾ ਦੀ ਅਗਵਾਈ ਵਿੱਚ ਮਿਜ਼ੋ ਨੈਸ਼ਨਲ ਫ੍ਰੰਟ ਨੇ ਹਿੰਸਾ ਅਤੇ ਅੱਤਵਾਦ ਦਾ ਸਾਮਰਾਜ ਸਥਾਪਤ ਕਰ ਰੱਖਿਆ ਸੀ।ਉਦੋਂ ਡੋਭਾਲ ਨੇ ਲੱਲਡੈਂਗਾ ਦੇ 7 ਵਿਚੋਂ 6 ਕਮਾਂਡਰਾ ਦਾ ਵਿਸ਼ਵਾਸ ਜਿੱਤ ਕੇ ਲੱਲਡੈਂਗਾ ਨੂੰ ਭਾਰਤ ਸਰਕਾਰ ਦੇ ਨਾਲ ਸ਼ਾਂਤੀ ਸਥਾਪਤ ਕਰਨ ਦੇ ਲਈ ਰਾਜੀ ਕੀਤਾ ਸੀ। ਸਾਲ 1991 ਵਿੱਚ ਖਾਲਿਸਤਾਨ ਲਿਬਰੇਸ਼ਨ ਫ੍ਰੰਟ ਵੱਲੋਂ ਅਗਵਾ ਕੀਤੇ ਗਏ ਰੋਮ ਦੇ ਰਾਜਨਾਇਕ ਲਿਵਿਊ ਰਾਡੂ ਨੂੰ ਬਚਾਉਣ ਦੇ ਲਈ ਵੀ ਡੋਭਾਲ ਨੇ ਅਹਿਮ ਰੋਲ ਅਦਾ ਕੀਤਾ ਸੀ।1, ਜੂਨ 2014 ਵਿੱਚ ਆਈਐਸਆਈਐਸ ਦੇ ਕਬਜੇ ਵਿੱਚੋਂ 46 ਨਰਸਾਂ ਦੀ ਸੁਰੱਖਿਅਤ ਭਾਰਤ ਵਾਪਸੀ ਅਤੇ ਸ਼੍ਰੀਲੰਕਾ ਵਿੱਚ ਫਾਂਸੀ ਤੋਂ ਇਕ ਦਿਨ ਪਹਿਲਾਂ 6 ਮਛਵਾਰਿਆਂ ਨੂੰ ਬਚਾਉਣ ਜਿਹੇ ਅਹਿਮ ਆਪ੍ਰੇਸ਼ਨਾਂ ਵਿੱਚ ਅਜੀਤ ਡੋਭਾਲ ਦਾ ਬਹੁਤ ਅਹਿਮ ਅਤੇ ਬਹੁਤ ਵੱਡਾ ਰੋਲ ਰਿਹਾ ਹੈ।
ਇਸ ਤੋਂ ਇਲਾਵਾ ਡੋਭਾਲ ਸੱਤ ਸਾਲ ਤੱਕ ਪਾਕਿਸਤਾਨ ਵਿੱਚ ਖੁਫੀਆ ਏਜੰਟ ਬਣ ਕੇ ਵੀ ਰਹੇ ਹਨ। ਨਾਲ ਹੀ ਬ੍ਰਿਟੇਨ ਵਿਖੇ ਮੌਜੂਦ ਭਾਰਤੀ ਹਾਈ ਕਮੀਸ਼ਨ ਵਿੱਚ ਵੀ ਚਾਰ ਸਾਲ ਤੱਕ ਸੇਵਾਵਾਂ ਨਿਭਾ ਚੁੱਕੇ ਹਨ।
ਮੋਦੀ ਸਰਕਾਰ ਨੇ ਹਾਲ ਹੀ ਵਿੱਚ ਜੋ ਪਾਕਿਸਤਾਨ ਵੱਲ ਸਰਜੀਕਲ ਸਟਰਾਈਕ ਕੀਤੀ ਹੈ , ਉਸ ਦੀ ਰੂਪ ਰੇਖਾ ਰਚਣ ਵਾਲਿਆਂ ਵਿਚ ਵੀ ਅਜੀਤ ਡੋਭਾਲ ਨੂੰ ਅਹਿਮ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਖੁਫੀਆ ਅ੍ਰਾਪੇਸ਼ਨਾਂ ਦੇ ਮਾਮਲੇ ਵਿੱਚ ਭਾਰਤ ਦਾ ਸਭ ਤੋਂ ਜਿਆਦਾ ਸਫਲ ਖੁਫੀਆ ਅਧਿਕਾਰੀ ਮੰਨਿਆ ਜਾਂਦਾ ਹੈ।ਇਹੀ ਵਜ੍ਹਾ ਹੈ ਕਿ ਉਹ ਦੇਸ਼ ਦੇ ਪਹਿਲੇ ਆਈਪੀਐਸ ਅਫਸਰ ਹਨ, ਜਿੰਨ੍ਹਾਂ ਨੂੰ ਫੌਜ ਦੇ ਸਭ ਤੋਂ ਵੱਡੇ ਸਨਮਾਨਾਂ ਵਿਚੋਂ ਕੀਰਤੀ ਚੱਕਰ ਦਿੱਤਾ ਗਿਆ। ਉਨ੍ਹਾਂ ਦੀ ਹਰਫ਼ਨਮੌਲਾ ਕਾਰਗੁਜਾਰੀ ਦੇ ਕਾਰਨ ਹੀ ਭਾਰਤੀ ਖੁਫੀਆ ਤੰਤਰ ਦਰਮਿਆਨ ਉਨ੍ਹਾਂ ਦਾ ਨਾਂਅ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ।ਦੇਸ਼ ਵਿਚ ਹੋਏ ਕਈ ਅਹਿਮ ਆਪ੍ਰੇਸ਼ਨਾਂ ਦੀਆਂ ਦੂਰ ਦ੍ਰਿਸ਼ਟੀ ਵਾਲੀਆਂ ਯੋਜਨਾਵਾਂ ਬਣਾਉਣ ਵਿੱਚ ਉਨ੍ਹਾਂ ਨੂੰ ਮਾਹਿਰ ਮੰਨਿਆ ਜਾਂਦਾ ਹੈ। 70 ਦੀ ਉਮਰ ਪਾਰ ਕਰਨ ਦੇ ਬਾਵਜੂਦ ਵੀ ਉਹ 16 ਤੋਂ 18 ਘੰਟੇ ਲਗਾਤਾਰ ਕੰਮ ਕਰਦੇ ਹਨ। ਪਰ ਇਹ ਹਮੇਸ਼ਾ ਚਰਚਾ ਰਹਿੰਦੀ ਹੈ ਐਨੇ ਵੱਡੇ ਅਤੇ ਅਹਿਮ ਅਫਸਰ ਹੋਣ ਦੇ ਬਾਵਜੂਦ ਵੀ ਉਹ ਹਰੇਕ ਥਾਂ ਖੁਦ ਹਾਜ਼ਰ ਹੋਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ।ਕੁਝ ਲੋਕ ਇਸਦੇ ਲਈ ਸਾਡੀਆਂ ਸਰਕਾਰ ਦੀਆਂ ਕਮਜੋਰੀਆਂ ਨੂੰ ਹੀ ਜਿੰਮੇਵਾਰ ਮੰਨਦੇ ਹਨ।ਕੁਝ ਲੋਕ ਤਾਂ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹੋਏ ਹਮਲੇ ਨਾਲ ਨਜਿੱਠਣ ਦੀ ਉਨ੍ਹਾਂ ਦੀ ਰਣਨੀਤੀ ‘ਤੇ ਵੀ ਸਵਾਲ ਚੁੱਕਦੇ ਹਨ। ਕੁਝ ਲੋਕ ਉਨ੍ਰਾਂ ਦੇ ਹੱਦੋਂ ਵੱਦ ਜਾਗਰੂਕ ਅਤੇ ਕੰਮ ਪ੍ਰਤੀ ਜਨੂੰਨੀ ਹੋਣ ਦੇ ਕਾਰਨ ਵੀ ਮੋਦੀ ਦਾ ਉਨ੍ਹਾਂ ‘ਤੇ ਬਹੁਤ ਜਿਆਦਾ ਵਿਸ਼ਵਾਸ ਮੰਨਦੇ ਹਨ।ਦੋਹਾਂ ਦੀ ਕਾਰਜ਼ਸ਼ੈਲੀ ਅਤੇ ਸੋਚ ਮੇਲ ਖਾਂਦੀ ਹੈ। ਕਿਸੇ ਵੀ ਘਟਨਾ ਤੋਂ ਬਾਅਦ ਉਸ ‘ਤੇ ਪ੍ਰਤੀਕਿਰਿਆਂ ਨੂੰ ਜੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਵੀ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੁੰਦਾ ਹੈ, ਜਿਸਦੇ ਰਾਹੀਂ ਉਹ ਖਾਸ ਸਮਰੱਥਕ ਸਮੂਹ ਨੂੰ ਸੰਬੋਧਨ ਕਰ ਰਹੇ ਹੁੰਦੇ ਹਨ। ਵੈਸੇ ਕਿਹਾ ਜਾਂਦਾ ਹੈ ਕਿ ਡੋਭਾਲ ਫੈਸਲਾ ਲੈਣ ਅਤੇ ਕਾਰਵਾਈ ਕਰਨ ਵਿੱਚ ਦੇਰ ਨਹੀਂ ਲਾਉਂਦੇ।ਕਿਹਾ ਜਾਂਦਾ ਹੈ ਕਿ ਉਹ ਸਪਸ਼ਟਵਾਦੀ ਕਿਸਮ ਦੇ ਇਨਸਾਨ ਹਨ। ਦੇਸ਼ ਦੇ ਹਰਮਨ ਪਿਆਰੇ ਅਤੇ ਚਰਚਾ ਵਿੱਚ ਰਹਿਣ ਵਾਲੇ ਪੰਜਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਹਾਲੀਆ ਚਰਚਾ ਪਾਕਿਸਤਾਨੀ ਹਦੂਦ ਅੰਦਰ ਦਾਖਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੀ ਯੋਜਨ ਨੂੰ ਲੈਕੇ ਹੋ ਰਹੀ ਹੈ, ਜਿਸ ਦੌਰਾਨ ਉਹ ਪ੍ਰਧਾਨਮੰਤਰੀ ਦੇ ਨਾਲ ਇਕ ਸਾਏ ਦੇ ਵਾਂਗ ਰਹੇ ।
20 ਜਨਵਰੀ 1945 ਵਿੱਚ ਪੌੜੀ ਗੜ੍ਹਵਾਲ ਦੇ ਘੀੜੀ ਬਾਨੇਸਲੂ ਵਿੱਚ ਜੰਮੇ ਅਜੀਤ ਡੌਭਾਲ ਇਕ ਸੇਵਾ ਮੁਕਤ ਫੌਜੀ ਅਫਸਰ ਮੇਜਰ ਗੁਣਾਂਨੰਦ ਡੋਭਾਲ ਦੇ ਪੁੱਤਰ ਹਨ। ਮੁੱਢਲੀ ਸਿੱਖਿਆ ਅਜਮੇਰ ਦੇ ਸੈਨਿਕ ਸਕੂਲ ਤੋਂ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਐਮ ਏ ਕੀਤੀ, ਬਾਅਦ ਵਿੱਚ ਆਈਪੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, 1968 ਵਿੱਚ ਉਨ੍ਹਾਂ ਨੂੰ ਆਈਪੀਐਸ ਦਾ ਕੇਰਲਾ ਕੇਡਰ ਮਿਲਿਆ।ਸਾਲ 1972 ਡੋਭਾਲ ਇੰਟਲੀਜੈਂਸ ਬਿਊਰੋ ਨਾਲ ਜੁੜੇ।ਸਾਲ 2005 ਵਿੱਚ ਉਹ ਇੰਟੈਲੀਜੈਂਸ ਬਿਊਰੋ ਤੋਂ ਆਈਬੀ ਮੁਖੀ ਦੇ ਅਹੁਦੇ ਤੋ ਸੇਵਾਮੁਕਤ ਹੋਏ। ਸੰਘ ਦੀ ਵਿਚਾਰਧਾਰ ਦੇ ਰੂਝਾਨ ਵਾਲੇ ਅਜੀਤ ਡੋਭਾਲ ਵਿਵੇਕਾਨੰਦ ਨੈਸ਼ਨਲ ਫਾਊਡੇਸ਼ਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: