ਸੁਪਰ ਫੰਡ ‘ਚ ਪਾਈਆ ਬੇਨਿਜਮੀਆਂ ਦੇ ਮੱਦੇਨਜ਼ਰ ਆਸਟ੍ਰੇਲੀਅਨ ਟੈਕਸ ਆਫ਼ਿਸ (ਏਟੀਓ) ਨੇ ਸਖ਼ਤ ਤਾੜਨਾ ਕੀਤੀ

ਸੁਪਰ ਫੰਡ ‘ਚ ਪਾਈਆ ਬੇਨਿਜਮੀਆਂ ਦੇ ਮੱਦੇਨਜ਼ਰ ਆਸਟ੍ਰੇਲੀਅਨ ਟੈਕਸ ਆਫ਼ਿਸ (ਏਟੀਓ) ਨੇ ਸਖ਼ਤ ਤਾੜਨਾ ਕੀਤੀ
ਬ੍ਰਿਸਬੇਨ 24 ਜੂਨ (ਗੁਰਵਿੰਦਰ ਰੰਧਾਵਾ): ਇੱਥੇ ਸਰਕਾਰ ਵੱਲੋਂ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਕਾਮੇ ਜਿੰਨ੍ਹਾਂ ਦਾ ਕੋਵਿਡ-19 ਮਹਾਂਮਾਰੀ ਕਾਰਨ ਵਿੱਤੀ ਨੁਕਸਾਨ ਹੋਇਆ ਹੈ, ਲੋੜ੍ਹ ਪੈਣ ਉੱਤੇ ਵਿੱਤੀ ਵਰ੍ਹੇ 2020 ਅਤੇ 2021 ਵਿੱਚ ਆਪਣੇ ਸੁਪਰ ਫੰਡ ‘ਚੋਂ 20,000 ਡਾਲਰ ਤੱਕ ਵਰਤ ਸਕਦੇ ਹਨ ਵਿੱਚ ਪਾਈਆ ਬੇਨਿਜਮੀਆਂ ਦੇ ਮੱਦੇਨਜ਼ਰ ਹੁਣ ਆਸਟ੍ਰੇਲੀਅਨ ਟੈਕਸ ਆਫ਼ਿਸ (ਏਟੀਓ) ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਦੁਆਰਾ ਨਿਰਧਾਰਿਤ ਯੋਗਤਾ ਜਾਂ ਸ਼ਰਤਾਂ ਪੂਰੀਆਂ ਕੀਤੇ ਬਗੈਰ ਪੈਸੇ ਕੱਢਣ ਵਾਲੇ ਲੋਕਾਂ ਨੂੰ 12,000 ਡਾਲਰ ਤੋਂ ਵੀ ਵੱਧ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁਝ ਹੋਰ ਆਰਜ਼ੀ ਵੀਜ਼ਿਆਂ ਵਾਲੇ ਕਾਮਿਆਂ ਨੂੰ ਵਿੱਤੀ ਸਹਾਇਤਾ ਬਾਬਤ ਆਪਣੇ ਸੁਪਰ ਫੰਡ (ਸੁਪਰਅਨੂਏਸ਼ਨ) ‘ਚੋਂ 10,000 ਡਾਲਰ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਏਟੀਓ ਨੇ ਆਪਣੀ ਵੈਬਸਾਈਟ ਰਾਹੀਂ ਕਿਹਾ ਹੈ ਕਿ ਉਨ੍ਹਾਂ ਕੁਝ ਮਾਮਲਿਆਂ ਦੀ ਜਾਂਚ ਕੀਤੀ ਹੈ ਤੇ ਕੁਝ ਗਲਤ ਤੱਥਾਂ ਦਾ ਖੁਲਾਸਾ ਹੋਇਆ ਹੈ।
ਜਿਸਦੇ ਚੱਲਦਿਆਂ ਕੁਝ ਮਾਮਲਿਆਂ ਵਿੱਚ ਪੈਸੇ ਉੱਤੇ ਰੋਕ ਤਹਿਤ ਕਈ ਅਰਜ਼ੀਆਂ ਦੀ ਸੁਣਵਾਈ ਰੋਕ ਦਿੱਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਉਹ ਇਸ ਵਿੱਤੀ ਸਹਾਇਤਾ ਪ੍ਰੋਗਰਾਮ ਨੂੰ ਸੁਚਾਰੂ ਬਣਾਉਣ ਲਈ ਕੁਝ ਹੋਰ ਬਿਨੈਕਾਰਾਂ ਦੇ ਹਾਲਾਤਾਂ ਦਾ ਗੰਭੀਰਤਾ ਨਾਲ ਜਾਇਜਾ ਤੇ ਪੜਚੋਲ ਕਰ ਰਹੇ ਹਨ। ਸੁਪਰਅਨੂਏਸ਼ਨ ਪਹਿਲਾਂ ਕਢਵਾਉਣ ਲਈ ਦਾਅਵਾ ਕਰਨ ਵਾਲਿਆਂ ਦੀ ਵਿੱਤੀ ਹਕੀਕਤ ਬਾਰੇ ਜਾਨਣ ਲਈ ਵਿਭਾਗ ਆਮਦਨ ਟੈਕਸ ਰਿਟਰਨ, ਸੁਪਰ ਫੰਡਾਂ ਤੋਂ ਪ੍ਰਾਪਤ ਜਾਣਕਾਰੀ, ਸਿੰਗਲ ਟਚ ਪੇਅਰੋਲ ਡੇਟਾ ਅਤੇ ਸਰਵਿਸ ਆਸਟ੍ਰੇਲੀਆ ਦੇ ਡੇਟਾ ਦੀ ਵਰਤੋਂ ਕਰ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਹੁਣ ਤੱਕ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਇਸ ਵਰਤਾਰੇ ਨੂੰ ਅੰਜਾਮ ਦੇ ਚੁੱਕੇ ਹਨ। ਦੱਸਣਯੋਗ ਹੈ ਕਿ ਪਹਿਲਾਂ ਸੁਪਰ ਕਢਾਉਣ ਦੀ ਸ਼ਰਤ ਪੂਰੀ ਕਰਨ ਲਈ ਬੇਰੁਜ਼ਗਾਰੀ, ਕੰਮ ਤੋਂ ਵੇਹਲੇ ਹੋਣਾ, ਜਾਂ ਕੰਮਕਾਜੀ ਘੰਟਿਆਂ ਵਿੱਚ ਘੱਟੋ-ਘੱਟ 20% ਦੀ ਕਮੀ ਅਤੇ ਕਾਰੋਬਾਰਾਂ ਦੀ ਟਰਨਓਵਰ ਵਿੱਚ 20 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦੇ ਘਾਟੇ ਅਤੇ ਹੋਰ ਆਰਥਿਕ ਮੰਦਹਾਲੀ ਦੀਆਂ ਮੱਦਾਂ ਸ਼ਾਮਿਲ ਹਨ।