Fri. Apr 19th, 2019

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ: ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ: ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

ਬ੍ਰਿਟਿਸ ਸਾਮਰਾਜ ਦੀ ਦੋ ਸੋ ਸਾਲਾਂ ਦੀ ਗੁਲਾਮੀ ਤੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਕਾਬਲਏ ਤਾਰੀਫ਼ ਹਨ । ਉਨ੍ਹਾ ਆਜ਼ਾਦੀ ਘੁਲਾਟੀਏ ਅਤੇ ਸਤੁੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਅਤੇ ਕਾਰਨਾਮਿਆਂ ਦੇ ਸੋਹਲੇ ਅੱਜ ਵੀ ਗਾਏ ਜਾਂਦੇ ਹਨ ਅਤੇ ਉਨ੍ਹਾ ਦੀਆਂ ਪੀੜੀਆਂ ਦਾ ਸਰਕਾਰ ਦਰਬਾਰੇ ਅਦਬ ਕੀਤਾ ਜਾਂਦਾ ਹੈ । ਪਰ ਕੁੱਝ ਨਾਇਕ ਜੈਲਦਾਰ ਰਣਜੋਧ ਸਿੰਘ ਰੰਗੜ ਨੰਗਲ ਵਰਗੇ ਸਨ ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਸਮੇਂਸਮੇਂ ਦੀ ਸਰਕਾਰਾਂ ਵੱਲੋਂ ਨਹੀਂ ਪਾਇਆ ਗਿਆ ਅਤੇ ਉਹ ਆਜ਼ਾਦੀ ਲਹਿਰ ਦੇ ਵਿਸਰੇ ਨਾਇਕ ਬਣ ਕੇ ਰਹਿ ਗਏ । ਉਨ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਚੱਲੀ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਇਕ ‘ਗੁਰੂ ਕਾ ਬਾਗ ਮੋਰਚਾ’ ਅਤੇ ਜੈਤੋ ਦਾ ਮੋਰਚਾ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਰਿਸਾਲਦਾਰ ਰਣਜੋਧ ਸਿੰਘ ਦਾ ਜਨਮ 1891 ਈਸਵੀ ਨੂੰ ਪਿੰਡ ਰੰਗੜ ਨੰਗਲ, ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਵਿੱਚ ਇੱਕ ਰੱਜੇਪੁੱਜੇ ਜੱਟ ਪਰਿਵਾਰ ਵਿੱਚ ਹੋਇਆ । ਜਨਮ ਸਮੇਂ ਉਸਦਾ ਨਾਮ ਦਲੀਪ ਸਿੰਘ ਰੱਖਿਆ ਗਿਆ ਪਰ ਪਿੱਛੋਂ ਉਸਦਾ ਨਾਮ ਰਣਜੋਧ ਸਿੰਘ ਪ੍ਰਚਲਿਤ ਹੋ ਗਿਆ । ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਸੰਤ ਸਿੰਘ ਸੀ ਜਿਨ੍ਹਾਂ ਨੂੰ ਸਿੱਖ ਰਾਜ ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਚੰਗਾ ਰੁਤਬਾ ਅਤੇ ਇਨਾਮੀ ਜਗੀਰ ਪ੍ਰਾਪਤ ਹੋਈ ਸੀ । ਸਰਦਾਰ ਰਣਜੋਧ ਸਿੰਘ ਨੇ ਆਪਣੀ ਵਿੱਦਿਆ ਬਟਾਲਾ ਤੋਂ ਪ੍ਰਾਪਤ ਕੀਤੀ ਸੀ ਅਤੇ ਚੜ੍ਹਦੀ ਜਵਾਨੀ ਵਿੱਚ ਉਹ ਅੰਗਰੇਜੀ ਸੈਨਾ ਵਿੱਚ ਭਰਤੀ ਹੋ ਗਿਆ ਸੀ । ਸ਼ਾਨਦਾਰ ਸੈਨਿਕ ਸੇਵਾ ਕਾਰਨ ਉਨ੍ਹਾਂ ਨੂੰ ‘ਇੰਡੀਅਨ ਡਿਸਟਿੰਗਊਇਸਡ ਸਰਵਿਸ ਮੈਡਲ’ ਪ੍ਰਾਪਤ ਹੋਇਆ ਅਤੇ ਰਿਸਾਲਦਾਰ ਬਣ ਗਿਆ । ਜੰਗ ਦੌਰਾਨ ਵਾਰਵਾਰ ਜਖ਼ਮੀ ਹੋਣ ਕਾਰਨ ਉਸਦੀ ਸਿਹਤ ਲਗਾਤਾਰ ਵਿਗੜ ਰਹੀ ਸੀ ਅੰਤ ਉਹ ਜੂਨ 1921 ਵਿੱਚ ਪੈਨਸ਼ਨ ਲੈ ਕੇ ਘਰ ਆ ਗਿਆ ।
ਆਮ ਸੈਨਿਕਾਂ ਵਾਂਗ ਹੀ ਇੱਕ ਸੱਚਾ ਸਿੱਖ ਹੋਣ ਕਾਰਨ ਰਣਜੋਧ ਸਿੰਘ ਨੂੰ ਵੀ ਸੈਨਿਕ ਸੇਵਾ ਦੌਰਾਨ ਹੀ ਗੁਰਦੁਆਰਾ ਸੁਧਾਰ ਲਹਿਰ ਨਾਲ ਹਮਦਰਦੀ ਹੋ ਗਈ ਸੀ । ਸੈਨਿਕ ਸੇਵਾ ਤੋਂ ਪੈਨਸ਼ਨ ਲੈ ਕੇ ਪਿੰਡ ਰੰਗੜ ਨੰਗਲ ਵਾਪਸ ਆਉਣ ਉੱਤੇ ਰਣਜੋਧ ਸਿੰਘ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਜ਼ੋਰਸ਼ੋਰ ਨਾਲ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ । ਉਹ ਰੰਗੜ ਨੰਗਲ ਖੇਤਰ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਅਕਾਲੀ ਦੀਵਾਨਾਂ ਵਿੱਚ ਸ਼ਾਮਿਲ ਹੋ ਕੇ ਅਕਾਲੀ ਸੰਗਤ ਨੂੰ ਸੰਬੋਧਨ ਕਰਨ ਲੱਗ ਪਿਆ । ਜਿਸ ਕਰਕੇ ਥੋੜੇ ਸਮੇ ਵਿੱਚ ਹੀ ਉਹ ਮੋਹਰੀ ਅਕਾਲੀ ਆਗੂਆਂ ਵਿੰਚ ਜਾਣਿਆ ਜਾਣ ਲੱਗਾ । ਫਲਸਰੂਪ ਉਸਨੂੰ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਿਰ ਸ੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਵਿੱਚ ਸ਼ਾਮਿਲ ਕਰ ਲਿਆ ਗਿਆ । ਉਸਨੇ ‘ਗੁਰੂ ਕਾ ਬਾਗ ਮੋਰਚਾ’ ਵਿੱਚ ਪੂਰੀ ਸਰਗਰਮੀ ਨਾਲ ਕਾਰਜ ਕੀਤਾ । ਜਦੋਂ ਪੁਲਿਸ ਨੇ ਅਗਸਤ 1922 ਈਸਵੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਸਰਮੁੱਖ ਸਿੰਘ ਝਬਾਲ ਨੂੰ ਗ੍ਰਿਫਤਾਰ ਕਰ ਲਿਆ ਤਾਂ ਪ੍ਰਧਾਨਗੀ ਪਦ ਦੀ ਜਿੰਮੇਵਾਰੀ ਸz. ਰਣਜੋਧ ਸਿੰਘ ਰੰਗੜ ਨੰਗਲ ਨੂੰ ਸੌਂਪੀ ਗਈ ਸੀ । ਸz. ਸਰਮੁੱਖ ਸਿੰਘ ਝਬਾਲ ਦੇ ਪੁਲਿਸ ਹਿਰਾਸਤ ਵਿਚੋਂ ਬਾਹਰ ਆ ਕੇ ਆਪਣੀ ਜਿੰਮੇਵਾਰੀ ਮੁੜ ਸੰਭਾਲ ਲਏ ਜਾਣ ਉਪਰੰਤ ਆਪ ਨੂੰ ਜਥੇਬੰਦੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ । ਰਣਜੋਧ ਸਿੰਘ ਸਿੱਖ ਸੈਨਿਕਾ ਨੂੰ ਗੁਰਦੁਆਰਾ ਸੁਧਾਰ ਲਹਿਰ ਸ਼ਾਮਿਲ ਕੀਤੇ ਜਾਣ ਦਾ ਹਮਾਇਤੀ ਸੀ । ਇਸ ਕਰਕੇ ‘ਗੁਰੂ ਕਾ ਬਾਗ ਮੋਰਚਾ’ ਵਿੱਚ ਗ੍ਰਿਫਤਾਰੀਆਂ ਦੇਣ ਵਾਲੇ ਸੈਨਿਕ ਪੈਨਸ਼ਨਰ ਅਕਾਲੀ ਜਥੇ ਦਾ ਮੁਖੀ ਰਣਜੋਧ ਸਿੰਘ ਨੂੰ ਥਾਪਿਆ ਗਿਆ । ਫਲਸਰੂਪ ਇਸ ਜਥੇ ਦੀ ਗ੍ਰਿਫਤਾਰੀ ਉਪਰੰਤ 15 ਨਵੰਬਰ 1922 ਨੂੰ ਅਦਾਲਤ ਨੇ ਰਣਜੋਧ ਸਿੰਘ ਸਮੇਤ ਜਥੇ ਦੇ ਹੋਰ ਮੈਂਬਰਾਂ ਨੂੰ ਦੋਦੋ ਸਾਲ ਦੀ ਬਾਮੁਸੱਕਤ ਕੈਦ ਅਤੇ ਸੌਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ । ਇਹ ਕੈਦ ਭੁਗਤਾਨ ਲਈ ਰਣਜੋਧ ਸਿੰਘ ਨੂੰ ਜਥੇ ਸਮੇਤ ਰਾਵਲਪਿੰਡੀ ਜੇਲ੍ਹ ਵਿੱਚ ਭੇਜਿਆ ਗਿਆ । ਜਦੋਂ ‘ਗੁਰੂ ਕਾ ਬਾਗ ਮੋਰਚਾ’ ਸਮਾਪਤ ਹੋ ਗਿਆ ਅਤੇ ਗ੍ਰਿਫਤਾਰ ਅਕਾਲੀਆਂ ਨੂੰ ਰਿਹਾਅ ਕੀਤਾ ਜਾਣ ਲੱਗਾ ਤਾਂ ਰਣਜੋਧ ਸਿੰਘ ਨੂੰ ਵੀ 22 ਅਪ੍ਰੈਲ 1923 ਈ. ਨੂੰ ਰਿਹਾਅ ਕਰ ਦਿੱਤਾ ਗਿਆ । ਰਿਹਾਈ ਉਪਰੰਤ 1 ਮਈ 1923 ਈ. ਨੂੰ ਗੁਰਦਾਸਪੁਰ ਜਿਲ੍ਹੇ ਦੇ ਰਿਹਾਅ ਹੋਏ ਪੈਨਸ਼ਨਰ ਫੌਜੀ ਅਕਾਲੀਆਂ ਦੇ ਨਾਲ ਰਣਜੋਧ ਸਿੰਘ ਦਾ ਬਟਾਲਾ ਪੁੱਜਣ ਸਮੇਂ ਸਥਾਨਿਕ ਅਕਾਲੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇੱਥੇ ਹੀ ਹੋਏ ਸ਼ਾਮ ਨੂੰ ਸਵਾਗਤੀ ਦੀਵਾਨ ਵਿੱਚ ਬੋਲਦਿਆਂ ਜੈਲਦਾਰ ਰਣਜੋਧ ਸਿੰਘ ਨੇ ਬ੍ਰਿਟਿਸ਼ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਅਤੇ ਆਪਣੀ ਜੰਗੀ ਸੇਵਾ ਦਾ ਵੇਰਵਾ ਦਿੰਦਿਆ ਆਪਣੇ ਜਖ਼ਮੀ ਹੋਣ ਬਾਰੇ ਦੱਸਿਆ ਅਤੇ ਆਪਣੀ ਜੰਗ ਵਿੱਚ ਨੁਕਸਾਨੀ ਗਈ ਅੱਖ ਬਾਰੇ ਜਿਕਰ ਕੀਤਾ ਅਤੇ ਆਪਣੀ ਬਣਾਉਟੀ ਅੱਖ ਦਾ ਡੇਲਾ ਕੱਢ ਕੇ ਵਿਖਾਇਆ । ਉਨ੍ਹਾਂ ਨੇ ਅਫਸੋਸ ਕੀਤਾ ਕਿ ਬ੍ਰਿਟਿਸ਼ ਸਰਕਾਰ ਨੇ ਉਹਨਾਂ ਦੀ ਜੰਗੀ ਸੇਵਾ ਬਦਲੀ ਉਸ ਨੂੰ ਜੇਲ੍ਹ ਸੁੱਟ ਕੇ ਮੁੱਲ ਚੁਕਾਇਆ ਹੈ । ਪਰ ਉਹਨਾਂ ਨੇ ਐਲਾਨ ਕੀਤਾ ਕਿ ਉਹ ਨਿਰਭੈ ਹੋ ਕੇ ਸਿੱਖ ਆਜ਼ਾਦੀ ਲਈ ਲੜਦੇ ਰਹਿਣਗੇ ।
ਇਸਤਰ੍ਹਾਂ ਜਦੋਂ 9 ਜੁਲਾਈ 1923 ਈਸਵੀ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਰਾਜ ਗੱਦੀ ਤੋਂ ਵੱਖ ਕਰ ਦਿੱਤਾ ਸੀ । ਸਿੱਖਾਂ ਨੇ ਮਹਾਰਾਜੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਰਕਾਰ ਦੀ ਘੋਰ ਨਿੰਦਾ ਕੀਤੀ ਅਤੇ ਮਹਾਰਾਜੇ ਦੀ ਮੁੜਵਾਪਸੀ ਲਈ ਸੰਘਰਸ਼ ਵਿਢੱਣ ਦਾ ਮਨ ਬਣਾ ਲਿਆ । ਉਨ੍ਹਾਂ ਗੁਰਦੁਆਰਾ ਗੰਗਸਰ ਜੈਤੋ ਵਿਚੋਂ ਧਾਰਮਿਕ ਸੰਮੇਲਣ ਬਲਾਉਣ ਦਾ ਫੈਸਲਾ ਕੀਤਾ । ਪਰ ਸਰਕਾਰ ਨੇ ਉਹਨਾਂ ਦੀ ਰਾਹ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਨਾਲ ਸਰਕਾਰ ਤੇ ਅਕਾਲੀਆਂ ਵਿਚਕਾਰ ਸਿੱਧੀ ਟੱਕਰ ਸ਼ੁਰੂ ਹੋ ਗਈ ।
ਜੈਲਦਾਰ ਰਣਜੋਧ ਸਿੰਘ ਉਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦਾ ਮੈਂਬਰ ਸੀ । ਰਣਜੋਧ ਸਿੰਘ ਦੀ ਸ੍ਰੋਮਣੀ ਕਮੇਟੀ ਵੱਲੋਂ ਸਮੁੱਚੇ ਘਟਨਾਕ੍ਰਮ ਦੀ ਰਿਪੋਰਟ ਦੇਣ ਦੀ ਡਿਊਟੀ ਲਗਾਈ ਗਈ ਸੀ । ਜਿਕਰਯੋਗ ਹੈ ਰਣਜੋਧ ਸਿੰਘ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਨੂੰ ਵਿਚਾਰਣ ਉਪਰੰਤ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਤੋ ਦਾ ਮੋਰਚਾ ਲਾਉਣ ਦੀ ਯੋਜਨਾ ਉਲੀਕੀ ਸੀ । ਸਰਦਾਰ ਰਣਜੋਧ ਸਿੰਘ ਦੀ ਅਗਵਾਹੀ ਹੇਠ 25 ਅਕਾਲੀਆਂ ਵਲੋਂ ਜੈਤੋ ਪੁੱਜ ਕੇ 14 ਸਤੰਬਰ 1923 ਈ. ਗ੍ਰਿਫਤਾਰੀ ਦਿੱਤੇ ਜਾਣ ਉਪਰੰਤ ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ । ਜੈਲਦਾਰ ਰਣਜੋਧ ਸਿੰਘ ਅਤੇ ਸਾਥੀਆਂ ਨੂੰ ਸਜ਼ਾ ਸੁਣਾ ਕੇ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਗਿਆ । ਪੰਜਾਬ ਸਰਕਾਰ ਵੱਲੋਂ ਇਹ ਸੂਚਨਾ ਫੌਜੀ ਉੱਚ ਅਧਿਕਾਰੀਆਂ ਨੂੰ ਭੇਜੇ ਜਾਣ ਦੇ ਸਿੱਟੇ ਵਜੋਂ (ਕੰਟਰੋਲਰ ਆਫ ਮਿਲਟਰੀ ਅਕਾਊਂਟਸ ਲਾਹੌਰ ਵੱਲੋਂ 21 ਜਨਵਰੀ 1924 ਦੇ ਪੱਤਰ ਅਨੁਸਾਰ ਰਿਸਾਲਦਾਰ ਰਣਜੋਧ ਸਿੰਘ ਦੀ ਪੈਨਸਨ ਜਬਤ ਕਰਨ ਦਾ ਹੁਕਮ ਜਾਰੀ ਹੋ ਗਿਆ । ਬਾਅਦ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਨਾਭਾ ਜੇਲ੍ਹ ਵਿੱਚ ਕੈਦ ਰਣਜੋਧ ਸਿੰਘ ਨੂੰ ਅਕਾਲੀ ਆਗੂਆ ਨਾਲ ਲਾਹੌਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ । ਸਰਕਾਰ ਵਲੋਂ ਰਣਜੋਧ ਸਿੰਘ ਦੀ ਪੈਨਸ਼ਨ ਬੰਦ ਕਰਨ ਦੇ ਨਾਲ ਦੋ ਮੁਰੱਬੇ ਜ਼ਮੀਨ ਵੀ ਜ਼ਬਤ ਕਰ ਲਈ ਗਈ ।
ਬੰਦੀ ਜੀਵਨ ਨੇ ਰਣਜੋਧ ਸਿੰਘ ਦੀ ਸਿਹਤ ਮਾਰੂ ਅਸਰ ਪਾਇਆ । ਜੇਲ ਦੀ ਮਾੜੀ ਖੁਰਾਕ ਕਾਰਨ ਉਸਨੂੰ ਬਵਾਸੀਰ ਹੋ ਗਈ ਅਤੇ ਸਹੀ ਇਲਾਜ ਨਾ ਹੋਣ ਕਾਰਨ ਤਕਲੀਫ਼ ਵੱਧਦੀ ਹੀ ਗਈ । ਹਾਲਾਤ ਇਹ ਬਣ ਗਏ ਕਿ ਉਸ ਲਈ ਤੁਰਨਾ ਫਿਰਨਾ ਵੀ ਕਠਿਨ ਹੋ ਗਿਆ । ਉਹ ਪੇਸ਼ੀ ਭੁਗਤਾਨ ਵਿੱਚ ਅਦਾਲਤ ਵਿੱਚ ਜਾਣ ਤੋਂ ਵੀ ਅਸਮੱਰਥ ਹੋ ਗਿਆ ਸੀ ।
ਜੈਲਦਾਰ ਰਣਜੋਧ ਸਿੰਘ ਦੇ ਮੌਜੂਦਾ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਬ੍ਰਿਟਿਸ਼ ਸਰਕਾਰ ਨੇ ਜ਼ੈਲਦਾਰ ਰਣਜੋਧ ਸਿੰਘ ਨੂੰ ਅਕਾਲੀ ਲਹਿਰ ਦਾ ਤਿਆਗ ਕਰਨ ਅਤੇ ਮੋਰਚਿਆਂ ਦੀ ਨਾ ਅਗਵਾਹੀ ਕਰਨ ਬਦਲੇ ਇਨਾਮ ਵਜੋਂ ਮੁਰੱਬਿਆਂ ਵਿੱਚ ਜ਼ਮੀਨ ਦੀ ਮਾਲਕੀ ਦੇਣ ਦੀ ਪੇਸ਼ਕਸ ਕੀਤੀ ਸੀ । ਜਿਸਨੂੰ ਉਹਨਾਂ ਵਲੋਂ ਠੁਕਰਾ ਦਿੱਤਾ ਗਿਆ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਇੱਕ ਨਾਇਕ ਵਜੋਂ ਡਟੇ ਰਹਿਣ ਨੂੰ ਤਰਜੀਹ ਦਿੱਤੀ ।
ਜਦੋਂ ਪੰਜਾਬ ਲੈਜੀਸਲੇਟਿਵ ਕੌਂਸਲ ਨੇ ਗੁਰਦੁਆਰਾ ਸੁਧਾਰ ਬਿੱਲ ਪਾਸ ਕੀਤਾ ਸੀ ਤਾਂ ਇਸ ਸਮੇਂ ਪੰਜਾਬ ਦੇ ਗਵਰਨਰ ਨੇ ਆਪਣੇ ਐਲਾਨੀ ਭਾਸ਼ਣ ਵਿੱਚ ਕਿਹਾ ਕਿ ਜਿਹੜੇ ਗ੍ਰਿਫਤਾਰ ਕੀਤੇ ਅਕਾਲੀ ਆਗੂ ਇਹ ਲਿਖਤੀ ਭਰੋਸਾ ਦੇਣਗੇ ਕਿ ਉਹ ਬਾਹਰ ਆ ਕੇ ਗੁਰਦੁਆਰਾ ਐਕਟ ਦੀਆਂ ਧਰਾਵਾਂ ਉੱਤੇ ਅਮਲ ਕਰਨਗੇ ਅਤੇ ਕਿਸੇ ਗੁਰਦੁਆਰੇ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ ਜਾਂ ਇਸਦਾ ਵਿਖਾਵਾ ਨਹੀਂ ਕਰਨਗੇ । ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਜਾਵੇਗਾ । ਬਾਰੇ ਕਿਲ੍ਹੇ ਵਿੱਚ ਕੈਦ ਅਕਾਲੀਆਂ ਵਿੱਚ ਮੱਤਭੇਦ ਪੈਦਾ ਹੋ ਗਏ । ਇੱਕ ਧੜਾ ਸ਼ਰਤ ਮੰਨ ਕੇ ਰਿਹਾਅ ਹੋਣਾ ਕੌਮ ਦੀ ਹੇਠੀ ਮੰਨਦਾ ਸੀ ਪਰ ਦੂਜਾਂ ਧੜਾ ਸ਼ਰਤਾਂ ਮੰਨ ਕੇ ਰਿਹਾਅ ਹੋਣ ਲਈ ਰਾਜੀ ਹੋ ਗਿਆ, ਜੈਲਦਾਰ ਰਣਜੋਧ ਸਿੰਘ ਉਨ੍ਹਾਂ ਵਿਚੋਂ ਇੱਕ ਸਨ । ਕਿਉyyਂਕਿ ਆਪਣੀ ਦਿਨ ਪ੍ਰਤੀ ਦਿਨ ਡਿਗਦੀ ਸਿਹਤ ਕਾਰਨ ਉਹ ਬਾਹਰ ਆ ਕੇ ਆਪਣੀ ਬਿਮਾਰੀ ਦਾ ਢੁੱਕਵਾਂ ਇਲਾਜ ਕਰਵਾਉਣਾ ਚਾਹੁੰਦੇ ਹਨ । ਪ੍ਰੰਤੂ ਕਈ ਮਹੀਨਿਆਂ ਤੱਕ ਦੋਹਾਂ ਧੜਿਆਂ ਵਿਚਕਾਰ ਇੱਕ ਰਾਇ ਨਾ ਬਣ ਸਕੀ । ਅੰਤ ਜੈਲਦਾਰ ਰਣਜੋਧ ਸਿੰਘ ਨੇ ਆਪਣੇ ਪੰਦਰਾਂ ਸਾਥੀਆਂ ਸਮੇਤ 21 ਜਨਵਰੀ 1926 ਈ. ਅਦਾਲਤ ਵਿੱਚ ਸਰਕਾਰ ਦੀਆ ਸ਼ਰਤਾਂ ਪ੍ਰਵਾਨ ਕਰਨ ਦਾ ਬਿਆਨ ਦਰਜ ਕਰਵਾਇਆ ਅਤੇ ਸਰਕਾਰ ਨੇ ਉਨ੍ਹਾਂ ਵਿਰੁੱਧੀ ਮੁਕੱਦਮਾ ਵਾਪਿਸ ਲੈ ਲਿਆ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ । ਪਰ ਕਿਉਂ ਜੋ ਉਨ੍ਹਾਂ ਜੈਤੋ ਮੋਰਚਾ ਵਿੱਚ ਭਾਗ ਲਿਆ ਸੀ ਇਸ ਲਈ ਰਿਆਸਤ ਨਾਭਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਕੀ ਸਜ਼ਾ ਦੇਣ ਲਈ ਜੇਲ੍ਹ ਭੇਜ ਦਿੱਤਾ । ਪੰਜਾਬ ਸਰਕਾਰ ਵਲੋਂ ਲਿਖੇ ਜਾਣ ਉਪਰੰਤ ਉਨ੍ਹਾਂ ਨੂੰ 26 ਮਈ 1926 ਈ. ਨੂੰ ਰਿਹਾਅ ਕਰ ਦਿੱਤਾ ਗਿਆ । ਰਣਜੋਧ ਸਿੰਘ ਅਤੇ ਹੋਰ ਅਕਾਲੀਆਂ ਦੇ ਅੰਮ੍ਰਿਤਸਰ ਪੁੱਜਣ ਉੱਤੇ ਭਰਵਾਂ ਸੁਆਗਤ ਕੀਤਾ ਗਿਆ । ਅਗਲੇ ਦਿਨ ਸਾਰਿਆਂ ਨੂੰ ਅਕਾਲ ਤਖ਼ਤ ਉੱਤੇ ਸਿਰੋਪਾਓ ਬਖਸ਼ੇ ਗਏ । ਜੈਲਦਾਰ ਰਣਜੋਧ ਸਿੰਘ ਦੀ ਬਾਸ਼ਰਤ ਰਿਹਾਈ ਨੇ ਉਸਨੂੰ ਉਸ ਸਮੇ ਦੀ ਸਿੱਖਸਿਆਸਤ ਦੀ ਪ੍ਰਮੁੱਖ ਧਾਰਾਂ ਤੋਂ ਬਿਲਕੁੱਲ ਪਾਸੇ ਕਰ ਦਿੱਤਾ । ਇਸ ਲਈ ਉਨ੍ਹਾਂ ਅਗਲੀ ਜਿੰਦਗੀ ਦੌਰਾਨ ਸਿੱਖ ਸਿਆਸਤ ਦੇ ਖੇਤਰ ਵਿੱਚ ਕੋਈ ਵਿਸ਼ੇਸ ਭੂਮਿਕਾ ਨਾ ਨਿਭਾਈ ।
ਪਰਿਵਾਰਿਕ ਸ੍ਰੋਤ ਸ੍ਰੀਮਤੀ ਸੁਰਜੀਤ ਕੌਰ ਨੂੰਹਰਾਣੀ ਜੈਲਦਾਰ ਰਣਜੋਧ ਸਿੰਘ, ਪੜਪੋਤਾ ਸਰਦਾਰ ਹਰਦੀਪ ਸਿੰਘ ਇਟਲੀ, ਪੜਪੋਤਾ ਸਰਦਾਰ ਜਗਦੀਪ ਸਿੰਘ ਇਟਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਿਸਾਲਦਾਰ ਰਣਜੋਧ ਸਿੰਘ ਦਾ ਦਿਹਾਂਤ 1938 ਈ. ਵਿੱਚ ਉਨ੍ਹਾਂ ਦੇ ਜੱਦੀ ਪਿੰਡ ਰੰਗੜ ਨੰਗਲ ਵਿੱਚ ਹੀ ਹੋਇਆ ਸੀ ।
ਅੱਜ ਅਫਸੋਸ ਹੈ ! ਕਿ ਪੰਜਾਬ ਦੀ ਸਿੱਖ ਸਿਆਸਤ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮੋਢੀ ਭੂਮਿਕਾ ਨਿਭਾਉਣ ਵਾਲਾ ਨਾਇਕ ਜੈਲਦਾਰ ਰਣਜੋਧ ਸਿੰਘ ਰੰਗੜ ਨੰਗਲ ਬਾਰੇ ਅਜੋਕੇ ਸਿੱਖ ਸਿਆਸੀ ਆਗੂਆਂ ਸ਼ਾਇਦ ਹੀ ਕੋਈ ਚਿੰਤਚੇਤਾ ਹੋਵੇ । ਅੱਜ ਜੈਲਦਾਰ ਰਣਜੋਧ ਸਿੰਘ ਆਜ਼ਾਦੀ ਲਹਿਰ ਦਾ ਵਿਸਰਿਆਂ ਨਾਇਕ ਬਣ ਕੇ ਰਹਿ ਗਿਆ ਹੈ ।

(ਧੰਨਵਾਦ ਸ੍ਰੋਤ : ਮੈਗਜ਼ੀਨ
‘ਸਾਡੇ ਪਿੰਡ’ ਡਾ. ਗੁਰਦੇਵ ਸਿੰਘ ਸਿੱਧੂ)

ਅਨੁਵਾਦ : ਗੁਰਮੀਤ ਸਿੰਘ ਭੋਮਾ
ਲੈਕਚਰਾਰ (ਰਾਜ਼ਨੀਤੀ ਸ਼ਾਸਤਰ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਰੰਗੜ ਨੰਗਲ (ਗੁਰਦਾਸਪੁਰ) ।
ਮੋ : 9781535440

Share Button

Leave a Reply

Your email address will not be published. Required fields are marked *

%d bloggers like this: