ਸੁਖਬੀਰ ਸਿੰਘ ਬਾਦਲ ਵੱਲੋਂ 5624 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ

ss1

ਸੁਖਬੀਰ ਸਿੰਘ ਬਾਦਲ ਵੱਲੋਂ 5624 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ

ਭਰਤੀ ਹੋਣ ਵਾਲਾ ਹਰ ਸਿਪਾਈ ਘੱਟੋ-ਘੱਟ ਸਬ ਇੰਸਪੈਕਟਰ ਰੈਂਕ ਤੋਂ ਹੋਵੇਗਾ ਸੇਵਾਮੁਕਤ

ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਪੁਲੀਸ ਬੈਰਕਾਂ ਦਾ ਹੋਵੇਗਾ ਨਿਰਮਾਣ

ਜਲੰਧਰ, 15 ਦਸੰਬਰ: ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪੁਲੀਸ ਮੁਲਾਜ਼ਮਾਂ ਨੂੰ ਸੇਵਾ ਕਾਲ ਦੌਰਾਨ ਉਤਸਾਹੀ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਸੇਵਾ ਨਿਯਮ ਬਣਾਏ ਜਾ ਰਹੇ ਹਨ ਜਿਨ੍ਹਾਂ ਤਹਿਤ ਵਿਭਾਗ ਵਿੱਚ ਭਰਤੀ ਹੋਣ ਵਾਲਾ ਹਰ ਸਿਪਾਈ ਘੱਟੋ-ਘੱਟ ਸਬ-ਇੰਸਪੈਕਟਰ ਰੈਂਕ ਤੋਂ ਸੇਵਾ ਮੁਕਤ ਹੋਵੇਗਾ।
ਅੱਜ ਇਥੇ ਪੀ.ਏ.ਪੀ ਕੰਪਲੈਕਸ ਵਿਖੇ ਪੰਜਾਬ ਪੁਲੀਸ ਦੇ ਤਰੱਕੀ ਲੈਣ ਵਾਲੇ 5624  ਮੁਲਾਜ਼ਮਾਂ ਦੇ ਪਿਪਿੰਗ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਸੇਵਾ ਨਿਯਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਹਰ ਭਰਤੀ ਹੋਣ ਵਾਲਾ ਸਿਪਾਈ  ਨਿਸ਼ਚਿਤ ਸਮੇਂ ਦੇ ਪੜਾਵਾਂ ਅਨੁਸਾਰ ਤਰੱਕੀ ਦਾ ਹੱਕਦਾਰ ਬਣ ਸਕੇ।
ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਡਿਊਟੀ  ਲਈ ਜਾਣ ‘ਤੇ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ਵਿੱਚ ਪੱਕੀਆਂ ਬੈਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਪੁਲੀਸ ਜਵਾਨਾ ਵੱਲੋਂ ਕੀਤੀ ਗਈ ਮੰਗ ਅਨੁਸਾਰ ਸ. ਬਾਦਲ ਨੇ ਮੌਕੇ ‘ਤੇ ਹੀ ਪੰਜਾਬ ਪੁਲੀਸ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਪੁਲੀਸ ਮੁਲਾਜ਼ਮਾਂ ਦੀ ਹਫਤਾਵਰੀ ਛੁੱਟੀ ਤੈਅ ਕਰਨ ਲਈ ਉਪਬੰਧ ਜਲਦ ਬਣਾਏ ਜਾਣ। ਸ. ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਸਹੂਲਤ ਲਈ ਖੋਲ੍ਹੀਆਂ ਗਈਆਂ ਕੈਨਟੀਨਾਂ ਤੋਂ ਮਿਲਣ ਵਾਲੇ ਸਾਮਾਨ ‘ਤੇ 14.5 ਵੈਟ ਨੂੰ ਘਟਾ ਕੇ 5.5 ਕੀਤਾ ਜਾਵੇਗਾ ਜੋ ਕਿ ਸੀਮਾਂ ਸੁਰੱਖਿਆ ਬਲ ਦੀਆਂ ਕੈਨਟੀਨਾਂ ਤੋ ਵੀ ਘੱਟ ਹੋਵੇਗਾ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਪੁਲੀਸ ਨੂੰ ਨਵੇਂ ਹਥਿਆਰ ਤੇ ਹੋਰ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ 100 ਕਰੋੜ ਰੁਪਏ ਰਿਲੀਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਪੁਲੀਸ ਦੇ ਭਲਾਈ ਫੰਡ ਲਈ ਗ੍ਰਹਿ ਵਿਭਾਗ ਵੱਲੋਂ 23 ਕਰੋੜ ਰੁਪਏ ਰਿਲੀਜ਼ ਕੀਤੇ ਗਏ ਹਨ। ਉਨ੍ਹਾਂ ਇਸ ਮੌਕੇ ਪੰਜਾਬ ਆਰਮਡ ਪੁਲੀਸ ਕੰਪਲੈਕਸ ਵਿਖੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਮਾਮਲਿਆਂ ਦੀ ਜਾਂਚ ਲਈ ਵੱਖਰਾ ਪੁਲੀਸ ਸੈੱਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਸ ਨਾਲ ਪੁਲੀਸ ਵਿਭਾਗ ਦੀ ਕਾਰਗੁਜ਼ਾਰੀ ਹੋਰ ਬਿਹਤਰ ਹੋ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਵਿਭਾਗ ਦੇ ਵਧੀਆ ਕਾਰਗਰੁਜ਼ਾਰੀ ਕਰਨ ਵਾਲੇ 25 ਮੁਲਾਜ਼ਮਾਂ ਦੀ ਚੋਣ ਕਰਕੇ ਪ੍ਰਸੰਸਾ ਪੱਤਰ, ਨਕਦ ਇਨਾਮ ਤੇ ਤਰੱਕੀ ਦਿੱਤੀ ਜਾਇਆ ਕਰੇਗੀ। ਇਸ ਮੌਕੇ ਉਪ ਮੁਖ ਮੰਤਰੀ ਵੱਲੋਂ 4188 ਸਿਪਾਈ  ਤੋਂ ਹਵਲਦਾਰ, 1263 ਹਵਲਦਾਰ ਨੂੰ  ਏ.ਐਸ.ਆਈ  ਅਤੇ 173 ਏ.ਐਸ .ਆਈ ਨੂੰ ਸਬ ਇੰਸਪੈਕਟਰ ਦੇ ਸਟਾਰ ਲਗਾਏ ਗਏ।
ਪੰਜਾਬ ਪੁਲੀਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲੀਸ ਵਿਭਾਗ ਦੇ ਮੁਲਾਜ਼ਮਾਂ ਨੂੰ ਬਿਹਤਰ ਸਹੂਲਤਾਂ ਦੇਣ, ਡਿਊਟੀ ਦੌਰਾਨ ਖਾਣੇ ‘ਤੇ ਠਹਿਰ ਦੇ ਬਿਹਤਰ ਪ੍ਰਬੰਧ, ਮੁਲਾਜ਼ਮਾਂ ਦੀ ਭਲਾਈ ਲਈ ਫੰਡਾਂ ਦੀ ਹੋਰ ਮਜਬੂਤੀ ਤੇ ਹੋਰ ਪਹਿਲੂਆਂ ‘ਤੇ ਸੰਜੀਦਗੀ ਨਾਲ ਕੰਮ ਚੱਲ ਰਿਹਾ ਹੈ ਜਿਸ ਸਦਕਾ ਵਿਭਾਗ ਦੀ ਕਾਰਗੁਜ਼ਾਰੀ ਹੋਰ ਵਧੀਆ ਹੋਵੇਗੀ। ਇਸ ਮੌਕੇ ਏ.ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ ਸ੍ਰੀ ਸੰਜੀਵ ਕਾਲੜਾ, ਆਈ.ਜੀ ਸ੍ਰੀ ਅਰੁਣਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲੀਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਤੇ ਹੋਰ ਪੁਲੀਸ ਅਫਸਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *