ਸੁਖਬੀਰ ਸਿੰਘ ਬਾਦਲ ਵੱਲੋਂ ਫਗਵਾੜਾ-ਰੂਪਨਗਰ ਸੜਕ ਨੂੰ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦੇਣ ‘ਤੇ ਪ੍ਰਧਾਨ ਮੰਤਰੀ ਦਾ ਧੰਨਵਾਦ

ss1

ਸੁਖਬੀਰ ਸਿੰਘ ਬਾਦਲ ਵੱਲੋਂ ਫਗਵਾੜਾ-ਰੂਪਨਗਰ ਸੜਕ ਨੂੰ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦੇਣ ‘ਤੇ ਪ੍ਰਧਾਨ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 30 ਜੂਨ :  ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਫਗਵਾੜਾ-ਰੂਪਨਗਰ ਸੜਕ ਨੂੰ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦੇਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਰਾਜਧਾਨੀ ਚੰਡੀਗੜ੍ਹ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਵਿਚਕਾਰ ਜਿੱਥੇ ਭਾਰੀ ਸੜਕੀ ਭੀੜ ਤੋਂ ਰਾਹਤ ਮਿਲੇਗੀ ਉੱਥੇ ਹੀ ਦੋਵੇਂ ਮਹੱਤਵਪੂਰਣ ਸ਼ਹਿਰਾਂ ਵਿਚ ਪਹੁੰਚਣ ‘ਚ ਸਮਾਂ ਵੀ ਘੱਟ ਲੱਗੇਗਾ।
ਸ. ਬਾਦਲ ਨੇ ਦੱਸਿਆ ਕਿ ਫਗਵਾੜਾ-ਰੂਪਨਗਰ ਕੌਮੀ ਸ਼ਾਹਰਾਹ 344-ਏ ਨੂੰ ਚੌੜਾ ਕਰਨ ਲਈ ਅੰਦਾਜ਼ਨ 1444.42 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮਾਰਗ ਦੀ ਲੰਬਾਈ ਕਰੀਬ 80.820 ਕਿਲੋਮੀਟਰ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਚੌੜੀ ਹੋਣ ਨਾਲ ਬੰਗਾ ਅਤੇ ਨਵਾਂ ਸ਼ਹਿਰ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਸੜਕੀ ਢਾਂਚੇ ਦੇ ਵਿਕਾਸ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਲ ਹੈ ਅਤੇ ਅਗਲੇ ਸਾਲ ਤੱਕ ਪੰਜਾਬ ਦਾ ਹਰੇਕ ਪ੍ਰਮੁੱਖ ਸ਼ਹਿਰ 4-6 ਮਾਰਗੀ ਸੜਕਾਂ ਨਾਲ ਜੁੜ ਜਾਵੇਗਾ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਲਈ 1238 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੇ ਸੜਕੀ ਪ੍ਰੋਜੈਕਟਾਂ ਨੂੰ ਵੀ ਮੰਜ਼ੂਰੀ ਮਿਲ ਚੁੱਕੀ ਹੈ ਜਿਸ ਨਾਲ ਕਿ ਸਨਅਤੀ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ।ਉਨ੍ਹਾਂ ਦੱਸਿਆ ਕਿ ਪਹਿਲਾ ਪ੍ਰੋਜੈਕਟ ਚਾਰ ਮਾਰਗੀ ਐਲੀਵੇਟਡ ਰੋਡ ਹੈ ਜੋ ਕਿ ਲੁਧਿਆਣਾ ਸ਼ਹਿਰ ਤੋਂ ਸਮਰਾਲਾ ਚੌਂਕ ਤੱਕ ਕਾਰਪੋਰੇਸ਼ਨ ਦੀ ਹੱਦ (ਐਨ.ਐਚ-95) ਤੱਕ ਬਣੇਗਾ ਅਤੇ ਦੂਜਾ ਪ੍ਰੋਜੈਕਟ ਲਾਢੂਵਾਲ ਬਾਈਪਾਸ-ਐਨ.ਐਚ-95 ਨੂੰ ਐਨ.ਐਚ-1 ਵਾਇਆ ਲਾਢੂਵਾਲ ਸੀਡ ਫਾਰਮ ਨਾਲ ਜੋੜੇਗਾ।
ਉਨ੍ਹਾਂ ਅੱਗੇ ਦੱਸਿਆ ਕਿ 12.951 ਕਿਲੋਮੀਟਰ ਲੰਬਾ ਐਲੀਵੇਟਡ ਰੋਡ 867.72 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ 17.041 ਕਿਲੋਮੀਟਰ ਲੰਬਾ ਲਾਢੂਵਾਲ ਬਾਈਪਾਸ ‘ਤੇ 370.17 ਦੀ ਲਾਗਤ ਆਵੇਗੀ। ਸ. ਬਾਦਲ ਨੇ ਕਿਹਾ ਕਿ ਮਹਾਂਨਗਰ ਦੇ ਵਾਸੀਆਂ ਨੂੰ ਜਿੱਥੇ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉੱਥੇ ਹੀ ਸਨਅਤੀ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਿਚ ਵੀ ਇਹ ਪ੍ਰੋਜੈਕਟ ਸਹਾਈ ਹੋਣਗੇ।
ਸ. ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਖਰੜ-ਲੁਧਿਆਣਾ ਸੜਕ ਨੂੰ 4-6 ਮਾਰਗੀ ਕਰਨ ਲਈ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ 2070 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮੰਜ਼ੂਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਖਰੜ-ਲੁਧਿਆਣਾ ਕੌਮੀ ਸ਼ਾਹਰਾਹ-95 ਦੀ ਲੰਬਾਈ 76 ਕਿਲੋਮੀਟਰ ਬਣਦੀ ਹੈ ਅਤੇ ਇਸ ਲਈ ਤਕਰੀਬਨ ਸਾਰੀ ਜ਼ਮੀਨ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਲਈ ਉੱਥੇ ਬਿਹਤਰ ਸੜਕੀ ਤੇ ਰੇਲ ਮਾਰਗ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਪੱਖੋਂ ਪੰਜਾਬ ਨੇ ਪਿਛਲੇ 9 ਸਾਲਾਂ ਵਿਚ ਰਿਕਾਰਡ ਤਰੱਕੀ ਕੀਤੀ ਹੈ ਅਤੇ ਅੱਗੋਂ ਵੀ ਇਹ ਗਤੀ ਜਾਰੀ ਰਹੇਗੀ।

Share Button

Leave a Reply

Your email address will not be published. Required fields are marked *