ਸੁਖਬੀਰ ਸਿੰਘ ਬਾਦਲ ਵੱਲੋਂ ਕੌਮੀ ਮਾਰਗਾਂ ‘ਤੇ ਪੰਜਾਬੀ ਵਿਚ ਸਾਈਨ ਬੋਰਡ ਲਗਵਾਉਣ ਲਈ ਗਡਕਰੀ ਨੂੰ ਪੱਤਰ

ss1

ਸੁਖਬੀਰ ਸਿੰਘ ਬਾਦਲ ਵੱਲੋਂ ਕੌਮੀ ਮਾਰਗਾਂ ‘ਤੇ ਪੰਜਾਬੀ ਵਿਚ ਸਾਈਨ ਬੋਰਡ ਲਗਵਾਉਣ ਲਈ ਗਡਕਰੀ ਨੂੰ ਪੱਤਰ

ਚੰਡੀਗੜ੍ਹ -ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਵਿਚ ਕੌਮੀ ਸ਼ਾਹ-ਮਾਰਗਾਂ ਉੱਤੇ ਸਾਰੇ ਸਾਈਨ-ਬੋਰਡ ਪੰਜਾਬੀ ਵਿਚ ਲਿਖਵਾਏ ਜਾਣਾ ਯਕੀਨ ਬਣਾਉਣ।
ਇਸ ਸੰਬੰਧੀ ਸ੍ਰੀ ਗਡਕਰੀ ਨੂੰ ਇੱਕ ਪੱਤਰ ਲਿਖਦਿਆਂ ਸਰਦਾਰ ਬਾਦਲ ਨੇ ਕਿਹਾ ਹੈ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸੂਬੇ ਅੰਦਰ ਕੌਮੀ ਸ਼ਾਹ-ਮਾਰਗਾਂ ਦੇ ਸਾਈਨ-ਬੋਰਡਾਂ ਉੱਤੇ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਖਾਮੀ ਨੂੰ ਤੁਰੰਤ ਸੁਧਾਰਨ ਲਈ ਲੋੜੀਦੇ ਨਿਰਦੇਸ਼ ਜਾਰੀ ਕਰੋ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਈਨ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਦੀ ਕੀਤੀ ਜਾ ਰਹੀ ਅਣਗਹਿਲੀ ਨੇ ਸਿਰਫ ਉੁਹਨਾਂ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ, ਜਿਹੜੇ ਮਹਿਸੂਸ ਕਰਦੇ ਹਨ ਕਿ ਸਾਈਨ-ਬੋਰਡ ਉਹਨਾਂ ਦੀ ਮਾਂ-ਬੋਲੀ ਵਿਚ ਲਿਖੇ ਹੋਣੇ ਚਾਹੀਦੇ ਹਨ, ਸਗੋਂ ਇਹ ਅਸੁਵਿਧਾ ਵੀ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਵਿਚ ਲਿਖੇ ਸਾਈਨ ਬੋਰਡਾਂ ਨੂੰ ਪੜ੍ਹਣਾ ਪੰਜਾਬੀਆਂ ਲਈ ਵੱਧ ਆਸਾਨ ਹੋਵੇਗਾ ਕਿਉਂਕਿ ਸੂਬੇ ਦੀਆਂ ਸੜਕਾਂ ਉੱਤੇ ਸਫਰ ਕਰਨ ਵਾਲੇ ਬਹੁਗਿਣਤੀ ਯਾਤਰੀ ਪੰਜਾਬੀ ਹੀ ਹਨ। ਇਹ ਆਖਦਿਆਂ ਕਿ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਕਿਸੇ ਵੀ ਭਾਸ਼ਾ ਦੇ ਖ਼ਿਲਾਫ ਨਹੀਂ ਹਾਂ, ਪਰ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਵੀ ਲੋੜੀਂਦਾ ਸਤਿਕਾਰ ਮਿਲਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੌਮੀ ਸ਼ਾਹ ਮਾਰਗਾਂ ਉੱਤੇ ਸਾਰੇ ਸਾਈਨ ਬੋਰਡ ਤਰਤੀਬਵਾਰ ਉੱਪਰ ਤੋਂ ਥੱਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੇ ਹੋਣੇ ਚਾਹੀਦੇ ਹਨ। ਅਕਾਲੀ ਸੁਪਰੀਮੋ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰੀ ਭਾਸ਼ਾ ਐਕਟ,1963 ਵਿਚ ਇਹ ਦਰਜ ਹੈ ਕਿ ਸਾਰੇ ਸਰਕਾਰੀ ਸਾਈਨ ਬੋਰਡਾਂ ਉਤੇ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਸਾਰੇ ਸਾਈਨ ਬੋਰਡ ਸਰਕਾਰੀ ਭਾਸ਼ਾ ਐਕਟ ਦੇ ਅਨੁਸਾਰ ਹੀ ਹੋਣੇ ਚਾਹੀਦੇ ਹਨ। ਉਹ ਭਰੋਸਾ ਜਤਾਇਆ ਕਿ ਕੇਂਦਰੀ ਆਵਾਜਾਈ ਮੰਤਰਾਲਾ ਇਸ ਮੁੱਦੇ ਨੂੰ ਲੋੜੀਂਦੀ ਅਹਿਮੀਅਤ ਦੇਵੇਗਾ ਅਤੇ ਪੰਜਾਬ ਵਿਚ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣਾ ਯਕੀਨੀ ਬਣਾਏਗਾ।

Share Button

Leave a Reply

Your email address will not be published. Required fields are marked *