Wed. Jun 26th, 2019

ਸੁਖਬੀਰ ਬਾਦਲ ਵੱਲੋਂ ਲਾਡੀ ਨੂੰ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਨਾ ਕਰਨ ਦੀ ਚਿਤਾਵਨੀ

ਸੁਖਬੀਰ ਬਾਦਲ ਵੱਲੋਂ ਲਾਡੀ ਨੂੰ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਨਾ ਕਰਨ ਦੀ ਚਿਤਾਵਨੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਅਤੇ ਇਸ ਦੇ ਸ਼ਾਹਕੋਟ ਜ਼ਿਮਨੀ ਚੋਣ ਲਈ ਖੜੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਕਾਲੀ ਵਰਕਰਾਂ ਨੂੰ ਧਮਕਾਉਣ ਜਾਂ ਉਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਨਾ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਅਜਿਹੀ ਧੱਕੇਸ਼ਾਹੀ ਦਾ ਜੁਆਬ ਦੇਣ ਲਈ ਇੱਕਜੁਟ ਹੋ ਜਾਣ।
ਅੱਜ ਇੱਥੇ ਉੁਦੋਵਾਲ, ਰੌਲੀ, ਮਹੇਰੂ, ਪੰਡੋਰੀ ਖਾਸ ਅਤੇ ਔਲਖ ਪਿੰਡਾਂ ਵਿਚ ਭਾਰੀ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਵਰਕਰਾਂ ਨੂੰ ਲਾਡੀ ਦਾ ਸਮਰਥਨ ਕਰਨ ਵਾਸਤੇ ਧਮਕਾਉਣ ਲਈ ਸਿਵਲ ਅਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਨੇ ਅਕਾਲੀ ਵਰਕਰਾਂ ਨੂੰ ਇਸ ਧੱਕੇਸ਼ਾਹੀ ਦਾ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰਨ ਲਈ ਆਖਿਆ। ਇਸ ਦੇ ਨਾਲ ਹੀ ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣ ਜ਼ਾਬਤੇ ਦੀਆਂ ਇਹਨਾਂ ਉਲੰਘਣਾਵਾਂ ਦਾ ਨੋਟਿਸ ਲਵੇ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰੇ।
ਸਰਦਾਰ ਬਾਦਲ ਨੇ ਲਾਡੀ ਦੇ ਉਸਤਾਦ ਰਾਣਾ ਗੁਰਜੀਤ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਇਲਾਕੇ ਵਿਚ ਬਦਮਾਸ਼ਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੰਤਰੀ ਮੰਡਲ ਵਿਚੋਂ ਕੱਢੇ ਜਾਣ ਮਗਰੋਂ ਰਾਣਾ ਆਪਣੀ ਸਾਰੀ ਸਿਆਸੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਉਹ ਸਮਾਂ ਵੀ ਦੂਰ ਨਹੀਂ, ਜਦੋਂ ਉਸ ਨੂੰ ਲੋਕਾਂ ਵੱਲੋਂ ਪੱਕੇ ਤੌਰ ਤੇ ਘਰੇ ਬਿਠਾ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਹਕੋਟ ਵਿਚ ਚੋਣ ਪ੍ਰਚਾਰ ਕਰਨ ਤੋਂ ਇਸ ਲਈ ਭੱਜ ਰਹੇ ਹਨ, ਕਿਉਂਕਿ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁਕੰਮਲ ਕਰਜ਼ਾ ਮੁਆਫੀ ਸਕੀਮ ਨੂੰ ਲਾਗੂ ਕਰਨ ਤੋਂ ਮੁਕਰ ਚੁੱਕੇ ਹਨ ਅਤੇ ਕਰਜ਼ਾ ਮੁਆਫੀ ਵਾਸਤੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ ਚੁੱਕੇ ਹਨ ਜੋ ਕਿ ਪੰਜਾਬ ਦੇ ਕਿਸਾਨਾਂ ਦੇ ਪਿੱਠ ਵਿਚ ਛੁਰਾ ਮਾਰਨ ਦੇ ਸਮਾਨ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੁੰ ਪੰਜਾਬ ਵਿਚ ਆ ਕੇ ਪੰਜਾਬੀਆਂ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਆਪਣੇ ਦਸਤਖ਼ਤ ਕੀਤੇ ਹਲਫੀਆ ਬਿਆਨ ਦੇ ਕੇ ਹੁਣ ਕਿਉਂ ਮੁਕੰਮਲ ਕਰਜ਼ਾ ਮੁਆਫ ਕਰਨ ਤੋਂ ਇਨਕਾਰ ਕਰ ਰਹੇ ਹਨ? ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਨੌਜਵਾਨਾਂ ਨੂੰ ਆ ਕੇ ਦੱਸਣ ਕਿ ਉਹ ਘਰ ਘਰ ਨੌਕਰੀ ਦੇ ਵਾਅਦੇ ਤੋਂ ਕਿਉਂ ਮੁਕਰ ਗਏ ਹਨ।
ਇਹਨਾਂ ਜਨਤਕ ਇਕੱਠਾਂ ਵਿਚ ਬੋਲਦਿਆਂ ਸਾਬਕਾ ਕਾਂਗਰਸੀ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਦੀ ਗੁੰਡਾਗਰਦੀ ਦੀਆਂ ਕਈ ਮਿਸਾਲਾਂ ਦਿੱਤੀਆਂ, ਜਿਹਨਾਂ ਵਿਚ ਗੈਰ ਕਾਨੂੰਨੀ ਮਾਈਨਿੰਗ, ਝਗੜੇ ਵਾਲੀਆਂ ਜ਼ਮੀਨਾਂ ਅਤੇ ਸੰਪਤੀਆਂ ਉੱਤੇ ਕਬਜ਼ੇ ਕਰਨਾ ਸ਼ਾਮਿਲ ਸਨ। ਉਹਨਾਂ ਕਿਹਾ ਕਿ ਲਾਡੀ ਨੇ ਇੱਕ ਵਿਅਕਤੀ ਨੂੰ ਇਸ ਲਈ ਕੁੱਟਿਆ ਸੀ , ਕਿਉਂਕਿ ਉਸ ਨੇ ਆਪਣੀ ਕਾਰ ਕਾਂਗਰਸੀ ਉਮੀਦਵਾਰ ਦੀ ਕਾਰ ਤੋਂ ਅੱਗੇ ਕੱਢ ਲਈ ਸੀ।
ਕਾਂਗਰਸ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਸਾਬਕਾ ਆਪ ਆਗੂ ਡਾਕਟਰ ਅਮਰਜੀਤ ਥਿੰਦ ਨੇ ਆਪਣੇ ਜ਼ੱਦੀ ਪਿੰਡ ਪੱਸਰੀਆਂ ਵਿਚ ਹੋਈ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਨੇ ਪੱਸਰੀਆਂ ਅਤੇ ਹੋਰ ਥਾਵਾਂ ਉੱਤੇ ਆਪ ਵਲੰਟੀਅਰਾਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਵਾਇਆ। ਡਾਕਟਰ ਥਿੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਉਮੀਦਵਾਰ ਦੇ ਹੱਥ ਮਜ਼ਬੂਤ ਕਰਨ। ਸੁਖਬੀਰ ਬਾਦਲ ਨੇ ਕਿਹਾ ਕਿ ਆਪ ਅਤੇ ਕਾਂਗਰਸ ਕਿਸਾਨ ਵਿਰੋਧੀ ਹਨ, ਇਸ ਲਈ ਉਹ ਕਿਸਾਨ ਮੁੱਦਿਆਂ ਉੱਤੇ ਕੋਈ ਸਟੈਂਡ ਨਹੀਂ ਲੈ ਸਕਦੇ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਨਜੀਤ ਸਿੰਘ ਜੀਕੇ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: