ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ

ss1

ਸੁਖਬੀਰ ਬਾਦਲ ਵੱਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ

9 copyਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਸਮੇਤ ਸਾਰੇ ਹੀ ਵਰਗਾਂ ਨੂੰ ਸਸਤੀ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਸੀ, ਪਰ ਇਸ ਨੇ ਉਲਟਾ ਘਰੇਲੂ ਅਤੇ ਉਦਯੋਗਿਕ ਦੋਵੇਂ ਹੀ ਖਪਤਕਾਰਾਂ ਲਈ ਬਿਜਲੀ ਦੀਆਂ ਵਿਚ ਵਾਧਾ ਕਰਕੇ ਲੋਕਾਂ ਨਾਲ ਇੱਕ ਵਾਰ ਫਿਰ ਧੋਖਾ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਇੱਕ ਮਹੀਨਾ ਮਗਰੋਂ ਇਹ ਐਲਾਨ ਕੀਤਾ ਸੀ ਕਿ ਸਾਰੇ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਰੇਟ ਉੱਤੇ ਬਿਜਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਰ ਸਰਕਾਰ ਨੇ ਆਪਣੇ ਇਸ ਫੈਸਲੇ ਬਾਰੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਕਮਿਸ਼ਨ (ਪੀਐਸਈਆਰਸੀ) ਨੂੰ ਜਾਣੂ ਨਹੀਂ ਕਰਵਾਇਆ। ਇਸ ਦੀ ਥਾਂ ਸੂਬੇ ਅੰਦਰ ਬਿਜਲੀ ਸਪਲਾਈ ਕਰਨ ਵਾਲੇ ਅਦਾਰੇ ਪੀਐਸਈਆਰਸੀ ਨੇ ਬਿਜਲੀ ਦਰਾਂ ਵਿਚ ਵਾਧਾ ਕਰਨ ਬਾਰੇ ਪੁੱਛਿਆ ਸੀ। ਅੱਜ ਇਸ ਵਾਧੇ ਨੂੰ ਪੀਐਸਈਆਰਸੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਕਾਂਗਰਸ ਸਰਕਾਰ ਵੱਲੋਂ ‘ਕਹਿਣੀ ਹੋਰ ਅਤੇ ਕਰਨੀ ਹੋਰ’ ਵਾਲੀ ਪਹੁੰਚ ਰਾਂਹੀ ਲੋਕਾਂ ਨਾਲ ਝੂਠ ਬੋਲ ਕੇ ਕੀਤੇ ਧੋਖੇ ਬਾਰੇ ਜੁਆਬਦੇਹੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਕੈਬਨਿਟ ਨੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਨੂੰ ਹਰੀ ਝੰਡੀ ਦਿੱਤੀ ਸੀ ਅਤੇ ਹੁਣ ਬਿਜਲੀ ਦਰਾਂ ਵਿਚ 8.50 ਤੋਂ 11.88 ਫੀਸਦ ਤਕ ਵਾਧਾ ਕਰਕੇ  ਸਾਰੇ ਉਦਯੋਗਾਂ ਉੱਤੇ ਅਸਹਿਣਯੋਗ ਬੋਝ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਛੋਟੀਆਂ ਉਦਯੋਗਿਕ ਇਕਾਈਆਂ ਲਈ ਬਿਜਲੀ ਦਰਾਂ ਵਿਚ ਸਭ ਤੋਂ ਵੱਧ ਵਾਧਾ (11.88 ਫੀਸਦ) ਕੀਤਾ ਗਿਆ ਹੈ।  ਪਹਿਲਾਂ ਹੀ ਚੁਣੌਤੀਪੂਰਨ ਪੜਾਅ ਵਿਚੋਂ ਲੰਘ ਰਹੇ ਛੋਟੇ ਉਦਯੋਗਿਕ ਸੈਕਟਰ ਨੂੰ ਇਹ ਬੋਝ ਖਤਮ ਕਰ ਦੇਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੰਬਲੀ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਂਗਰਸ ਵੱਲੋ ਜਿਹਨਾਂ ਘਰੇਲੂ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਨਾਲ ਵੀ ਅੱਜ ਵਿਸ਼ਵਾਸਘਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਅੱਜ ਬਿਜਲੀ ਦਰਾਂ ਵਿਚ 12 ਫੀਸਦੀ ਵਾਧਾ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਸਰਕਾਰ ਨਗਰ ਨਿਗਮਾਂ ਅੰਦਰ ਪੈਂਦੇ ਇਲਾਕਿਆਂ ਵਿਚ ਬਿਜਲੀ ਬਿਲਾਂ ਦੀ ਦੋ ਫੀਸਦੀ ਰਾਸ਼ੀ ਦੇ ਰੂਪ ਵਿਚ ਪਹਿਲਾਂ ਹੀ ਇੱਕ ਮਿਉਂਸੀਪਲ ਟੈਕਸ ਲਗਾ ਚੁੱਕੀ ਹੈ। ਅਜਿਹਾ ਕਰਨ ਨਾਲ ਪਹਿਲਾਂ ਹੀ ਬਾਹਰੀ ਵਿਕਾਸ ਕਰਾਂ ਸਮੇਤ ਬਾਕੀ ਕਰਾਂ ਵਿਚ ਕੀਤੇ ਵਾਧੇ ਨਾਲ ਬੋਝ ਥੱਲੇ ਆਏ ਆਮ ਆਦਮੀ ਉੱਤੇ ਹੋਰ ਬੋਝ ਪੈ ਗਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਜੇਕਰ 18 ਫੀਸਦੀ ਇਲੈਕਟ੍ਰੀਸਿਟੀ ਡਿਊਟੀ ਨੂੰ ਵਿਚ ਜੋੜ ਲਿਆ ਜਾਵੇ ਤਾਂ ਬਿਜਲੀ ਦਰਾਂ ਵਿਚ ਕੀਤੇ ਇਸ ਵਾਧੇ ਦਾ ਸਾਰੇ ਵਰਗਾਂ ਉੱਤੇ ਬੋਝ ਹੋਰ ਵੀ ਵਧ ਜਾਵੇਗਾ।
ਇਹ ਆਖਦਿਆਂ ਕਿ ਕਾਂਗਰਸ ਸਰਕਾਰ ਲਈ ਆਪਣੇ ਕੈਬਨਿਟ ਫੈਸਲਿਆਂ ਸਮੇਤ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬੀਆਂ ਨੂੰ ਦੱਸੇ ਕਿ ਇਹ ਆਪਣੇ ਕੀਤੇ ਵਾਅਦੇ ਮੁਤਾਬਿਕ ਬਿਜਲੀ ਦੀਆਂ ਦਰਾਂ ਘਟਾ ਕੇ ਪੰਜ ਰੁਪਏ ਪ੍ਰਤੀ ਯੂਨਿਟ ਤਕ ਲਿਆਉਣ ਵਿਚ ਕਿਉਂ ਨਾਕਾਮ ਰਹੀ ਹੈ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਤੁਸੀਂ ਖੁਦ ਹੀ ਲੋਕਾਂ ਨੂੰ ਦੱਸ ਦਿਓ ਕਿ ਬਿਜਲੀ ਦਰਾਂ ਵਿਚ ਇਹ ਵਾਧਾ ਤੁਸੀਂ ਗੁਰਦਾਸਪੁਰ ਚੋਣ ਮੁਕੰਮਲ ਹੋਣ ਤਕ ਟਾਲਿਆ ਹੋਇਆ ਸੀ, ਨਹੀਂ ਤਾਂ ਫਿਰ ਲੋਕੀਂ ਖੁਦ ਹੀ ਤੁਹਾਨੂੰ ਗਲੀਆਂ ਵਿਚ ਘੇਰ ਕੇ ਪੁੱਛਣਗੇ ਕਿ ਤੁਸੀਂ ਉਹਨਾਂ ਨੂੰ ਦੀਵਾਲੀ ਦਾ ਅਜਿਹਾ ਤੋਹਫਾ ਕਿਉਂ ਦਿੱਤਾ ਹੈ?
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਅਕਾਲੀ-ਭਾਜਪਾ ਸਰਕਾਰ ਨੇ ਲਗਾਤਾਰ ਦੋ ਸਾਲਾਂ 2015-16 ਅਤੇ 2016-17 ਦੌਰਾਨ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਸੀ ਕੀਤਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ 2016 ਵਿਚ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦੇ ਰੇਟ ਘਟਾ ਦਿੱਤੇ ਸਨ। ਛੋਟੀਆਂ ਉਦਯੋਗਿਕ ਇਕਾਈਆਂ ਲਈ 38 ਪੈਸੇ ਪ੍ਰਤੀ ਯੂਨਿਟ, ਸੀਮਾਂਤ ਉਦਯੋਗਾਂ ਲਈ 36 ਪੈਸੇ ਪ੍ਰਤੀ ਯੂਨਿਟ ਅਤੇ ਵੱਡੇ ਉਦਯੋਗਾਂ ਲਈ 11 ਪੈਸੇ ਪ੍ਰਤੀ ਯੂਨਿਟ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਸੀ।  ਇਸ ਤੋਂ ਇਲਾਵਾ ਪੀਕ ਲੋਡ ਵਾਲੇ ਘੰਟੇ ਦੀਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਸਨ।
ਸਰਕਾਰ ਨੂੰ ਇਹ ਦੱਸਦਿਆਂ ਕਿ ਉਹ ਹਰ ਰੋਜ਼ ਨਵੀਂ ਬਿਆਨਬਾਜ਼ੀ ਕਰਕੇ ਪੰਜਾਬੀਆਂ ਨੂੰ ਧੋਖਾ ਨਹੀਂ ਦੇ ਸਕਦੀ, ਸਰਦਾਰ ਬਾਦਲ ਨੇ ਕਿਹਾ ਕਿ ਹੁਣ ਤੁਹਾਡਾ ਪਰਦਾਫਾਸ਼ ਹੋ ਚੁੱਕਿਆ ਹੈ। ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਤੌਰ ਤਰੀਕੇ ਬਦਲ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬੀਆਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੋ, ਜਿਹੜੇ ਅਜਿਹੇ ਧੋਖਿਆਂ ਵਾਸਤੇ ਤੁਹਾਨੂੰ ਕਦੀ ਮੁਆਫ ਨਹੀਂ ਕਰਨਗੇ।

Share Button

Leave a Reply

Your email address will not be published. Required fields are marked *