ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਹੋਈ ਲੇਟ

ss1

ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਹੋਈ ਲੇਟ

ਚੰਡੀਗੜ੍ਹ: ਪੰਜਾਬ ਵਿੱਚ ਪਾਣੀ ਵਾਲੀ ਬੱਸ ਵਿੱਚ ਸਫ਼ਰ ਕਰਨ ਦਾ ਸੁਫਨਾ ਲੈਣ ਵਾਲੇ ਲੋਕਾਂ ਨੂੰ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ। ਪੰਜਾਬ ਦੇ ਸੈਰ ਸਪਾਟਾ ਵਿਭਾਗ ਨੇ ਪਹਿਲਾਂ ਬੱਸ ਸ਼ੁਰੂ ਕਰਨ ਦੀ ਤਾਰੀਖ਼ 15 ਜੁਲਾਈ ਮਿਥੀ ਸੀ ਪਰ ਇਸ ਨੂੰ ਇੱਕ ਵਾਰ ਟਾਲ ਦਿੱਤਾ ਗਿਆ ਹੈ। ਪੰਜਾਬ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਅਨੁਸਾਰ ਬੱਸ ਅਮਰੀਕਾ ਤੋਂ ਪੰਜਾਬ ਆਉਣੀ ਹੈ। ਇਸ ਕਰਕੇ ਇਸ ਦੀ ਡਲਿਵਰੀ ਵਿੱਚ ਟਾਈਮ ਲੱਗ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬੱਸ ਦੇ ਜੁਲਾਈ ਦੇ ਅੰਤ ਤੱਕ ਪੰਜਾਬ ਪਹੁੰਚਣ ਦੀ ਉਮੀਦ ਹੈ। ਪਾਣੀ ਵਾਲੀ ਬੱਸ ਦਾ ਵੇਰਵਾ ਦਿੰਦਿਆਂ ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਬੱਸ ਨੂੰ ਅਮਰੀਕਾ ਦੇ ਸ਼ਹਿਰ ‘ਹਵਾਈ’ ਦੀ ਕੰਪਨੀ ਨੇ 4.52 ਕਰੋੜ ਲਾਗਤ ਨਾਲ ਤਿਆਰ ਕੀਤਾ ਹੈ। ਠੰਡਲ ਨੇ ਦੱਸਿਆ ਕਿ ਬੱਸ ਸੜਕ ਤੇ ਪਾਣੀ ਵਿੱਚ ਦੋਵਾਂ ਥਾਂਵਾਂ ਉਤੇ ਵਾਰੋ-ਵਾਰੀ ਚੱਲੇਗੀ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਸੜਕ ਮਾਰਗ ਰਾਹੀਂ ਹੋਵੇਗੀ ਤੇ ਹਰੀਕੇ ਦੀ ਝੀਲ ਵਿੱਚ 12 ਕਿੱਲੋਮੀਟਰ ਦਾ ਇਹ ਸਫ਼ਰ ਪਾਣੀ ਵਿੱਚ ਤੈਅ ਕਰੇਗੀ।

ਠੰਡਲ ਅਨੁਸਾਰ ਬੱਸ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਹੋਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਫ਼ਿਲਹਾਲ ਪਾਣੀ ਵਾਲੀ ਬੱਸ ਹਰੀਕੇ ਵਿੱਚ ਹੀ ਚੱਲੇਗੀ ਤੇ ਲੋਕਾਂ ਦੇ ਹੁੰਗਾਰੇ ਤੋਂ ਬਾਅਦ ਇਸ ਨੂੰ ਪੰਜਾਬ ਵਿੱਚ ਹੋਰ ਥਾਵਾਂ ਉੱਤੇ ਵੀ ਚਲਾਇਆ ਜਾਵੇਗਾ। ਬੱਸ ਦੇ ਡਰਾਈਵਰ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਬੱਸ ਦੀ ਦੇਖ-ਰੇਖ ਕੰਪਨੀ ਦੇ ਲੋਕਾਂ ਵੱਲੋਂ ਕੀਤੀ ਜਾਵੇਗੀ ਤੇ ਕੰਪਨੀ ਦੇ ਡਰਾਈਵਰ ਹੀ ਇਸ ਨੂੰ ਚਲਾਉਣਗੇ। ਪੂਰੀ ਟ੍ਰੇਨਿੰਗ ਤੋਂ ਬਾਅਦ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਡਰਾਈਵਰ ਹੀ ਇਸ ਬੱਸ ਨੂੰ ਚਲਾਉਣਗੇ।

ਪਾਣੀ ਵਾਲੀ ਬੱਸ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਹੈ। ਦਰਅਸਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਸੁਖਬੀਰ ਬਾਦਲ ਵੱਲੋਂ ਪੰਜਾਬ ਵਿੱਚ ਪਾਣੀ ਵਿੱਚ ਚੱਲਣ ਵਾਲੀਆਂ ਬੱਸਾਂ ਚਲਾਉਣ ਦੇ ਐਲਾਨ ਤੋਂ ਬਾਅਦ ਕਾਂਗਰਸ ਸਮੇਤ ਕਈ ਰਾਜਸੀ ਪਾਰਟੀਆਂ ਨੇ ਸੁਖਬੀਰ ਦੇ ਇਸ ਐਲਾਨ ਨੂੰ ਹਾਸੋਹੀਣਾ ਕਰਾਰ ਦਿੱਤਾ ਸੀ। ਹੁਣ ਸੁਖਬੀਰ ਬਾਦਲ ਇਸ ਪ੍ਰਾਜੈਕਟ ਨੂੰ 2017 ਵਿਧਾਨ ਸਭਾ ਚੋਣਾ ਤੋਂ ਪਹਿਲਾਂ ਸ਼ੁਰੂ ਕਰਕੇ ਆਪਣੇ ਸਿਆਸੀ ਦੁਸ਼ਮਣਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਨ।

Share Button

Leave a Reply

Your email address will not be published. Required fields are marked *