Sat. Sep 14th, 2019

ਸੁਖਪਾਲ ਖਹਿਰਾ ਦੀ ਅਗਵਾਈ ਵਿੱਚ ਇਨਸਾਫ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪਟਿਆਲਾ ਲਈ ਰਵਾਨਾ

ਸੁਖਪਾਲ ਖਹਿਰਾ ਦੀ ਅਗਵਾਈ ਵਿੱਚ ਇਨਸਾਫ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪਟਿਆਲਾ ਲਈ ਰਵਾਨਾ
ਮਾਰਚ ਤੋਂ ਪਹਿਲਾਂ ਬੁਲਾਰਿਆਂ ਨੇ ਵੱਡੀ ਗਿਣਤੀ ਲੋਕਾਂ ਨੂੰ ਕੀਤਾ ਸੰਬੋਧਨ, ਘੱਟ ਇਕੱਠ ਕਾਰਣ ਫਲਾਪ ਸ਼ੋਅ ਸਾਬਿਤ ਹੋਇਆ ਮਾਰਚ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਬੀਤੇ ਸਮੇਂ ਵਿੱਚ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਸਮੇਤ ਸੂਬੇ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸ੍ਰ.ਸੁਖਪਾਲ ਸਿੰਘ ਖਹਿਰਾ ਵੱਲੋਂ ਕੱਢਿਆ ਜਾਣ ਵਾਲਾ ਪੈਦਲ ਇਨਸਾਫ ਮਾਰਚ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਲਈ ਰਵਾਨਾ ਹੋ ਗਿਆ ਜਿੱਥੇ ਉਕਤ ਮਾਰਚ 15 ਦਸੰਬਰ ਨੂੰ ਪਹੁੰਚਣ ਦੀ ਉਮੀਦ ਹੈ।
ਅੱਜ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਖਹਿਰਾ ਧੜੇ ਸਮੇਤ ਮਾਰਚ ਦੀ ਹਿਮਾਇਤ ਵਿੱਚ ਪੁੱਜੇ ਵੱਖ ਵੱਖ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਇਕੱਤਰ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਦੌਰਾਨ ਜਿੱਥੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਰੱਜ ਕੇ ਹੱਲਾ ਬੋਲਿਆ ਉੱਥੇ ਅਕਾਲੀ ਭਾਜਪਾ ਗਠਜੋੜ ਦੇ 10 ਸਾਲ੍ਹ ਦੇ ਸ਼ਾਸਨਕਾਲ ਨੂੰ ਸਿੱਖਾਂ ਅਤੇ ਪੰਜਾਬ ਲਈ ਸਭ ਤੋਂ ਮੰਦਭਾਗਾ ਕਰਾਰ ਦਿੱਤਾ।ਅੱਜ ਦੀ ਇਕੱਤਰਤਾ ਦੀ ਵਿਸ਼ੇਸ ਗੱਲ ਇਹ ਰਹੀ ਕਿ ਬਠਿੰਡਾ ਕਨਵੈਨਸ਼ਨ ਵਿੱਚ ਹੋਏ ਭਾਰੀ ਇਕੱਠ ਤੋਂ ਬਾਅਦ ਖਹਿਰਾ ਧੜੇ ਨੂੰ ਅੱਜ ਦੇ ਮਾਰਚ ਵਿੱਚ ਜਿੰਨੀ ਇਕੱਤਰਤਾ ਦੀ ਆਸ ਸੀ ਉਨਾਂ ਇਕੱਠ ਜੁਟਾਉਣ ਵਿੱਚ ਉਹ ਸਫਲ ਨਹੀ ਹੋ ਸਕੇ ਹੋਰ ਤਾਂ ਹੋਰ ਵਿਧਾਇਕ ਕੰਵਰ ਸੰਧੂ ਸਮੇਤ ਪਾਰਟੀ ਆਗੂ ਵਾਰ ਵਾਰ ਦੀਵਾਨ ਹਾਲ ਤੋਂ ਬਾਹਰ ਆ ਕੇ ਲੋਕਾਂ ਨੂੰ ਚੱਲ ਕੇ ਪੰਡਾਲ ਵਿੱਚ ਬੈਠਣ ਦੀਆਂ ਅਪੀਲਾਂ ਕਰਦੇ ਦਿਖਾਈ ਦਿੱਤੇ।ਦੀਵਾਨ ਹਾਲ ਵਿੱਚ ਲੋਕਾਂ ਨੂੰ ਸੰਬੋਧਨ ਦੌਰਾਨ ਜਿੱਥੇ ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਤੇ ਭਾਈਵਾਲੀ ਦੇ ਦੋਸ਼ ਲਾਏ ਗਏ ਉੱਥੇ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਲਈ ਵਿੱਢੇ ਜਾਣ ਵਾਲੇ ਹਰ ਸੰਘਰਸ਼ ਵਿੱਚ ਯੂਨਾਈਟਡ ਅਕਾਲੀ ਦਲ ਵੱਲੋਂ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।ਖਹਿਰਾ ਧੜੇ ਦੇ ਵਿਧਾਇਕਾਂ ਨੇ ਇਸ ਮੌਕੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੂਆਫੀ ਮੰਗਣ ਦਾ ਮੁੱਦਾ ਇੱਕ ਵਾਰ ਫਿਰ ਉਭਾਰਦਿਆਂ ਉਕਤ ਮਾਫੀ ਨੂੰ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਿਹਾ ਗਿਆ।ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ‘ਆਪ’ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਸੱਤਾ ਵਿੱਚ ਆ ਜਾਣਾ ਸੀ ਪ੍ਰੰਤੂਲੋਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਖਾਧੀ ਸਹੁੰ ਤੇ ਭਰੋਸਾ ਕਰਕੇ ਇਸਲਈ ਕਾਂਗਰਸ ਨੂੰ ਵੋਟ ਪਾ ਬੈਠੇ ਕਿ ਉਨਾਂ ਨੂੰ ਯਕੀਨ ਸੀ ਕਿ ਕੋਈ ਵੀ ਸਿੱਖ ਗੁਟਕਾ ਸਾਹਿਬ ਦੀ ਝੂਠੀ ਸਹੁੰ ਨਹੀ ਖਾ ਸਕਦਾ।ਉਨਾਂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਪਰਿਵਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਨਾਂ ਖਿਲਾਫ ਸਖਤ ਕਾਰਵਾਈ ਮੰਗੀ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਅਕਾਲੀਆਂ ਤੇ ਵਾਰ ਕਰਦਿਆਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪਸ਼ਚਾਤਾਪ ਲਈ ਉਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਉਹ ਸਭ ਇਲਜਾਮ ਸਵੀਕਾਰ ਕਰ ਚੁੱਕਾ ਹੈ ਜੋ ਪੰਜਾਬ ਦੇ ਲੋਕਾਂ ਉਨਾਂ ਤੇ ਲਾਂਉਦੇ ਰਹੇ ਹਨ ਇਸਲਈ ਉਹ ਪਸ਼ਚਾਤਾਪ ਕਰਵਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਕਦੇ ਮੁਆਫ ਨਹੀ ਕਰਨਗੇ ਤੇ 2019 ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ ਬਿਲਕੁਲ ਖਤਮ ਹੋ ਜਾਵੇਗਾ। ਉਨਾਂ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ ਤੇ ਇਸੇ ਲਈ ਇਨਸਾਫ ਮਾਰਚ ਨੂੰ ਫੇਲ ਕਰਨ ਲਈ ਹੀ ਸਰਕਾਰ ਨੇ 13 ਤੋਂ 15 ਦਸੰਬਰ ਤੱਕ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਬੁਲਾਇਆ ਹੈ ਤਾਂ ਕਿ ਮਾਰਚ ਵਿੱਚ ਸ਼ਾਮਿਲ 10 ਵਿਧਾਇਕ ਮਾਰਚ ਛੱਡ ਕੇ ਸ਼ੈਸਨ ਵਿੱਚ ਪਹੁੰਚਣ ਤੇ ਮਾਰਚ ਅੱਧਵਾਟੇ ਦਮ ਤੋੜ ਸਕੇ।ਬੈਂਸ ਨੇ ਇਸ ਮੌਕੇ ਐਲਾਨ ਕੀਤਾ ਕਿ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ 10 ਵਿਧਾਇਕ ਸ਼ੈਸਨ ਵਿੱਚ ਨਾ ਜਾ ਕੇ ਲੋਕਾਂ ਦੀ ਕਚਿਹਰੀ ਵਿੱਚ ਹਾਜਿਰੀ ਲਵਾ ਕੇ ਮਾਰਚ ਨੂੰ ਸਫਲ ਬਣਾਉਣਗੇ। ਇਸ ਮੌਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਇਕੱਤਰ ਸਾਰੀਆਂ ਧਿਰਾਂ ਨੂੰ ਕਿਸੇ ਚਿਹਰੇ ਵਿਸ਼ੇਸ ਦੀ ਰਾਜਨੀਤੀ ਨਾ ਕਰਕੇ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਕਰਨ ਦੀ ਸਲਾਹ ਦਿੱਤੀ ਤਾਂਕਿ ਇਕਜੁਟ ਹੋ ਕੇ ਲੋਕ ਮਸਲੇ ਹੱਲ ਕਰਵਾਏ ਜਾ ਸਕਣ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਅੰਤ ਵਿੱਚ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਹੁਣ ਤੱਕ ਦੀ ਬਰਬਾਦੀ ਲਈ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਨੂੰ ਬਰਾਬਰ ਦੇ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਜਿੱਥੇ ਗਠਜੋੜ ਸਰਕਾਰ ਸਮੇਂ ਗੁਰੂੁ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਪਰ ਦੋਸ਼ੀਆਂ ਨੂੰ ਲੱਭਣ ਲਈ ਗਠਜੋੜ ਸਰਕਾਰ ਨੇ ਕੱਖ ਨਹੀ ਕੀਤਾ ਉੱਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਪੰਜਾਬ ਦੇ ਸੋਮਿਆਂ ਦੀ ਲੁੱਟ ਵਿੱਚ ਵੀ ਗਠਜੋੜ ਜਿੰਮੇਵਾਰ ਹੈ।ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਨੂੰ ਬੜੀਆਂ ਆਸਾਂ ਸਨ ਪਰ ਉਨਾਂ ਨੇ ਲੋਕਾਂ ਦੀਆਂ ਉਮੀਦਾਂ ਤੇ ਬਿਲਕੁਲ ਹੀ ਪਾਣੀ ਫੇਰ ਕੇ ਰੱਖ ਦਿੱਤਾ। ਜਿੱਥੇ ਅਜੇ ਤੱਕ ਬੇਅਦਬੀ ਦੇ ਮਾਮਲੇ ਪੂਰੀ ਤਰ੍ਹਾਂ ਹੱਲ ਨਹੀ ਕੀਤੇ ਉੱਥੇ ਗੋਲੀਕਾਂਡ ਨੂੰ ਲੈ ਕੇ ਸਰਕਾਰ ਕਿਸੇ ਨਤੀਜੇ ਤੇ ਨਹੀ ਪਹੁੰਚੀ।ਉਨਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ ਤੇ ਸਰਕਾਰ ਦੀ ਕਰਜਾ ਮੁਆਫੀ ਸਕੀਮ ਕਿਤੇ ਅਮਲ ਵਿੱਚ ਆਈ ਦਿਖਾਈ ਨਹੀ ਦੇ ਰਹੀ। ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਬੀਤੇ ਦਿਨਾਂ ਵਿੱਚ ਪੰਜਾਬ ਦੀ ਰਾਜਧਾਨੀ ਨੂੰ ਖੋਹਣ ਦੇ ਮੰਸੂਬੇ ਵੀ ਘੜ ਲਏ ਗਏ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਨਜਰ ਤੱਕ ਨਹੀ ਆ ਰਹੇ ਇਸਲਈ ਸਾਰੀਆਂ ਪੰਜਾਬ ਹਿਤੈਸ਼ੀ ਧਿਰਾਂ ਨੂੰ ਦਮਦਮਾ ਸਾਹਿਬ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੱਕ ਇਨਸਾਫ ਮਾਰਚ ਕੱਢਣ ਦੀ ਲੋੜ ਜਾਪੀ। ਉਨਾਂ ਨੇ ਸਮੁੱਚੀਆਂ ਧਿਰਾਂ ਦੇ ਆਗੂਆਂ ਦਾ ਮਾਰਚ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਬੁਲਾਰਿਆਂ ਨੇ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਪੰਜਾਬ ਸਰਕਾਰ ਦੀਆਂ ਗੱਲਾਂ ਵਿੱਚ ਨਾ ਆਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬੈਂਸ ਭਰਾ,ਧਰਮਵੀਰ ਗਾਂਧੀ ਤੋਂ ਇਲਾਵਾ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਮਾ. ਬਲਦੇਵ ਸਿੰਘ, ਨਾਜਰ ਸਿੰਘ ਮਾਨਸ਼ਾਹੀਆ, ਭਾਈ ਪਿਰਮਿਲ ਸਿੰਘ ਖਾਲਸਾ ਤੋਂ ਇਲਾਵਾ ਖਹਿਰਾ ਧੜੇ ਦੇ ਵਿਧਾਇਕ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਸਾਰੇ ਯੂਨਾਈਟਡ ਅਕਾਲੀ ਦਲ,ਇਤਿਹਾਸਕਾਰ ਸੁਖਦਰਸ਼ਨ ਸਿੰਘ ਢਿੱਲੋਂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ, ਦੀਪਕ ਬਾਂਸਲ, ਨਵਜੋਤ ਕੌਰ ਲੰਬੀ, ਭਾਈ ਓਂਕਾਰ ਸਿੰਘ ਬਰਾੜ ਸੂਬਾ ਪ੍ਰਧਾਨ ਉੱਨਤ ਕਿਸਾਨ ਵੈੱਲਫੇਅਰ ਸੁਸਾਇਟੀ, ਕਸ਼ਮੀਰ ਸਿੰਘ ਸੰਗਤ,ਵੈਦ ਮੁਖਤਿਆਰ ਸਿੰਘ ਆਦਿ ਆਗੂ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: