ਸੀਵਰੇਜ ਦੇ ਪਾਣੀ ਨਾਲ ਖਰਾਬ ਹੋ ਰਿਹਾ ਹੈ ਛੱਪੜਾਂ ਦਾ ਪਾਣੀ

ss1

ਸੀਵਰੇਜ ਦੇ ਪਾਣੀ ਨਾਲ ਖਰਾਬ ਹੋ ਰਿਹਾ ਹੈ ਛੱਪੜਾਂ ਦਾ ਪਾਣੀ
ਪਿੰਡਾਂ ਦੇ ਲੋਕ ਕਰਨਗੇ ਛੱਪੜਾਂ ਦੀ ਸੰਭਾਲ ਦੇ ੳਪਰਾਲੇ
ਸਰਕਾਰ ਵੱਲੋਂ ਗਰਾਂਟਾਂ ਦੀ ਕਮੀ ਵੀ ਹੈ ਵੱਡਾ ਕਾਰਨ ਛੱਪੜਾਂ ਦੀ ਸਫਾਈ ਨਾ ਹੋਣ ਦਾ

7-24
ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਧਰਤੀ ਹੇਠਲੇ ਪਾਣੀ ਦਾ ਦਿਨੋ ਦਿਨ ਹੇਠਾਂ ਨੂੰ ਚਲੇ ਜਾਣਾ ਜਿੱਥੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਪਿੰਡਾਂ ਵਿੱਚ ਬਣੇ ਅਨੇਕਾਂ ਜਲ ਸ੍ਰੋਤਾਂ ਨੂੰ ਵੀ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਹੈ। ਮਨੁੱਖੀ ਸਰੀਰ ਦੇ ਸਭ ਤੋਂ ਪਹਿਲੇ ਅੰਗ ਪਾਣੀ ਨੂੰ ਜੇ ਨਾ ਬਚਾਇਆ ਗਿਆ ਤਾਂ ਇੱਕ ਦਿਨ ਪੰਜਾਬ ਦੇ ਲੋਕ ਪਾਣੀ ਖੁਣੋਂ ਮਰ ਮੁੱਕ ਜਾਣਗੇ। ਇਸ ਪਾਣੀ ਅਤੇ ਪਾਣੀ ਦੇ ਸ੍ਰੋਤਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਲਗਭਗ 100 ਘਰਾਂ ਅਤੇ ਸੱਤ ਕੁ ਸੌ ਦੀ ਅਬਾਦੀ ਵਾਲੇ ਪਿੰਡ ਮੈਨੂਆਣਾ ਦੀ ਗ੍ਰਾਮ ਪੰਚਾਇਤ, ਬੁੱਧੀਜੀਵੀ ਵਰਗ ਅਤੇ ਪਿੰਡ ਵਾਸੀਆਂ ਨੇ ਛੱਪੜਾਂ, ਖੂਹਾਂ ਨੂੰ ਬਚਾਉਣ ਦਾ ਤਹੱਈਆ ਕੀਤਾ ਹੈ। ਪਿੰਡ ਮੈਨੂਆਣਾ ਦੇ ਸਰਪੰਚ ਸ. ਕੁਲਵੰਤ ਸਿੰਘ ਵਿਰਕ, ਜਸਵੀਰ ਸਿੰਘ ਪੰਚ, ਸਮਾਜ ਸੇਵਕ ਗੁਰਮੇਲ ਸਿੰਘ ਗਿੱਲ, ਬਲਜਿੰਦਰ ਸਿੰਘ ਬੋਹੜ ਪੱਟ ਆਦਿ ਨੇ ਕਿਹਾ ਕਿ ਪਾਣੀ ਮਨੁੱਖਤਾ ਨੂੰ ਬਚਾਉਂਦਾ ਹੈ ਸਾਨੂੰ ਪਾਣੀ ਨੂੰ ਬਚਾਉਣਾ ਚਾਹੀਦਾ ਹੈ।
ਹਲਕੇ ਅੰਦਰਲੇ ਬਾਕੀ ਦੇ ਪਿੰਡਾਂ ਵਾਂਗ ਹੀ ਗ੍ਰਾਟਾਂ ਦੀ ਘਾਟ ਅਤੇ ਯੋਗ ਪ੍ਰਬੰਧ ਦੇ ਨਾ ਹੋਣ ਕਾਰਨ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਵਿਚਲਾ ਬਹੁਤਾ ਗੰਦਾ ਪਾਣੀ ਪਸ਼ੂਆਂ ਦੇ ਪੀਣ ਲਈ ਰਾਖਵੇਂ ਰੱਖੇ ਛੱਪੜਾਂ ਵਿੱਚ ਹੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਨਾਲੀਆਂ ਅੰਦਰਲਾ ਗੰਦਾ ਪਾਣੀ ਸਾਂਭੀ ਬੈਠੇ ਪਿੰਡ ਦੇ ਦੋ ਛੱਪੜਾਂ ਕੋਲੋਂ ਲੰਘਣਾ ਵੀ ਔਖਾ ਹੈ ਉੱਥੇ ਪਿੰਡ ਅੰਦਰ ਪਸ਼ੂਆਂ ਲਈ ਰਾਖਵੇਂ ਰੱਖੇ ਛੱਪੜ ਵਿੱਚ ਵੀ ਨਾਲੀਆਂ ਵਾਲਾ ਗੰਦਾ ਪਾਣੀ ਪੈਣ ਕਾਰਨ ਪਸ਼ੂਆਂ ਨੂੰ ਵੀ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਨੇ ਇਸ ਸੰਬੰਧੀ ਦੱਸਿਆ ਕਿ ਉਹ ਇਸ ਸੰਬੰਧੀ ਕਈ ਵਾਰ ਪਿੰਡ ਦੇ ਸਰਪੰਚ ਨੂੰ ਮਿਲਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨ ਕਰ ਚੁੱਕੇ ਹਨ ਪ੍ਰੰਤੂ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਕਿਸੇ ਸੰਭਾਵੀ ਵਿਪਤਾ ਦੀ ਚਿੰਤਾ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਝੰਬੀ ਕਿਸਾਨੀ ਨੂੰ ਆਪਣੇ ਪਸ਼ੂ ਧਨ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿੰਡ ਦੇ ਮੋਹਤਬਰਾਂ ਜਸਵੀਰ ਸਿੰਘ ਪੰਚ, ਅਕਾਲੀ ਆਗੂ ਜਗਤਾਰ ਸਿੰਘ, ਗੁਰਮੇਲ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਬੋਹੜ ਪੱਟ ਨੇ ਕਿਹਾ ਕਿ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਉਹ ਸਮੁੱਚੇ ਪਿੰਡ ਨੂੰ ਨਾਲ ਲੈ ਕੇ ਸਰਪੰਚ ਦਾ ਸਾਥ ਦੇਣਗੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਗੰਦੇ ਪਾਣੀ ਦੀ ਬਦਬੋ ਅਤੇ ਉੱਥੇ ਪੈਦਾ ਹੋਣ ਵਾਲੇ ਮੱਛਰ ਮੱਖੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸੀਵਰੇਜ਼ ਵਾਲੇ ਦੋਨਾਂ ਛੱਪੜਾਂ ਨੂੰ ਬੰਦ ਕਰਕੇ ਪਿੰਡ ਦੇ ਬਾਹਰ ਪਈ ਪੰਚਾਇਤੀ ਜ਼ਮੀਨ ਵਿੱਚ ਸੀਵਰੇਜ਼ ਵਾਲਾ ਛੱਪੜ ਬਣਾਇਆ ਜਾਵੇ ਜਿੱਥੋਂ ਚੁੱਕ ਕੇ ਸੀਵਰੇਜ਼ ਵਾਲੇ ਪਾਣੀ ਨੂੰ ਕਿਸਾਨ ਜ਼ਮੀਨ ਸਿੰਚਾਈ ਲਈ ਵਰਤ ਸਕਣ।
ਪਿੰਡ ਦੇ ਮੌਜ਼ੂਦਾ ਸਰਪੰਚ ਨੇ ਵੀ ਇਸ ਵਿਸ਼ੇ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਹਿਲਾਂ ਹੀ ਇਸ ਵਿਸ਼ੇ ਨੂੰ ਲੈ ਕੇ ਚਿੰਤਿਤ ਹਨ ਅਤੇ ਉਹਨਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਸੰਪਰਕ ਵਿੱਚ ਲੈ ਕੇ ਛੱਪੜਾਂ ਦੀ ਸਫਾਈ ਕਰਨ ਅਤੇ ਪਸ਼ੂਆਂ ਲਈ ਰਾਖਵੇਂ ਛੱਪੜ ਵਿੱਚ ਰਲਦੇ ਨਾਲੀਆਂ ਵਾਲੇ ਗੰਦੇ ਪਾਣੀ ਨੂੰ ਦੂਸਰੇ ਸੀਵਰੇਜ਼ ਵਾਲੇ ਛੱਪੜ ਵਿੱਚ ਪਾਉਣ ਲਈ ਜ਼ਰੂਰੀ ਕਦਮ ਪੁੱਟੇ ਜਾ ਰਹੇ ਹਨ। ਪਰ ਦੂਜੇ ਪਾਸੇ ਸਰਕਾਰ ਵੱਲੋਂ ਇਸ ਕੰਮ ਲਈ ਦਿੱਤੀਆਂ ਜਾਂਦੀਆਂ ਨਾਮਤਾਰ ਗਰਾਂਟਾਂ ਵੀ ਛੱਪੜਾਂ ਦੀ ਸਫਾਈ ਨਾ ਹੋਣ ਦਾ ਵੱਡਾ ਕਾਰਨ ਹਨ।

Share Button

Leave a Reply

Your email address will not be published. Required fields are marked *