Fri. Aug 23rd, 2019

ਸਿੱਧੂ ਬਨਾਮ ਸਿੱਧੂ ਦਾ ਕਲਾ ਕਲੰਦਰ

ਸਿੱਧੂ ਬਨਾਮ ਸਿੱਧੂ ਦਾ ਕਲਾ ਕਲੰਦਰ

ਬੇਸ਼ੱਕ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਆਪਸ ਵਿੱਚ 36 ਦਾ ਅੰਕੜਾ 2017 ਦੇ ਉਸ ਸਮੇਂ ਤੋ ਹੀ ਚੱਲਦਾ ਆ ਰਿਹਾ ਹੈ ਜਦੋਂ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਛਡਕੇ ਆਮ ਆਦਮੀ ਪਾਰਟੀ ਚ ਛਾਲ ਮਾਰਦੇ ਮਾਰਦੇ ਕਾਂਗਰਸੀ ਹਾਈ ਕਮਾਂਡ ਨਾਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣਨ ਦੀ ਹੋਈ ਖੁਫੀਆ ਡੀਲ ਕਾਰਨ ਪੰਜਾਬ ਕਾਂਗਰਸ ਦੇ ਪਾਲੇ ਚ ਠਾਹ ਕਰਕੇ ਛਲਾਂਗ ਲਗਾ ਦਿੱਤੀ ਸੀ । ਕਾਂਗਰਸ ਉਸ ਵੇਲੇ ਬਹੁਮੱਤ ਨਾਲ ਜਿੱਤੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਪਰ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਕੰਨੀ ਵੱਟ ਗਏ । ਸਿੱਧੂ ਨੂੰ ਸਰਕਾਰ ਚ ਦੂਜੇ ਦਰਜੇ ਦਾ ਕੈਬਨਿਟ ਮੰਤਰੀ ਬਣਾ ਲਿਆ ਗਿਆ ਤੇ ਵਿਭਾਗ ਵੀ ਸੌਂਪ ਦਿੱਤਾ ਪਰ ਜਦੋਂ ਸਿੱਧੂ ਨੇ ਆਪਣੇ ਅੰਦਾਜ਼ ਚ ਕੰਮ ਕਰਨਾ ਸ਼ੁਰੂ ਕੀਤਾ, ਸ਼ਹਿਰਾਂ ਚ ਭੂ ਮਾਫੀਏ ਵੱਲੋਂ ਕੀਤੇ ਕਬਜ਼ਿਆਂ ਦੇ ਘਪਲੇ ਫਾਸ਼ ਕਰਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਪਟਨ ਨੇ ਉਸ ਦੀ ਹਰ ਕਾਰਵਾਈ ਨੂੰ ਅਣਗੌਲਿਆ ਕਰਨਾ ਸ਼ੂਰੂ ਕਰ ਦਿੱਤਾ । ਲੱਚਰ ਗੀਤਾਂ ਤੇ ਫਿਲਮਾਂ ਨੂੰ ਨੱਥ ਪਾਉਣ ਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਨੂੰ ਮੁੱਖ ਰੱਖਕੇ ਸੱਭਿਆਚਾਰਕ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਤਾਂ ਉਹ ਵੀ ਠੁਸ ਕਰ ਦਿੱਤਾ ਗਿਆ । ਪਿਛਲੇ ਸਾਲ ਇਮਰਾਨ ਖਾਨ ਦੇ ਸੰਹੁ ਚੁੱਕ ਸਮਾਗਮ ‘ਤੇ ਪਾਕਿਸਤਾਨ ਗਿਆ ਤਾਂ ਵਿਰੋਧੀਆਂ ਨੇ ਤਾਂ ਅਲੋਚਨਾ ਕਰਨੀ ਹੀ ਸੀ, ਉਸ ਦੀ ਆਪਣੀ ਪਾਰਟੀ ਦੇ ਲੋਕਾਂ ਤੇ ਅਮਰਿੰਦਰ ਸਿੰਘ ਨੇ ਖ਼ੁਦ ਵੀ ਕਾਫ਼ੀ ਕਿੰਤੂ ਪਰੰਤੂ ਕੀਤੇ , ਪਾਕਿਸਤਾਨ ਦੇ ਸੱਦੇ ‘ਤੇ ਕਰਤਾਰ ਪੁਰ ਸਾਹਿਬ ਕੌਰੀਡੋਰ ਦੇ ਉਦਘਾਟਨ ਵਾਸਤੇ ਪਾਕਿਸਤਾਨ ਜਾਣ ਵੇਲੇ ਕੈਪਟਨ ਨੇ ਜਿੱਥੇ ਆਪ ਪਾਕਿਸਤਾਨ ਜਾਣ ਤੋਂ ਉੱਕਾ ਹੀ ਇਨਕਾਰ ਕਰ ਦਿੱਤਾ ਉੱਥੇ ਨਵਜੋਤ ਸਿੱਧੂ ਨੂੰ ਵੀ ਰੋਕਣ ਦੀ ਕੋਸ਼ਿਸ਼ ਹੀ ਨਹੀਂ ਬਲਕਿ ਉਸ ਵੱਲੋਂ ਅਜਿਹਾ ਕਰਨ ਦੀ ਤਿੱਖੀ ਆਲੋਚਨਾ ਵੀ ਕੀਤੀ । ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਚ ਟੇਬਲ ਹੋਈ, ਬਾਕੀਆਂ ਦੇ ਨਾਲ ਸਿੱਧੂ ਨੇ ਪੱਲਾ ਅੱਡ ਕੇ ਦੋਸ਼ੀਆਂ ਵਿਰੁੱਧ ਫ਼ੌਰੀ ਕਾਰਵਾਈ ਦੀ ਬੇਨਤੀ ਕੀਤੀ ਪਰ ਆਲੇ ਕੌਡੀ ਛਿੱਕੇ ਕੌਡੀ ਕਰਕੇ ਢਾਕ ਕੇ ਤੀਨ ਪਾਤ ਪਰਨਾਲਾ ਉੱਥੇ ਦਾ ਉੱਥੇ ਵਾਲੀ ਕਹਾਵਤ ਵਾਂਗ ਠੋਸ ਕਾਰਵਾਈ ਕੋਈ ਵੀ ਨਾ ਕੀਤੀ ਗਈ । ਜਿਸ ਰਿਪੋਰਟ ਵਿੱਚ ਨਾਮਜ਼ਦ ਦੋਸ਼ੀਆਂ ਵਿਰੁੱਧ ਸਿੱਧੇ ਤੌਰ ‘ਤੇ ਐਫ ਆਰ ਆਈ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਸੀ ਉਸ ਰਿਪੋਰਟ ‘ਤੇ ਪਰਦਾ ਪਾਉਣ ਵਾਸਤੇ ਅਮਰਿੰਦਰ ਸਿੰਘ ਨੇ ਅਨਿਸਚਿਤ ਸਮੇਂ ਵਾਸਤੇ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਕਠਿਨ ਕਰਕੇ ਪੱਲਾ ਝਾੜ ਲਿਆ । ਦੁਸਹਿਰੇ ਦੇ ਮੌਕੇ ਅੰਮਿ੍ਰਤਸਰ ਚ ਜੋੜੇ ਫਾਟਕ ‘ਤੇ ਰੇਲ ਦੁਖਾਂਤ ਹੋਇਆ, ਸਾਰਾ ਦੋਸ਼ ਸਿੱਧੂ ਜੋੜੇ ‘ਤੇ ਮੜ੍ਹਨ ਦੀ ਪੂਰੀ ਕੋਸ਼ਿਸ਼ ਜਿੱਥੇ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਉੱਥੇ ਕਾਂਗਰਸ ਦੇ ਬਹੁਤੇ ਮੰਤਰੀ ਇਸ ਮਾਮਲੇ ਚ ਘੋਗਲ ਕੰਨੇ ਹੀ ਬਣੇ ਰਹੇ ਤੇ ਅਮਰਿੰਦਰ ਸਿੰਘ ਨੇ ਵੀ ਸਿਵਾਏ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਕੋਈ ਬਹੁਤਾ ਵਧੀਆ ਰੋਲ ਅਦਾ ਨਹੀਂ ਕੀਤਾ । ਇਹ ਤਾਂ ਨਵਜੋਤ ਸਿੱਧੂ ਦੀ ਹੀ ਬੇਬਾਕੀ ਤੇ ਦਲੇਰੀ ਸੀ ਜਿਸ ਨੇ ਪੀੜਤਾਂ ਨੂੰ ਪੱਲਿਓ ਮੁਆਵਜ਼ਾ ਵੀ ਦਿੱਤਾ ਤੇ ਉਹਨਾ ਦੇ ਵਾਰਿਸਾਂ ਦੀ ਪਰਵਰਿਸ਼ ਦੀ ਜਿੰਮੇਵਾਰੀ ਲੈ ਕੇ ਮਸਲੇ ਨੂੰ ਠੰਢਾ ਕੀਤਾ ।
ਨਵਜੋਤ ਸਿੱਧੂ ਦੀ ਪਤਨੀ ਨੇ ਆਪਣੀ ਵਧੀਆ ਕਿੱਤਾ ਤਿਆਗ ਕੇ ਰਾਜਨੀਤੀ ਨੂੰ ਚੁਣਿਆ ਤੇ ਸੇਵਾ ਭਾਵਨਾ ਨਾਲ ਲੋਕਾਂ ਦੇ ਕੰਮ ਵੀ ਵਧੀਆ ਢੰਗ ਨਾਲ ਕਰਦੀ ਆ ਰਹੀ ਹੈ । ਉਸ ਨੇ ਚੰਡੀਗੜ੍ਹ ਤੋਂ ਹੁਣਵੀਆਂ ਲੋਕ ਸਭਾ ਚੋਣਾਂ ਚ ਉਮੀਦਵਾਰੀ ਦੀ ਟਿਕਟ ਦੀ ਇੱਛਾ ਪ੍ਰਗਟ ਕੀਤੀ ਪਰ ਅਮਰਿੰਦਰ ਤੇ ਆਸ਼ਾਕੁਮਾਰੀ ‘ਤੇ ਦੋਸ਼ ਲੱਗਾ ਕਿ ਉਹਨਾਂ ਦੋਹਾ ਨੇ ਡਾਕਟਰ ਨਵਜੋਤ ਕੌਰ ਦੀ ਟਿਕਟ ਹਾਈਕਮਾਡ ਤੋਂ ਇਹ ਕਹਿਕੇ ਰੱਦ ਕਰਵਾ ਦਿੱਤੀ ਕਿ ਅੰਮਿ੍ਰਤਸਰ ਵਾਲੇ ਰੇਲ ਕਾਂਡ ਕਾਰਨ ਲੋਕ ਉਸਨੂੰ ਵੋਟ ਨਹੀਂ ਪਾਉਣਗੇ ।
ਸੋ ਕਹਿਣ ਦਾ ਭਾਵ ਇਹ ਕਿ ਉਂਜ ਤਾਂ ਸਿੱਧੂ ਬਨਾਮ ਸਿੱਧੂ ਦੀ ਆਪਸੀ ਵਿਰੋਧਤਾ ਧੂਣੀ ਦੀ ਅੱਗ ਵਾਂਗ ਲੰਮੇ ਸਮੇਂ ਤੋਂ ਧੁਖਦੀ ਆ ਰਹੀ ਹੈ । ਪਰ ਲੋਕ ਸਭਾ ਚੋਣਾਂ ਦਾ ਪ੍ਰਚਾਰ ਸ਼ੁਰੂ ਹੋਣ ਵੇਲੇ ਇਸ ਅੱਗ ਦੇ ਭਾਂਬੜਾਂ ਚ ਬਦਲਣ ਦੇ ਆਸਾਰ ਪਹਿਲੇ ਦਿਨ ਤੋਂ ਨਜ਼ਰ ਆਉਣੇ ਸ਼ੁਰੂ ਹੋ ਗਏ । ਸਿੱਧੂ ਕਾਂਗਰਸ ਦਾ ਸਟਾਰ ਪ੍ਰਚਾਰਕ ਹੈ ਪਿੱਛੇ ਜਿਹੇ ਹੋਈਆ ਭਾਰਤ ਦੇ ਪੰਜ ਸੂਬਿਆਂ ਵਿਚਲੀਆਂ ਜ਼ਿਮਨੀ ਚੋਣਾਂ ਚ ਜਿਹਨਾ ਚ ਉਸ ਨੇ ਪ੍ਰਚਾਰ ਕੀਤਾ ਵੱਧ ਤੋਂ ਵੱਧ ਵੋਟਾਂ ਨਾਲ ਕਾਂਗਰਸ ਨੇ ਤਿੰਨ ਸੂਬਿਆਂ ਚ ਜਿੱਤ ਪ੍ਰਾਪਤ ਕੀਤੀ । ਉਸ ਦੀ ਭਾਸ਼ਨ ਸ਼ੈਲੀ ਲੱਛੇਦਾਰ ਹੀ ਬਲਕਿ ਦਲੀਲ ਭਰਪੂਰ ਤੇ ਦਮਦਾਰ ਵੀ ਹੈ । ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਨੇ ਉਸ ਨੂੰ ਪੰਜਾਬ ਵਿੱਚ ਸਟਾਰ ਪ੍ਰਚਾਰਕ ਤਾਂ ਕੀ ਬਣਾਉਣਾ ਸੀ ਸਗੋਂ ਉਸ ਨੂੰ ਸੱਚਿਓਂ ਝੂਠਿਓਂ ਇਕ ਵਾਰ ਵੀ ਨਹੀਂ ਕਿਹਾ ਕਿ ਉਹ ਚੋਣ ਪ੍ਰਚਾਰ ਦੀ ਮੁਹਿੰਮ ਚ ਸ਼ਾਮਿਲ ਹੋਵੇ । ਲੋਕ ਸਭਾ ਚੋਣਾਂ ਦੇ ਐਨ ਅੰਤਿਮ ਮੌਕੇ ਪਿ੍ਰਅੰਕਾ ਗਾਂਧੀ ਨੇ ਉਸ ਨੂੰ ਪੰਜਾਬ ਚ ਚੋਣ ਪ੍ਰਚਾਰ ਦੇ ਆਖਰੀ ਦਿਨ ਲਿਆ ਉਤਾਰਿਆ ਤੇ ਸਿੱਧੂ ਨੇ ਮੌਕਾ ਮਿਲਦਿਆਂ ਹੀ ਆਪਣੇ ਮਨ ਦਾ ਗ਼ੁਬਾਰ ਕੱਢ ਮਾਰਿਆ । ਉਸਨੇ ਜਿੱਥੇ ਬਾਦਲਾਂ ਦੀ ਰੱਜ ਕੇ ਮਿੱਟੀ ਪੁਲੀਤ ਕੀਤੀ ਉੱਥੇ ਨਾਲ ਹੀ ਕੈਪਟਨ ਦੀ ਬਾਦਲਾਂ ਨਾਲ ਮਿਲੀ ਭੁਗਤ ਦਾ ਭਾਂਡਾ ਵੀ ਚੌਰਾਹੇ ਭੰਨਿਆ । ਇਥੇ ਹੀ ਨਹੀਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਤੇ ਆਪਣਾ ਅਸਤੀਫ਼ਾ ਦੇਣ ਦੀ ਗੱਲ ਵੀ ਕਹਿ ਦਿੱਤੀ । ਉਧਰ ਸਿੱਧੂ ਦੀ ਪਤਨੀ ਵੀ ਪੰਜਾਬ ਦੀ ਕੈਪਟਨ ਸਰਕਾਰ ਦੀ ਢਾਈ ਸਾਲ ਦੀ ਕਾਰਗੁਜ਼ਾਰੀ ਤੇ ਸਿੱਧੇ ਸਵਾਲ ਉਠਾ ਰਹੀ ਹੈ ।
ਗੱਲ ਕੀ ਨੌਬਤ ਇੱਥੋਂ ਤੱਕ ਆਣ ਪਹੁੰਚੀ ਹਾਂ ਕਿ ਪੰਜਾਬ ਦੀ ਕਾਂਗਰਸ ਚ ਜੋ ਤੂਫ਼ਾਨ ਅੰਦਰਖਾਤੇ ਚੱਲ ਰਿਹਾ ਸੀ ਉਸ ਦੇ ਜਵਾਰ-ਭਾਟੇ ਦੀ ਖ਼ਬਰ ਹੁਣ ਲੋਕ ਗਲਿਆਰਿਆਂ ਚੋਂ ਹੁੰਦੀ ਹੋਈ ਦਿੱਲੀ ਤੱਕ ਵੀ ਪਹੁੰਚ ਚੁੱਕੀ ਹੈ । ਲੋਕ ਸਭਾ ਦੇ ਨਤੀਜਿਆਂ ਤੋਂ ਬਾਦ ਪੰਜਾਬ ਵਿੱਚ ਕਾਫ਼ੀ ਕੁਝ ਉਥਲ ਪੁਥਲ ਹੋਣ ਵਾਲੀ ਹੈ । ਕਿਹਾ ਇਹ ਵੀ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਪੰਜਾਬ ਦੀਆ ਸਾਰੀਆਂ ਸੀਟਾਂ ਨਹੀਂ ਜਿੱਤਦੀ ਤਾਂ ਅਮਰਿੰਦਰ ਸਿੰਘ ਦੀ ਮੁੱਖਮੰਤਰੀ ਵਾਲੀ ਕੁਰਸੀ ਖੁਸ ਸਕਦੀ ਹੈ ਤੇ ਉਸ ਕੁਰਸੀ ‘ਤੇ ਸਿੱਧੂ ਬਿਰਾਜਮਾਨ ਹੋ ਸਕਦਾ ਹੈ । ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੇਂਦਰ ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਦ ਵੀ ਅਮਰਿੰਦਰ ਸਿੰਘ ਦੀ ਕੁਰਸੀ ਸੇਫ਼ ਨਹੀਂ ਕਿਉਂਕਿ ਰਾਹੁਲ ਗਾਂਧੀ ਵੀ ਅਮਰਿੰਦਰ ਸਿੰਘ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਤੇ ਨਾ ਹੀ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ।
ਤੂਫ਼ਾਨ ਤੋਂ ਪਹਿਲਾ ਦੀ ਚੁੱਪ ਵਾਂਗ ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਨਾ ਹੀ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਰਿਹਾ ਤੇ ਨਾ ਹੀ ਉਸਦੀ ਕੋਈ ਦਿਲਚਸਪੀ । ਉਸ ਨੇ ਬਿਆਨ ਦੇਣੇ ਵੀ ਬੰਦ ਕਰ ਦਿੱਤੇ ਸਨ । ਪਰ ਚੋਣ ਪ੍ਰਚਾਰ ਬੰਦ ਹੋਣ ਤੋਂ ਇਕ ਦਿਨ ਪਹਿਲਾ ਦਿੱਤੇ ਭਾਸ਼ਨ ਨਿਸ਼ਚੇ ਹੀ ਕਾਂਗਰਸ ਵਿਚਲੇ ਅੰਦਰੂਨੀ ਕਲਾ ਕਲੇਸ਼ ਰੂਪੀ ਤੂਫ਼ਾਨ ਵੱਲ ਇਸ਼ਾਰਾ ਹੈ । ਆਉਣ ਵਾਲੇ ਦਿਨਾਂ ਚ ਖ਼ਾਸ ਕਰ 23 ਮਈ ਦੇ ਚੋਣ ਨਤੀਜਿਆਂ ਤੋਂ ਬਾਅਦ ਸਥਿਤੀ ਬਿਲਕੁਲ ਸ਼ਪੱਸ਼ਟ ਹੋ ਜਾਵੇਗੀ । ਦੋਵੇਂ ਸਿੱਧੂ ਆਹਮੋ ਸਾਹਮਣੇ ਹਨ । ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂ ਚੜ੍ਹੇ ਵਾਲੇ ਹਾਲਾਤ ਪੈਦਾ ਹੋ ਚੁੱਕੇ ਹਨ । ਇਕ ਸਿੱਧੂ ਕੋਲ ਪੰਜਾਹ ਸਾਲ ਦਾ ਸਿਆਸੀ ਤਜਰਬਾ ਹੈ ਤੇ ਦੂਸਰਾ ਖਿਡਾਰੀ ਵੀ ਸਿਰੇ ਦਾ ਰਿਹਾ ਸਿਆਸਤਦਾਨ ਵੀ ਪਰਲੇ ਦਰਜੇ ਦਾ ਹੈ । ਇਸ ਦੇ ਨਾਲ ਹੀ ਨਵਜੋਤ ਸਿੱਧੂ ਉਤਸ਼ਾਹ ਤੇ ਸਵੈ ਵਿਸ਼ਵਾਸ ਨਾਲ ਵੀ ਭਰਪੂਰ ਹੈ ਜਦ ਕਿ ਅਮਰਿੰਦਰ ਸਿੰਘ ਬਿਲਕੁਲ ਹੀ ਚਲਿਆ ਹੋਇਆ ਕਾਰਤੂਸ ਬਣ ਚੁੱਕਾ ਹੈ । ਦੇਖਣਾ ਹੋਵੇਗਾ ਕਿ ਸਿਆਸਤ ਦੀ ਆਖਰੀ ਪਾਰੀ ਖੇਡਣ ਵਾਲਾ ਕੈਪਟਨ ਸਿੱਧੂ ਕਿਹੜੀ ਚਾਲ ਚੱਲਦਾ ਤੇ ਨੌਜਵਾਨ ਸਿੱਧੂ ਉਸ ਦਾ ਕੀ ਜਵਾਬ ਦਿੰਦਾ ਹੈ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
19/05/2019

Leave a Reply

Your email address will not be published. Required fields are marked *

%d bloggers like this: