Tue. Apr 23rd, 2019

ਸਿੱਖ ?

ਸਿੱਖ ?

‘ਸਿੱਖ’ ਤੋਂ ਭਾਵ ਕੁਝ ਸਿੱਖਣਾ। ਗਿਆਨ ਨੂੰ ਲੈਣਾ ਅਤੇ ਉਸ ਉੱਤੇ ਅਮਲ ਕਰਨਾ ।ਸਿੱਖ ਲਈ ਦੂਜਾ ਸ਼ਬਦ ‘ਵਿਦਿਆਰਥੀ’ ਵੀ ਵਰਤਿਆ ਜਾ ਸਕਦਾ ਹੈ ।ਵਿਦਿਆਰਥੀ ਉਹੀ ਹੁੰਦਾ ਹੈ ਜੋ ਹੁਣ ਕੁਝ ਸਿੱਖ ਰਿਹਾ ਹੁੰਦਾ ਹੈ ਅਤੇ ਜੋ ਸਮਝਦਾ ਹੈ ਕਿ ਮੇਰਾ ਗਿਆਨ ਹਜੇ ਸੰਪੂਰਨ ਨਹੀਂ ਅਤੇ ਮੈਨੂੰ ਕੁਝ ਹੋਰ ਸਿੱਖਣ ‘ਤੇ ਗਿਆਨ ਲੈਣ ਦੀ ਜਰੂਰਤ ਹੈ।

ਸਿੱਖ ਇਤਿਹਾਸ ਅਨੁਸਾਰ  ਗੁਰੂ ਗੋਬਿੰਦ ਸਿੰਘ ਜੀ ਨੇ ੧੫ ਅਪਰੈਲ ੧੯੬੬ ਨੂੰ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਸੀ ਤੇ ਇੱਥੋਂ  ਹੀ ਸਿੱਖ ਧਰਮ ਦੀ ਸ਼ੁਰੂਆਤ ਹੋਈ ਸੀ । ਪਰ ਅਸਲ ਪਰ ਅਸਲ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੀ ਹੋ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਸਜਾਏ ਸਨ ਅਤੇ ਖਾਲਸਾ ਬਣਾਇਆ ਸੀ ।
ਗੁਰੂ ਜੀ ਨੇ ਆਪਣੇ ਸਾਨੂੰ ਇਹ ਨਾਮ ਇਸ ਲਈ ਦੇ ਦਿੱਤਾ ਤਾਂ ਜੋ ਅਸੀਂ ਆਪਣੇ ਆਪ ਨੂੰ ਹਮੇਸ਼ਾ ਵਿਦਿਆਰਥੀ ਸਮਝਦੇ  ਰਹੀਏ ਅਤੇ ਜੀਵਨ ਵਿੱਚ ਹਮੇਸ਼ਾਂ ਗਿਆਨ ਹਾਸਲ ਕਰਦੇ ਰਹੀਏ ।ਸਾਡੇ  ਵਿੱਚ ਹਮੇਸ਼ਾਂ ਸਿੱਖਣ ਦੀ ਤਾਂਘ ਬਣੀ ਰਹੇ ।
ਇਹ ਸ਼ਬਦ ਆਪਣੇ ਆਪ ਵਿੱਚ ਬਹੁਤ ਹੀ ਡੂੰਘਾ ਹੈ ਪਰੰਤੂ  ਜੇਕਰ  ਇਸਨੂੰ ਧਿਆਨ ਨਾਲ਼ ਸਮਝਿਆ ਜਾਏ ਤਾਂ ਅੱਜ ਦੇ ਦੌਰ ‘ਚ ਅਸੀਂ ਕੋਈ ਵੀ ਅਸਲੀ ‘ਸਿੱਖ’ ਨਹੀਂ ਹੇੈ । ਜਿਹੜੇ ਕਿ  ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸਨ।
ਕੀ ਹੁੰਦਾ ਹੈ ‘ਸਿੱਖ ‘ਤੇ ‘ਗੁਰੂ ‘ ਦਾ ਰਿਸ਼ਤਾ?
ਜ਼ਿੰਦਗੀ ਵਿੱਚ ਜੇਕਰ ਤੁਸੀਂ ਕਦੇ ਵੀ ਕੁਝ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਦੀ ‘ਮੈਂ’ ਮਤਲਬ  (ਹਉਮੈ) ਹੰਕਾਰ ਦਾ ਮਰਨਾ ਬਹੁਤ ਜ਼ਰੂਰੀ ਹੈ ,ਕਿਉਂਕਿ ਜਦ ਤੱਕ ਹੰਕਾਰ ਤੁਹਾਡੇ ਅੰਦਰ ਹੈ ਤਾਂ  ਤੁਸੀਂ ਖੁਦ ਨੂੰ ਹੀ ਗਿਆਨ ਭਰਪੂਰ ਸਮਝੋਗੇ।
ਫਿਰ ਦੂਸਰੇ ਦਾ ਗਿਆਨ ਅਪਣਾਉਣਾ ਤਾਂ ਦੂਰ ਦੀ ਗੱਲ ਤੁਸੀਂ ਜਲਦੀ ਕਿਸੇ ਦੂਸਰੇ ਦੀ ਗੱਲ ਵੀ ਨਹੀ ਸੁਣੋਗੇ। ਇਸ ਲਈ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਪਹਿਲਾਂ ਇਹ ਗੁਣ ਅਪਣਾਉਣਾ ਪਵੇਗਾ ਕਿ ਤੁਸੀਂ ਆਪਣੇ ਅੰਦਰ ਦੀ ਹਉਮੈ ਨੂੰ ਮਾਰੋ । ਆਪਣੇ ਆਪ ਨੂੰ ਸਫੈਦ ਕਾਗਜ਼ ਦੀ ਤਰ੍ਹਾਂ ਖਾਲੀ ਕਰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ  ਆਪਣੇ ਗੁਰੂ ਅੱਗੇ ਆਪਣੀ ਮੱਤ ਨੂੰ ਤਿਆਗੋ ।

ਆਪਣਾ ਆਪ ਸਮਰਪਣ ਕਰਨ ਤੋਂ ਬਾਅਦ ਵਿਦਿਆਰਥੀ ਦਾ ਦੂਜਾ ਅਹਿਮ ਫਰਜ  ਹੈ ਆਪਣੇ ਗੁਰੂ ਤੇ ਵਿਸ਼ਵਾਸ ਕਰਨਾ। ਵਿਸ਼ਵਾਸ ਇੱਕ ਅਜਿਹਾ ਖ਼ਜ਼ਾਨਾ ਹੈ ਜੋ ਤੁਹਾਨੂੰ ਤੇ ਤੁਹਾਡੇ ਗਿਆਨ ਨੂੰ ਬਹੁਤ ਉਪਰ ਤਕ ਲੈ ਜਾਵੇਗਾ । ਕਿਉਂਕਿ ਉਹ ਵਿਸ਼ਵਾਸ ਹੀ ਹੋਵੇਗਾ ਜੋ ਤੁਹਾਨੂੰ ਗਿਆਨ ਲੈਣ ਲਈ ਪ੍ਰੇਰਿਤ ਕਰੇਗਾ।
ਧਾਰਮਿਕ ਜਗਤ ਵਿੱਚ ਦੇਖਿਆ ਜਾਵੇ ਤਾਂ ਪਹਿਲਾਂ ਪੜਾਅ ਹੀ ਗੁਰੂ ਤੇ ਵਿਸ਼ਵਾਸ ਕਰਨਾ ਹੁੰਦਾ ਹੈ ਪਰ ਫਿਰ ਇਹ ਵਿਸ਼ਵਾਸ ਹੌਲੀ ਹੌਲੀ ਸ਼ਰਧਾ ਵਿੱਚ ਬਦਲ ਜਾਂਦਾ ਹੈ,  ਕਹਿੰਦੇ ਹਨ ਕਿ ਵਿਸ਼ਵਾਸ ਤਾਂ ਤਾਂ ਟੁੱਟ ਜਾਂਦਾ ਹੈ’ ਪਰ ਸ਼ਰਧਾ ਕਦੇ ਨਹੀਂ ਟੁੱਟਦੀ ।ਪਰ ਸ਼ਰਧਾ  ਤੱਕ ਪਹੁੰਚਣ ਲਈ ਤੁਹਾਨੂੰ ਪਹਿਲਾਂ ਵਿਸ਼ਵਾਸ ਦੇ ਪੜਾਅ ਨੂੰ ਤੈਅ ਕਰਨਾ ਪਵੇਗਾ। ਕੁਝ ਲੋਕ ਵਿਸ਼ਵਾਸ ਕਰਨ ਦੇ ਅਰਥ ਨੂੰ ਇਹ ਸਮਝਦੇ ਹਨ ਕਿ ਬੱਸ ਅਗਲੇ ਨੇ ਜੋ ਕਹਿ ਦਿੱਤਾ ਉਹ ਮੰਨਣਾ ਹੈ ਉਹੀ ਕਰਨਾ ਹੈ। ਨਹੀਂ ! ਇਸਦਾ ਅਰਥ ਇੰਝ ਬਿਲਕੁਲ ਵੀ ਨਹੀਂ ਹੈ।
ਇੱਕ ਵਿਦਿਆਰਥੀ ਨੂੰ ਆਪਣੇ ਗੁਰੂ ਤੋਂ ਪ੍ਰਸ਼ਨ ਜਾਂ ਤਰਕ ਕਰਨ ਦਾ ਪੂਰਾ ਹੱਕ ਹੁੰਦਾ ਹੈ ।ਉਸ ਨੂੰ ਜੋ ਚੀਜ਼ ਸਮਝ ਨਹੀਂ ਆ ਰਹੀ ਉਸ ਦਾ ਹੱਲ ਉਹ ਆਪਣੇ ਗੁਰੂ ਤੋਂ ਹੀ ਲੈ ਸਕਦਾ ਹੈ। ਧਰਮ ਜਗਤ ਵਿੱਚ ਤਾਂ  ਕਿਹਾ ਜਾਂਦਾ ਹੈ ਕਿ ਗੁਰੂ ਤੇ ਅਸੀਂ ਅੰਧਾ ਵਿਸ਼ਵਾਸ ਕਰ ਸਕਦੇ ਹਾਂ ,ਪਰ ਸ਼ਰਤ ਇਹ ਹੈ ਕਿ ਗੁਰੂ ਅੰਨ੍ਹਾ ਨਾ ਹੋਵੇ। ਜਿਸ ਦਿਨ ਇੱਕ ਵਿਦਿਆਰਥੀ ਦੀ ਆਪਣੇ ਗੁਰੂ ਤੇ ਸ਼ਰਧਾ ਬਣ ਜਾਂਦੀ ਹੈ ਤਾਂ ਇਹ ਰਿਸ਼ਤਾ ਅਟੁੱਟ ਹੋ ਜਾਂਦਾ ਹੈ ।ਇਸ ਨਾਲ ਮਨੁੱਖੀ ਸੁਭਾਅ ਵਿਚ ਨਿਮਰਤਾ, ਦਇਆ ਅਤੇ ਕਰੁਣਾ ਵਰਗੇ ਭਾਵਾਂ ਦੀ ਵੀ  ਬਹੋਤੜੀ ਆ ਜਾਂਦੀ ਹੈ ਕਿਉਂਕਿ ਜਦ ਸਾਡੇ ਅੰਦਰ ਹੰਕਾਰ ਮਰਦਾ ਹੈ ਤਾਂ ਸਾਡੇ ਗੁੱਸੇ ਵਿਚ ਗਿਰਾਵਟ ਆਉਦੀ ਹੈ । ਨਿਮਰਤਾ ਅਤੇ ਕੁਝ ਨਿਵੇਕਲੇ ਸਿੱਖਣ ਵਾਲ਼ੇ ਗੁਣਾਂ ਦਾ ਵੀ ਵਾਧਾ ਹੁੰਦਾ ਹੈ ।
ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਅੰਮ੍ਰਿਤ ਛਕਿਆ। ਉਹ  ਵੀ ਹਮੇਸ਼ਾਂ ਵਿਦਿਆਰਥੀ ਬਣੇ ਰਹੇ ਅਤੇ ਅਕਾਲ ਪੁਰਖ ਤੋਂ  ਸਦਾ ਸਿੱਖਣ ਦੀ ਜਾਂਚ ਮੰਗਦੇ ਰਹੇ ਅਤੇ ਹੋਰਾਂ ਨੂੰ ਸਿਖਾਦੇ ਰਹੇ ।
ਇਸੇ ਲਈ ਕਹਿ ਦਿੱਤਾ ਗਿਆ
‘ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ’
ਅਸਲ ਵਿਚ ਦੇਖਿਆ ਜਾਵੇ ਤਾਂ ਸਿੱਖ ਕੋਈ ਧਰਮ ਨਹੀਂ ਹੈ ਇਹ ਤਾਂ ਸਾਨੂੰ ਦੱਸਦਾ ਹੈ ਕਿ ਜੀਵਨ ਨੂੰ ਸੁਚੱਜੇ ਢੰਗ ਨਾਲ ਕਿਵੇਂ ਬਤੀਤ ਕਰਨਾ ਹੈ।
ਪ੍ਰੰਤੂ ਅੱਜ ਦੇ ਦੌਰ ਵਿੱਚ ਇਸ ਸ਼ਬਦ ਦੀ ਇੰਨੀ ਜਿਆਦਾ  ਗਲਤ ਵਰਤੋਂ ਹੋ ਰਹੀ ਹੈ ਕਿ ਕਈ ਆਪਣੀਆਂ ਜਾਨਾਂ ਤੱਕ ਗਵਾ ਰਹੇ ਹਨ। ਸਿੱਖ ਦਾ ਅਸਲੀ ਅਰਥ ਤਾਂ ਮਨੁੱਖ ਬਣਨਾ ਹੈ ਇਨਸਾਨੀਅਤ ਨੂੰ ਸਮਝਣਾ ਹੈ ਅਤੇ ਸਿੱਖਣਾ ਹੈ।
ਫਿਰ ਇਸ ਨੂੰ ਧਰਮ ਦੇ ਨਾਂ ਤੇ ਬੰਨ੍ਹ ਕੇ ਲੜਾਈਆਂ ਕਰਨ ਵਾਲੇ ਸਭ ਤੋਂ ਵੱਡੇ ਮੂਰਖ ਹਨ। ਕੋਈ ਵੀ ਧਰਮ ਤੁਹਾਨੂੰ ਲੜਾਈ ਕਰਨਾ ਨਹੀਂ ਸਿਖਾਉਂਦਾ।
ਪਰ ਅੱਜ ਤੱਕ ਜਿੰਨੀਆਂ ਲੜਾਈਆਂ ਧਰਮ ਦੇ ਨਾਮ ਤੇ ਹੋਈਆਂ ਹਨ ਜਿੰਨੀਆਂ ਜਾਨਾਂ ਧਰਮ ਦੇ ਨਾਂ ਤੇ ਗਵਾ ਦਿੱਤੀਆਂ ਗਈਆਂ ਹਨ ਓਨੀਆਂ ਹੋਰ ਕਿਧਰੇ ਵੀ ਨਹੀਂ।
ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਗੁਰੂਆਂ ਨੇ  ਲੋਕਾਂ ਨੂੰ ਇਕੋ ਹੀ ਉਪਦੇਸ਼ ਦਿੱਤਾ ਸੀ
ਕਿ ਕਰਤਾ ਪੁਰਖ ਇਕ ਹੈ।
ਜੇਕਰ ਕਰਤਾ ਪੁਰਖ ਇੱਕ ਹੈ ਤਾਂ ਫਿਰ ਅਸੀਂ ਸਭ ਹਿੰਦੂ ,ਮੁਸਲਿਮ ,ਸਿੱਖ, ਇਸਾਈ ,ਜੈਨ ,ਬੁੱਧ ਆਦਿ ਕਿਵੇਂ ਹੋ ਸਕਦੇ ਹਾਂ ?
ਸਾਡੇ ਸਭ ਵਿੱਚ  ਇੱਕ ਦਾ ਹੀ ਵਾਸ ਹੈ, ਸਾਡੇ ਸਰੀਰ ਇੱਕੋ ਜਿਹੇ ਹਨ ਤਾਂ ਅਸੀਂ ਇੱਕ ਦੂਸਰੇ ਨਾਲ ਕਿਉਂ ਲੜ ਰਹੇ ਹਾਂ?
ਅਸਲ ਵਿੱਚ ਜੋ ਇਨਸਾਨ ਧਰਮ ਦੇ ਮਾਮਲੇ ਤੇ ਲੜਦਾ ਹੈ ਉਸ ਤੋਂ ਵੱਡਾ ਅਗਿਆਨੀ ਦੁਨੀਆਂ ਤੇ ਹੋਰ ਕੋਈ ਨਹੀਂ ਹੋ ਸਕਦਾ ।ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਧਰਮ ਦੇ ਠੇਕੇਦਾਰ ਹੀ ਸਭ ਤੋਂ ਵੱਡਾ ਕਾਰਨ ਬਣ ਚੁੱਕੇ ਹਨ ਲੋਕਾਂ ਵਿੱਚ ਗਲਤ ਪ੍ਰਚਾਰ ਫੈਲਾਉਣ ਦਾ।
ਇਸ ਲਈ ਕਿਹਾ ਜਾਂਦਾ ਹੈ ਕਿ ਗੁਰੂ ਦੀ ਚੋਣ ਬਹੁਤ ਸੋਚ ਸਮਝ ਕੇ ਕਰਣੀ ਚਾਹੀਦੀ ਹੈ, ਕਿਉਂਕਿ ਇੱਕ ਦਿਸ਼ਾਹੀਣ ਵਿਅਕਤੀ ਦੂਸਰੇ ਨੂੰ ਦਿਸ਼ਾ ਦਿਖਾਉਣ ਦੇ ਸਮਰੱਥ ਨਹੀਂ ਹੁੰਦਾ।
ਸਿਰਫ ਵਿਦਿਆਰਥੀ ਨੂੰ ਹੀ ਨਹੀਂ,ਗੁਰੂ ਦੇ ਵੀ  ਬਹੁਤ ਸਾਰੇ ਫਰਜ਼ ਹੁੰਦੇ ਹਨ ਆਪਣੇ ਵਿਦਿਆਰਥੀ ਪ੍ਰਤੀ ।ਗੁਰੂ ਦੇ ਕਰਤੱਵ  ਵਿੱਚ ਉਸ ਦਾ  ਅਹਿਮ ਫ਼ਰਜ਼ ਇਹ ਹੁੰਦਾ  ਹੈ ਕਿ ਆਪਣੇ ਵਿਦਿਆਰਥੀ ਨੂੰ ਸਮਝਣਾ ਕਿ  ਉਸਦਾ ਬੌਧਿਕ  ਅਤੇ ਨੈਤਿਕ ਵਿਕਾਸ ਕਿੱਥੋਂ ਤੱਕ ਦਾ ਹੈ। ਫਿਰ ਉਸਦੇ  ਗਿਆਨ ਵਿੱਚ ਹੋਰ ਵਾਧਾ ਕਰ ਉਸ ਨੂੰ ਸਹੀ ਮਾਰਗ ਦਰਸ਼ਨ ਦੇਣਾ ।ਗੁਰੂ ਦਾ ਪਹਿਲਾ ਫਰਜ਼ ਇਹ ਵੀ ਹੈ ਕਿ ਉਹ ਆਪਣੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਨਜ਼ਰ ਨਾਲ ਦੇਖੇ ।ਉਸ ਲਈ ਸਭ ਇੱਕ ਸਮਾਨ ਹੋਣ ,ਕੇਵਲ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਗੁਰੂ ਨੂੰ ਵੀ ਆਪਣਾ ਆਪ ਸਮਰਪਣ ਕਰਨ ਦੀ ਲੋੜ ਹੁੰਦੀ ਹੈ। ਉਸ ਨੂੰ ਆਪਣੇ ਸਾਰੇ ਗਿਆਨ ਨੂੰ ਇਕ ਸੁਚੱਜੇ ਢੰਗ ਨਾਲ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣਾ ਹੁੰਦਾ ਹੈ ਪਰੰਤੂ ਜੇਕਰ ਉਸ ਵਿਚ ਹੰਕਾਰ ਵਰਗੇ ਅਗੁਣ ਹੋਣਗੇ ਤਾਂ ਉਹ ਕਿਸੇ ਨੂੰ ਵੀ ਆਪਣਾ ਅਸਲੀ ਗਿਆਨ ਦੇਣ ਵਿੱਚ ਸਮਰੱਥ ਨਹੀਂ ਹੋਵੇਗਾ ।ਬਲਕਿ ਗਿਆਨ ਸਿਰਫ ਥੋਪਿਆ ਹੀ ਜਾਵੇਗਾ।
ਗੁਰੂ ਗੋਬਿੰਦ ਸਿੰਘ ਦੇ ਸਿੱਖ  ਤੇ ਅਜ ਦੇ ਸਿੱਖਾਂ ਵਿੱਚ ਬਹੁਤ ਭਾਰੀ  ਫਰਕ ਹੈ।ਬੇਸ਼ਕ ਇਹ ਸ਼ਬਦ ਸਿਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ ਪਰ ਇਸਦੇ ਮੂਲ ਅਧਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਨਿਭਾਇਆ ਚਲਿਆ ਆ ਰਿਹਾ ਹੈ।
ਗੁਰੂ ਅੰਗਦ ਦੇਵ ਜੀ ਨੂੰ ਸਭ ਤੋਂ ਵੱਡੇ ਸਿੱਖ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦੀ ਸੇਵਾ ਅਤੇ ਸਮਰਪਣ ਭਾਵਨਾ ਨੇ ਉਨ੍ਹਾਂ ਨੂੰ ਗੁਰੂ ਬਣਾ ਦਿੱਤਾ ।ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਦਾ ਮਨੁੱਖ ਜੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਉਸ ਵਿੱਚ ਸਿੱੱਖ ਵਾਲਾ ਕੋਈ ਵੀ ਗੁਣ ਨਹੀਂ ।ਤੁਸੀਂ ਪੰਜ ਕੰਕਾਰ ਪਾ ਕੇ, ਸਿਰ ਤੇ ਦਸਤਾਰ ਸਜਾ ਕੇ ਸਿੱਖ ਨਹੀਂ ਬਣ ਸਕਦੇ। ਜਦੋਂ ਤੱਕ ਤੁਹਾਡੇ ਅੰਦਰ ਸਿੱਖ ਵਾਲੇ ਸੰਸਕਾਰ ਨਹੀਂ ਆ ਜਾਂਦੇ। ਤੁਸੀਂ ਕੇਵਲ ਨਾਮ ਦੇ ਹੀ ਸਿਖ ਹੋ ਤੇ ਅਜਿਹੇ  ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੱਖ ਨਹੀਂ ਹਨ ।
ਮੈਂ ਕਈ ਸਿੱਖਾਂ ਨੂੰ ਕਹਿੰਦੇ ਸੁਣਿਆ ਸੀ ਸਵੇਰੇ ਸਵੇਰੇ ਇਹ ਸ਼ਬਦ ਸੁਣੋ ਤਾਂ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ।ਇੰਨੇ ਪਾਠ ਕਰ ਲਓ ਤਾਂ ਤੁਹਾਡੇ ਰੋਗ ਖਤਮ ਹੋ ਜਾਣਗੇ । ਪਰ ਇਨ੍ਹਾਂ ਝੂਠੇ ਲੋਕਾਂ ਤੋਂ ਮੇਰਾ ਇੱਕ ਸਵਾਲ ਹੈ ਕਿ ਜੇਕਰ ਗੁਰੂ  ਦੁੱਖਾਂ ਨੂੰ ਇਸ ਤਰ੍ਹਾਂ ਹੀ ਹਟਾਉਂਦੇ ਹਨ ਤੇ ਦੁੱਖਾਂ ਨੂੰ ਇਸ ਤਰ੍ਹਾਂ ਹੀ ਮਾੜਾ ਬੋਲਦੇ ਤਾਂ  ਕੀ ਉਹ ਜੇਲਾਂ ਵਿੱਚ ਬੈਠ ਕੇ ਚੱਕੀਆਂ ਪੀਸਦੇ  ?
ਗੁਰੂ ਸਭ ਨੂੰ ਭਾਣੇ  ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਹਨ। ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਵੀ ਉਸ ਅਕਾਲ ਪੁਰਖ ਦਾ ਸ਼ੁਕਰ ਮਨਾਇਆ ।
ਪਰ ਅੱਜ ਦੇ ਮਨੁੱਖ ਕਹਿ ਲੳ ਜਾਂ ਸਿੱਖ ਅਖਵਾਉਣ ਵਾਲੇ, ਅਸੀਂ ਸਾਰੇ ਇੱਕ ਛੋਟਾ ਜਿਹਾ ਸਰੀਰਕ ਦੁੱਖ ਵੀ ਆਉਂਦਾ ਹੈ ਤਾਂ ਵਿਆਕੁਲ ਹੋ ਜਾਂਦੇ ਹਾਂ । ਉਪਾਅ ਲੱਭਦੇ ਹਾਂ, ਕਰਦੇ ਵੀ  ਹਾਂ ।ਪਰ ਸਭ ਗ਼ਲਤ ਹੈ ।ਅਸੀਂ ਬਾਬਿਆਂ ਤੋਂ ਸ਼ਬਦ ਜਾਂ ਸੁਝਾਅ ਮੰਗਣ ਤੁਰ ਜਾਂਦੇ ਹਾਂ ।ਫੇਰ ਉਹ ਕਹਿੰਦੇ ਹਨ ਕਿ ਇਸ ਜਗ੍ਹਾ ਇਤਨੀ ਮਾਇਆ ਦਾਨ ਕਰੋ ਇਤਨੇ ਪਾਠ ਕਰੋ ਤਾਂ ਤੁਹਾਡੇ ਦੁੱਖ ਕੱਟੇ ਜਾਣਗੇ ।ਪਰ ਜੇਕਰ ਸਾਡੇ ਗੁਰੂ ਨੇ ਸਾਨੂੰ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ ਹੈ ਤਾਂ ਸਾਨੂੰ ਹੋਰ ਬਾਬਿਆਂ ਦੇ ਸਹਾਰੇ ਦੀ ਕਿਉ ਲੋੜ ਪੈ ਗਈ   ?
ਇਸ ਦਾ ਸਾਫ਼ ਅਰਥ ਹੈ ਕਿ ਅਸੀਂ ਅਸਲੀ ਸਿੱਖ ਨਹੀਂ। ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ।ਜੇਕਰ ਜੀਵਨ ਵਿੱਚ ਕੋਈ ਦੁੱਖ ਜਾਂ ਰੋਗ, ਪ੍ਰੇਸ਼ਾਨੀ ਆ ਵੀ ਗਈ ਹੈ ਤਾਂ ਸਾਨੂੰ ਆਪਣੇ ਮਾਲਕ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਸਭ  ਠੀਕ ਹੋਵੇਗਾ ਪਰ ਅਸੀਂ ਇੰਝ ਨਾ ਕਰ ਗਲਤ ਤੇ ਛੋਟੇ ਰਾਹ ਅਪਣਾਉਣ ਵਿਚ ਜ਼ਿਆਦਾ ਸਮਝਦਾਰੀ ਮਹਿਸੂਸ ਕਰਦੇ ਹਨ। ਪਰ ਸ਼ਾਇਦ ਇਹ ਮੂਰਖਤਾ  ਹੋਰ ਦੁੱਖਾਂ ਦਾ ਵੀ ਕਾਰਨ ਬਣਦੀ ਜਾ ਰਹੀ  ਹੈ ਅੱਜ ਸਿੱਖ ਧਰਮ ਨੂੰ ਖਤਮ ਕਰਨ ਦੀ ਬਹੁਤ ਵੱਡੀ ਤੇ ਵਿਸ਼ਾਲ ਸਾਜਿਸ਼ ਕੀਤੀ ਜਾ ਰਹੀ ਹੈ ।
ਲੋਕਾਂ ਨੂੰ ਅਸਲੀ ਸ਼ਬਦ ਗੁਰੂ ਤੋਂ ਤੋੜ ਪਤਾ ਨਹੀਂ ਕਿਹੋ ਜਿਹੇ ਰੀਤੀ ਰਿਵਾਜ ਨਾਲ ਬੰਨ੍ਹ ਦਿੱਤਾ ਜਾ ਰਿਹਾ ਹੈ ।ਸਾਡੀ ਮਤ ਤੇ ਪੜ੍ਹਦਾ ਪਾ ਸਾਨੂੰ ਸੱਚਾਈ ਤੋਂ ਬਹੁਤ ਦੂਰ ਕਰ ਦਿੱਤਾ ਗਿਆ ਹੈ ‘ਤੇ ਜੋ ਲੋਕ ਇਸ ਚੀਜ਼ ਨੂੰ ਸਮਝਦੇ ਹਨ ਉਹ ਕਹਿੰਦੇ ਹਨ ਕਿ ਅਸੀਂ ਕਿਸੇ ਧਰਮ ਨਹੀਂ ਮੰਨਦੇ ਅਸੀਂ ਨਾਸਤਿਕ ਹਾਂ ।
ਅਸਲ ਵਿੱਚ ਇਹੀ ਸਚ ਹੈ।ਅਸਲੀ ਨਾਸਤਿਕ ਹੀ ਅਸਲੀ ਧਰਮ ਹੈ ਕਿਉਂਕਿ ਉਸਨੂੰ ਸਮਝ ਹੈ ਕਿ ਅਸਲ ਵਿੱਚ ਧਰਮ ਕੀ ਹੈ ਤੇ ਇਨਸਾਨ ਦਾ ਫਰਜ ਕੀ ਹੈ।

ਕਿਰਨਪ੍ਰੀਤ ਕੌਰ

+436607370487

Share Button

Leave a Reply

Your email address will not be published. Required fields are marked *

%d bloggers like this: