Sun. Aug 18th, 2019

ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੁਰੰਤ ਮੁਆਫ਼ੀ ਮੰਗੇ: ਮਜੀਠੀਆ

ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੁਰੰਤ ਮੁਆਫ਼ੀ ਮੰਗੇ: ਮਜੀਠੀਆ
ਪੰਜਾਬ ਦੇ ਭਲੇ ਲਈ ਪੰਜਾਬ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਲੋਕ: ਮਜੀਠੀਆ
ਨਾਥ ਦੀ ਖੂਹੀ ਵਿਖੇ ਡਾ: ਸਿਆਲਕਾ ਦੀ ਅਗਵਾਈ ਹੇਠ ਹੋਈ ਭਰਵੀਂ ਦਲਿਤ ਚੇਤਨਾ ਰੈਲੀ

ਮਤੇਵਾਲ 20 ਅਗਸਤ: ਮਾਲ ਅਤੇ ਲੋਕ ਸੰਪਰਕ ਮੰਤਰੀ ਸ; ਬਿਕਰਮ ਸਿੰਘ ਮਜੀਠੀਆ ਨੇ ਨਵੰਬਰ ’84 ਦੇ ਸਿੱਖ ਕਤਲੇਆਮ ਮੌਕੇ ਰਾਜੀਵ ਗਾਂਧੀ ਵੱਲੋਂ ਬੇਸ਼ਰਮੀ ਨਾਲ ਕੀਤੀ ਗਈ ਬਿਆਨਬਾਜ਼ੀ ਕਿ ”ਜਦ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ” ਨੂੰ ਮੁੜ ਅੱਜ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਨ ਲਈ ਗਾਂਧੀ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਾਂਗਰਸ ਵੱਲੋਂ ਕੀਤੀ ਗਈ ਇਸ ਬੇਸ਼ਰਮੀ ਕਾਰੇ ਨੇ ਨਾ ਕੇਵਲ ਸਿੱਖ ਹਿਰਦਿਆਂ ਨੂੰ ਸਗੋਂ ਇਨਸਾਫ਼ ਪਸੰਦ ਹਰੇਕ ਮਨੁੱਖ ਦੇ ਹਿਰਦਿਆਂ ਨੂੰ ਵੀ ਠੇਸ ਪਹੁੰਚਾਈ ਹੈ, ਜਿਸ ਲਈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਸ: ਮਜੀਠੀਆ ਅੱਜ ਨਾਥ ਦੀ ਖੂਹੀ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਸਿਆਲਕਾ ਦੀ ਅਗਵਾਈ ਹੇਠ ਹੋਈ ਦਲਿਤ ਚੇਤਨਾ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਾਂਗਰਸ ਨੇ ਕਦੀ ਵੀ ਸਿੱਖਾਂ ਨਾਲ ਇਨਸਾਫ਼ ਨਹੀਂ ਕੀਤਾ ਪਰ ਅੱਜ ਗਾਂਧੀ ਪਰਿਵਾਰ ਦੀ ਅਗਵਾਈ ‘ਚ ਪੱਛਮੀ ਬੰਗਾਲ ਕਾਂਗਰਸ ਨੇ ਰਾਜੀਵ ਗਾਂਧੀ ਦੀ ਉਕਤ ਜ਼ਾਲਮਾਨਾ ਵਾਕ ਨੂੰ ਆਫੀਸ਼ਲ ਟਵੀਟ ‘ਤੇ ਪੋਸਟ ਕਰਕੇ ਮੁੜ ਪ੍ਰਚਾਰਦਿਆਂ ਇਹ ਸਿੱਧ ਕਰਦਿਤਾ ਹੈ ਕਿ ਕਾਂਗਰਸ ਤੋਂ ਸਿੱਖਾਂ ਨੂੰ ਭਲੇ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ।

ਸ: ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੀ ਖੁਸ਼ਹਾਲੀ, ਵਿਕਾਸ ਅਤੇ ਅਮਨ-ਸਾਂਤੀ ਦੀ ਮਜ਼ਬੂਤੀ ਲਈ ਪੰਜਾਬ ਦੇ ਅਣਖੀ ਲੋਕ ਪੰਜਾਬ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਉਹਨਾਂ ਕਿਹਾ ਕਿ ਉਹ ਲੋਕ ਜੋ ਉਤਰ ਪ੍ਰਦੇਸ਼, ਬਿਹਾਰ ਆਦਿ ਵਿੱਚ ਮੈਂਬਰ ਪੰਚਾਇਤ ਦੀ ਚੋਣ ਨਹੀਂ ਜਿੱਤ ਸਕੇ, ਉਹ ਪੰਜਾਬੀਆਂ ਨੂੰ ਕੀ ਰਾਏ ਅਤੇ ਅਗਵਾਈ ਦੇ ਸਕਦੇ ਹਨ। ਉਹਨਾਂ ਕਿਹਾ ਕਿ ਇਹ ਲੋਕ ਟੋਪੀਆਂ ਪਾ ਕੇ ਪੰਜਾਬ ਦੀ ਰਾਜਸੀ ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲਾਂਬੂ ਲਗਾਉਣ ਦੀ ਫਿਰਾਕ ਵਿੱਚ ਘੁੰਮ ਰਹੇ ਹਨ, ਪਰ ਪੰਜਾਬ ਦੇ ਬਹਾਦਰ ਲੋਕ ਵੱਡੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਰਾਜ ਦੀ ਅਮਨ-ਸਾਂਤੀ ਨੂੰ ਭੰਗ ਕਰਨ ਦਾ ਇਜਾਜ਼ਤ ਕਿਸੇ ਨੂੰ ਨਹੀਂ ਦੇਣਗੇ।
ਸ. ਮਜੀਠੀਆ ਨੇ ਬੀਤੇ ਦਿਨੀਂ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੌਕੇ ‘ਤੇ ਕਰਵਾਈ ਗਈ ਅਕਾਲੀ ਦਲ ਦੀ ਰਾਜਸੀ ਕਾਨਫਰੰਸ ਵਿੱਚ ਰਿਕਾਰਡਤੋੜ ਇਕੱਠ ਕਰਨ ਲਈ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਇਤਿਹਾਸਕ ਰੈਲੀ ਕਰਕੇ 2017 ਲਈ ਜੇਤੂ ਸ਼ੁਰੂਆਤ ਕੀਤੀ ਹੈ, ਉੱਥੇ ਪੈਸੇ ਲੈ ਕੇ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਵਾਲੀ ਪਾਰਟੀ ਦੇ ਵੱਡੇ ਆਗੂ ਲੋਕਾਂ ਦਾ ਸਾਹਮਣਾ ਕਰਨ ਤੋਂ ਘਬਰਾ ਕੇ ਮਾਝੇ ਦੀ ਧਰਤੀ ‘ਤੇ ਪੈਰ ਰੱਖਣ ਦੀ ਹਿੰਮਤ ਵੀ ਨਹੀਂ ਕਰ ਸਕੇ। ਕਾਂਗਰਸ ਦੀ ਰੈਲੀ ਵਿੱਚ ਕੁਰਸੀ ਨੂੰ ਲੈ ਕੇ ਵੱਡੇ ਨੇਤਾਵਾਂ ਵਿਚਾਲੇ ਹੋਈ ਲੜਾਈ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸ੍ਰੀ ਹਰਮਿੰਦਰ ਸਾਹਿਬ ‘ਤੇ ਹਮਲਾ ਕਰਨ ਅਤੇ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੀ ਕਾਂਗਰਸ ਪੰਥ ਦੀ ਦੋਖੀ ਹੈ ਅਤੇ ਉਹ ਆਪਣੀਆਂ ਪੰਥ ਵਿਰੋਧੀ ਸਾਜ਼ਿਸ਼ਾਂ ਕਾਰਨ ਕਦੇ ਵੀ ਪੰਜਾਬ ਦੀ ਸੱਤਾ ਵਿੱਚ ਵਾਪਸ ਨਹੀਂ ਆ ਸਕੇਗੀ, ਕੇਵਲ ਸਟੇਜ ਦੀਆਂ ਕੁਰਸੀਆਂ ਲਈ ਛੋਟੀਆਂ ਲੜਾਈਆਂ ਹੀ ਕਰਦੀ ਰਹੇਗੀ।
ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਲਈ ਪੰਜਾਬ ਦੇ ਹਰੇਕ ਵਰਗ ਤੇ ਭਾਈਚਾਰਿਆਂ ਨੂੰ ਇੱਕ ਦੂਜੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦਿਆਂ ਅੱਗੇ ਨਾਲੋਂ ਵੀ ਵੱਧ ਜ਼ਿੰਮੇਵਾਰੀਆਂ ਨਿਭਾਉਣ ਦਾ ਹੋਕਾ ਦਿੱਤਾ।
ਇਸ ਮੌਕੇ ਸ. ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ, ਜਿੰਨਾ ਵਿੱਚ ਆਟਾ-ਦਾਲ ਸਕੀਮ, ਬੁਢਾਪਾ ਤੇ ਵਿਧਵਾ ਪੈਨਸ਼ਨ, ਲੜਕੀਆਂ ਲਈ ਮੁਫ਼ਤ ਸਿੱਖਿਆ ਅਤੇ ਮੁਫ਼ਤ ਸਾਈਕਲ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਕਿਰਸਾਨੀ ਲਈ ਮੁਫ਼ਤ ਬਿਜਲੀ, ਐਸ. ਸੀ ਅਤੇ ਬੀ. ਸੀ. ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਯੋਜਨਾ ਦਾ ਹਵਾਲਾ ਦਿੰਦੇ ਕਿਹਾ ਕਿ ਦੇਸ਼ ਦਾ ਕੇਵਲ ਤੇ ਕੇਵਲ ਇਕੋ-ਇਕ ਰਾਜ ਪੰਜਾਬ ਹੈ, ਜਿੱਥੇ ਇਹ ਕਲਿਆਣਕਾਰੀ ਸਕੀਮਾਂ ਲੋਕਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਹਨ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਣ ਵਾਲੀਆਂ ਤਾਕਤਾਂ ਨੂੰ ਆੜੇ ਹੱਥੀਂ ਲੈਂਦੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਹੋਵੇ, ਤਾਂ ਅਜਿਹੀਆਂ ਸਕੀਮਾਂ ਨਹੀਂ ਚਲਾਈਆਂ ਜਾ ਸਕਦੀਆਂ। ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਲੋਕ ਲਭਾਊ ਨਾਅਰਿਆਂ ਦੀ ਹਕੀਕਤ ਦੱਸਦੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੱਖਾਂ ਨੌਕਰੀਆਂ ਦੇਣ ਦੇ ਲਾਰੇ ਲਗਾਉਣ ਵਾਲੀ ਆਮ ਆਦਮੀ ਪਾਰਟੀ ਦਿੱਲੀ ਵਿੱਚ ਦੋ ਸਾਲ ਦੇ ਸ਼ਾਸਨ ਕਾਲ ਦੌਰਾਨ ਇੱਕ ਵੀ ਵਿਅਕਤੀ ਨੂੰ ਅਜੇ ਤੱਕ ਰੋਜ਼ਗਾਰ ਨਹੀਂ ਦੇ ਸਕੀ, ਜਦਕਿ ਅਕਾਲੀ-ਭਾਜਪਾ ਸਰਕਾਰ ਇਸ ਸਾਲ ਦੌਰਾਨ ਹੀ ਸਵਾ ਲੱਖ ਨੌਕਰੀਆਂ ਦੇਣ ਲਈ ਲਗਾਤਾਰ ਭਰਤੀ ਦਾ ਕੰਮ ਚਲਾ ਰਹੀ ਹੈ।ਇਸ ਮੌਕੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਦਲਿਤ ਭਾਈਚਾਰਾ ਸ਼੍ਰੋਮਣੀ ਅਕਾਲ ਦਲ ਵੱਲੋਂ ਲਾਗੂ ਕੀਤੀਆਂ ਗਈਆਂ ਕਲਿਆਣਕਾਰੀ ਨੀਤੀਆਂ ਲਈ ਸਦਾ ਰਿਣੀ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੀ ਜਿੱਤ ਲਈ ਵੱਡਾ ਯੋਗਦਾਨ ਪਾਵੇਗਾ। ਇਸ ਰੈਲੀ ਵਿੱਚ ਚੇਅਰਮੈਨ ਜ਼ੈਲ ਸਿੰਘ ਗੋਪਾਲਪੁਰਾ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ,ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ,ਕੁਲਵਿੰਦਰ ਸਿੰਘ ਧਾਰੀਵਾਲ, ਮੇਜਰ ਸਿੰਘ ਚੰਨਣਕੇ, ਸੂਬੇਦਾਰ ਕ੍ਰਿਪਾਲ ਸਿੰਘ ਉਦੋਕੇ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: