ਸਿੱਖ ਵਿਰੋਧੀ ਕਾਂਗਰਸੀ ਕਮਿਸ਼ਨ ਤੋਂ ਖ਼ੁਦ ਨੂੰ ਵੱਖ ਕਰੋ, ਬਾਦਲ ਦਾ ਜਸਟਿਸ ਰਣਜੀਤ ਸਿੰਘ ਨੂੰ ਜਵਾਬ

ss1

ਸਿੱਖ ਵਿਰੋਧੀ ਕਾਂਗਰਸੀ ਕਮਿਸ਼ਨ ਤੋਂ ਖ਼ੁਦ ਨੂੰ ਵੱਖ ਕਰੋ, ਬਾਦਲ ਦਾ ਜਸਟਿਸ ਰਣਜੀਤ ਸਿੰਘ ਨੂੰ ਜਵਾਬ

ਚੰਡੀਗੜ੍ਹ, 17 ਅਪ੍ਰੈਲ, 2018 -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰਾਉਣ ਦੀ ਆੜ ਵਿਚ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਲਈ ਸਥਾਪਤ ਕੀਤੇ ਸਿਆਸੀ ਕਮਿਸ਼ਨ ਤੋਂ ਖੁਦ ਨੂੰ ਵੱਖ ਕਰਕੇ ਆਪਣੇ ਪੇਸ਼ੇ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦਾ ਸਬੂਤ ਦੇਣ।

ਕਮਿਸ਼ਨ ਵੱਲੋਂ ਮਿਲੇ ਨੋਟਿਸ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਅੰਦਰ ਇਸ ਦੀ ਸਰਕਾਰ ਦੇ ਸਿੱਖ ਵਿਰੋਧੀ ਏਜੰਡੇ ਦਾ ਹਿੱਸਾ ਨਾ ਬਣੋ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਕਮਿਸ਼ਨ ਦੀ ਚੇਅਰਮੈਨੀ ਤੋਂ ਖੁਦ ਨੂੰ ਵੱਖ ਕਰਕੇ ਨਿਆਂਪਾਲਿਕਾ ਦੇ ਗੌਰਵ ਨੂੰ ਬਰਕਰਾਰ ਰੱਖੋ ਅਤੇ ਸਿੱਖ ਕੌਮ ਦਾ ਸਾਥ ਦਿਓ।

ਉਹਨਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀਆਂ ਆਪਣੇ ਸੌੜੇ ਪੰਜਾਬ ਅਤੇ ਸਿੱਖ ਵਿਰੋਧੀ ਏਜੰਡੇ ਖਾਤਿਰ ਵਾਸਤੇ ਨਿਆਂਪਾਲਿਕਾ ਦੇ ਵੱਕਾਰੀ ਨਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਦੀ ਵਿਰੋਧਤਾ ਕਰਦੇ ਹਾਂ।

ਉਹਨਾਂ ਕਿਹਾ ਕਿ ਇਸ ਕਮਿਸ਼ਨ ਦਾ ਮੁੱਖ ਮੰਤਵ ਕਾਂਗਰਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਸਤੇ ਸਿੱਖ ਜਥੇਬੰਦੀਆਂ ਅਤੇ ਸਗਠਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਸਿੱਖ ਭਾਈਚਾਰੇ ਅੰਦਰ ਭੰਬਲਭੂਸਾ ਖੜ੍ਹਾ ਕਰਨ ਦੀ ਆਪਣੀ ਸਿਆਸੀ ਚਾਲ ਨੂੰ ਕਾਨੂੰਨੀ ਚੋਲਾ ਪਹਿਨਾਉਣਾ ਹੈ।

ਉਹਨਾਂ ਕਿਹਾ ਕਿ ਇਸ ਕਮਿਸ਼ਨ ਦੀ ਰਿਪੋਰਟ ਕਮਿਸ਼ਨ ਕਾਇਮ ਕੀਤੇ ਜਾਣ ਤੋਂ ਪਹਿਲਾਂ ਹੀ ਤਿਆਰ ਹੋ ਗਈ ਸੀ ਜਾਂ ਕਹਿ ਲਓ ਕਿ ਕਮਿਸ਼ਨ ਬਣਦਿਆਂ ਹੀ ਤਿਆਰ ਹੋ ਗਈ ਸੀ। ਹੁਣ ਤਾਂ ਇਸ ਰਿਪੋਰਟ ਉੱਤੇ ਦਸਤਖ਼ਤ ਕਰਨ ਦੀ ਰਸਮੀ ਕਾਰਵਾਈ ਹੋਣੀ ਹੈ। ਇਸ ਲਈ ਮੈਨੂੰ ਅਤੇ ਮੇਰੀ ਪਾਰਟੀ ਨੂੰ ਇਸ ਜਾਅਲੀ ਕਾਰਵਾਈ ਦੀ ਹਿੱਸਾ ਬਣਨ ਦੀ ਕੋਈ ਲੋੜ ਨਹੀਂ ਜਾਪਦੀ।

ਆਪਣੀ ਜੁਆਬੀ ਚਿੱਠੀ ਵਿਚ ਸਰਦਾਰ ਬਾਦਲ ਨੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੂੰ ਕਿਹਾ ਕਿ ਉਹਨਾਂ ਨੂੰ ਅਜਿਹੀ ਪਾਰਟੀ ਦੀ ਸਰਕਾਰ ਨੇ ਨਿਯੁਕਤ ਕੀਤਾ ਹੈ, ਜਿਸ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹਨ ਅਤੇ ਜਿਸ ਨੇ ਮਨੁੱਖ ਜਾਤੀ ਦੇ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕ ਵਾੜਣ ਦਾ ਹੁਕਮ ਦਿੱਤਾ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ ਕੀਤੇ ਉਸ ਬਹੁਤ ਹੀ ਦੁਖਦਾਈ ਅਤੇ ਬੇਕਿਰਕ ਫੌਜੀ ਹਮਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਪਵਿੱਤਰ ਸਰੂਪਾਂ ਦੀ ਨਾ ਸਿਰਫ ਬੇਅਦਬੀ ਕੀਤੀ ਗਈ ਸੀ, ਸਗੋਂ ਬੜੀ ਬੇਰਹਿਮੀ ਨਾਲ ਉਹਨਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਉਹ, ਉਹਨਾਂ ਦੀ ਪਾਰਟੀ ਅਤੇ ਸਿੱਖ ਕੌਮ ਨੂੰ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਅਤੇ ਉਹ ਇਸ ਦਾ ਪੂਰਾ ਸਨਮਾਨ ਕਰਦੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੂਜੇ ਧਾਰਮਿਕ ਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਮਾਣਯੋਗ ਜੱਜ ਦੀ ਅਗਵਾਈ ਵਿਚ ਬਣਾਏ ਕਿਸੇ ਸੁਤੰਤਰ ਕਮਿਸ਼ਨ ਨੂੰ ਪੂਰਾ ਸਹਿਯੋਗ ਦੇਣਗੇ।

ਸਾਬਕਾ ਮੁੱਖ ਮੰਤਰੀ ਨੇ ਬੜੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਪਿਛਲੇ ਸੱਚ ਦਾ ਪਰਦਾਫਾਸ਼ ਕਰਨ ਦੀ ਲੋੜ ਹੈ ਅਤੇ ਇਸ ਮੁੱਦੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਮੰਗ ਕਰਦੀ ਹੈ ਕਿ ਇਸ ਨੂੰ ਗੈਰਸੰਜੀਦਗੀ ਨਾਲ ਨਹੀਂ ਲਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਾਲੇ ਕਮਿਸ਼ਨ ਦੀ ਨਿਯੁਕਤੀ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਖੁਦ ਨੂੰ ਇਸ ਕਮਿਸ਼ਨ ਤੋਂ ਵੱਖ ਕਰਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰੋ ਅਤੇ ਭਾਈਚਾਰੇ ਦੀ ਇਸ ਮੰਗ ਦਾ ਸਮਰਥਨ ਕਰੋ ਕਿ ਮੁਲਕ ਦੀ ਸਭ ਤੋਂ ਉੱਚੀ ਅਦਾਲਤ ਦੇ ਮੌਜੂਦਾ ਜੱਜ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।

ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੀਆਂ ਸਰਕਾਰਾਂ ਨੇ ਆਪਣੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਰਾਹੀਂ ਹਮੇਸ਼ਾਂ ਹੀ ਆਪਣਾ ਸਿੱਖ-ਵਿਰੋਧੀ ਏਜੰਡਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੀ ਕਾਰਣ ਹੈ ਕਿ ਉਹ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਸਿੱਖ ਭਾਈਚਾਰੇ ਖ਼ਿਲਾਫ ਇਸ ਸਿਆਸੀ ਤੌਰ ਤੇ ਪ੍ਰੇਰਿਤ ਕਾਰਵਾਈ ਦਾ ਹਿੱਸਾ ਨਾ ਬਣਨ।

ਉਹਨਾਂ ਕਿਹਾ ਕਿ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਕੇ ਡੂੰਘੇ ਜ਼ਖ਼ਮ ਦਿੱਤੇ ਗਏ ਸਨ। ਸਿੱਖ ਪੰਥ ਦੀ ਸ਼ਕਤੀ ਦੇ ਸਿਰਮੌਰ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੌਜੀ ਟੈਂਕਾਂ ਨੇ ਮਲੀਆਮੇਟ ਕਰ ਦਿੱਤਾ ਸੀ। ਇਸ ਪਾਰਟੀ ਨੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਇਸ ਪਾਰਟੀ ਵੱਲੋਂ ਸਿੱਖ ਧਰਮ ਅਤੇ ਸਿੱਖ ਕੌਮ ਦੇ ਸਰੀਰ ਅਤੇ ਆਤਮਾ ਉੱਤੇ ਲਾਏ ਗਏ ਫੱਟ ਅਜੇ ਵੀ ਸਿੱਖਾਂ ਦੇ ਮਨਾਂ ਵਿਚ ਬਿਲਕੁਲ ਤਾਜ਼ੇ ਪਏ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਨੂੰ ਯਾਦ ਰੱਖਣਗੀਆਂ। ਇਹ ਕਾਰਣ ਤੁਹਾਨੂੰ ਕਮਿਸ਼ਨ ਤੋਂ ਵੱਖ ਹੋਣ ਲਈ ਮਜ਼ਬੂਰ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਇਹਨਾਂ ਕਾਰਣਾਂ ਕਰਕੇ ਹੀ ਅਕਾਲੀ ਦਲ ਇਸ ਕਮਿਸ਼ਨ ਨੂੰ ਰੱਦ ਕਰਨ ਅਤੇ ਇਸ ਦੀ ਥਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿਚ ਨਵਾਂ ਕਮਿਸ਼ਨ ਕਾਇਮ ਕਰਨ ਦੀ ਮੰਗ ਕਰਨ ਲਈ ਮਜ਼ਬੂਰ ਹੋਇਆ ਹੈ। ਕੇਵਲ ਅਜਿਹਾ ਕਮਿਸ਼ਨ ਹੀ ਭਰੋਸੇਯੋਗ ਹੋਵੇਗਾ, ਜਿਸ ਨੂੰ ਪੂਰਾ ਸਿੱਖ ਭਾਈਚਾਰੇ ਦਾ ਸਮਰਥਨ ਹਾਸਿਲ ਹੋਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਦੂਜੇ ਪਾਸੇ ਉਹਨਾਂ ਦੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਗੁਰੂ ਸਾਹਿਬਾਨਾਂ ਵੱਲੋਂ ਦੱਸੀਆਂ ਕਦਰਾਂ-ਕੀਮਤਾਂ ਦੀ ਰਾਖੀ ਲਈ ਅਸੀਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਸਿਰਫ ਇਸ ਮੁਲਕ ਦੀ ਨਿਆਂਪਾਲਿਕਾ ਦੀ ਦਲੇਰ ਅਤੇ ਮਾਣਯੋਗ ਭੂਮਿਕਾ ਕਰਕੇ ਹੀ ਮੇਰੇ ਸਨਮਾਨ ਦੀ ਹਮੇਸ਼ਾਂ ਰਾਖੀ ਹੰੁਦੀ ਰਹੀ ਹੈ ਅਤੇ ਅੱਜ ਵੀ ਮੈਂ ਇੱਕ ਆਜ਼ਾਦ ਆਦਮੀ ਵਾਂਗ ਘੰੁਮਦਾ ਹਾਂ।

Share Button

Leave a Reply

Your email address will not be published. Required fields are marked *