ਸਿੱਖ ਰਾਜ ਇਤਿਹਾਸ ਦੇ ਆਖਰੀ ਮਹਾਰਾਜਾ ਦਾ ਬੇਹਤਰੀਨ ਬਾਇਓਪਿਕ: ਦ ਬਲੈਕ ਪ੍ਰਿੰਸ (ਮਹਾਰਾਜਾ ਦਲੀਪ ਸਿੰਘ)

ss1

ਸਿੱਖ  ਰਾਜ  ਇਤਿਹਾਸ  ਦੇ  ਆਖਰੀ  ਮਹਾਰਾਜਾ  ਦਾ  ਬੇਹਤਰੀਨ ਬਾਇਓਪਿਕ: ਦ ਬਲੈਕ ਪ੍ਰਿੰਸ (ਮਹਾਰਾਜਾ ਦਲੀਪ ਸਿੰਘ)

ਮਿਤੀ 21 ਜੁਲਾਈ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਕਵੀ ਰਾਜ ਦੀ ਫ਼ਿਲਮ “ਦ ਬਲੈਕ ਪ੍ਰਿੰਸ (ਮਹਾਰਾਜਾ ਦਲੀਪ ਸਿੰਘ)” ਪੰਜਾਬ ‘ਚ ਸਥਾਪਿਤ ਰਹੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਾ ਬਾਇਓਪਿਕ ਹੈ। ਪੰਜਾਬੀ ਭਾਈਚਾਰੇ ਲਈ ਇਹ ਫ਼ਿਲਮ ਵੱਡੀ ਪ੍ਰਾਪਤੀ ਹੈ ਜਿਸ ਰਾਹੀਂ ਵੱਡੀ ਗਿਣਤੀ ਵਿੱਚ ਸਿੱਖ ਕੌਮ ਇਹ ਜਾਣਨ ਲਈ ਸਮਰੱਥ ਹੁੰਦੀ ਹੈ ਕਿ ਉਹਨਾਂ ਦੇ ਸਿੱਖ ਰਾਜੇ ਦੇ ਆਖ਼ਰੀ ਵੰਸ਼ ਦੇ ਜੀਵਨ ਇਤਿਹਾਸ ਦਾ ਸੱਚ ਆਖ਼ਿਰ ਕੀ ਸੀ ? ਆਮ ਤੌਰ ਤੇ ਬਹੁਤੇ ਇਤਿਹਾਸ ਵਿੱਚੋਂ ਮਹਾਰਾਜਾ ਦਲੀਪ ਸਿੰਘ ਨੂੰ ਅੱਖੋਂ-ਪਰੋਖੇ ਹੀ ਕੀਤਾ ਗਿਆ ਹੈ ਪਰ ਫ਼ਿਲਮ ਫ਼ਿਲਮ ਬਲੈਕ ਪ੍ਰਿੰਸ ਰਾਹੀਂ ਉਹਨਾਂ ਦੀ ਜੀਵਨ ਝਾਤ ਨੂੰ ਅੱਜ ਦੀ ਤਾਰੀਖ ‘ਚ ਉਜਾਗਰ ਕਰਨਾ ਨਿਰਦੇਸ਼ਕ ਕਵੀ ਰਾਜ ਦਾ ਸ਼ਲਾਘਾਯੋਗ ਉਪਰਾਲਾ ਹੈ।
ਇਸ ਫ਼ਿਲਮ ਰਾਹੀਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦੀ ਮੁਕੰਮਲ ਝਲਕ ਦਿਖਾਉਣ ਦੀ ਕੋਸ਼ਿਸ਼ ਹੋਈ ਹੈ। ਇਸ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਿੱਖ ਰਾਜ ਖੇਰੂੰ-ਖੇਰੂੰ ਹੋ ਗਿਆ ਸੀ ਅਤੇ ਉਹਨਾਂ ਦੇ ਪੁੱਤਰ ਨੌਨਿਹਾਲ ਸਿੰਘ ਨੇ ਗੱਦੀ ਸੰਭਾਲੀ।ਉਸਦੇ ਚਲਾਣੇ ਪਿੱਛੋਂ ਉਸਦਾ ਪੁੱਤਰ ਖੜਗ ਸਿੰਘ ਗੱਦੀ ਤੇ ਬੈਠਾ (ਜੋ ਅਣਇਆਈ ਮੌਤ ਹੋਣ ਕਾਰਨ ਸਿਰਫ਼ ਇੱਕ ਦਿਨ ਦਾ ਹੀ ਰਾਜਾ) ਬਣਿਆ। ਪਿੱਛੋਂ ਉਸਦੀ ਘਰਵਾਲੀ ਚੰਦ ਕੌਰ ਨੇ ਵੀ ਗੱਦੀ ਲਈ ਜ਼ੋਰ ਅਜ਼ਮਾਈ ਕੀਤੀ ਪਰ ਓਸ ਦੀਆਂ ਦਾਸੀਆਂ ਨੇ ਹੀ ਉਸਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ। ਅੰਤ ਖੜਗ ਸਿੰਘ ਦੇ ਭਰਾ ਸ਼ਮਸ਼ੇਰ ਸਿੰਘ ਦੇ ਗੱਦੀ ਸੰਭਾਲਣ ਤੋਂ ਬਾਅਦ ਅਜੀਤ ਸਿੰਘ ਸੰਧਾਵਾਲੀਆ ਨੇ ਸ਼ਮਸ਼ੇਰ ਸਿੰਘ ਨੂੰ ਮਾਰ ਕੇ ਆਪਣੇ ਆਪ ਨੂੰ ਵਜ਼ੀਰ ਤੇ ਦਲੀਪ ਸਿੰਘ ਨੂੰ ਮਹਾਰਾਜਾ ਐਲਾਨ ਦਿੱਤਾ ਸੀ।
ਸੰਨ ਲਗਭਗ 1847 ਵਿੱਚ ਦਲੀਪ ਸਿੰਘ (ਡਾ. ਸਤਿੰਦਰ ਸਰਤਾਜ) ਨੂੰ ਅੰਗਰੇਜ਼, ਉਹਨਾਂ ਦੇ ਬਾਪ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਮਹਾਰਾਣੀ ਜਿੰਦਾ ਕੋਲੋਂ ਖੋਹ ਕੇ ਇੰਗਲੈਂਡ ਲੈ ਗਏ ਸਨ। ਮਹਾਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਸਾਂਵਲਾ ਰੰਗ ਹੋਣ ਕਰਕੇ ਲਾਡ ਨਾਲ ਅਤੇ ਕੁਝ ਭਾਰਤੀ ਹੋਣ ਕਰਕੇ ਵੀ ਬਲੈਕ ਪ੍ਰਿੰਸ ਕਹਿ ਕੇ ਸੱਦ ਦੀ ਸੀ। ਮਹਾਰਾਣੀ ਜਿੰਦਾਂ (ਸ਼ਬਾਨਾ ਆਜ਼ਮੀ) ਨੂੰ ਅੰਗਰੇਜ਼ਾਂ ਵੱਲੋਂ ਪਾਗਲ ਕਰਾਰ ਕੇ ਨੇਪਾਲ ਵਿੱਚ ਬੰਦੀ ਬਣਾਇਆ ਗਿਆ ਸੀ ਅਤੇ ਉਸਦਾ ਪੁੱਤਰ ਜੋ ਗੱਦੀ ਦਾ ਆਖਰੀ ਵਾਰਿਸ ਸੀ ਨੂੰ ਓਸਤੋਂ ਦੂਰ ਕਰ ਦਿੱਤਾ ਸੀ। ਉੱਥੇ ਜਾਕੇ ਉਹਨਾਂ ਦਾ ਧਰਮ ਬਦਲ ਕੇ ਈਸਾਈ ਧਰਮ ‘ਚ ਤਬਦੀਲ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਰਾਜਕੁਮਾਰਾਂ ਵਾਲੀ ਜ਼ਿੰਦਗੀ ਜਿਓਣ ਲਈ ਦਿੱਤੀ। ਨੌਜਵਾਨ ਹੋਣ ਤੱਕ ਕੁਝ ਸਾਲ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਦੀ ਸਰਪ੍ਰਸਤੀ ਹੇਠ ਰਾਜਕੁਮਾਰਾਂ ਦੀ ਤਰਾਂ੍ਹ ਜ਼ਿੰਦਗੀ ਜਿਓਂਦਾ ਰਿਹਾ ਪਰ ਓਸਦੇ ਅਚੇਤ ਮਨ ‘ਚੋਂ ਆਪਣੇ ਬਚਪਨ ‘ਚ ਬੀਤੀਆਂ ਗੱਲਾਂ ਕਦੇ ਮਨਫ਼ੀ ਨਹੀਂ ਹੋਈਆਂ ਸੀ। ਉਸਦੇ ਧੁਰ ਅੰਦਰ ਤੱਕ ਉਹ ਕਤਲੋ-ਗ਼ਾਰਤ, ਆਪਣੀ ਮਾਂ ਮਹਾਰਾਣੀ ਜਿੰਦਾਂ ਤੋਂ ਦੂਰ ਹੋਣ ਦਾ ਕਸ਼ਟ ਤੇ ਖ਼ੂਨ-ਖਰਾਬਾ ਘਰ ਕਰੀ ਬੈਠੇ ਸਨ। ਏਸੇ ਕਰਕੇ ਉਹ ਰਾਜਕੁਮਾਰ ਵਾਲੀ ਜ਼ਿੰਦਗੀ ਜਿਓਣ ਦੇ ਨਾਲ-ਨਾਲ ਇੱਕ ਸੱਚ ਲੱਭਣ ਦੀ ਕੋਸ਼ਿਸ਼ ‘ਚ ਲੱਗਾ ਰਹਿੰਦੈ।
ਦਲੀਪ ਸਿੰਘ ਦਾ ਇੱਕ ਦੋਸਤ ਅਤੇ ਸਹਾਇਕ ਅਰੂੜ੍ਹ ਸਿੰਘ ਉਸਦਾ ਖ਼ੈਰ-ਖਵਾਹ ਹੈ ਅਤੇ ਦਲੀਪ ਸਿੰਘ ਦੀ ਜ਼ਿੰਦਗੀ ਦੇ ਇਤਿਹਾਸ ਤੋਂ ਮੁਕੰਮਲ ਵਾਕਿਫ਼ ਵੀ। ਦੂਜੇ ਪਾਸੇ ਸਭ ਕੁਝ ਜਾਣਨ ਦੇ ਬਾਵਯੂਦ ਵੀ ਅੰਗਰੇਜ਼ ਹਕੂਮਤ ਦੀ ਨਜ਼ਰਸਾਨੀ ਕਾਰਨ ਦਲੀਪ ਸਿੰਘ ਨੂੰ ਉਸਦੇ ਅਸਲੀ ਸੱਚ ਦਾ ਸਾਹਮਣਾ ਕਰਵਾਉਣ ਦੇ ਸਮਰੱਥ ਕੋਈ ਨਹੀਂ ਹੁੰਦਾ। ਸਮਾਂ ਬੀਤਦਿਆਂ ਦਲੀਪ ਸਿੰਘ ਆਪਣੇ ਨਿੱਜ ਨੂੰ ਪੜਚੋਲਣ ਲਈ ਆਪਣੀ ਮਾਂ ਮਹਾਰਾਣੀ ਜਿੰਦਾ ਨੂੰ ਮਿਲਣ ਦੀ ਸਿਫ਼ਾਰਿਸ਼ ਕਰਦਾ ਹੈ। ਆਖਿਰ ਉਸਦੀ ਕੋਸ਼ਿਸ਼ ਏਸ ਲਈ ਨੇਪਰੇ ਚੜ੍ਹਦੀ ਹੈ ਕਿ ਬ੍ਰਿਟਿਸ਼ ਸਰਕਾਰ ਏਹ ਮੰਨ ਲੈਂਦੀ ਹੈ ਕਿ ਮਹਾਰਾਣੀ ਜਿੰਦਾ ਹੁਣ ਅੱਖਾਂ ਦੀ ਜੋਤ ਘਟਣ ਕਾਰਨ ਬਗਾਵਤ ਕਰਨ ਦੇ ਸਮਰੱਥ ਨਹੀਂ ਰਹੀ ਅਤੇ ਓਸਤੋਂ ਅੰਗਰੇਜ਼ ਹਕੂਮਤ ਨੂੰ ਹੁਣ ਕੋਈ ਡਰ ਹੀ ਨਹੀਂ। ਸੋ, ਉਹ ਦਲੀਪ ਸਿੰਘ ਦੀ ਇੱਛਾ ਪੂਰੀ ਕਰਦੇ ਹਨ ਅਤੇ ਕਲਕੱਤਾ ਵਿਖੇ 1864 ਹੋਟਲ ਜੋਹਨਸ ‘ਚ ਮਹਾਰਾਣੀ ਜਿੰਦਾਂ ਨਾਲ ਓਸਦੀ ਮੁਲਾਕਾਤ ਕਰਵਾਈ ਜਾਂਦੀ ਹੈ।
ਮਿਲਣ ਤੋਂ ਬਾਅਦ ਉਹ ਹੌਲੀ-ਹੌਲੀ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਕਿ ਉਹ ਸ਼ਾਹੀ ਗ਼ੁਲਾਮ ਬਣ ਕੇ ਨਾ ਰਹੇ ਅਤੇ ਆਪਣਾ ਅਕਸ ਪਹਿਚਾਣੇ। ਉਹ ਦਲੀਪ ਸਿੰਘ ਨੂੰ ਦੱਸਦੀ ਹੈ ਕਿ ਆਪਾਂ ਵੱਡੀ ਅਤੇ ਅਮੀਰ ਸਲਤਨਤ ਦੇ ਵਾਲੀ ਵਾਰਿਸ ਸੀ ਜੋ ਕਿ ਅੰਗਰੇਜ਼ ਹਕੂਮਤ ਨੇ ਧੋਖੇ ਤੇ ਫ਼ਰੇਬ ਨਾਲ ਸਾਡੇ ਕੋਲੋਂ ਹਥਿਆਈ ਹੈ। ਉਹ ਚਲਾਕੀ ਨਾਲ ਤੈਨੂੰ ਵੀ ਮੇਰੇ ਕੋਲੋਂ ਖੋਹ ਕੇ ਲੈ ਗਏ ਤੇ ਤੇਰੀ ਓਹ ਸ਼ਾਹੀ ਠਾਠ-ਬਾਠ ਤੇ ਸਰਦਾਰੀ ਉਹਨਾਂ ਨੇ ਖਤਮ ਕਰ ਦਿੱਤੀ। ਪਹਿਲੀ ਦਫ਼ਾ ਏਨਾ ਸਭ ਕੁਝ ਦਲੀਪ ਸਿੰਘ ਨੂੰ ਹਜ਼ਮ ਕਰਨਾ ਔਖਾ ਸੀ ਪਰ ਓਸਦੀ ਮਾਂ ਰਾਣੀ ਜਿੰਦਾਂ ਉਸਨੂੰ ਹਲੂਣਦੀ ਹੈ ਕਿ ਉਹ ਪੰਜਾਬ ਜਾ ਕੇ ਆਪਣੀ ਡਾਂਵਾਂ-ਡੋਲ ਕੌਮ ਨੂੰ ਸੰਭਾਲੇ ਤੇ ਮੁਲਕ ਆਜ਼ਾਦ ਕਰਵਾਏ।
ਏਸ ਪਿੱਛੋਂ ਆਪਣੇ ਪੁੱਤਰ ਦੀ ਹੌਂਸਲਾ ਅਫ਼ਜ਼ਾਈ ਲਈ ਮਹਾਰਾਣੀ ਜਿੰਦਾਂ ਨਾ ਚਾਹੁੰਦਿਆਂ ਵੀ ਬਰਤਾਨੀਆ ਆਪਣੇ ਪੁੱਤਰ ਨਾਲ ਜਾਂਦੀ ਹੈ। ਓਥੇ ਵੀ ਉਹ ਮਹਾਰਾਣੀ ਵਿਕਟੋਰੀਆ ਨੂੰ ਹਿੰਦੁਸਤਾਨ ਵਿੱਚੋਂ ਚੋਰੀ ਲਿਆਂਦੀਆਂ ਵਸਤਾਂ ਦੇ ਉਲਾਂਭੇ ਮਾਰਦੀ ਹੈ। ਅਜਿਹੀਆਂ ਕੁਝ ਹੋਰ ਟਾਂਚਾਂ ਉਹ ਸਿਰਫ਼ ਦਲੀਪ ਸਿੰਘ ਨੂੰ ਦਿਖਾਉਣ ਲਈ ਕਰਦੀ ਹੈ ਤਾਂ ਜੋ ਉਹ ਵੀ ਆਪਣੀ ਵਿਰਾਸਤ ਦੀ ਅਮੀਰੀ ਨੂੰ ਸਮਝ ਸਕੇ। ਓਥੇ ਰਹਿੰਦਿਆਂ ਹੀ ਮਹਾਰਾਣੀ ਜਿੰਦਾ ਓਸਨੂੰ ਆਪਣੇ ਮੁਲਕ’ ਚੋਂ ਅੰਗਰੇਜ਼ਾਂ ਵੱਲੋਂ ਚੋਰੀ ਲਿਆਂਦੇ ਕੋਹਿਨੂਰ ਹੀਰੇ ਬਾਰੇ ਵੀ ਦੱਸਦੀ ਹੈ। ਕਾਫ਼ੀ ਗੱਲਾਂ ਜਾਣਨ ਤੋਂ ਬਾਅਦ ਦਲੀਪ ਸਿੰਘ ਅੰਦਰ ਤੱਕ ਝੰਜੋੜਿਆ ਜਾਂਦਾ ਹੈ। ਸੱਚ ਦੇ ਹੋਰ ਨੇੜੇ ਹੋਣ ਲਈ ਉਹ ਅਰੂੜ੍ਹ ਸਿੰਘ ( ਕੁਮੁਦ ਪੰਤ) ਦੀ ਮਦਦ ਲੈਂਦਾ ਹੈ। ਉਹ ਵੀ ਚਾਣਨਾ ਪਾਉਂਦਾ ਹੈ ਕਿ ਓਸਦੀ ਹੋਂਦ ਸਿੱਖ ਧਰਮ ਲਈ ਕਿੰਨੇ ਮਾਇਨੇ ਰੱਖਦੀ ਹੈ।
ਓਧਰ ਆਪਣੇ ਅੰਤ ਸਮੇਂ ਮਹਾਰਾਣੀ ਜਿੰਦਾ ਵੀ ਦਲੀਪ ਸਿੰਘ ਤੋਂ ਵਚਨ ਲੈਂਦੀ ਹੈ ਕਿ ਉਹ ਸਿੱਖ ਧਰਮ ਅਪਣਾਏਗਾ ਤੇ ਪੰਜਾਬ ਜਾ ਕੇ ਆਪਣੀ ਕੌਮ ਦਾ ਆਗੂ ਵੀ ਬਣੇਗਾ। ਦਲੀਪ ਸਿੰਘ ਆਪਣੀ ਮਾਂ ਨੂੰ ਵਚਨ ਕਰਦਾ ਹੈ ਕਿ ਉਹ ਜ਼ਰੂਰ ਧਰਮ ਨਿਭਾਏਗਾ। ਦੂਜੇ ਪਾਸੇ ਉਹ ਆਪਣੀ ਆਖਰੀ ਇੱਛਾ ਇਹ ਵੀ ਜ਼ਾਹਿਰ ਕਰਦੀ ਹੈ ਕਿ ਉਸਦਾ ਸਸਕਾਰ ਪੰਜਾਬ ਦੀ ਧਰਤੀ ਉੱਤੇ ਸਿੱਖ ਰਵਾਇਤਾਂ ਨਾਲ ਕੀਤਾ ਜਾਵੇ। ਮਹਾਰਾਜਾ ਦਲੀਪ ਸਿੰਘ ਅੰਗਰੇਜ਼ ਹਕੂਮਤ ਦੀ ਰੋਕ ਕਾਰਨ ਆਪਣੀ ਮਾਂ ਰਾਣੀ ਜਿੰਦਾਂ ਦਾ ਸਸਕਾਰ ਸਿੱਖ ਧਾਰਮਿਕ ਰੀਤਾਂ ਅਨੁਸਾਰ ਪਰ ਪੰਜਾਬ ਦੀ ਥਾਂਵੇਂ ਨਾਸਿਕ ਕਰ ਪਾਉਂਦਾ ਹੈ। ਉਸਤੋਂ ਬਾਅਦ ਉਹ ਆਪਣੀ ਪਹਿਲੀ ਪਤਨੀ ਬਾਂਬਾਂ ਮਿਲਰ (ਅੰਨਾ ਡਾਅਸਨ) ਤੇ ਬੱਚਿਆਂ ਨੂੰ ਵੱਖਰਿਆਂ ਕਰ ਆਪ ਅੰਮ੍ਰਿਤ ਛਕਦਾ ਹੈ ਅਤੇ ਪੰਜਾਬ ਵਸਦੇ ਸਿੱਖ ਧਾਰਮਿਕ ਆਗੂਆਂ ਲਈ ਅੱਗੇ ਆਉਣ ਦਾ ਯਤਨ ਕਰਦਾ ਹੈ। ਏਸ ਕੰਮ ਲਈ ਉਹ ਆਪਣਾ ਹੱਕ ਮੰਗਣ ਲਈ ਅੰਗਰੇਜ਼ ਹਕੂਮਤ ਕੋਲ ਚਿੱਠੀ ਵਾਰਤਾ ਕਰਦਾ ਹੈ। ਇਸਦੇ ਉਲਟ ਅੰਗਰੇਜ਼ ਸਰਕਾਰ ਏਸ ਗੱਲ ਨੂੰ ਆਪਣੀ ਬਗਾਵਤ ਗ਼ਰਦਾਨਦੀ ਹੈ ਅਤੇ ਉਹ ਮਹਾਰਾਜਾ ਦਲੀਪ ਸਿੰਘ ਦੀ ਹਰ ਹਰਕਤ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੀ ਹੈ। ਮਹਾਰਾਜਾ ਦੀ ਪਤਨੀ ਵੀ ਓਹਨਾਂ ਨੂੰ ਪੈਰ ਪਿੱਛੇ ਕਰਨ ਲਈ ਕਹਿੰਦੀ ਹੈ ਪਰ ਦਲੀਪ ਸਿੰਘ ਏਸਨੂੰ ਤਕਦੀਰ ਦਾ ਲਿਖਿਆ ਮੰਨਕੇ ਆਪਣੇ ਕੰਮ ਵਿੱਚੋਂ ਨਹੀਂ ਮੁੜਦਾ।
ਦੂਜੇ ਪਾਸੇ ਉਹ ਅਰੂੜ੍ਹ ਸਿੰਘ ਨੂੰ ਵੀ ਭਾਰਤ ਵਸਦੇ ਸ਼ਸ਼ੀਕਾਂਤ ਭੂਸ਼ਨ ਕੋਲ ਪੰਜਾਬ ਦੇ ਹਾਲਾਤਾਂ ਬਾਰੇ ਜਾਣਨ ਲਈ ਭੇਜਦਾ ਹੈ ਅਤੇ ਆਪਣੀ ਮਾਂ ਦੇ ਕਹੇ ਮੁਤਾਬਿਕ ਸੰਧਾਵਾਲੀਏ ਦੀ ਮਦਦ ਵੀ ਲੈਂਦਾ ਹੈ। ਓਧਰ ਅੰਗਰੇਜ਼ ਸਰਕਾਰ ਅਜੀਜ਼ੂਦੀਨ [(ਅਮੀਤ ਚਾਨਾ) (ਭਾਰਤ ਵਿੱਚ ਅੰਗਰੇਜ਼ਾਂ ਦੇ ਟਾਊਟ)] ਦੀ ਮਦਦ ਨਾਲ ਮਹਾਰਾਜਾ ਦਲੀਪ ਸਿੰਘ ਦੀ ਸਾਰੀ ਮੇਹਨਤ ਗੱਦਾਰੀ ਕਰਕੇ ਰੋਲ ਦਿੰਦੇ ਹਨ। ਉਹ ਅਰੂੜ੍ਹ ਸਿੰਘ ਨੂੰ ਬੰਦੀ ਬਣਾ ਲੈਂਦੇ ਨੇ ਅਤੇ ਠਾਕੁਰ ਸਿੰਘ ਸੰਧਾਵਾਲੀਆ ਨੂੰ ਜ਼ਹਿਰ ਖਵਾ ਕੇ ਮਾਰ ਦਿੰਦੇ ਹਨ। ਮਹਾਰਾਜਾ ਦਲੀਪ ਸਿੰਘ ਨੂੰ ਏਸ ਸੰਬੰਧੀ ਕੋਈ ਖਬਰ ਨਹੀਂ ਮਿਲਦੀ ਤੇ ਉਹ ਅੰਗਰੇਜ਼ਾਂ ਦੀ ਧਮਕੀ ਤੋਂ ਬਾਅਦ ਪੈਰਿਸ ਚਲਾ ਜਾਂਦਾ ਹੈ। ਏਥੇ ਹੀ ਦੂਜੀ ਪਤਨੀ ਏਡਾ (ਲੀਅਨ ਜੋਇਸ) ਤੋਂ ਦਲੀਪ ਸਿੰਘ ਦੀਆਂ ਦੋ ਪੁੱਤਰੀਆਂ ਹੋਈਆਂ। ਪੈਰਿਸ ਆਉਣਾ ਤੇ ਰਸ਼ੀਆ ਮਾਸਕੋ ਜਾਣ ਪਿੱਛੇ ਦਲੀਪ ਸਿੰਘ ਦਾ ਕਾਰਨ ਆਇਰਿਸ਼, ਫਰੈਂਚ, ਰੂਸੀ ਤੇ ਸਿੱਖ ਲੋਕਾਂ ਦਾ ਮਿਲ ਕੇ ਅੰਗਰੇਜ਼ ਹਕੂਮਤ ਨੂੰ ਸੋਧਾ ਲਾਉਣਾ ਸੀ। ਇਸਦੇ ਉਲਟ ਅੰਗਰੇਜ਼ ਏਥੇ ਵੀ ਆਪਣਾ ਪੈਂਤਰਾ ਖੇਡ ਜਾਂਦੇ ਨੇ ਤੇ ਹੁਣ ਤਾਂ ਮਹਾਰਾਜਾ ਦਲੀਪ ਨੂੰ ਮਾਰਨ ਲਈ ਅਜੀਜ਼ੂਦੀਨ ਬਿਲਕੁਲ ਸਾਹਵੇਂ ਆ ਜਾਂਦਾ ਹੈ। ਦਲੀਪ ਸਿੰਘ ਉਹਨਾਂ ਉੱਪਰ ਤਲਵਾਰ ਨਾਲ ਵਾਰ ਕਰਕੇ ਆਪਣੀ ਜਾਨ ਤਾਂ ਬਚਾ ਲੈਂਦਾ ਹੈ ਪਰ ਏਹ ਗੱਲ ਉਹਨਾਂ ਨੂੰ ਬੜੀ ਚੁਭਦੀ ਹੈ ਕਿ ਉਹਨਾਂ ਦੇ ਆਪਣੇ ਲੋਕ ਹੀ ਉਹਨਾਂ ਨੂੰ ਮਾਰਨ ਤੁਰ ਪਏ।
ਏਸੇ ਗੱਲ ਦੇ ਹੇਰਵੇ ਨਾਲ ਉਹ ਦਿਲ ਦਾ ਰੋਗ ਲਵਾ ਬਹਿੰਦੇ ਨੇ ਅਤੇ ਮੰਜੇ ਪੈ ਜਾਂਦੇ ਨੇ। ਉਹਨਾਂ ਦਾ ਪੁੱਤਰ ਵਿਕਟਰ ਉਹਨਾਂ ਨੂੰ ਮਿਲਣ ਆਉਂਦਾ ਅਤੇ ਹੌਂਸਲਾ ਦੇਣ ਦੀ ਥਾਂਏ ਆਪਣੇ ਬਾਪ ਨੂੰ ਅੰਗਰੇਜ਼ਾਂ ਅੱਗੇ ਝੁਕ ਜਾਣਦੀ ਗੁਜ਼ਾਰਿਸ਼ ਕਰਦਾ ਹੈ। ਮਹਾਰਾਜਾ ਦਲੀਪ ਸਿੰਘ ਏਸ ਗੱਲ ਤੋਂ ਕੋਰਾ ਜਵਾਬ ਦੇਂਦੇ ਨੇ ਤੇ ਪੁੱਤਰ ਉੱਥੋਂ ਗੁੱਸੇ ‘ਚ ਚਲਾ ਜਾਂਦਾ ਹੈ। ਓਧਰ ਅਰੂੜ੍ਹ ਸਿੰਘ ਨੂੰ ਵੀ ਭਾਰਤੀ ਅੰਗਰੇਜ਼ ਸੈਨਿਕ ਰਿਹਾਅ ਕਰਦੇ ਨੇ ਜਿੱਥੇ ਉਹ ਸਾਰੀ ਵਾਰਤਾ ਸੱਚ ਦੱਸਦਾ ਹੈ ਕਿ ਭਾਰਤੀ ਲੋਕ ਹੀ ਹੁਣ ਬਗਾਵਤੀ ਹੋ ਗਏ ਨੇ ਅਤੇ ਉਹ ਕਿਸੇ ਕੀਮਤ ਤੇ ਜਿੱਤ ਨਹੀਂ ਪਾਉਣਗੇ। ਸਭ ਕੁਝ ਗੁਆ ਲੈਣ ਉਪਰੰਤ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਨੂੰ ਮਿਲ ਕੇ ਅੰਗਰੇਜ਼ ਹਕੂਮਤ ਦੀਆਂ ਕਾਰਵਾਈਆਂ ਵਿਰੁੱਧ ਮਲਾਲ ਕਰਦੇ ਹਨ। ਸਿੱਟਾ ਤਾਂ ਬੇਅਰਥ ਰਹਿੰਦਾ ਪਰ ਮਰਨ ਤੋਂ ਪਹਿਲਾਂ ਉਹ ਕਰਨਲ ਹਰਬਨ ਨੂੰ ਸੰਬੋਧਨ ਹੋ ਕੇ ਆਪਣੇ ਅੰਤ ਸਮੇਂ ਵਿੱਚ ਆਪਣੀ ਕੌੰਮ ਲਈ ਯਕੀਨ ਜ਼ਾਹਿਰ ਕਰਦਾ ਹੈ ਕਿ ਹਿੰਦੁਸਤਾਨੀ ਇੱਕ ਦਿਨ ਜ਼ਰੂਰ ਅੰਗਰੇਜ਼ਾਂ ਨੂੰ ਬਾਹਰ ਕੱਢਣਗੇੇ। ਨਾਲ ਹੀ ਉਹ ਅੰਦਰੋਂ ਗੁਨਾਹ ਮਹਿਸੂਸਦੇ ਨੇ ਕਿ ਆਪਣੀ ਕੌਮ ਲਈ ਉਹ ਆਖਰੀ ਰਾਜਾ ਹੋਣ ਕਾਰਨ ਕੁਝ ਖ਼ਾਸ ਨਹੀਂ ਕਰ ਸਕਿਆ। ਸੋ, ਇਓਂ ਪੰਜਾਬ ਸਿੱਖ ਇਤਿਹਾਸ ਦੇ ਆਖਰੀ ਵੰਸ਼ਦੀ ਮੌਤ ਤੋਂ ਬਾਅਦ ਉਹਨਾਂ ਦੇ ਕੁੱਲ ਨੌ (ਪਹਿਲੀ ਪਤਨੀ ਤੋਂ ਸੱਤ ਅਤੇ ਦੂਜੀ ਤੋਂ ਦੋ) ਬੱਚਿਆਂ ਵਿੱਚੋਂ ਕਿਸੇ ਨੇ ਸਿੱਖ ਧਰਮ ਅਤੇ ਆਪਣੀ ਹਕੂਮਤ ਵਾਪਿਸ ਲੈਣ ਲਈ ਕੋਈ ਪੈਰਵਾਈ ਨਹੀਂ ਕੀਤੀ। ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਸਸਕਾਰ ਈਸਾਈ ਧਰਮ ਅਨੁਸਾਰ ਕੀਤਾ ਗਿਆ ਤੇ ਅੱਜ ਵੀ ਕੁਝ ਸੰਸਥਾਵਾਂ ਦੇ ਯਤਨ ਨੇ ਕਿ ਉਹ ਮਹਾਰਾਜਾ ਦੀ ਮ੍ਰਿਤਕ ਦੇਹ ਨੂੰ ਕਬਰ ਚੋਂ ਕੱਢ ਕੇ ਭਾਰਤੀ ਸਿੱਖ ਰਵਾਇਤਾਂ ਅਨੁਸਾਰ ਉਹਨਾਂ ਦਾ ਸਸਕਾਰ ਕਰਨ। ਇਓਂ ਇਹ ਫ਼ਿਲਮ ਬਲੈਕ ਪ੍ਰਿੰਸ ਆਪਣੀ ਸਮਾਪਤੀ ਤੇ ਕਈ ਜਾਣਕਾਰੀਆਂ ਤੇ ਰਹੱਸ ਦਰਸ਼ਕਾਂ ਲਈ ਛੱਡਦੀ ਹੈ।
ਤਕਨੀਕੀ ਤੌਰ ਤੇ ਤਿੰਨ ਭਾਸ਼ਾਵਾਂ (ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ) ਵਿੱਚ ਰਿਲੀਜ਼ ਹੋਈ ਏਸ ਫ਼ਿਲਮ ਦੀ ਮੇਕਿੰਗ ਬਹੁਤ ਹੀ ਕਮਾਲ ਦੀ ਹੈ। ਕਿਸੇ ਸਲਤਨਤ ਦੇ ਵੰਸ਼ ਦੇ ਸੰਪੂਰਨ ਜੀਵਨ ਬਿਓਰੇ ਨੂੰ ਮਹਿਜ਼ ਦੋ ਘੰਟਿਆਂ ‘ਚ ਪਰੋ ਲੈਣਾ ਨਿਰਦੇਸ਼ਕ ਦੀ ਖ਼ਾਸੀਅਤ ਰਹੀ ਹੈ। ਗਾਇਕ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਨੇ ਹਾਲੀਵੁੱਡ ਪੱਧਰ ਦੀ ਏਸ ਫ਼ਿਲਮ ਵਿੱਚ ਚੰਗਾ ਕੰਮ ਕੀਤਾ ਹੈ। ਮਹਾਰਾਣੀ ਜਿੰਦਾਂ ਲਈ ਸ਼ਬਾਨਾ ਆਜ਼ਮੀ ਦਾ ਕਿਰਦਾਰ ਵੀ ਬਹੁਤ ਹੀ ਦਮਦਾਰ ਸੀ ਜਿਸਨੂੰ ਉਹਨਾਂ ਨੇ ਕਾਫ਼ੀ ਸੁਚੱਜੇ ਢੰਗ ਨਾਲ ਨਿਭਾਇਆ ਹੈ। ਇਸਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਦੇ ਕੇਅਰ ਟੇਕਰ ਡਾ.ਲੋਗਿਨ (ਜੇਸਨ ਫ਼ਲੇਮੰਗ) ਅਤੇ ਮਹਾਰਾਣੀ ਵਿਕਟੋਰੀਆ ਦੇ ਕਿਰਦਾਰ ਅਦਾ ਕਰਨ ਵਾਲੀ (ਅਮੰਦਾ ਰੂਟ) ਦੇ ਕਿਰਦਾਰ ਵੀ ਅਦਾਕਾਰੀ ਪੱਖੋਂ ਯਾਦਗਾਰੀ ਹਨ। ਸੰਵਾਦ ਅਦਾਇਗੀ ਚੁਸਤ ਅਤੇ ਸੰਖੇਪ ਹੈ ਪਰੰਤੂ ਏਸ ਸਾਰੀ ਕਹਾਣੀ ਵਿੱਚੋਂ ਇੱਕ ਸਵਾਲ ਵਾਰ-ਵਾਰ ਅਟਕਦਾ ਹੈ ਕਿ ਗੱਦੀ ਦੇ ਵਾਰਿਸ ਖੜਗ ਸਿੰਘ ਦੀ ਰਾਣੀ ਚੰਦ ਕੌਰ ਨੂੰ ਦਾਸੀਆਂ ਵੱਲੋਂ ਗਲਾ ਘੁੱਟ ਕੇ ਮਾਰਨ ਦੀ ਹਿਮਾਕਤ ਫ਼ਿਲਮ ਵਿੱਚ ਪੂਰੀ ਤਰ੍ਹਾਂ ਨਸ਼ਰ ਨਹੀਂ ਹੋਈ। ਫ਼ਿਲਮ ਵਿੱਚ ਏਸ ਵੱਡੇ ਹਵਾਲੇ ਨੂੰ ਮਨਫ਼ੀ ਕੀਤਾ ਗਿਆ ਹੈ ਜਦੋਂਕਿ ਉਸਨੂੰ ਮਾਰਨ ਵਾਲੇ ਦ੍ਰਿਸ਼ ਵਿੱਚ ਇੱਕ ਔਰਤ ਦੂਰ ਖੜ੍ਹੀ ਦਿਖਾਈ ਗਈ ਹੈ ਜੋ ਉਸਨੂੰ ਮਾਰਨ ਦਾ ਇਸ਼ਾਰਾ ਦੇਂਦੀ ਲੱਗਦੀ ਹੈ। ਉਹ ਔਰਤ ਕੌਣ ਸੀ? ਕਿਓਂ ਖੜ੍ਹੀ ਸੀ? ਅਤੇ ਉਸਦਾ ਬਾਕੀ ਰੋਲ ਏਸ ਸਾਰੀ ਗਾਥਾ ਨਾਲ ਜੁੜੇ ਹੋਣਾ ਇੱਕ ਰਹੱਸ ਬਣਕੇ ਰਹਿ ਗਿਆ ਜਦਕਿ ਏਸ ਤਰ੍ਹਾਂ ਦੀਆਂ ਫ਼ਿਲਮਾਂ ਅਜਿਹੀ ਗਲਤੀ ਦੀ ਗੁੰਜ਼ਾਇਸ਼ ਨਹੀਂ ਦਿੰਦੀਆਂ।
ਖ਼ੈਰ ਕਿਤੇ ਨਾ ਕਿਤੇ ਪੰਜਾਬੀ ਦਰਸ਼ਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਫ਼ਿਲਮ ਇੱਕ ਉੱਤਮ ਹਵਾਲਾ ਹੈ। ਭਵਿੱਖ ਵਿੱਚ ਵੀ ਅਜਿਹੇ ਅਣਛੋਹੇ ਵਿਸ਼ਿਆਂ ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਫ਼ਿਲਮ ਬਲੈਕ ਪ੍ਰਿੰਸ ਦੀ ਟੀਮ ਨੂੰ ਇੱਕ ਸ਼ਲਾਘਾਯੋਗ ਉਪਰਾਲੇ ਲਈ ਮੁਬਾਰਕਾਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਤਿਹਾਸਕ ਹਵਾਲਾ ਸਾਬਿਤ ਹੋ ਰਹੀ ਏਸ ਫ਼ਿਲਮ ਨੂੂੰ ਦੇਖ-ਪਰਖ ਕੇ ਟੈਕਸ ਮੁਕਤ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਏਸ ਫ਼ਿਲਮ ਨੂੰ ਦੇਖਣ ਲਈ ਉਤਸ਼ਾਹਿਤ ਕਰਨ। ਇਸ ਨਾਲ ਜਿੱਥੇ ਨਿਰਦੇਸ਼ਕ ਵਰਗ ਤੇ ਉਸਦੀ ਟੀਮ ਦੀ ਹੌਂਸਲਾ ਅਫ਼ਜ਼ਾਈ ਹੋਵੇਗੀ ਓਥੇ ਵਿਦਿਆਰਥੀ ਵਰਗ ਵੱਡੀ ਗਿਣਤੀ ਵਿੱਚ ਸਿੱਖ ਇਤਿਹਾਸ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਜਾਣ ਸਕਣਗੇ। ਉਮੀਦ ਹੈ ਇਸ ਗੱਲ ਤੇ ਮੌਯੂਦਾ ਹਕੂਮਤਾਂ ਜ਼ਰੂਰ ਧਿਆਨ ਦੇਣਗੀਆਂ। ਆਮੀਨ!

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

Share Button

Leave a Reply

Your email address will not be published. Required fields are marked *