Sat. Aug 17th, 2019

ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਦਾ ਕੀਤਾ ਵਾਅਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਸ਼ੁਰੂ : ਮੋਦੀ

ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਦਾ ਕੀਤਾ ਵਾਅਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਸ਼ੁਰੂ : ਮੋਦੀ

ਫਤਿਹਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਨਿਕਲੇ ਅਤੇ ਇਸ ਦੀ ਸ਼ੁਰੂਆਤ ਫਤਿਹਾਬਾਦ ਤੋਂ ਹੋਈ ਜਿੱਥੇ ਮੋਦੀ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਯੂਪੀਏ ਤੇ ਮੋਦੀ ਸਰਕਾਰ ਵਿਚਾਲੇ ਤੁਲਨਾ ਕਰਦੇ ਹੋਏ ਐੱਨਡੀਏ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਵਾਈਆਂ।

ਮੋਦੀ ਨੇ ਸਿੱਖ ਦੰਗਿਆਂ ਦੇ ਦੋਸ਼ੀਆਂ ਸਬੰਧੀ ਕਿਹਾ ਕਿ 1984 ‘ਚ ਦਿੱਲੀ, ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹਜ਼ਾਰਾਂ ਸਿੱਖ ਪਰਿਵਾਰਾਂ ਦੀ ਕਾਂਗਰਸ ਪਰਿਵਾਰ ਅਤੇ ਉਸ ਦੇ ਦਰਬਾਰੀਆਂ ਦੇ ਇਸ਼ਾਰੇ ‘ਤੇ ਹੱਤਿਆ ਕੀਤੀ ਗਈ। 34 ਸਾਲ ਤਕ ਦਰਜਨ ਭਰ ਕਮਿਸ਼ਨ ਬਣੇ ਪਰ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਤੁਹਾਡੇ ਇਸ ਚੌਕੀਦਾਰ ਨੇ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੰਤੋਸ਼ ਹੈ ਕਿ ਸਿੱਖ ਭਾਈਚਾਰੇ ਦੇ ਦੋਸ਼ੀਆਂ ਨੂੰ ਮਜ਼ਾ ਮਿਲਣੀ ਸ਼ੁਰੂ ਹੋ ਗਈ ਹੈ। ਪਰ ਇਹ ਬੇਸ਼ਰਮ ਕਾਂਗਰਸ ਉਨ੍ਹਾਂ ਲੋਕਾਂ ਨੂੰ ਅੱਜ ਵੀ ਇਨਾਮ ਦੇ ਰਹੀ ਹੈ ਜੋ ਉਸ ਪਾਪ ‘ਚ ਹਿੱਸੇਦਾਰ ਰਹੇ ਹਨ। ਸਿੱਖ ਦੰਗਿਆਂ ‘ਚ ਜਿਸ ‘ਤੇ ਸਵਾਲ ਉੱਠੇ, ਉਸ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਾਫ਼ ਕਰ ਦਿੱਤਾ ਕਿ ਉਸ ਨੂੰ ਤੁਹਾਡੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ।

ਮੋਦੀ ਨੇ ਕਿਹਾ ਕਿ ਕਾਂਗਰਸ ਦੇ ਰਾਜ਼ ‘ਚ ਸਮਾਜ ਦਾ ਕੋਈ ਵੀ ਵਰਗ ਸੁਰੱਖਿਅਤ ਨਹੀਂ ਹੈ। ਕਾਂਗਰਸ ਨਿਆਂ ਦੀ ਗੱਲ ਕਰਦੀ ਹੈ ਪਰ ਇੱਥੇ ਤੁਸੀਂ ਆਪ ਦੇਖਿਆ ਹੈ ਕਿ ਦਲਿਤ ਵਰਗ ਤੋਂ ਅੱਗੇ ਆਉਣ ਵਾਲੇ ਤੁਹਾਡੇ ਪ੍ਰਧਾਨ ਤਕ ਨੂੰ ਉਹ ਇਨਸਾਫ਼ ਨਹੀਂ ਦਿਵਾ ਸਕੀ। ਇਕ ਪਾਸੇ ਕਿਸਾਨਾਂ ਦੇ ਹਿੱਤਾਂ ਲਈ ਕੇਂਦਰ ਸਰਕਾਰ ਇਮਾਨਦਾਰੀ ਨਾਲ ਕੰਮ ਰਹੀ ਹੈ ਉੱਥੇ ਕਾਂਗਰਸ ਨੇ ਝੂਠ ਤੇ ਧੋਖੇ ਦੀ ਨੀਤੀ ਅਪਣਾਈ ਹੋਈ ਹੈ। ਕਰਜ਼ਮਾਫ਼ੀ ਦੇ ਨਾਂ ‘ਤੇ ਉਸ ਨੇ ਰਾਜਸਥਾਨ ‘ਚ, ਮੱਧ ਪ੍ਰਦੇਸ਼ ‘ਚ ਕਿਸਾਨਾਂ ਨੂੰ ਕਿਸ ਤਰ੍ਹਾਂ ਖੇਡਿਆ ਹੈ ਇਸ ਦੀ ਚਰਚਾ ਆਮ ਹੋ ਰਹੀ ਹੈ। ਤੁਹਾਡੇ ਅਸ਼ੀਰਵਾਦ ਨੇ ਕਿਸਾਨਾਂ ਨੂੰ ਲੁੱਟਣ ਵਾਲਿਆਂ ਨੂੰ ਇਹ ਚੌਕੀਦਾਰ ਅਦਾਲਤ ਤਕ ਲੈ ਗਿਆ ਹੈ। ਜ਼ਮਾਨਤ ਲਈ ਚੱਕਰ ਕੱਟ ਰਹੇ, ਈਡੀ ਦੇ ਦਫ਼ਤਰ ‘ਚ ਜੁੱਤੇ ਘਸਾ ਰਹੇ ਹਨ। ਇਨ੍ਹਾਂ ਨੂੰ ਜੇਲ੍ਹ ਦੇ ਦਰਵਾਜ਼ੇ ਤਕ ਲੈ ਗਿਆ ਹਾਂ, ਆਉਣ ਵਾਲੇ ਪੰਜ ਸਾਲਾਂ ‘ਚ ਅੰਦਰ ਵੀ ਕਰ ਦਿਆਂਗਾ।

ਮੋਦੀ ਨੇ ਵਨ ਰੈਂਕ ਵਨ ਪੈਨਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਓਆਰਓਸੀ ਲਾਗੂ ਕਰੇਗੀ। ਇਸ ਵਾਅਦੇ ‘ਚ ਉਨ੍ਹਾਂ 40 ਸਾਲ ਕੱਢ ਦਿੱਤੇ। ਜਦੋਂ ਜ਼ਿਆਦਾ ਦਬਾਅ ਪਿਆ ਤਾਂ 2014 ‘ਚ ਅੰਤਰਿਮ ਬਜਟ ‘ਚ ਸਿਰਫ਼ 500 ਕਰੋੜ ਰੁਪਏ ਦੀ ਵਿਵਸਥਾ ਕਰ ਕਹਿ ਦਿੱਤਾ ਸੀ ਕਿ ਅਸੀਂ ਇਸ ਨੂੰ ਲਾਗੂ ਕਰ ਦਿੱਤਾ ਹੈ। ਕਾਂਗਰਸ ਜਵਾਨਾਂ ਦੀ ਅੱਖਾਂ ‘ਚ ਮਿੱਟੀ ਪਾਉਂਦੀ ਰਹੀ। ਹੁਣ ਤਕ ਐੱਨਡੀਏ ਸਰਕਾਰ 35 ਹਜ਼ਾਰ ਕਰੋੜ ਰੁਪਏ ਓਆਰਓਪੀ ਅਧੀਨ ਸਾਬਕਾ ਫ਼ੌਜੀਆਂ ਦੇ ਖ਼ਾਤਿਆਂ ‘ਚ ਪਹੁੰਚਾ ਚੁੱਕੀ ਹੈ।

ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਮੈਨੀਫੈਸਟੋ ‘ਚ ਕਿਹਾ ਹੈ ਕਿ ਦਿੱਲੀ ‘ਚ ਜੇਕਰ ਉਸ ਦੀ ਸਰਕਾਰ ਬਣੀ ਤਾਂ ਜੰਮੂ-ਕਸ਼ਮੀਰ ‘ਚ ਤਾਇਨਾਤ ਸੁਰੱਖਿਆ ਬਲਾਂ ਨੂੰ ਜੋ ਵਿਸ਼ੇਸ਼ ਅਧਿਕਾਰ ਮਿਲਿਆ ਹੈ, ਉਸ ਨੂੰ ਖੋਹ ਲਿਆ ਜਾਵੇਗਾ। ਯਾਨੀ ਕਾਂਗਰਸ ਅੱਤਵਾਦੀਆਂ, ਪੱਥਰਬਾਜ਼ਾਂ ਨੂੰ ਖੁੱਲ੍ਹੀ ਛੋਟ ਦੇਣ ਦੀ ਗੱਲ ਕਰ ਰਹੀ ਹੈ। ਭਾਰਤ ਮਾਤਾ ਦੀ ਜੈ ਬੋਲਣ ‘ਤੇ ਇਤਰਾਜ਼ ਕਰਨ ਵਾਲੀ ਕਾਂਗਰਸ ਹੁਣ ਦੇਸ਼ਧ੍ਰੋਹ ਦੇ ਕਾਨੂੰਨ ਨੂੰ ਹਟਾਉਣ ਦੀ ਗੱਲ ਕਰ ਰਹੀ ਹੈ। ਕਾਂਗਰਸ ਚਾਹੁੰਦੀ ਹੈ ਕਿ ਟੁਕੜੇ-ਟੁਕੜੇ ਗੈਂਗ ਨੂੰ, ਭਾਰਤ ਨੂੰ ਗਾਲ੍ਹਾਂ ਕੱਢਣ ਵਾਲਿਆਂ ਨੂੰ, ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਸਮੇਤ ਨਕਸਲਵਾਦੀਆਂ ਦੇ ਹਮਾਇਤੀਆਂ ਨੂੰ ਖੁੱਲ੍ਹੀ ਛੋਟ ਮਿਲੇ।

ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਤੀਤ ਅਜਿਹਾ ਹੈ ਕਿ ਰਾਸ਼ਟਰੀ ਰੱਖਿਆ ‘ਚ ਉਹ ਕੁਝ ਨਹੀਂ ਬੋਲ ਸਕਦੇ। 2014 ਤੋਂ ਪਹਿਲਾਂ ਆਏ ਦਿਨ ਪਾਕਿਸਤਾਨ ਸਾਡੇ ਜਵਾਨਾਂ ਨਾਲ ਬਰਬਰਤਾ ਕਰਦਾ ਸੀ, ਦੇਸ਼ ‘ਚ ਅੱਤਵਾਦੀ ਹਮਲੇ ਹੁੰਦੇ ਸਨ ਪਰ ਉਦੋਂ ਦੀ ਕੇਂਦਰ ਸਰਕਾਰ ਸਿਰਫ਼ ਬਿਆਨ ਦਿੰਦੀ ਸੀ। ਉਨ੍ਹਾਂ ਜਨਤਾ ਤੋਂ ਪੁੱਛਿਆ ਕਿ ਤੁਸੀਂ ਦੱਸੋਂ ਕੋਈ ਰਾਸ਼ਟਰ ਆਪਣੀ ਰੱਖਿਆ ਨੀਤੀ ਨੂੰ ਮਜ਼ਬੂਤ ਕੀਤੇ ਬਗੈਰ ਵਿਸ਼ਵ ਸ਼ਕਤੀ ਬਣ ਸਕਦਾ ਹੈ? ਜੋ ਰਾਸ਼ਟਰ ਆਪਣੀ ਰੱਖਿਆ ਨਹੀਂ ਕਰ ਸਕਦਾ, ਦੁਨੀਆ ਉਸ ਦੀ ਗੱਲ ਕੀ ਸੁਣੇਗੀ? ਕਾਂਗਰਸ ਅਤੇ ਉਸ ਦੇ ਮਹਾਮਿਲਾਵਟੀ ਸਾਥੀਆਂ ਨੇ ਆਪਣੀ ਇਕ ਵੀ ਸਭਾ ‘ਚ ਇਸ ਵਿਸ਼ੇ ‘ਤੇ ਇਕ ਗੱਲ ਨਹੀਂ ਦੱਸੀ ਹੈ।

Leave a Reply

Your email address will not be published. Required fields are marked *

%d bloggers like this: